‘ਆਪ’ ਨੇ ਲੈਂਡ ਪੂਲਿੰਗ ਨੀਤੀ ਰਾਹੀਂ ਕਿਸਾਨਾਂ ਨਾਲ ਧੋਖਾ ਕੀਤਾ: ਖੰਨਾ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 10 ਜੁਲਾਈ
ਸੀਨੀਅਰ ਭਾਜਪਾ ਨੇਤਾ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਅਵਿਨਾਸ਼ ਰਾਏ ਖੰਨਾ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਸਰਕਾਰ ਨੇ ਸਮੂਹ ਵਰਗਾਂ ਨੂੰ ਠੱਗਣ ਤੋਂ ਬਾਅਦ ਹੁਣ ਕਿਸਾਨਾਂ ਨਾਲ ਵੀ ਧੋਖਾਧੜੀ ਸ਼ੁਰੂ ਕਰ ਦਿੱਤੀ ਹੈ। ਖੰਨਾ ਨੇ ਕਿਹਾ ਕਿ ਸਰਕਾਰ ਹੁਣ ਨਵੀਂ ਲੈਂਡ ਪੂਲਿੰਗ ਨੀਤੀ ਰਾਹੀਂ ਕਿਸਾਨਾਂ ਕੋਲੋਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਹਨ। ਪੰਜਾਬ ਦੇ ਅੰਨਦਾਤਾ ਨੂੰ ਠੱਗ ਕੇ ਪੂੰਜੀਪਤੀਆਂ ਨੂੰ ਲਾਭ ਪਹੁੰਚਾਉਣ ਦਾ ਯਤਨ ਕਰ ਰਹੀ ਹੈ। ਖੰਨਾ ਨੇ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ‘ਆਪ’ ਨੇਤਾ ਘਰ-ਘਰ ਜਾ ਕੇ ਢੰਡੋਰਾ ਪਿੱਟ ਰਹੇ ਸਨ ਕਿ ਕੋਈ ਵੀ ਨਵਾਂ ਕਾਨੂੰਨ ਜਾਂ ਪਾਲਸੀ ਲਿਆਉਣ ਤੋਂ ਪਹਿਲਾਂ ਆਮ ਜਨਤਾ ਦੀ ਰਾਏ ਲਈ ਜਾਵੇਗੀ ਪਰ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਦੱਸਣ ਵਾਲੀ ਮਾਨ ਸਰਕਾਰ ਨੇ ਨਵੀਂ ਲੈਂਡ ਪੂਲਿੰਗ ਨੀਤੀ ਬਣਾਉਣ ਸਮੇਂ ਕਿਸੇ ਵੀ ਕਿਸਾਨ ਦੀ ਸਲਾਹ ਨਹੀਂ ਲਈ ਅਤੇ ਹੁਣ ਇਹ ਨੀਤੀ ਉਨ੍ਹਾਂ ’ਤੇ ਥੋਪੀ ਜਾ ਰਹੀ ਹੈ। ਖੰਨਾ ਨੇ ਕਿਹਾ ਕਿ ਇਹ ਨੀਤੀ ਕੇਵਲ ਕਾਰਪੋਰੇਟ ਅਤੇ ਵੱਡੀਆਂ ਰੀਅਲ ਅਸਟੇਟ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿਚ ਨਹੀਂ ਰੱਖਿਆ ਗਿਆ ਜੋ ਉਨ੍ਹਾਂ ਨਾਲ ਸਰਾਸਰ ਧੋਖਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਮਾਨ ਸਰਕਾਰ ਦੀ ਇਸ ਨੀਤੀ ਦਾ ਪੁਰਜ਼ੋਰ ਵਿਰੋਧ ਕਰਦੀ ਹੈ ਅਤੇ ਕਿਸਾਨਾਂ ਨਾਲ ਡਟ ਕੇ ਖੜ੍ਹੀ ਹੈ। ਇਸ ਮੌਕੇ ਭਾਜਪਾ ਨੇਤਾ ਅਸ਼ਵੀ ਓਹਰੀ, ਭਾਰਤ ਭੂਸ਼ਣ ਵਰਮਾ, ਡੀਐੱਸ ਬਾਗੀ, ਅਜੇ ਸ਼ਰਮਾ, ਅਸ਼ਵਨੀ ਛੋਟਾ, ਯਸ਼ੂ ਜੈਨ ਆਦਿ ਮੌਜੂਦ ਸਨ।