ਭਾਰਤੀ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੇ ਮਾਪਿਆਂ ਨੇ ਉਸ ਨੂੰ ਸੁਝਾਅ ਦਿੱਤਾ ਹੈ ਕਿ ਏਸ਼ੀਆ ਕੱਪ ਦੇ ਮੈਚ ਦੌਰਾਨ ਪਾਕਿਸਤਾਨ ਨਾਲ ਹੋਣ ਵਾਲੇ ਅੰਤਿਮ ਮੈਚ ਵਿੱਚ ਖਿਡਾਰੀਆਂ ਨਾਲ ਕਿਸੇ ਤਰ੍ਹਾਂ ਦੀ ਬਹਿਸ ਤੋਂ ਗੁਰੇਜ ਕਰੇ ਅਤੇ ਆਪਣੀ ਖੇਡ ਵੱਲ ਧਿਆਨ ਦੇਵੇ। ਉਨ੍ਹਾਂ ਕਿਹਾ ਕਿ ਇਸ ਵੇਲੇ ਹਰ ਭਾਰਤੀ ਦੀ ਨਜ਼ਰ ਉਸਦੇ ਬਿਹਤਰ ਪ੍ਰਦਰਸ਼ਨ ’ਤੇ ਹੈ।
ਇਹ ਖੁਲਾਸਾ ਉਸਦੇ ਪਿਤਾ ਰਾਜ ਕੁਮਾਰ ਨੇ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਕ੍ਰਿਕਟ ਟੀਮਾਂ ਦਰਮਿਆਨ ਮੈਚ ਦੌਰਾਨ ਦੋਵੇਂ ਪਾਸੇ ਤਣਾਅ ਵਾਲਾ ਮਾਹੌਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਭਿਸ਼ੇਕ ਸ਼ਰਮਾ ਸਹਿਜ ਸੁਭਾਅ ਦਾ ਨੌਜਵਾਨ ਹੈ ਅਤੇ ਉਹ ਕਦੇ ਵੀ ਅਜਿਹੀ ਕਿਸੇ ਤਕਰਾਰ ਜਾਂ ਬਹਿਸ ਵਿੱਚ ਨਹੀਂ ਪੈਂਦਾ। ਉਨ੍ਹਾਂ ਉਸ ਨੂੰ ਸੁਝਾਅ ਦਿੱਤਾ ਕਿ ਉਹ ਭਵਿੱਖ ਵਿੱਚ ਅਜਿਹੀ ਕਿਸੇ ਤਕਰਾਰ ਤੋਂ ਬਚੇ ਅਤੇ ਸਿਰਫ਼ ਆਪਣੀ ਖੇਡ ਵੱਲ ਧਿਆਨ ਦੇਵੇ। ਉਨ੍ਹਾਂ ਕਿਹਾ ਕਿ ਦੋਵਾਂ ਟੀਮਾਂ ਵਿਚਾਲੇ ਹੋਣ ਵਾਲੇ ਮੈਚ ਨੂੰ ਲੈ ਕੇ ਦੇਸ਼ ਵਾਸੀਆਂ ਵੱਲੋਂ ਵੱਡੀਆਂ ਉਮੀਦਾਂ ਲਾਈਆਂ ਗਈਆਂ ਹਨ। ਲੋਕ ਇਸ ਮੈਚ ਦੀ ਜਿੱਤ ਲਈ ਦੁਆਵਾਂ ,ਅਰਦਾਸਾਂ ਤੇ ਪ੍ਰਾਰਥਨਾਵਾਂ ਕਰ ਰਹੇ ਹਨ। ਉਨ੍ਹਾਂ ਉਮੀਦ ਪ੍ਰਗਟਾਈ ਹੈ ਕਿ ਏਸ਼ੀਆ ਕੱਪ ਦੇ ਅੰਤਿਮ ਮੈਚ ਵਿੱਚ ਵੀ ਅਭਿਸ਼ੇਕ ਸ਼ਰਮਾ ਪਹਿਲਾਂ ਵਾਂਗ ਹੀ ਬਿਹਤਰ ਪ੍ਰਦਰਸ਼ਨ ਕਰੇਗਾ। ਇਸ ਵੇਲੇ ਹਰ ਭਾਰਤੀ ਦੀ ਨਜ਼ਰ ਉਸਦੇ ਬੇਹਤਰ ਪ੍ਰਦਰਸ਼ਨ ’ਤੇ ਹੋਵੇਗੀ।
ਸ਼ੁਭਮਨ ਗਿੱਲ ਨਾਲ ਉਸ ਦੀ ਸਾਂਝ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਦੋਵਾਂ ਨੇ ਇਕੱਠੇ ਕਈ ਮੈਚ ਖੇਡੇ ਹਨ। ਉਹ ਦੋਵੇਂ ਬਚਪਨ ਤੋਂ ਇਕੱਠੇ ਕ੍ਰਿਕਟ ਖੇਡਦੇ ਰਹੇ ਹਨ ਅਤੇ ਦੋਵਾਂ ਵਿਚਾਲੇ ਚੰਗੀ ਆਪਸੀ ਸਾਂਝ ਤੇ ਵੱਡਾ ਤਾਲਮੇਲ ਹੈ। ਦੇਸ਼ ਲਈ ਦੋਵੇਂ ਹੀ ਚੰਗੀ ਖੇਡ ਦਾ ਪ੍ਰਦਰਸ਼ਨ ਕਰਨਗੇ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਨਾਲ ਹੋਏ ਇੱਕ ਮੈਚ ਵਿੱਚ ਪਾਕਿਸਤਾਨੀ ਗੇਂਦਬਾਜ ਵੱਲੋਂ ਅਭਿਸ਼ੇਕ ਸ਼ਰਮਾ ਤੇ ਕੋਈ ਟਿੱਪਣੀ ਕੀਤੀ ਸੀ, ਜਿਸ ਦਾ ਭਾਰਤੀ ਖਿਡਾਰੀ ਨੇ ਵੀ ਜਵਾਬ ਦਿੱਤਾ ਸੀ। ਇਹ ਮੈਚ ਪਾਕਿਸਤਾਨ ਹਾਰ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਬੀ ਸੀ ਸੀ ਆਈ ਵੱਲੋਂ ਪਾਕਿਸਤਾਨੀ ਖਿਡਾਰੀਆਂ ਦੇ ਵਿਵਹਾਰ ਦੇ ਖ਼ਿਲਾਫ਼ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ।