‘ਆਪ’ ਵੱਲੋਂ ਭਾਜਪਾ ਲੀਡਰਸ਼ਿਪ ਖ਼ਿਲਾਫ਼ ਪ੍ਰਦਰਸ਼ਨ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 12 ਜੁਲਾਈ
ਭਾਰਤੀ ਜਨਤਾ ਪਾਰਟੀ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਤੇ ਗਏ ਇੱਕ ਬਿਆਨ ਦੇ ਰੋਸ ਵਜੋਂ ਅੱਜ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਅੰਮ੍ਰਿਤਸਰ ਵਿੱਚ ਹਲਕਾ ਵਿਧਾਇਕਾਂ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੇ ਵਰਕਰ ਸ਼ਾਮਲ ਹੋਏ ਅਤੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਝਰ, ਵਿਧਾਇਕ ਡਾਕਟਰ ਅਜੈ ਗੁਪਤਾ, ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ, ਵਿਧਾਇਕਾ ਜੀਵਨਜੋਤ ਕੌਰ,ਲੋਕ ਸਭਾ ਇੰਚਾਰਜ ਜਸਕਰਨ ਸਿੰਘ ਬੰਦੇਸ਼ਾ, ਜ਼ਿਲ੍ਹਾ ਪ੍ਰਧਾਨ ਸ਼ਹਿਰੀ ਪ੍ਰਭਬੀਰ ਸਿੰਘ ਬਰਾੜ, ਦਿਹਾਤੀ ਪ੍ਰਧਾਨ ਗੁਰਪ੍ਰਤਾਪ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਕਿ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਦੇ ਬਿਆਨ ਨਾਲ ਭਾਜਪਾ ਦਾ ਵਪਾਰੀ ਵਿਰੋਧੀ ਅਤੇ ਆਮ ਜਨਤਾ ਵਿਰੋਧੀ ਚਿਹਰਾ ਲੋਕਾਂ ਦੇ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਅਬੋਹਰ ਵਿੱਚ ਹੋਈ ਵਪਾਰੀ ਦੀ ਹੱਤਿਆ ਦੀ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਨਾਲ ਖੜੇ ਹੋਣ ਦੀ ਬਜਾਏ ਭਾਜਪਾ ਨੇਤਾਵਾਂ ਦਾ ਹਤਿਆਰਿਆਂ ਦੇ ਪੁਲੀਸ ਮੁਕਾਬਲੇ ’ਤੇ ਸਵਾਲ ਚੁੱਕਣਾ ਪੀੜਤ ਪਰਿਵਾਰ ਦੇ ਜ਼ਖ਼ਮਾਂ ’ਤੇ ਲੂਣ ਪਾਉਣ ਵਰਗਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਹਮੇਸ਼ਾ ਤੋਂ ਜਿਹੜਿਆਂ ਰਾਜਾਂ ਵਿੱਚ ਦੂਜੀਆਂ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਹਨ, ਉੱਥੇ ਗੈਂਗਸਟਰਾਂ ਦੇ ਮਾਧਿਅਮ ਨਾਲ ਸ਼ਾਂਤੀ ਨੂੰ ਭੰਗ ਕਰਨ ਦਾ ਕੰਮ ਕਰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਵਾਲੇ ਕਿਸੇ ਵੀ ਅਨਸਰ ਨੂੰ ਨਹੀਂ ਬਖਸ਼ਿਆ ਜਾਵੇਗਾ। ਇਸ ਮੌਕੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ, ਸੋਨੀਆ ਮਾਨ, ਡਾਇਰੈਕਟਰ ਰਵਿੰਦਰ ਹੰਸ, ਦਲਜੀਤ ਸਿੰਘ ਮਿਆਦੀਆਂ, ਚੇਅਰਮੈਨ ਜਸਪ੍ਰੀਤ ਸਿੰਘ, ਬਲਜੀਤ ਰਿੰਕੂ, ਮੁਖਵਿੰਦਰ ਸਿੰਘ ਵਿਰਦੀ, ਮਨਦੀਪ ਸਿੰਘ ਮੌਂਗਾ, ਡਾਕਟਰ ਇੰਦਰਪਾਲ, ਅਰਵਿੰਦਰ ਸਿੰਘ ਭੱਟੀ, ਵਰੁਣ ਰਾਣਾ, ਤ੍ਰਲੋਕੀਨਾਥ, ਸਰਬਜੀਤ ਸਿੰਘ ਬਿੱਟੂ ਹਾਜ਼ਰ ਸਨ।
ਭਾਜਪਾ ਦੀਆਂ ਧਮਕੀਆਂ ਅੱਗੇ ਨਹੀਂ ਝੁਕੇਗੀ ‘ਆਪ’: ਕਟਾਰੂਚੱਕ
ਪਠਾਨਕੋਟ (ਐੱਨਪੀ ਧਵਨ): ਅੱਜ ਸ਼ਾਮ ਨੂੰ ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਵਿੱਚ ਇਥੇ ਬਾਲਮੀਕਿ ਚੌਕ ਵਿੱਚ ਭਾਜਪਾ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿੱਚ ‘ਆਪ’ ਦੇ ਹਲਕਾ ਇੰਚਾਰਜ ਵਿਭੂਤੀ ਸ਼ਰਮਾ ਤੇ ਅਮਿਤ ਮੰਟੂ ਅਤੇ ਹੋਰ ਆਗੂ ਸ਼ਾਮਲ ਸਨ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਤਖਤੀਆਂ ਫੜ ਰੱਖੀਆਂ ਸਨ। ਜਿਨ੍ਹਾਂ ਉਪਰ ‘ਭਾਜਪਾ ਗੈਂਗਸਟਰਾਂ ਨਾਲ, ‘ਆਪ’ ਵਪਾਰੀਆਂ ਨਾਲ’ ਲਿਖਿਆ ਹੋਇਆ ਸੀ।ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਅਤੇ ਭਾਜਪਾ ਅਬੋਹਰ ਵਿੱਚ ਮਾਰੇ ਗਏ ਵਪਾਰੀ ਦੇ ਵਿਰੋਧ ਵਿੱਚ ਭੁਗਤ ਰਹੀ ਅਤੇ ਗੈਂਗਸਟਰਾਂ ਦਾ ਸਾਥ ਦੇ ਰਹੀ ਹੈ। ਇਹ ਲਾਰੈਂਸ ਬਿਸ਼ਨੋਈ ਨੂੰ ਗੁਜਰਾਤ ਜੇਲ੍ਹ ਵਿੱਚ ਰੱਖ ਕੇ ਉਸ ਦੀ ਪੁਸ਼ਤਪਨਾਹੀ ਕਰ ਰਹੀ ਹੈ ਅਤੇ ਉਸ ਕੋਲੋਂ ਗੈਰ-ਭਾਜਪਾਈ ਰਾਜਾਂ ਵਿੱਚ ਜਿੱਥੇ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਹਨ, ਵਿੱਚ ਕਤਲੇਆਮ ਕਰਵਾ ਰਹੀ ਹੈ। ਇਹ ਗੈਂਗਸਟਰ ਫਿਰੌਤੀਆਂ ਵਸੂਲ ਰਹੇ ਹਨ ਪਰ ਆਮ ਆਦਮੀ ਪਾਰਟੀ ਭਾਜਪਾ ਦੀਆਂ ਧਮਕੀਆਂ ਮੂਹਰੇ ਨਹੀਂ ਝੁਕੇਗੀ ਅਤੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ।
‘ਆਪ’ ਸਰਕਾਰ ਵਪਾਰੀਆਂ ਦੇ ਨਾਲ: ਭਗਤ
ਜਲੰਧਰ (ਹਤਿੰਦਰ ਮਹਿਤਾ): ‘ਆਪ’ ਨੇ ਜਲੰਧਰ ਦੇ ਸ਼ਾਸਤਰੀ ਮਾਰਕੀਟ ਚੌਕ ’ਤੇ ਭਾਜਪਾ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ‘ਆਪ’ ਨੇ ਭਾਜਪਾ ’ਤੇ ਗੈਂਗਸਟਰਾਂ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਹੈ। ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਕਿ ‘ਆਪ’ ਸਰਕਾਰ ਵਪਾਰੀਆਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਅਬੋਹਰ ਵਿੱਚ ਸੰਜੈ ਵਰਮਾ ਦੇ ਕਤਲ ਦੇ ਮਾਮਲੇ ਵਿੱਚ ਪੁਲੀਸ ਨੇ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਮੋਹਿੰਦਰ ਭਗਤ ਨੇ ਕਿਹਾ ਕਿ ਅੱਜ ‘ਆਪ’ ਵੱਲੋਂ ਪੰਜਾਬ ਭਰ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਭਾਜਪਾ ਆਗੂ ਨੇ ਕਿਹਾ ਕਿ ਮੁਲਜ਼ਮਾਂ ਦਾ ਐਨਕਾਊਂਟਰ ਨਿੰਦਣਯੋਗ ਹੈ। ‘ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚੋਂ ਗੈਂਗਸਟਰਵਾਦ ਦਾ ਖਾਤਮਾ ਕਰ ਦਿੱਤਾ ਜਾਵੇਗਾ।