ਭੋਗਪੁਰ ਇਲਾਕੇ ਦੇ ਬਿਜਲੀ ਕੰਮਾਂ ਦੇ ਨਵੀਨੀਕਰਨ ਲਈ 23 ਕਰੋੜ ਮਨਜ਼ੂਰ
ਡਵੀਜ਼ਨ ਭੋਗਪੁਰ ਦੇ ਐਕਸੀਅਨ ਜਸਵੰਤ ਸਿੰਘ ਪਾਬਲਾ ਨੇ ਪ੍ਰੈੱਸ ਨੋਟ ਰਾਹੀਂ ਦੱਸਿਆ ਕਿ ਸਰਕਾਰ ਨੇ ਬਿਜਲੀ ਵਿਭਾਗ ਦੀਆਂ ਭੋਗਪੁਰ ਵਾਲੀਆਂ ਦੋਵੇਂ ਸਬ-ਡਿਵੀਜ਼ਨਾਂ ਦੇ ਕੰਮਾਂ ਦੇ ਨਵੀਨੀਕਰਨ ਲਈ 23 ਕਰੋੜ ਰੁਪਏ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿੱਚੋਂ ਆਰ ਡੀ ਐੱਸ...
ਡਵੀਜ਼ਨ ਭੋਗਪੁਰ ਦੇ ਐਕਸੀਅਨ ਜਸਵੰਤ ਸਿੰਘ ਪਾਬਲਾ ਨੇ ਪ੍ਰੈੱਸ ਨੋਟ ਰਾਹੀਂ ਦੱਸਿਆ ਕਿ ਸਰਕਾਰ ਨੇ ਬਿਜਲੀ ਵਿਭਾਗ ਦੀਆਂ ਭੋਗਪੁਰ ਵਾਲੀਆਂ ਦੋਵੇਂ ਸਬ-ਡਿਵੀਜ਼ਨਾਂ ਦੇ ਕੰਮਾਂ ਦੇ ਨਵੀਨੀਕਰਨ ਲਈ 23 ਕਰੋੜ ਰੁਪਏ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿੱਚੋਂ ਆਰ ਡੀ ਐੱਸ ਐੱਸ ਸਕੀਮ ਅਧੀਨ ਏ ਬੀ ਆਰ ਨਿੱਜੀ ਕੰਪਨੀ ਇਲਾਕੇ ਵਿੱਚ 21.50 ਕਰੋੜ ਰੁਪਏ ਦੇ ਨਵੇਂ ਟ੍ਰਾਂਸਫਾਰਮਰ ਲਗਾਏਗੀ ਅਤੇ ਜਿੱਥੇ ਲੋਡ ਅਨੁਸਾਰ ਲੋੜ ਹੋਈ ਟ੍ਰਾਂਸਫਾਰਮਰ ਵੱਡੇ ਵੀ ਕਰੇਗੀ, ਪੁਰਾਣੀਆਂ ਬਿਜਲੀ ਦੀਆਂ ਤਾਰਾਂ ਬਦਲੀਆਂ ਜਾਣਗੀਆਂ, ਨਵੀਆਂ ਕੇਬਲਾਂ ਪਾਈਆਂ ਜਾਣਗੀਆਂ। ਕੰਪਨੀ ਪੰਜ ਨਵੇਂ ਬਿਜਲੀ ਦੇ ਫੀਡਰਾਂ ਜਿਹਨਾਂ ਚ ਖਾਨ੍ਹਕੇ ਫੀਡਰ, ਸੂਸਾਂ ਸੁਸਾਣਾ, ਖਰਲਾਂ ਫੀਡਰ, ਕੱਤੋਵਾਲ ਫੀਡਰ ਅਤੇ ਗਰੋਆ ਫੀਡਰਾਂ ਦਾ ਨਿਰਮਾਣ ਕਰੇਗੀ। ਉਨ੍ਹਾਂ ਦੱਸਿਆ ਕਿ ਬਿਜਲੀ ਵਿਭਾਗ ਖੁਦ ਪਿੰਡ ਚੱਕਸ਼ਕੂਰ, ਪਿੰਡ ਲੜੋਈ ਅਤੇ ਪਿੰਡ ਘੋੜਾਬਾਹੀ ਵਿੱਚ ਨਵੇਂ ਬਿਜਲੀ ਦੇ ਫੀਡਰਾਂ ਦਾ ਨਿਰਮਾਣ ਕਰੇਗਾ ਜਿਸ ਉੱਪਰ 1.25 ਕਰੋੜ ਰੁਪਏ ਖਰਚ ਆਵੇਗਾ। ਉਹਨਾਂ ਕਿਹਾ ਕਿ ਬਿਜਲੀ ਵਿਭਾਗ ਵਿੱਚ ਮੁਲਾਜ਼ਮਾਂ ਦੀ ਘਾਟ ਕਰਕੇ ਕੰਮ ਕਰਨ ਦੀ ਰਫਤਾਰ ਘੱਟ ਹੈ। ਉਹਨਾਂ ਦੱਸਿਆ ਕਿ ਦੋ ਮਹੀਨੇ ਪਹਿਲਾਂ ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਅਤੇ ਹਲਕਾ ਆਪ ਦੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਦੀ ਅਗਵਾਈ ਵਿੱਚ ਬਿਜਲੀ ਅਧਿਕਾਰੀਆਂ ਅਤੇ ਬਿਜਲੀ ਖਪਤਕਾਰਾਂ ਦੀ ਹਾਜ਼ਰੀ ਦੌਰਾਨ ਜਿੰਨੀਆਂ ਬਿਜਲੀ ਖਪਤਕਾਰਾਂ ਵਲੋਂ ਸ਼ਿਕਾਇਤਾਂ ਆਈਆਂ ਸਨ ਉਹਨਾਂ ਦਾ 95 ਪ੍ਰਤੀਸ਼ਤ ਨਿਪਟਾਰਾ ਕਰ ਦਿੱਤਾ ਗਿਆ ਹੈ।