‘ਆਪ’ ਜ਼ਿਲ੍ਹਾ ਮੀਤ ਪ੍ਰਧਾਨ ਕਾਂਗਰਸ ਵਿੱਚ ਸ਼ਾਮਲ
ਯੂਥ ਕਾਂਗਰਸ ਦੇ ਪੰਜਾਬ ਇੰਚਾਰਜ ਵੱਲੋਂ ਕਰਨ ਪੁਰੀ ਦਾ ਪਾਰਟੀ ਵਿੱਚ ਸਵਾਗਤ
ਯੂਥ ਕਾਂਗਰਸ ਵੱਲੋਂ ਜ਼ਿਲ੍ਹਾ ਪ੍ਰਧਾਨ ਅਭਯਮ ਸ਼ਰਮਾ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਯੂਥ ਕਾਂਗਰਸ ਦੇ ਪੰਜਾਬ ਇੰਚਾਰਜ ਡਾ. ਸਮਰੁਤੀ ਰੰਜਨ ਲੇਂਕਾ ਅਤੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਲੇਂਕਾ ਉੜੀਸਾ ਸੂਬੇ ਨਾਲ ਸਬੰਧਤ ਹਨ। ਮੀਟਿੰਗ ਦਾ ਮੁੱਖ ਮਕਸਦ ਆਜ਼ਾਦੀ ਸੰਗਰਾਮ ਨਾਲ ਜੁੜੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਦੀਆਂ ਨੀਤੀਆਂ ਨੂੰ ਜਿੱਥੇ ਹਰ ਘਰ ਤੱਕ ਪਹੁੰਚਾ ਕੇ ਮੌਜੂਦਾ ਰਾਜਨੀਤਿਕ ਉਥਲ-ਪੁਥਲ ਨੂੰ ਦੂਰ ਕਰਨਾ ਸੀ, ਉੱਥੇ ਹੀ ਪੰਜਾਬ ਇੰਚਾਰਜ ਡਾ. ਲੇਂਕਾ ਨੇ ਪਠਾਨਕੋਟ ਜ਼ਿਲ੍ਹੇ ਵਿੱਚ ਯੂਥ ਕਾਂਗਰਸ ਦੀਆਂ ਵਧਦੀਆਂ ਸਮਾਜਿਕ ਅਤੇ ਰਾਜਨੀਤਿਕ ਗਤੀਵਿਧੀਆਂ ਦੇ ਮੱਦੇਨਜ਼ਰ ਐਡਵੋਕੇਟ ਅਭਯਮ ਸ਼ਰਮਾ ਦੀ ਪਿੱਠ ਵੀ ਥਾਪੜੀ। ਇਸ ਮੌਕੇ ਡਾ. ਲੇਂਕਾ ਨਾਲ ਜ਼ਿਲ੍ਹਾ ਯੂਥ ਕਾਂਗਰਸ ਇੰਚਾਰਜ ਨਵਤੇਜ ਸਿੰਘ ਅਤੇ ਸੰਗਠਨ ਸਕੱਤਰ ਯੂਥ ਕਾਂਗਰਸ ਐਡਵੋਕੇਟ ਰਾਹੁਲ ਕਾਲੀਆ ਵੀ ਮੌਜੂਦ ਸਨ। ਸਮਾਗਮ ਦੌਰਾਨ ਸੱਤਾਧਾਰੀ ‘ਆਪ’ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਕਰਨ ਪੁਰੀ (ਬਾਬਾ) ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਡਾ. ਲੇਂਕਾ ਨੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ।
ਅਭਯਮ ਸ਼ਰਮਾ ਨੇ ਜ਼ਿਲ੍ਹੇ ਅੰਦਰ ਯੂਥ ਕਾਂਗਰਸ ਦੀਆਂ ਗਤੀਵਿਧੀਆਂ ਦਾ ਵਿਸਥਾਰ ਨਾਲ ਵੇਰਵਾ ਦੇ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਦਕਿ ਭੋਆ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਦਾ ਕਹਿਣਾ ਸੀ ਕਿ ਅਭਯਮ ਅੰਦਰ ਕਾਂਗਰਸ ਪਾਰਟੀ ਦੇ ਝੰਡੇ ਨੂੰ ਇੱਕ ਸੰਦੇਸ਼ ਦੇ ਨਾਲ ਉੱਚਾ ਲਹਿਰਾਉਣ ਦਾ ਜਨੂੰਨ ਹੈ।
ਪੰਜਾਬ ਇੰਚਾਰਜ ਡਾ. ਸਮਰੁਤੀ ਰੰਜਨ ਲੇਂਕਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਨੌਜਵਾਨਾਂ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕਰਨ ’ਤੇ ਬਲ ਦਿੱਤਾ।
ਇਸ ਮੌਕੇ ਸਾਗਰ ਭੱਟੀ, ਅਨੁਜ ਮਲਹੋਤਰਾ, ਰਜਤ ਸ਼ਰਮਾ ਨੇ ਵੀ ਸੰਬੋਧਨ ਕੀਤਾ।

