ਹੜ੍ਹਾਂ ਕਾਰਨ ਜ਼ਿਲ੍ਹਾ ਅੰਮ੍ਰਿਤਸਰ ਦਾ 28 ਹਜ਼ਾਰ ਹੈਕਟੇਅਰ ਰਕਬਾ ਪ੍ਰਭਾਵਿਤ
ਰਾਵੀ ਦਰਿਆ ਵਿਚ ਆਏ ਹੜ੍ਹਾਂ ਕਾਰਨ ਜ਼ਿਲ੍ਹਾ ਅੰਮ੍ਰਿਤਸਰ ਦਾ ਲਗਪਗ 28,726 ਹੈਕਟੇਅਰ ਖੇਤੀ ਅਧੀਨ ਰਕਬਾ ਪ੍ਰਭਾਵਿਤ ਹੋਇਆ ਹੈ ਜਿੱਥੇ ਹੜ੍ਹਾਂ ਨਾਲ ਖੇਤਾਂ ਵਿਚ ਰੇਤ ਦੀ ਤਹਿ ਬਣ ਗਈ ਹੈ ਅਤੇ ਝੋਨੇ, ਬਾਸਮਤੀ ਅਤੇ ਹੋਰਨਾਂ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ। ਇਹ ਖੁਲਾਸਾ ਜ਼ਿਲ੍ਹਾ ਖੇਤੀਬਾੜੀ ਵਿਭਾਗ ਵਲੋਂ ਕੀਤਾ ਗਿਆ। ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਧਿਕਾਰੀ ਬਲਜਿੰਦਰ ਸਿੰਘ ਭੁੱਲਰ ਤੇ ਉਨ੍ਹਾਂ ਦੀ ਟੀਮ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਹੜ੍ਹ ਪ੍ਰਭਾਵਿਤ ਬਲਾਕ ਅਜਨਾਲਾ ਦੇ ਪਿੰਡਾਂ ਘੋਨੇਵਾਲ, ਮਾਛੀਵਾਲ, ਜੱਟਾਂ, ਸ਼ਹਿਜਾਦਾ, ਦਰੀਆ ਮੂਸਾ, ਗੱਗੋਮਾਹਲ ਆਦਿ ਦਾ ਦੌਰਾ ਕਰਕੇ ਹੋਏ ਨੁਕਸਾਨ ਦਾ ਮੁਆਇਨਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਰਾਵੀ ਦਰਿਆ ਵਿਚ ਆਏ ਹੜ੍ਹਾਂ ਦੌਰਾਨ ਮੁੱਢਲੀਆਂ ਰਿਪੋਰਟਾਂ ਅਨੁਸਾਰ ਜ਼ਿਲ੍ਹਾ ਅੰਮ੍ਰਿਤਸਰ ਦਾ ਤਕਰੀਬਨ 28,726 ਹੈਕਟੇਅਰ ਖੇਤੀ ਅਧੀਨ ਰਕਬਾ ਪ੍ਰਭਾਵਿਤ ਹੋਇਆ ਹੈ। ਉਹਨਾਂ ਦੱਸਿਆ ਕਿ ਹੜ੍ਹ ਆਉਣ ਕਾਰਨ ਖੇਤਾਂ ਵਿਚ ਰੇਤ ਦੀ ਤਹਿ ਬਣ ਗਈ ਹੈ ਜਿਸ ਕਾਰਨ ਝੋਨੇ/ਬਾਸਮਤੀ ਅਤੇ ਹੋਰਨਾਂ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ। ਇਸ ਸਬੰਧ ਵਿਚ ਉਨ੍ਹਾਂ ਖੇਤੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਹਦਾਇਤ ਕੀਤੀ ਕਿ ਜਿਨ੍ਹਾਂ ਪਿੰਡਾਂ ਵਿੱਚ ਰੇਤ ਜਾਂ ਭੱਲ ਦੀ ਤਹਿ ਖੇਤਾਂ ਵਿੱਚ ਬਣ ਗਈ ਹੈ, ਉਹਨਾਂ ਦਾ ਪਹਿਲ ਦੇ ਅਧਾਰ ’ਤੇ ਸਰਵੇਖਣ ਕਰਕੇ ਪ੍ਰਭਾਵਿਤ ਰਕਬੇ ਸਬੰਧੀ ਰਿਪੋਰਟ ਤਿੰਨ ਦਿਨ ਦੇ ਅੰਦਰ ਅੰਦਰ ਸੌਂਪੀ ਜਾਵੇ। ਉਹਨਾਂ ਫੀਲਡ ਅਧਕਾਰੀਆਂ ਨੂੰ ਹਦਾਇਤ ਕੀਤੀ ਕਿ ਪ੍ਰਭਾਵਿਤ ਖੇਤਰ ਵਿੱਚ ਲਗਾਤਾਰ ਕਿਸਾਨਾ ਨਾਲ ਸੰਪਰਕ ਰੱਖਿਆ ਜਾਵੇ ਅਤੇ ਪਾਣੀ ਉਤਰਣ ਤੋਂ ਬਾਅਦ ਜਿਸ ਰਕਬੇ ਵਿੱਚ ਫਸਲ ਨੂੰ ਬਚਾਇਆ ਜਾ ਸਕਦਾ ਹੈ, ਉਸ ਸਬੰਧੀ ਕਿਸਾਨਾ ਨਾਲ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਜਾਵੇ। ਵੱਖ ਵੱਖ ਪਿੰਡਾਂ ਵਿੱਚ ਕਿਸਾਨਾ ਨਾਲ ਮਿਲਦਿਆਂ ਉਹਨਾਂ ਭਰੋਸਾ ਦਿਤਾ ਕਿ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਕਿਸਾਨਾਂ ਦੀ ਹਰ ਸੰਭਵ ਮਦਦ ਕਰਨ ਲਈ ਵਚਨਬੱਧ ਹਨ।
ਸਰਹਾਲੀ ਵਾਲਿਆਂ ਦੇ ਜਥੇ ਨੇ ਧੁੱਸੀ ਦਾ ਪਾੜ ਭਰਿਆ
ਰਮਦਾਸ (ਰਾਜਨ ਮਾਨ): ਰਾਵੀ ਦਰਿਆ ਦਾ ਧੁੱਸੀ ਬੰਨ੍ਹ ਜਿਸ ਦੇ ਟੁੱਟਣ ਕਾਰਨ ਅਜਨਾਲਾ ਇਲਾਕੇ ਵਿੱਚ ਹੜ੍ਹ ਆਏ ਹਨ, ਦੇ ਪਾੜ ਭਰਨ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕੀਤਾ ਗਿਆ ਹੈ ਤੇ ਇਕ ਥਾਂ ’ਤੇ ਬੰਨ੍ਹ ਦਾ ਪਾੜ ਪੂਰ ਦਿਤਾ ਗਿਆ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮੁਢਲੀਆਂ ਰਿਪੋਰਟਾਂ ਵਿੱਚ ਦਸ ਥਾਵਾਂ ਤੋਂ ਇਹ ਬੰਨ੍ਹ ਟੁੱਟਣ ਦੀ ਜਾਣਕਾਰੀ ਪ੍ਰਾਪਤ ਹੋਈ ਸੀ, ਪਰ ਜਿਉਂ ਜਿਉਂ ਪਾਣੀ ਦਾ ਪੱਧਰ ਘਟਣ ਕਾਰਨ ਵਿਭਾਗ ਦੀ ਪਹੁੰਚ ਦਰਿਆ ਤੱਕ ਹੋਈ ਹੈ ਤਾਂ ਇਹ ਪਤਾ ਲੱਗਾ ਹੈ ਕਿ ਰਾਵੀ ਦਰਿਆ 20 ਤੋਂ ਵੱਧ ਸਥਾਨਾਂ ਤੋਂ ਬੰਨ੍ਹ ਤੋੜ ਕੇ ਇਲਾਕੇ ਵਿੱਚ ਪ੍ਰਵੇਸ਼ ਕਰ ਗਿਆ ਸੀ। ਉਹਨਾਂ ਦੱਸਿਆ ਕਿ ਹੁਣ ਪਾਣੀ ਦਾ ਪੱਧਰ ਘੱਟ ਜਾਣ ਕਾਰਨ ਰਸਤੇ ਬਣਾ ਕੇ ਇਹ ਪਾੜ ਭਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਕਾਰ ਸੇਵਾ ਵਾਲੇ ਮਹਾਂਪੁਰਖ ਸੰਤ ਸੁੱਖਾ ਸਿੰਘ ਸਰਹਾਲੀ ਕਲਾਂ ਵਾਲੇ, ਸੰਤ ਜਗਤਾਰ ਸਿੰਘ ਤਰਨ ਤਾਰਨ ਵਾਲੇ, ਕਾਰ ਸੇਵਾ ਗੁਰੂ ਕੇ ਬਾਗ, ਫੌਜ ਦੇ ਜਵਾਨ ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਸਾਥ ਦੇ ਰਹੀਆਂ ਹਨ। ਇਸੇ ਦੌਰਾਨ ਜਲ ਸਰੋਤ ਵਿਭਾਗ ਦੇ ਐਕਸੀਅਨ ਗੁਰਬੀਰ ਸਿੰਘ ਨੇ ਦੱਸਿਆ ਕਿ ਮਾਛੀਵਾਲ ਕੋਲ ਧੁੱਸੀ ਦਾ ਇੱਕ ਪਾੜ ਜਿਸ ਨੂੰ ਭਰਨ ਦੀ ਸੇਵਾ ਸੰਤ ਸੁੱਖਾ ਸਿੰਘ ਸਰਹਾਲੀ ਕਲਾਂ ਵਾਲਿਆਂ ਦਾ ਜਥਾ ਕਰ ਰਿਹਾ ਸੀ, ਨੇ ਰਾਵੀ ਉੱਤੇ ਪਹਿਲਾ ਪਾੜ ਭਰ ਦਿੱਤਾ ਹੈ, ਪਰ ਦੂਜੀਆਂ ਸਥਾਨਾਂ ਉੱਤੇ ਅਜੇ ਕੰਮ ਜਾਰੀ ਹੈ ਜਿਸ ਨੂੰ ਸਮਾਂ ਲੱਗ ਸਕਦਾ ਹੈ।
ਹਥਾੜ ਦੇ ਲੋਕਾਂ ਨੂੰ ਨਾ ਮਿਲਿਆ ਰਾਸ਼ਨ
ਤਰਨ ਤਾਰਨ (ਪੱਤਰ ਪ੍ਰੇਰਕ): ਹਥਾੜ ਦੇ ਪਿੰਡ ਦੇ ਲੋਕਾਂ ਦਾ ਰੱਬ ਹੀ ਰਾਖਾ ਹੈ| ਦਰਿਆ ਦੇ ਕਿਨਾਰਿਆਂ ਨੂੰ ਆਪਣਾ ਰੈਨ-ਬਸੇਰਾ ਬਣਾਈ ਬੈਠੇ ਕਈ ਪਰਿਵਾਰਾਂ ਨੇ ਸਰਕਾਰ ਅਤੇ ਪ੍ਰਸ਼ਾਸ਼ਨ ਦੇ ਉਨ੍ਹਾਂ ਸਾਰੇ ਦਾਅਵਿਆਂ ਨੂੰ ਰੱਦ ਕੀਤਾ ਹੈ ਜਿਨ੍ਹਾਂ ਵਿੱਚ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਅਜਿਹੇ ਲੋਕਾਂ ਤੱਕ ਮਨੁੱਖਾਂ ਦੇ ਖਾਣ ਲਈ ਰਾਸ਼ਨ ਅਤੇ ਪਸ਼ੂਆਂ ਲਈ ਚਾਰਾ ਆਦਿ ਉਨ੍ਹਾਂ ਦੇ ਠਿਕਾਣਿਆਂ ਤੱਕ ਪਹੁੰਚਾਇਆ ਜਾ ਰਿਹਾ ਹੈ| ਸੰਯੁਕਤ ਕਿਸਾਨ ਮੋਰਚਾ ਦੇ ਆਗੂ ਦਲਜੀਤ ਸਿੰਘ ਦਿਆਲਪੁਰਾ, ਨਛੱਤਰ ਸਿੰਘ ਪੰਨੂ, ਗੁਰਸਾਹਿਬ ਸਿੰਘ, ਮੇਹਰ ਸਿੰਘ, ਅੰਮ੍ਰਿਤਪਾਲ ਸਿੰਘ ਜੌੜਾ ਸਮੇਤ ਹੋਰਨਾਂ ਆਗੂਆਂ ਦੀ ਅਗਵਾਈ ਵਿੱਚ ਹਰੀਕੇ ਹੈੱਡ ਵਰਕਸ ਤੋਂ ਲੈ ਕੇ ਕੋਟ ਬੁੱਢਾ ਤੱਕ ਦੇ 25 ਪਿੰਡਾਂ ਦੇ ਸਤਲੁਜ ਦਰਿਆ ਦੇ ਕੰਢਿਆਂ ’ਤੇ ਰਹਿ ਰਹੇ ਲੋਕਾਂ ਦੀਆਂ ਹਾਲਤ ਦੀ ਜਾਣਕਾਰੀ ਇਕੱਤਰ ਕੀਤੀ| ਇਥੇ ਰਹਿ ਰਹੇ ਕੁੱਤੀਵਾਲਾ ਪਿੰਡ ਦੇ ਰੇਸ਼ਮ ਸਿੰਘ, ਬੂਹ ਦੇ ਸਾਬਕ ਸਰਪੰਚ ਸੂਬਾ ਸਿੰਘ, ਸਭਰਾ ਦੇ ਟਹਿਲ ਸਿੰਘ, ਦਲਜੀਤ ਸਿੰਘ, ਪਰਗਟ ਸਿੰਘ, ਜੱਲੋਕੇ ਦੇ ਵਾਸੀ ਲਖਵਿੰਦਰ ਸਿੰਘ ਸਮੇਤ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਖੁੱਲ੍ਹੇ ਵਿੱਚ ਆਪਣੀਆਂ ਟਰਾਲੀਆਂ ਨੂੰ ਪੌਲੀਥੀਨ ਦੀਆਂ ਸ਼ੀਟਾਂ ਨਾਲ ਢਕ ਕੇ ਘਰ ਬਣਾਏ ਹੋਏ ਹਨ ਜਿਥੇ ਉਹ ਰਾਤਾਂ ਕੱਟਦੇ ਹਨ| ਇਕ ਟਰਾਲੀ ਨੂੰ ਤਾਂ ਪੰਜ ਪਰਿਵਾਰਾਂ ਨੇ ਰਸੋਈ ਦਾ ਰੂਪ ਦਿੱਤਾ ਹੈ|
12 ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ 51-51 ਹਜ਼ਾਰ ਦੀ ਆਰਥਿਕ ਸਹਾਇਤਾ
ਪਠਾਨਕੋਟ (ਐਨ ਪੀ ਧਵਨ): ਕੈਬਨਿਟ ਮੰਤਰੀਆਂ ਲਾਲ ਚੰਦ ਕਟਾਰੂਚੱਕ ਅਤੇ ਡਾ. ਬਲਬੀਰ ਸਿੰਘ ਵੱਲੋਂ ਵਿਧਾਨ ਸਭਾ ਹਲਕਾ ਭੋਆ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ 12 ਹੜ੍ਹ ਪੀੜਤ ਪਰਿਵਾਰ ਜਿਨ੍ਹਾਂ ਦੇ ਮਕਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੀ, ਨੂੰ ਪ੍ਰਤੀ ਪਰਿਵਾਰ 51-51 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਗਈ। ਉਨ੍ਹਾਂ ਵੱਲੋਂ ਪਿੰਡ ਬਕਨੌਰ, ਪਿੰਡ ਪੰਮਾ, ਅੰਬੀ ਖੜਖੜਾ, ਕੋਹਲੀਆਂ ਅੱਡਾ ਅਤੇ ਅਨਿਆਲ ਪਿੰਡਾਂ ਵਿੱਚ ਪਹੁੰਚ ਕਰਕੇ ਹੜ੍ਹਾਂ ਦੀ ਮਾਰ ਹੇਠ ਆਏ ਇਨ੍ਹਾਂ ਪਰਿਵਾਰਾਂ ਦੇ ਘਰਾਂ ਦੀ ਮੌਜੂਦਾ ਸਥਿਤੀ ਨੂੰ ਦੇਖਿਆ ਗਿਆ। ਸ੍ਰੀ ਕਟਾਰੂਚੱਕ ਨੇ ਕਿਹਾ ਕਿ ਇਸ ਵਾਰ ਹੜ੍ਹਾਂ ਦੀ ਮਾਰ ਪੂਰੇ ਪੰਜਾਬ ਅੰਦਰ ਹੈ।