ਪ੍ਰਾਇਮਰੀ ਹੈਲਥ ਸੈਂਟਰ ਮੰਡ ਭੰਡੇਰ ਅਧੀਨ ਪੈਂਦੇ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੇ 62 ਪ੍ਰਤੀਸ਼ਤ ਤੋਂ ਜ਼ਿਆਦਾ ਨਮੂਨੇ ਫੇਲ੍ਹ ਹੋਏ ਹਨ। ਇਸ ਦਾ ਖੁਲਾਸਾ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਵੱਲੋਂ ਸੂਚਨਾ ਅਧਿਕਾਰ ਐਕਟ ਤਹਿਤ ਹਾਸਿਲ ਕੀਤੀ ਜਾਣਕਾਰੀ ਤੋਂ ਹੋਇਆ ਹੈ। ਧੀਮਾਨ ਨੇ ਕਿਹਾ ਕਿ ਇੰਨੀ ਵੱਡੀ ਗਿਣਤੀ ’ਚ ਪਾਣੀ ਦੇ ਨਮੂਨਿਆਂ ਦਾ ਫ਼ੇਲ੍ਹ ਹੋਣਾ ਚਿੰਤਾ ਦਾ ਵਿਸ਼ਾ ਹੈ ਅਤੇ ਇਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ। ਉਨ੍ਹਾਂ ਦੱਸਿਆ ਕਿ ਇਹ ਨਮੂਨੇ ਵਿੱਦਿਅਕ ਸੰਸਥਾਵਾਂ, ਜਨਤਕ ਥਾਵਾਂ, ਗੁਰਦੁਆਰਿਆਂ, ਮੰਦਰਾਂ, ਸਹਿਕਾਰੀ ਸਭਾਵਾਂ, ਵਾਟਰ ਸਪਲਾਈ ਸਕੀਮਾਂ ਆਦਿ ਤੋਂ ਲਏ ਗਏ ਸਨ। ਧੀਮਾਨ ਨੇ ਕਿਹਾ ਕਿ ਪੀਣ ਲਈ ਪ੍ਰਦੂਸ਼ਿਤ ਪਾਣੀ ਦੇਣਾ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ।
ਉਨ੍ਹਾਂ ਦੱਸਿਆ ਕਿ 2022 ਤੋਂ 31 ਜੁਲਾਈ 2025 ਤੱਕ ਲਏ ਗਏ ਨਮੂਨਿਆਂ ਵਿੱਚੋਂ ਸਰਕਾਰੀ ਲੈਬੋਰੈਟਰੀ ਦੀ ਰਿਪੋਰਟ ਅਨੁਸਾਰ 159 ਨਮੂਨਿਆਂ ਵਿਚੋਂ 83 ਫ਼ੇਲ੍ਹ ਪਾਏ ਗਏ ਜਦੋਂਕਿ 10 ਨਮੂਨਿਆਂ ਦੇ ਨਤੀਜੇ ਆਉਣੇ ਬਾਕੀ ਹਨ। ਧੀਮਾਨ ਨੇ ਕਿਹਾ ਕਿ ਦੂਸ਼ਿਤ ਪਾਣੀ ਪੀਣ ਨਾਲ ਲੋਕ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਅਣਗਹਿਲੀਆਂ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਧੀਮਾਨ ਨੇ ਕਿਹਾ ਕਿ ਇਸ ਸਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਜਨਹਿੱਤ ਪਟੀਸ਼ਨ ਪਾਈ ਜਾਵੇਗੀ।

