ਸਥਾਨਕ ਜੀਟੀ ਰੋਡ ਉੱਪਰ ਦਾਣਾ ਮੰਡੀ ਵਿੱਚ ਸਥਿਤ ਐੱਮ ਕੇ ਰੋਡ ਕੈਰੀਅਰ ਦੇ ਐਮਡੀ ਤੇ ਉੱਘੇ ਸਮਾਜ ਸੇਵਕ ਨਵਤੇਜ ਸਿੰਘ ਮੱਲੀ ਤੇ ਉਨ੍ਹਾਂ ਦੇ ਪੁੱਤਰ ਡਾਇਰੈਕਟਰ ਬਿਕਰਮਜੀਤ ਸਿੰਘ ਮੱਲੀ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਅਧੀਨ ਰੰਗਲਾ ਪੰਜਾਬ ਸੁਸਾਇਟੀ ਰਿਲੀਫ ਫੰਡ ਲਈ ਇੱਕ ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ। ਬਿਕਰਮਜੀਤ ਸਿੰਘ ਮੱਲੀ ਨੇ ਕਿਹਾ ਪੰਜਾਬ ਵਿੱਚ ਬੀਤੇ ਦਿਨੀਂ ਆਏ ਹੜ੍ਹਾਂ ਕਾਰਨ ਪੰਜਾਬ ਖਾਸ ਤੌਰ ’ਤੇ ਮਾਝੇ ਦੇ ਕਿਸਾਨਾਂ ਦੀਆਂ ਜ਼ਮੀਨਾਂ, ਫ਼ਸਲਾਂ ਅਤੇ ਘਰਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਵੀ ਟਰਾਂਸਪੋਰਟ ਕਾਰੋਬਾਰ ਦੇ ਨਾਲ ਨਾਲ ਕਿਸਾਨ ਵੀ ਹਨ ਅਤੇ ਕਿਸਾਨਾਂ ਦਾ ਦੁੱਖ ਭਲੀ-ਭਾਂਤੀ ਸਮਝਦੇ ਹਨ। ਇਸ ਲਈ ਉਨ੍ਹਾਂ ਦੇ ਪਿਤਾ ਨਵਤੇਜ ਸਿੰਘ ਮੱਲੀ ਨੇ ਇਹ ਫੈਸਲਾ ਲਿਆ ਕਿ ਉਨ੍ਹਾਂ ਵੱਲੋਂ ਵੀ ਬਣਦੀ ਤਿਲ ਫੁਲ ਭੇਟਾ ਇਸ ਕਾਰਜ ਵਿੱਚ ਭੇਟ ਕੀਤੀ ਜਾਵੇਗੀ। ਉਨ੍ਹਾਂ ਵੱਲੋਂ ਇਸ ਤੋਂ ਪਹਿਲਾਂ ਵੀ ਹੜ੍ਹ ਪੀੜਤਾਂ ਦੀ ਮਦਦ ਲਈ 2.51 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਸੀ।
ਚਾਰ ਲੱਖ ਰੁਪਏ ਦਿੱਤੇ
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਸੇਵਾਮੁਕਤ ਖੇਤੀਬਾੜੀ ਟੈਕਨੋਕਰੇਟਸ ਐਸੋਸੀਏਸ਼ਨ ਦੇ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ ਪੁਨਰਵਾਸ ਅਤੇ ਰਾਹਤ ਕਾਰਜਾਂ ਲਈ ਚਾਰ ਲੱਖ ਰੁਪਏ ਦੀ ਰਾਸ਼ੀ ਦਾ ਡਰਾਫਟ ਮੁੱਖ ਮੰਤਰੀ ਰਾਹਤ ਫੰਡ ਲਈ ਭੇਟ ਕੀਤਾ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਪਰਮਾਰ ਅਤੇ ਸੀਨੀਅਰ ਮੈਂਬਰ ਸਵਤੰਤਰ ਕੁਮਾਰ ਏਰੀ, ਡੀ.ਏ (ਪੰਜਾਬ) ਸੇਵਾਮੁਕਤ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੇ ਆਪਣੇ ਘਰ, ਫ਼ਸਲਾਂ ਅਤੇ ਪਸ਼ੂ ਗੁਆ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਯੋਗਦਾਨ ਹੜ੍ਹ ਪੀੜਤਾਂ ਨੂੰ ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਮੁੜ ਪਟੜੀ ’ਤੇ ਲਿਆਉਣ ਵਿੱਚ ਮਦਦ ਕਰਨ ਵੱਲ ਇੱਕ ਛੋਟਾ ਜਿਹਾ ਕਦਮ ਹੈ। ਇਸ ਮੌਕੇ ਪਰਮਿੰਦਰ ਸਿੰਘ ਗਰੇਵਾਲ, ਸੁਰਿੰਦਰ ਸਿੰਘ, ਮਨਜੀਤ ਸਿੰਘ, ਮੰਝੇਲ ਸਿੰਘ ਕਾਲਕਟ, ਸੁਖਵਿੰਦਰ ਸਿੰਘ ਢਿੱਲੋਂ, ਕਿਸ਼ੋਰੀ ਲਾਲ, ਦੀਪਕ ਆਦੀਆ ਅਤੇ ਹੋਰ ਮੈਂਬਰ ਮੌਜੂਦ ਸਨ।