ਕਾਹਦੀ ਹੈ ਆਈ ਆਜ਼ਾਦੀ...
ਕੈਲਗਰੀ: ਅਰਪਨ ਲਿਖਾਰੀ ਸਭਾ ਦੀ ਮਾਸਿਕ ਮੀਟਿੰਗ ਕੋਸੋ ਹਾਲ ਵਿੱਚ ਹੋਈ ਜਿਸ ਦੀ ਪ੍ਰਧਾਨਗੀ ਡਾ. ਜੋਗਾ ਸਿੰਘ ਸਹੋਤਾ ਅਤੇ ਜਸਵੰਤ ਸਿੰਘ ਸੇਖੋਂ ਨੇ ਕੀਤੀ। ਸਕੱਤਰ ਦੀ ਸੇਵਾ ਨਿਭਾਉਂਦਿਆਂ ਦਰਸ਼ਨ ਬਰਾੜ ਨੇ ਰੱਖੜ-ਪੁੰਨਿਆਂ ਦੀ ਵਧਾਈ ਦਿੱਤੀ, ਅੰਮ੍ਰਿਤਾ ਪ੍ਰੀਤਮ ਅਤੇ ਬਾਬੂ ਰਜਬ ਅਲੀ ਖ਼ਾਨ ਨੂੰ ਇਸੇ ਮਹੀਨੇ ਜਨਮ ਦਿਨ ਹੋਣ ਕਰਕੇ ਯਾਦ ਕੀਤਾ ਗਿਆ। ਦੇਸ਼ ਦੀ ਆਜ਼ਾਦੀ ਬਾਰੇ ਵਿਚਾਰਾਂ ਦੌਰਾਨ ਆਜ਼ਾਦੀ ਨਾਲੋਂ ਬਰਬਾਦੀ ਦੇ ਦੁਖਾਂਤ ਦਾ ਵੀ ਜ਼ਿਕਰ ਹੋਇਆ।
ਡਾ. ਮਨਮੋਹਨ ਬਾਠ ਨੇ ‘ਹੁਸਨ ਵਾਲੇ ਤੇਰਾ ਜਵਾਬ ਨਹੀਂ’ ਹਿੰਦੀ ਗੀਤ ਸੁਣਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਜਸਵੰਤ ਸਿੰਘ ਸੇਖੋਂ ਨੇ ਦੇਸ਼ ਦੀ ਵੰਡ ਬਾਰੇ ਕਵਿਤਾ ‘ਕਾਹਦੀ ਹੈ ਆਈ ਆਜ਼ਾਦੀ, ਬਰਬਾਦੀ ਆਈ ਸੀ’ ਕਵੀਸ਼ਰੀ ਰੰਗ ਵਿੱਚ ਸੁਣਾਈ। ਹਰਮਿੰਦਰਪਾਲ ਸਿੰਘ ਨੇ ਸ਼ਿਵ ਦੀ ਕਵਿਤਾ ‘ਪੀੜ ਤੇਰੇ ਜਾਣ ਦੀ’ ਤਰੰਨੁਮ ਵਿੱਚ ਸੁਣਾਈ। ਗਿੱਲ ਸੁਖਮੰਦਰ ਨੇ ਆਪਣਾ ਗੀਤ ‘ਲੋਗੜੀ ਦੇ ਫੁੱਲ ਲਾ ਕੇ ਸੀ ਮੀਂਢੀਆਂ ਗੁੰਦੀਆਂ’ ਸੁਣਾ ਕੇ ਰੰਗ ਬੰਨ੍ਹਿਆ। ਡਾ. ਜੋਗਾ ਸਿੰਘ ਸਹੋਤਾ ਨੇ ਮਹਿੰਦੀ ਹਸਨ ਦਾ ਗੀਤ ‘ਦੁਨੀਆ ਕਿਸੀ ਕੇ ਪਿਆਰ ਮੇਂ’ ਗਾ ਕੇ ਆਪੋ ਆਪਣੀ ਗਾਇਕੀ ਦਾ ਮੁਜ਼ਾਹਰਾ ਕੀਤਾ।
ਸਤਨਾਮ ਸਿੰਘ ਢਾਅ ਨੇ ਗੁਰਦਾਸ ਰਾਮ ਆਲਮ ਦੀ ਲਿਖੀ ਵਿਅੰਗਮਈ ਕਵਿਤਾ ‘ਆਜ਼ਾਦੀ’ ਅਤੇ ਆਜ਼ਾਦੀ ਦੇ ਆਸ਼ਕਾਂ ਨੂੰ ਯਾਦ ਕਰਦਿਆਂ ਗ਼ਦਰੀਆਂ ਸੋਹਣ ਸਿੰਘ ਭਕਨਾ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਆਪਸੀ ਗੱਲਬਾਤ ਬਾਰੇ ਜੋਗੀ ਦੀ ਲਿਖੀ ਕਵੀਸ਼ਰੀ ਰਾਹੀਂ ਵੱਖਰਾ ਮਾਹੌਲ ਸਿਰਜਿਆ। ਸੁਰਿੰਦਰ ਢਿੱਲੋਂ, ਜਸਵੀਰ ਸਿਹੋਤਾ ਅਤੇ ਲਖਵਿੰਦਰ ਜੌਹਲ ਨੇ ਵਿਲੱਖਣ ਪੇਸ਼ਕਾਰੀ ਕੀਤੀ। ਜਰਨੈਲ ਤੱਗੜ ਨੇ ਕਵਿਤਾ ਸੁਣਾਈ। ਸਰਬਜੀਤ ਕੌਰ ਉੱਪਲ ਨੇ ਇੱਕ ਆਪਸੀ ਪਿਆਰ ਵਧਾਉਣ ਦਾ ਸੁਨੇਹਾ ਦਿੰਦੀ ਕਵਿਤਾ ਪੇਸ਼ ਕੀਤੀ। ਜਸਵੰਤ ਸਿੰਘ ਅਗਿਆਨੀ ਨੇ ਇੱਕ ਭਾਵਪੂਰਤ ਕਵਿਤਾ ਰਾਹੀਂ ਦੇਸ਼ ਪਿਆਰ ਦਾ ਸੰਦੇਸ਼ ਦਿੱਤਾ।
ਬੀਬਾ ਰਾਵਿੰਦਰ ਕੌਰ ਨੇ ਆਪਣੇ ਵਿਚਾਰ ਪੇਸ਼ ਕੀਤੇ। ਜ਼ੀਰ ਸਿੰਘ ਬਰਾੜ ਨੇ ਨਿੱਜੀ ਜ਼ਿੰਦਗੀ ਦੇ ਅਨੁਭਵ ਸਾਂਝੇ ਕੀਤੇ। ਸਰਦੂਲ ਲੱਖਾ ਨੇ ਆਪਣੀ ਕਹਾਣੀ ‘ਰੇਸ਼ਮੀ’ ਸੁਣਾਈ। ਪੰਜਾਬ ਤੋਂ ਆਏ ਨਾਟਕਕਾਰ ਅਤੇ ਫਿਲਮਸਾਜ਼ ਸੁਰਿੰਦਰ ਸ਼ਰਮਾ ਨੇ ਭਗਤ ਸਿੰਘ ਹੁਰਾਂ ਦੇ ਵਿਚਾਰਾਂ ਦੀ ਤਰਕ ਸੰਗਤ ਵਿਆਖਿਆ ਕੀਤੀ। ਪ੍ਰਿੰਸੀਪਲ ਬਲਦੇਵ ਸਿੰਘ ਦੁੱਲਟ ਨੇ ਪੰਜਾਬ ਫੇਰੀ ਦੇ ਆਪਣੇ ਅਨੁਭਵ ਸਾਂਝੇ ਕੀਤੇ। ਚਰਨਜੀਤ ਸਿੰਘ ਅਤੇ ਸਤਨਾਮ ਸ਼ੇਰਗਿੱਲ ਨੇ ਵੀ ਆਪੋ ਆਪਣੇ ਵਿਚਾਰਾਂ ਦੀ ਸਾਂਝ ਪਾਈ। ਦਰਸ਼ਨ ਬਰਾੜ ਨੇ ਆਪਣੇ ਆ ਰਹੇ ਕਾਵਿ-ਸੰਗ੍ਰਹਿ ‘ਸਫ਼ਰ’ ਵਿੱਚੋਂ ‘ਪੈਸਾ’ ਨਾਂ ਦੀ ਯਥਾਰਤ ਨੂੰ ਬਿਆਨਦੀ ਲੰਮੀ ਕਵਿਤਾ ਤਰੰਨੁਮ ਵਿੱਚ ਸੁਣਾਈ। ਜਗਦੇਵ ਸਿੰਘ ਸਿੱਧੂ ਨੇ ਬਾਬੂ ਰਜਬ ਅਲੀ ਖ਼ਾਨ ਨੂੰ ਉਨ੍ਹਾਂ ਦੀ 131ਵੀਂ ਵਰ੍ਹੇਗੰਢ ’ਤੇ ਅਕੀਦਤ ਦੇ ਫੁੱਲ ਭੇਟ ਕੀਤੇ। ਇਸ ਵਿਚਾਰ ਚਰਚਾ ਵਿੱਚ ਮਹਿੰਦਰ ਕੌਰ ਕਾਲ਼ੀਰਾਏ, ਨਵਤੇਜ ਸਿੰਘ, ਦਰਸ਼ਨ ਔਜਲਾ, ਚਰਨਜੀਤ ਫੁੱਲ, ਮੁਖਵਿੰਦਰ ਸਿੰਘ ਉੱਪਲ ਅਤੇ ਸੁਬਾ ਸਦੀਕ ਦੀ ਹਾਜ਼ਰੀ ਵੀ ਜ਼ਿਕਰਯੋਗ ਰਹੀ।
ਖ਼ਬਰ ਸਰੋਤ: ਅਰਪਨ ਲਿਖਾਰੀ ਸਭਾ