ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 14 ਮਈ
ਮਲਸੀਆਂ ਵਾਸੀਆਂ ਨੇ ਜਿੱਥੇ ਦੇਸ਼ ਦੇ ਅੰਦਰ ਰਾਜਨੀਤੀ ’ਚ ਖੂਬ ਨਾਮਣਾ ਖੱਟਿਆ ਉੱਥੇ ਵਿਦੇਸ਼ਾਂ ਵਿਚ ਜਾ ਕੇ ਵੀ ਰਾਜਨੀਤੀ ਵਿਚ ਆਪਣੀ ਪੂਰੀ ਧਾਂਕ ਜਮਾਈ ਹੈ। ਇਸਦੀ ਤਾਜਾ ਮਿਸ਼ਾਲ ਮਲਸੀਆਂ ਦੀ ਪੱਤੀ ਸਾਹਲਾ ਨਗਰ ਦੇ ਸਿੱਧੂ ਪਰਿਵਾਰ ਦੇ ਹੋਣਹਾਰ ਪੁੱਤਰ ਮਨਿੰਦਰ ਸਿੱਧੂ ਨੇ ਕੈਨੇਡਾ ਵਿਚ ਮੰਤਰੀ ਬਣ ਕੇ ਪੈਦਾ ਕੀਤੀ ਹੈ। ਮਨਿੰਦਰ ਸਿੱਧੂ ਨੇ ਆਪਣੇ ਪਿਤਾ ਨਰਿੰਦਰ ਸਿੱਧੂ ਅਤੇ ਚਾਚਾ ਪਰਮ ਸਿੱਧੂ ਤੋਂ ਰਾਜਨੀਤੀ ਦੀ ਗੁੜ੍ਹਤੀ ਲੈ ਕੇ ਕੈਨੇਡਾ ਦੀ ਧਰਤੀ ’ਤੇ ਰਾਜਨੀਤੀ ਵਿਚ ਇਹ ਮੁਕਾਮ ਹਾਸਲ ਕੀਤਾ ਹੈ। ਮਨਿੰਦਰ ਸਿੱਧੂ ਨੇ ਲਿਬਰਲ ਪਾਰਟੀ ਵੱਲੋਂ ਓਂਟਾਰੀਓ ਸੂਬੇ ਦੇ ਬਰੈਂਪਟਨ ਈਸਟ ਤੋਂ ਲਗਾਤਾਰ ਤੀਜੀ ਵਾਰ ਜਿੱਤ ਦਰਜ ਕੀਤੀ ਹੈ। ਉਹ ਕੈਨੇਡਾ ਸਰਕਾਰ ਵਿਚ ਕੌਮਾਂਤਰੀ ਵਪਾਰ ਵਿਭਾਗ ਦੇ ਮੰਤਰੀ ਹਨ। ਮਲਸੀਆਂ ਵਾਸੀਆਂ ਨੂੰ ਜਿਉਂ ਹੀ ਮਨਿੰਦਰ ਸਿੱਧੂ ਦੇ ਕੈਨੇਡਾ ਵਿਚ ਮੰਤਰੀ ਬਣਨ ਬਾਰੇ ਪਤਾ ਲੱਗਾ ਉਨ੍ਹਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਇਸੇ ਖੁਸ਼ੀ ਵਿਚ ਹੀ ਪਿੰਡ ਵਾਸੀਆਂ ਨੇ ਸਿੱਧੂ ਪਰਿਵਾਰ ਦੇ ਘਰ ਵਿਚ ਲੱਡੂ ਵੰਡਕੇ, ਢੋਲ ਵਜਾ ਕੇ ਅਤੇ ਭੰਗੜੇ ਪਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਵਿਧਾਇਕ ਪਰਗਟ ਸਿੰਘ, ਮਾਸਟਰ ਗੁਰਮੇਜ ਸਿੰਘ ਮਲਸੀਆਂ, ਗੁਰਦੇਵ ਸਿੰਘ ਸਿੱਧੂ, ਮਾਸਟਰ ਗੁਰਮੁਖ ਸਿੰਘ ਸਿੱਧੂ, ਮਾਸਟਰ ਤਰਲੋਚਨ ਸਿੰਘ, ਉੱਘੇ ਵਕੀਲ ਦੀਪਕ ਸ਼ਰਮਾ, ਅਸ਼ਿਵੰਦਰਪਾਲ ਸਿੰਘ ਖਹਿਰਾ, ਪ੍ਰਿੰਸੀਪਲ ਮਨਜੀਤ ਸਿੰਘ ਮਲਸੀਆਂ, ਅਤੇ ਮਾਸਟਰ ਮਨਵੀਰ ਸਿੰਘ ਨੇ ਸਿੱਧੂ ਪਰਿਵਾਰ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਜਨਰਲ ਸਕੱਤਰ ਗੁਰਚਰਨ ਸਿੰਘ ਚਾਹਲ, ਅਸ਼ਵਨੀ ਭੁੱਟੋ, ਗਿਆਨ ਸੈਦਪੁਰੀ, ਡਾ. ਨਗਿੰਦਰ ਸਿੰਘ ਬਾਂਸਲ ਆਦਿ ਹਾਜ਼ਰ ਸਨ।