DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੱਗ ’ਚੋਂ ਸਿੰਮਦਾ ਪਾਣੀ

ਸਾਡੇ ਪਿੰਡ ਵਾਲੇ ਜੱਸੇ ਦੀ ਜ਼ਿੰਦਗੀ ਨਾਲ ਕਈ ਕਿੱਸੇ ਜੁੜੇ ਹੋਏ ਨੇ। ਕੱਦ ਕਾਠ ਪੱਖੋਂ ਉਹ ਸੈਂਕੜਿਆਂ ’ਚੋਂ ਵੱਖਰਾ ਦਿਸਦਾ। ਚੜ੍ਹਦੀ ਜਵਾਨੀ ਕੁਦਰਤ ਉਸ ’ਤੇ ਖ਼ਾਸ ਮਿਹਰਬਾਨ ਰਹੀ ਹੋਊ। ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਉਸ ਦੇ ਬਾਪ-ਦਾਦੇ ਕਾਫ਼ੀ ਲੰਮੇ...

  • fb
  • twitter
  • whatsapp
  • whatsapp
Advertisement

ਸਾਡੇ ਪਿੰਡ ਵਾਲੇ ਜੱਸੇ ਦੀ ਜ਼ਿੰਦਗੀ ਨਾਲ ਕਈ ਕਿੱਸੇ ਜੁੜੇ ਹੋਏ ਨੇ। ਕੱਦ ਕਾਠ ਪੱਖੋਂ ਉਹ ਸੈਂਕੜਿਆਂ ’ਚੋਂ ਵੱਖਰਾ ਦਿਸਦਾ। ਚੜ੍ਹਦੀ ਜਵਾਨੀ ਕੁਦਰਤ ਉਸ ’ਤੇ ਖ਼ਾਸ ਮਿਹਰਬਾਨ ਰਹੀ ਹੋਊ। ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਉਸ ਦੇ ਬਾਪ-ਦਾਦੇ ਕਾਫ਼ੀ ਲੰਮੇ ਕੱਦ ਵਾਲੇ ਹੁੰਦੇ ਸਨ। ਜ਼ਿਲ੍ਹਾ ਲਾਇਲਪੁਰ (ਹੁਣ ਫੈਸਲਾਬਾਦ) ਦੀ ਗੁਗੀਰਾ ਬਰਾਂਚ ਨਹਿਰ ਦੇ ਪਿੰਡ ਚੱਕ 70 ਵਿੱਚ ਲੰਮਿਆਂ ਦੇ ਟੱਬਰ ਦੀ ਜਾਣ ਪਛਾਣ ਕਾਫ਼ੀ ਸੀ। ਨਵੀਂ ਵੱਸੀ ਬਾਰ ਵਿੱਚ ਅੱਲਾਂ ਪੈਣ ਦਾ ਰਿਵਾਜ ਹੋਇਆ ਕਰਦਾ ਸੀ। ਸ਼ਾਇਦ ਇਸੇ ਕਰਕੇ ਉਨ੍ਹਾਂ ਦੀ ਅੱਲ ਲੰਮੇ ਪੈ ਗਈ ਹੋਊ।

ਬਜ਼ੁਰਗ ਦੱਸਦੇ ਸੀ ਕਿ ਬਾਰ ਵਿੱਚ ਲੰਮਿਆਂ ਦੇ ਟੱਬਰ ਦੀ ਮੱਕੀ ਦੀ ਫ਼ਸਲ ਉਨ੍ਹਾਂ ਵਾਂਗ ਲੰਮੇ ਟਾਂਡਿਆਂ ਵਾਲੀ ਹੁੰਦੀ ਸੀ। ਅਸਲ ਵਿੱਚ ਟਾਂਡੇ ਲੰਮੇ ਤਾਂ ਇਸ ਕਰਕੇ ਹੋ ਜਾਂਦੇ ਹੋਣਗੇ ਕਿਉਂਕਿ ਲੰਮਿਆਂ ਦਾ ਟੱਬਰ ਫ਼ਸਲ ਉੱਤੇ ਮਿਹਨਤ ਬੜੀ ਕਰਦਾ ਸੀ। ਉਨ੍ਹਾਂ ’ਚੋਂ ਕੋਈ ਫ਼ਸਲ ’ਚੋਂ ਲੰਘਦਾ ਤਾਂ ਉਸ ਦਾ ਸਿਰ ਨਾ ਦਿਸਦਾ। ਦੇਸ਼ ਵੰਡ ਹੋਣ ਮੌਕੇ ਜੱਸਾ 17-18 ਸਾਲ ਦਾ ਹੋਊ। ਹੱਥਾਂ ਪੈਰਾਂ ਵਿੱਚ ਜਾਨ ਏਨੀਂ, ਜਿਵੇਂ ਮਸ਼ੀਨ ਹੋਵੇ। ਦਸ ਬਾਰਾਂ ਮੀਲ ਪੈਂਡਾ ਉਸ ਲਈ ਐਵੇਂ ਜਿਹੀ ਗੱਲ ਹੁੰਦੀ। ਤੁੱਕ ਤੁੱਕ ਕਰਦੇ ਇੰਜਣ ਵਾਲੀ ਚੱਕੀ ਤੋਂ ਆਟਾ ਪਿਸਾਉਣ ਲਈ ਡੇਢ ਮਣ ਕਣਕ ਸਿਰ ’ਤੇ ਚੁੱਕ ਕੇ ਡੇਢ ਮੀਲ ਪੈਂਡੇ ਨੂੰ ਉਹ ਕੱਖ ਨਾ ਜਾਣਦਾ। ਪੰਜ ਸੱਤ ਕਿੱਲਿਆਂ ਦਾ ਨਹਿਰੀ ਖਾਲ਼ ਇਕੱਲਾ ਖਾਲ਼ ਦਿੰਦਾ। ਲੱਸੀ ਪੀਣ ਲੱਗਿਆਂ ਬਾਲਟੀ ਚੁੱਕ ਕੇ ਮੂੰਹ ਨੂੰ ਲਾ ਲੈਂਦਾ।

Advertisement

ਕੱਦ ਕਾਠ ਤੇ ਸਰੀਰਕ ਜਾਨ ਵਾਂਗ ਜੱਸੇ ਦਾ ਗੁੱਸਾ ਵੀ ਹੋਰਾਂ ਤੋਂ ਵੱਖਰਾ ਸੀ। ਕਿਸੇ ਦੇ ਚਪੇੜ ਮਾਰਦਾ ਤਾਂ ਅਗਲਾ ਚਾਰ ਦਿਨ ਗੱਲ੍ਹਾਂ ਸੇਕਦਾ ਰਹਿੰਦਾ। ਭੱਜੇ ਜਾਂਦੇ ਨੂੰ ਜੱਸਾ ਗਾਲ੍ਹ ਕੱਢਦਾ ਤਾਂ ਅਗਲਾ ਪਿੰਡ ਜਾ ਕੇ ਦੋ ਚਾਰ ਬੰਦਿਆਂ ਤੋਂ ਅਰਥ ਸਮਝਦਾ। ਪਿੰਡ ਵਿੱਚ ਆਏ ਕਿਸੇ ਪੁਲਸੀਏ ਨੂੰ ਉਥੋਂ ਛੇਤੀ ਭਜਾਉਣਾ ਹੁੰਦਾ, ਲੋਕ ਮਲਕੇ ਜਿਹੇ ਜੱਸੇ ਨੂੰ ਸੱਦ ਲਿਆਉਂਦੇ। ਵੈੜ੍ਹਕੇ ਨੂੰ ਨੱਥ ਪਾਉਣ ਲਈ ਨੱਕ ਵਿੰਨ੍ਹਣਾ ਹੁੰਦਾ, ਜੱਸੇ ਤੋਂ ਬਿਨਾਂ ਵੈੜ੍ਹਕਾ ਕਿਸੇ ਤੋਂ ਕਾਬੂ ਨਾ ਹੁੰਦਾ। ਕੋਈ ਜਾਣ ਬੁੱਝ ਕੇ ਉਸ ਨੂੰ ਸਤਾਉਣ ਦੀ ਗ਼ਲਤੀ ਕਰ ਲੈਂਦਾ ਤਾਂ ਜੱਸਾ ਐਸਾ ਠੁੱਡਾ ਮਾਰਦਾ, ਅਗਲੇ ਨੂੰ ਸਿਆਣੇ ਕੋਲ ਜਾ ਕੇ ਟੁੱਟੀ ਲੱਤ ਬੰਨ੍ਹਵਾਉਣੀ ਪੈਂਦੀ। ਕੋਈ ਨਵਾਂ ਮਕਾਨ ਛੱਤਦਾ, ਲੱਕੜ ਦੇ ਭਾਰੇ ਛਤੀਰ ਕੰਧਾਂ ਉੱਤੇ ਟਿਕਾਉਣ ਲਈ ਜੱਸੇ ਨੂੰ ਸੱਦਿਆ ਜਾਂਦਾ। ਮਣ ਡੇਢ ਮਣ ਭਾਰੀ ਚੀਜ਼ ਨੂੰ ਜੱਸਾ ਐਂ ਵਗਾਹ ਕੇ ਮਾਰਦਾ ਜਿਵੇਂ ਪੰਜ ਸੇਰਾਂ (ਕਿਲੋਆਂ) ਦਾ ਵੱਟਾ ਹੋਵੇ। ਉਦੋਂ ਵਜ਼ਨ ਦੀ ਗਿਣਤੀ ਸੇਰ ਤੇ ਮਣਾਂ ਵਿੱਚ ਹੁੰਦੀ ਸੀ। 40 ਸੇਰ ਯਾਨੀ 37 ਕਿਲੋ ਦਾ ਮਣ ਹੁੰਦਾ ਸੀ।

ਦਾਦਾ ਜੀ ਦੱਸਦੇ ਹੁੰਦੇ ਸੀ ਕਿ ਜੱਸੇ ਦੇ ਬਾਪ ਦੀਪੇ ਕੋਲ ਸੱਤਰ ਚੱਕ ਵਿੱਚ ਦੋ ਮੁਰੱਬੇ ਜ਼ਮੀਨ ਸੀ, ਜਿਸ ’ਤੇ ਉਹ ਖੇਤੀ ਕਰਦਾ। ਉਸ ਕੋਲ ਬਲਦਾਂ ਦੀਆਂ ਦੋ ਜੋੜੀਆਂ ਸੀ। ਬਲਦਾਂ ਨੂੰ ਸ਼ਿੰਗਾਰ ਕੇ ਰੱਖਣਾ ਉਸ ਦਾ ਸ਼ੌਕ ਸੀ। ਉਨ੍ਹਾਂ ਦੇ ਚਾਰੇ ਅਤੇ ਦਾਣੇ ਦਾ ਖ਼ਾਸ ਖ਼ਿਆਲ ਰੱਖਿਆ ਜਾਂਦਾ। 6-6 ਘੰਟੇ ਹਲ਼ ਖਿੱਚਣ ਤੋਂ ਬਾਅਦ ਬਲਦ ਥਕੇਵਾਂ ਮਹਿਸੂਸ ਨਾ ਕਰਦੇ। ਖੇਤ ਵਾਹ ਕੇ ਆਏ ਬਲਦਾਂ ਲਈ ਆਟੇ ਦੇ ਪੇੜੇ ਜੱਸੇ ਦੀ ਮਾਂ ਜਿੰਦੋ ਨੇ ਤਿਆਰ ਰੱਖੇ ਹੁੰਦੇ। ਇੱਕ ਹੱਥ ਨਾਲ ਉਹ ਪੇੜੇ ਚਾਰਦੀ ਤੇ ਦੂਜੇ ਹੱਥ ਉਨ੍ਹਾਂ ਦੇ ਸਿੰਗਾਂ ਨੂੰ ਤੇਲ ਨਾਲ ਲਿਸ਼ਕਾ ਦਿੰਦੀ। ਚਾਰੇ ਬਲਦਾਂ ਦੇ ਮਨਾਂ ’ਚ ਜਿੰਦੋ ਨਾਲ ਮੋਹ ਦੀ ਝਲਕ ਉਨ੍ਹਾਂ ਦੀਆਂ ਅੱਖਾਂ ’ਚੋਂ ਪੈਂਦੀ।

ਜੱਸੇ ਨੂੰ 12ਵਾਂ ਸਾਲ ਅਜੇ ਲੱਗਾ ਈ ਸੀ, ਜਦ ਹਲ਼ ਦੀ ਜੰਗੀ ਫੜਨ ਲੱਗ ਪਿਆ। ਤੜਕਸਾਰ ਘਰੋਂ ਨਿਕਲੇ ਪਿਉ ਪੁੱਤ ਡੇਢ ਦੋ ਕਿੱਲੇ ਭੋਇੰ ਵਾਹ ਕੇ ਘਰ ਮੁੜਦੇ। ਫ਼ਸਲ ਪੱਕਦੀ ਤਾਂ ਦੀਪਾ ਗੱਡੇ ’ਤੇ ਬੋਰੀਆਂ ਲੱਦ ਕੇ ਜੱਸੇ ਨੂੰ ਮੰਡੀ ਤੋਰ ਦਿੰਦਾ। ਸ਼ਹਿਰ ਨੂੰ ਜਾਂਦੇ ਕੱਚੇ ਪਹੇ ਵਿੱਚ ਜੱਸਾ ਬਲਦਾਂ ਨੂੰ ਹਲਕਾ ਜਿਹਾ ਪੁਚਕਾਰਦਾ ਤਾਂ ਉਹ ਸਕਿੰਟਾਂ ’ਚ ਮੂਹਰੇ ਜਾਂਦੇ ਕਿਸੇ ਹੋਰ ਦੇ ਗੱਡੇ ਤੋਂ ਅੱਗੇ ਨਿਕਲ ਜਾਂਦੇ। ਸ਼ਹਿਰੋਂ ਸੌਦਾ ਪੱਤਾ ਲਿਆਉਣਾ ਹੁੰਦਾ, ਜਿੰਦੋ ਜੱਸੇ ਦੇ ਨਾਲ ਗੱਡੇ ’ਤੇ ਬੈਠ ਜਾਂਦੀ। ਜੱਸਾ ਮੰਡੀ ਵਿੱਚ ਜਿਣਸ ਤੁਲਾ ਕੇ ਮੁੜਨ ਤੱਕ ਜਿੰਦੋ ਨੇ ਕਰਿਆਨੇ ਵਾਲੇ ਮੇਸ਼ੀ ਬਾਣੀਏ ਤੋਂ ਮਹੀਨੇ ਦਾ ਸਾਮਾਨ ਖ਼ਰੀਦ ਲਿਆ ਹੁੰਦਾ। ਮਾਂ ਪੁੱਤ ਮੁੜਦੇ ਹੋਏ ਅੰਬੇ ਵਾਲੀ ਖੂਈ ਦੇ ਥੜ੍ਹੇ ਉੱਤੇ ਲੱਗੀ ਲੇਖੀ ਦੀ ਰੇਹੜੀ ਤੋਂ ਛੋਲੇ ਕੁਲਚੇ ਜ਼ਰੂਰ ਛਕਦੇ। ਜਿੰਦੋ ਗੱਡੇ ’ਤੇ ਬੈਠੀ ਲੇਖੀ ਨੂੰ ਹਾਕ ਮਾਰਦੀ;

‘‘ਲੇਖੀ ਛੋਲਿਆਂ ਦਾ ਵੱਡਾ ਡੂਨਾ ਭਰਕੇ ਦੇਈਂ ਮੁੰਡੇ ਨੂੰ।’’

ਗਰਮੀ ਰੁੱਤੇ ਮਾਂ ਪੁੱਤ ਉਸ ਖੂਈ ਦਾ ਠੰਢਾ ਪਾਣੀ ਜ਼ਰੂਰ ਪੀਂਦੇ। ਜੱਸੇ ਦਾ ਕੱਦ ਕਾਠ ਵੇਖ ਕੇ ਲੇਖੀ ਉਸ ਨੂੰ ਖੂਈ ’ਚੋਂ ਪਾਣੀ ਕੱਢ ਕੇ ਆਪਣਾ ਘੜਾ ਭਰਨ ਦੀ ਵਗਾਰ ਪਾ ਦਿੰਦਾ। ਜੱਸਾ ਲੇਖੀ ਦੀ ਵਗਾਰ ਦਾ ਬੁਰਾ ਨਾ ਮਨਾਉਂਦਾ। ਛੋਲੇ ਕੁਲਚੇ ਲੈ ਕੇ ਗੱਡੇ ’ਤੇ ਆਉਂਦਾ ਤਾਂ ਜਿੰਦੋ ਪੁੱਤ ਨੂੰ ਘੜਾ ਭਰਨ ਦੀ ਸ਼ਾਬਾਸ਼ ਦਿੰਦੀ।

‘‘ਲੋਕਾਂ ਨੂੰ ਪਾਣੀ ਪਿਆਉਣ ਦਾ ਬੜਾ ਪੁੰਨ ਹੁੰਦਾ ਪੁੱਤ। ਲੇਖੀ ਦੇ ਘੜੇ ’ਚੋਂ ਪਤਾ ਨਹੀਂ ਕਿੰਨੇ ਲੋਕਾਂ ਨੇ ਗਲਾਸ ਭਰ ਭਰ ਪੀਣੇ ਨੇ। ਤੈਨੂੰ ਅਸੀਸਾਂ ਦੇਣਗੇ ਸਾਰੇ।’’ ਤੇ ਆਪਣੇ ਪੁੱਤ ਦੇ ਜੁੱਸੇ ’ਤੇ ਫ਼ਖ਼ਰ ਕਰਦੀ ਜਿੰਦੋ ਦਾ ਸਿਰ ਗਿੱਠ ਉੱਚਾ ਹੋ ਜਾਂਦਾ।

ਜੱਸੇ ਤੋਂ ਛੋਟੀਆਂ ਦੋਹੇਂ ਭੈਣਾਂ ਲਗਰ ਵਾਂਗ ਕੱਦ ਕੱਢ ਰਹੀਆਂ ਸਨ। ਉਨ੍ਹਾਂ ਤੋਂ ਛੋਟੇ ਜੀਤੇ ਦਾ ਜਨਮ ਸਮੇਂ ਤੋਂ ਡੇਢ ਮਹੀਨਾ ਪਹਿਲਾਂ ਹੋਣ ਕਰਕੇ ਉਸ ਦੀ ਸਰੀਰਕ ਕਮਜ਼ੋਰੀ ਜਿੰਦੋ ਤੋਂ ਦੂਰ ਨਹੀਂ ਸੀ ਹੋ ਰਹੀ। ਦੁੱਧ ਘਿਉ ਦੀ ਤਾਂ ਘਰ ਵਿੱਚ ਘਾਟ ਨਹੀਂ ਸੀ। ਜਿੰਦੋ ਨੇ ਵੈਦਾਂ ਤੋਂ ਦਵਾਈ ਬੂਟੀ ਕਰਵਾ ਕੇ ਵੇਖ ਲਈ ਸੀ, ਪਰ ਪੁੱਤ ਦੀਆਂ ਹੱਡੀਆਂ ਉੱਤੇ ਮਾਸ ਨਾ ਭਰਿਆ। ਉਂਜ ਜੀਤਾ ਦਿਮਾਗ਼ ਪੱਖੋਂ ਬੜਾ ਚੇਤੰਨ ਸੀ। 8ਵੇਂ ਸਾਲ ਜਿੰਦੋ ਉਸ ਨੂੰ ਮਦਰੱਸੇ (ਸਕੂਲ) ਭੇਜਣ ਲੱਗ ਪਈ। ਪਿੰਡ ਦੇ ਗੁਰਦੁਆਰੇ ਦੇ ਬਾਹਰ ਵਾਲੇ ਕਮਰੇ ਵਿੱਚ ਮੁਨਸ਼ੀ ਭਾਨ ਚੰਦ ਪਹਿਲਾਂ ਉਰਦੂ ਸਿਖਾਉਂਦਾ ਤੇ ਫਿਰ ਬੱਚਿਆਂ ਨੂੰ ਕਿਤਾਬ ’ਚੋਂ ਕੋਈ ਸਬਕ ਦਿੰਦਾ ਸੀ। ਕਈ ਵਾਰ ਮੁਨਸ਼ੀ ਜੀਤੇ ਨੂੰ ਘਰ ਭੇਜ ਕੇ ਲੱਸੀ ਮੰਗਵਾ ਲੈਂਦਾ। ਜਿੰਦੋ ਲੱਸੀ ਵਿੱਚ ਮੱਖਣ ਦਾ ਪੇੜਾ ਪਾਉਣਾ ਨਾ ਭੁੱਲਦੀ। ਜੀਤਾ ਉਰਦੂ ’ਚ ਆਪਣਾ ਤੇ ਟੱਬਰ ਦੇ ਨਾਂ ਲਿਖਣੇ ਸਿੱਖ ਗਿਆ। ਤੀਜੀ ’ਚ ਹੋਇਆ ਤਾਂ ਮੁਨਸ਼ੀ ਜੀ ਉਨ੍ਹਾਂ ਨੂੰ ਪੰਜਾਬੀ ਦੇ ਪੈਂਤੀ ਅੱਖਰਾਂ ਦੀ ਪਛਾਣ ਕਰਾਉਣ ਲੱਗੇ। ਜੀਤੇ ਨੂੰ ਪੰਜਾਬੀ ਨਾਲ ਮੋਹ ਪੈ ਗਿਆ। ਦੋ ਕੁ ਮਹੀਨਿਆਂ ਵਿੱਚ ਉਸ ਨੇ ਪੰਜਾਬੀ ’ਚ ਆਪਣਾ ਨਾਂ ਲਿਖਣਾ ਸਿੱਖ ਲਿਆ ਤੇ ਫਿਰ ਭੈਣ ਭਰਾਵਾਂ ਦੇ ਨਾਵਾਂ ਦੀਆਂ ਲਕੀਰਾਂ ਵਾਹੁਣ ਲੱਗ ਪਿਆ। ਘਰ ਆ ਕੇ ਉਹ ਵੱਡੀਆਂ ਭੈਣਾਂ ਨੂੰ ਪੈਂਤੀ ਅੱਖਰਾਂ ਦੀ ਪਛਾਣ ਕਰਾਉਣ ਦੇ ਯਤਨ ਕਰਦਾ। ਜ਼ਮੀਨ ਉੱਤੇ ਹੱਥ ਮਾਰ ਕੇ ਘੱਟਾ ਪੱਧਰਾ ਕਰਦਾ ਤੇ ਉਸ ਉੱਤੇ ਉਂਗਲ ਨਾਲ ਅੱਖਰ ਵਾਹੁੰਦਾ। ਫਿਰ ਭੈਣਾਂ ਨੂੰ ਉਂਜ ਦੀਆਂ ਲਕੀਰਾਂ ਖਿੱਚਣ ਲਈ ਕਹਿੰਦਾ।

ਦੀਪੇ ਦੀ ਸ਼ਰੀਕੇ ਵਿੱਚ ਤਾਂ ਚੌਧਰ ਪਹਿਲਾਂ ਤੋਂ ਸੀ, ਪਰ ਪੈਸੇ ਪੱਖੋਂ ਸੌਖਾ ਹੋਣ ਕਰਕੇ ਪਿੰਡ ’ਚ ਵੀ ਟੌਹਰ ਬਣ ਗਈ ਸੀ। ਉਸ ਦੇ ਤਾਏ ਦੇ ਤਿੰਨੇ ਪੁੱਤ ਉਸ ਨਾਲ ਖਾਰ ਖਾਂਦੇ। ਤਿੰਨੇ ਹੀ ਨਿਕੰਮੇ ਸੁਭਾਅ ਦੇ ਹੋਣ ਕਰਕੇ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਔਖਾ ਚੱਲਦਾ ਸੀ, ਜਿਸ ਕਰਕੇ ਦੀਪੇ ਦੇ ਘਰ ਦੀਆਂ ਰੌਣਕਾਂ ਉਨ੍ਹਾਂ ਨੂੰ ਚੁਭਦੀਆਂ। ਇਸੇ ਕਰਕੇ ਇੱਕ ਦੋ ਵਾਰ ਜੱਸੇ ਦੇ ਗੁੱਸੇ ਦਾ ਸ਼ਿਕਾਰ ਹੋਣ ਕਰਕੇ ਉਹ ਉਸਦੇ ਸਾਹਮਣੇ ਹੋਣ ਤੋਂ ਕਤਰਾਉਣ ਲੱਗੇ। ਜੱਸੇ ਹੱਥੋਂ ਟੁੱਟੀ ਇੱਕ ਦੀ ਲੱਤ ਦਾ ਜੋੜ ਵੀ ਹੱਡੀਆਂ ਦੇ ਸਿਆਣੇ ਤੋਂ ਟੇਢਾ ਪੈ ਗਿਆ। ਪੈਰ ਦਬਾ ਕੇ ਤੁਰਨ ਕਰਕੇ ਉਸ ਦਾ ਨਾਂ ਢਿਚਕੂ ਪੈ ਗਿਆ। ਬੱਚੇ ਉਸ ਦਾ ਪੁੱਠਾ ਨਾਂ ਲੈ ਕੇ ਛੇੜਦੇ ਤਾਂ ਉਹ ਬੜਾ ਦੁਖੀ ਹੁੰਦਾ। ਗਲੀ ’ਚ ਮੂਹਰਿਓਂ ਜੱਸਾ ਆਉਂਦਾ ਦਿਸਦਾ ਤਾਂ ਢਿਚਕੂ ਪਾਸਾ ਮਰੋੜ ਕੇ ਕਿਸੇ ਕੰਧ ਉਹਲੇ ਹੋ ਜਾਂਦਾ। ਜੱਸੇ ਦੀਆਂ ਗੁੱਸੇ ਨਾਲ ਲਾਲ ਅੱਖਾਂ ਉਸ ਦੇ ਚੇਤਿਆਂ ਵਿੱਚ ਉੱਕਰੀਆਂ ਹੋਈਆਂ ਸਨ।

ਜੱਸੇ ਨੂੰ ਮੁੱਛਾਂ ਫੁੱਟ ਰਹੀਆਂ ਸਨ, ਜਦ ਚਰਚਾਵਾਂ ਹੋਣ ਲੱਗ ਪਈਆਂ ਕਿ ਅੰਗਰੇਜ਼ ਭਾਰਤ ਛੱਡ ਕੇ ਜਾ ਰਹੇ ਨੇ, ਭਾਵ ਭਾਰਤ ਆਜ਼ਾਦ ਹੋ ਰਿਹੈ। ਵਿਚਾਲੇ ਇਹ ਵੀ ਸੁਣਿਆ ਜਾਣ ਲੱਗਾ ਕਿ ਗਾਂਧੀ ਤੇ ਜਿਨਾਹ ਨੇ ਧਰਮ ਦੇ ਆਧਾਰ ’ਤੇ ਦੇਸ਼ ਦੀ ਵੰਡ ਕਰਾਉਣੀ ਮੰਨ ਲਈ ਹੈ। ਕਣਕਾਂ ਸਾਂਭੀਆਂ ਗਈਆਂ ਸਨ ਤੇ ਕਿਸਾਨਾਂ ਨੇ ਮੱਕੀ ਦੀ ਪਹਿਲੀ ਗੋਡੀ ਕਰ ਲਈ ਸੀ, ਜਦ ਵੰਡ ਦੀਆਂ ਗੱਲਾਂ ਤਿੱਖੀਆਂ ਹੋਣ ਲੱਗੀਆਂ ਸਨ। ਸਿਆਸੀ ਸੂਝ ਵਾਲੇ ਮੰਨਣ ਲੱਗ ਪਏ ਸਨ ਕਿ ਵੰਡ ਹੋਈ ਤਾਂ ਪੰਜਾਬ ਨੇ ਵੰਡਿਆ ਜਾਣਾ, ਪਰ ਵੰਡ ਮੌਕੇ ਐਨੀ ਵੱਢ ਕੱਟ ਹੋਊ, ਇਹ ਗੱਲ ਦਾ ਕਿਸੇ ਨੂੰ ਇਲਮ ਨਹੀਂ ਸੀ। ਲਾਇਲਪੁਰ ਜ਼ਿਲ੍ਹਾ ਕਿਹੜੇ ਦੇਸ਼ ’ਚ ਜਾਊ, ਉਨ੍ਹਾਂ ਦੇ ਲਾਗਲੇ ਪਿੰਡਾਂ ਵਿੱਚ ਕਿਆਫੇ ਲੱਗਣ ਲੱਗ ਪਏ ਸਨ। ਕੋਈ ਸ਼ਹਿਰ ਜਾਂਦਾ ਤਾਂ ਉਸ ਨੂੰ ਅਖ਼ਬਾਰ ਲੈ ਕੇ ਆਉਣ ਦੀ ਤਾਕੀਦ ਕੀਤੀ ਜਾਂਦੀ। ਬਹੁਤੀਆਂ ਅਖ਼ਬਾਰਾਂ ਉਰਦੂ ’ਚ ਛਪਦੀਆਂ ਸਨ, ਜਿਨ੍ਹਾਂ ਵਿੱਚ ਫਿਰਕੂ ਜ਼ਹਿਰ ਘੋਲਣ ਪੱਖੋਂ ਕਸਰ ਨਾ ਛੱਡੀ ਗਈ ਹੁੰਦੀ। ਸਿਆਸੀ ਸੂਝ ਵਾਲੇ ਲੋਕ ਅੰਗਰੇਜ਼ੀ ਅਖ਼ਬਾਰਾਂ ਦੀਆਂ ਖ਼ਬਰਾਂ ’ਤੇ ਯਕੀਨ ਕਰਦੇ। ਜਿਵੇਂ ਜਿਵੇਂ ਮੱਕੀ ਕੱਦ ਕੱਢ ਰਹੀ ਸੀ, ਉਸੇ ਤੇਜ਼ੀ ਨਾਲ ਵੰਡ ਦੀਆਂ ਗੱਲਾਂ ਵਿੱਚ ਤੇਜ਼ੀ ਆਈ ਜਾ ਰਹੀ ਸੀ। ਇਹ ਗੱਲ ਸਾਫ਼ ਹੋਣ ਲੱਗ ਪਈ ਸੀ ਕਿ ਵੰਡ ਦਾ ਬਹੁਤਾ ਸੇਕ ਪੰਜਾਬੀਆਂ ਨੂੰ ਹੀ ਆਪਣੇ ਪਿੰਡੇ ਉੱਤੇ ਹੰਢਾਉਣਾ ਪੈਣਾ।

ਆਖਰ ਉਹ ਦਿਨ ਆ ਗਿਆ। ਦੇਸ਼ ਦੀ ਵੰਡ ’ਤੇ ਮੋਹਰ ਲੱਗ ਗਈ। ਦੋ ਕੁ ਦਿਨ ਤਾਂ ਭੰਬਲਭੂਸਾ ਰਿਹਾ ਕਿ ਕਿਹੜਾ ਜ਼ਿਲ੍ਹਾ ਕਿੱਧਰ ਜਾਊ ਤੇ ਹੱਦਬੰਦੀ ਵਾਲੀ ਲਕੀਰ ਕਿੱਥੇ ਹੋਊ ? ਪਰ ਤਸਵੀਰ ਸਾਫ਼ ਹੋਣ ਨੂੰ ਬਹੁਤੇ ਦਿਨ ਨਾ ਲੱਗੇ। ਲਾਇਲਪੁਰ ਤੇ ਬਾਰ ਦੇ ਸਾਰੇ ਖੇਤਰ ਪਾਕਿਸਤਾਨ ਵੱਲ ਰਹਿ ਗਏ। ਉੱਥੇ ਵੱਸਦੇ ਹਿੰਦੂ ਸਿੱਖਾਂ ਨੂੰ ਆਪਣੇ ਵੱਸਦੇ ਰੱਸਦੇ ਘਰ ਛੱਡਣ ਦਾ ਅੱਕ ਚੱਬਣਾ ਪਿਆ। ਸਾਮਾਨ ਬੰਨ੍ਹ ਕੇ ਤੁਰਨ ਵਿੱਚ ਸਮਾਂ ਬਹੁਤਾ ਨਹੀਂ ਸੀ ਰਹਿ ਗਿਆ। ਦੂਰ ਦੁਰਾਡੇ ਪਿੰਡਾਂ ਤੋਂ ਲੁੱਟਮਾਰ, ਕਤਲੇਆਮ ਤੇ ਅੱਗਾਂ ਲਾਉਣ ਦੀਆਂ ਖ਼ਬਰਾਂ ਆਉਣ ਲੱਗ ਪਈਆਂ ਸਨ। 70 ਚੱਕ ਵਾਲਿਆਂ ਅਜੇ ਤਿਆਰੀ ਆਰੰਭਣੀ ਸੀ। ਸ਼ਾਮ ਵੇਲੇ ਉਹ ਵੀ ਲੋੜੀਂਦਾ ਸਾਮਾਨ ਅਸਬਾਬ ਗੱਡਿਆਂ ਉੱਤੇ ਲੱਦਣ ਲੱਗ ਪਏ। ਹਰੇਕ ਕਿਸਾਨ ਦੇ ਘਰ ਗੱਡਾ ਹੁੰਦਾ ਸੀ ਤੇ ਬਲਦਾਂ ਦੀਆਂ ਜੋੜੀਆਂ ਤੇ ਖੇਤਾਂ ’ਚ ਹਲ਼ ਵਾਹੁਣ ਲਈ ਕਿਸੇ ਕੋਲ ਇੱਕ ਤੇ ਕਿਸੇ ਕੋਲ ਦੋ ਜੋੜੀਆਂ ਸਨ। ਲੰਮਿਆਂ ਦੇ ਟੱਬਰ ਆਪਣੇ ਗੱਡੇ ਲੱਦਣ ਲੱਗ ਪਏ। ਸਾਰਾ ਘਰੇਲੂ ਸਾਮਾਨ ਤਾਂ ਇੱਕ ਗੱਡੇ ਉੱਤੇ ਨਹੀਂ ਸੀ ਲੱਦਿਆ ਜਾਣਾ। ਭਾਰ ਪੱਖੋਂ ਹਲਕਾ ਤੇ ਕੀਮਤੀ ਸਾਮਾਨ ਅਤੇ ਕੁਝ ਦਿਨਾਂ ਦਾ ਖਾਣ ਪੀਣ ਗੱਡੇ ’ਤੇ ਰੱਖਿਆ ਜਾ ਰਿਹਾ ਸੀ। ਲਾਠੀਆਂ, ਕਿਰਪਾਨਾਂ, ਛਵੀਆਂ ਤੇ ਨੇਜ਼ੇ, ਭੀੜ ਪੈਣ ’ਤੇ ਬਚਾਅ ਕਰਨ ਵਾਸਤੇ ਜੋ ਸੰਦ ਲੋਕਾਂ ਦੇ ਘਰਾਂ ਵਿੱਚ ਸਨ, ਗੱਡਿਆਂ ਉੱਤੇ ਰੱਖ ਲਏ ਗਏ। ਲਵੇਰੇ ਵਾਲੀਆਂ ਮੱਝਾਂ ਨੂੰ ਗੱਡੇ ਦੇ ਪਿੱਛੇ ਬੰਨ੍ਹਕੇ ਬਾਕੀ ਪਸ਼ੂਆਂ ਦੇ ਸੰਗਲ ਲਾਹ ਦਿੱਤੇ ਗਏ। ਮੋਹਤਬਰ ਬਜ਼ੁਰਗਾਂ ਨੇ ਆਲੇ ਦੁਆਲੇ ਦੀ ਖ਼ਬਰ ਰੱਖਣ ਦੀ ਜ਼ਿੰਮੇਵਾਰੀ ਸਾਂਭ ਲਈ।

ਰਾਤ ਦਾ ਪਹਿਲਾ ਪਹਿਰ ਈ ਟੱਪਿਆ ਸੀ, ਧਾੜਵੀਆਂ ਨੇ ਨਾਲਦੇ ਪਿੰਡ ਉੱਤੇ ਹਮਲਾ ਕਰ ਦਿੱਤਾ। ਉੱਥੇ ਅੱਗ ਦੀਆਂ ਲਪਟਾਂ ਉੱਚੀਆਂ ਹੋਣ ਲੱਗੀਆਂ। ਐਨੀ ਦੂਰੋਂ ਲਾਲਕਾਰੇ ਤੇ ਮਾਰਧਾੜ ਦੀਆਂ ਆਵਾਜ਼ਾਂ ਸਾਫ਼ ਤਾਂ ਨਹੀਂ ਸੀ ਸੁਣਦੀਆਂ, ਪਰ ਫੜ ਲਓ, ਬਚ ਕੇ ਨਾ ਜਾਏ, ਸੁਣਿਆ ਜਾ ਸਕਦਾ ਸੀ। ਅੱਧੀ ਰਾਤ ਹੋਣ ਵਾਲੀ ਸੀ। 70 ਚੱਕ ਵਾਲੇ ਆਪਣੇ ਲੰਬੜਦਾਰ ਲਾਭ ਸਿੰਘ ਦੇ ਹੁਕਮ ਦੀ ਉਡੀਕ ਕਰ ਰਹੇ ਸਨ। ਜਿਵੇਂ ਹੀ ਉਸਨੇ ਗੱਡੇ ਹੱਕਣ ਦਾ ਇਸ਼ਾਰਾ ਕੀਤਾ, ਪਿੰਡ ਦੀਆਂ ਗਲੀਆਂ ’ਚੋਂ ਘੱਟਾ ਉੱਡਣ ਲੱਗਾ ਤੇ 35-40 ਨੌਜੁਆਨਾਂ ਦਾ ਜਥਾ ਹਥਿਆਰਾਂ ਨਾਲ ਲੈਸ ਹੋ ਕੇ ਕਾਫਲੇ ਦੇ ਮੂਹਰੇ ਚੱਲਣ ਲੱਗਾ। ਪੰਜ ਸੱਤ ਤਕੜੇ ਜੁੱਸੇ ਵਾਲੇ ਤੇ ਤੇਜ਼ ਤਰਾਰ ਨੌਜੁਆਨ ਆਪੇ ਈ ਜਥੇ ਦੇ ਮੂਹਰੇ ਜਾ ਲੱਗੇ, ਜਿਨ੍ਹਾਂ ’ਚ ਜੱਸਾ ਵੀ ਸੀ। ਕਾਫਲਾ ਤੁਰਦਾ ਰਿਹਾ ਤੇ ਪਹਿਲੀ ਰਾਤ ਸੁੱਖ ਸੁਖਾਂ ਨਾਲ ਲੰਘ ਗਈ। ਉਸ ਦਿਨ ਭਾਦੋਂ ਦਾ ਚਮਾਸਾ ਲੋਕਾਂ ਦੇ ਵੱਟ ਕੱਢ ਰਿਹਾ ਸੀ। ਵਾਟ ਤੈਅ ਕਰਦਿਆਂ ਪੰਜ ਸੱਤ ਘੰਟਿਆਂ ਬਾਅਦ ਬਲਦ ਹੌਂਕਣ ਲੱਗ ਜਾਂਦੇ। ਰਸਤੇ ਵਿੱਚ ਕੋਈ ਨਹਿਰ ਕੱਸੀ ਆਉਂਦੀ ਤਾਂ ਲੰਬੜਦਾਰ ਰੁਕਣ ਦਾ ਇਸ਼ਾਰਾ ਕਰ ਦਿੰਦਾ। ਸਾਰੇ ਆਪਣੇ ਆਪਣੇ ਬਲਦਾਂ ਨੂੰ ਸਾਹ ਦਿਵਾ ਲੈਂਦੇ ਤੇ ਕੱਸੀ ’ਚੋਂ ਪਾਣੀ ਭਰ ਕੇ ਹੌਂਕਦੇ ਬਲਦਾਂ ਦੀ ਪਿਆਸ ਬੁਝਾ ਦਿੰਦੇ। ਸਾਰਾ ਟੱਬਰ ਵੀ ਕੱਸੀ ’ਚੋਂ ਬੁੱਕ ਭਰ ਭਰ ਪੀ ਲੈਂਦਾ। ਵਿੱਚ-ਵਾਰ ਕੋਈ ਪੱਕੀ ਸੜਕ ਲੰਘਣ ਲੱਗਦੇ ਤਾਂ ਉੱਥੇ ਫੌਜੀ ਗੱਡੀਆਂ ਵੇਖ ਕੇ ਸਾਰੇ ਰੱਬ ਦਾ ਸ਼ੁਕਰ ਕਰਦੇ। ਧਾੜਵੀ ਫੌਜੀਆਂ ਦੀਆਂ ਬੰਦੂਕਾਂ ਤੋਂ ਡਰਦੇ ਹੋਣ ਕਰਕੇ ਨੇੜੇ ਨਹੀਂ ਸੀ ਫਟਕਦੇ।

ਕਾਫਲੇ ਦਾ ਪਹਿਲਾ ਦਿਨ ਠੀਕ ਠਾਕ ਲੰਘ ਗਿਆ ਤੇ ਸ਼ਾਮ ਤੱਕ ਉਨ੍ਹਾਂ ਅੰਮ੍ਰਿਤਸਰ ਜ਼ਿਲ੍ਹੇ ਵੱਲ ਜਾਂਦੇ ਰਸਤੇ ਦੀ ਦੂਰੀ ਅੱਧੀ ਕੁ ਤੈਅ ਕਰ ਲਈ ਸੀ। ਸ਼ਾਮ ਨੂੰ ਪਹੇ ਨਾਲ ਦੇ ਖੇਤ ਵਿੱਚ ਗਵਾਰੇ ਦੀ ਹਰੀ ਫ਼ਸਲ ਵੇਖ ਕੇ ਲੰਬੜਦਾਰ ਨੇ ਕਾਫਲਾ ਰੁਕਵਾ ਲਿਆ ਤੇ ਬਲਦਾਂ ਦੀਆਂ ਨੱਥਾਂ ਖੋਲ੍ਹ ਕੇ ਢਿੱਡ ਭਰਨ ਲਈ ਹਰੇ ਖੇਤ ਵਿੱਚ ਛੱਡਣ ਲਈ ਕਿਹਾ। ਭੁੱਖੇ ਬਲਦ ਗਵਾਰੇ ਦੀਆਂ ਵੇਲਾਂ ਨੂੰ ਟੁੱਟ ਕੇ ਪੈ ਗਏ ਤੇ ਮਿੰਟਾਂ ਵਿੱਚ ਢਿੱਡ ਭਰਕੇ ਜਾਨ ਵਿੱਚ ਹੋ ਗਏ। ਨਨਕਾਣਾ ਸਾਹਿਬ ਕੋਲੋਂ ਲੰਘਦਿਆਂ ਕਾਫਲੇ ਵਾਲੇ ਬੜੇ ਹੌਸਲੇ ਵਿੱਚ ਸਨ ਕਿ ਬਾਬੇ ਨਾਨਕ ਨੇ ਕਿਰਪਾ ਵਰਤਾ ਕੇ ਕਿਸੇ ਨੂੰ ਉਨ੍ਹਾਂ ਦੀ ਵਾਅ ਵੱਲ ਨਹੀਂ ਝਾਕਣ ਦੇਣਾ। ਅਗਲੀ ਰਾਤ ਅੱਧੀ ਕੁ ਲੰਘੀ ਹੋਊ, ਲਾਹੌਰ ਦੀਆਂ ਉੱਚੀਆਂ ਇਮਾਰਤਾਂ ਵਿੱਚ ਜਗਦੀਆਂ ਬੱਤੀਆਂ ਦਿਸਣ ਲੱਗ ਪਈਆਂ ਸਨ। ਮੀਰਾਂਪੁਰ ਕੋਲੋਂ ਲੰਘਣ ਲੱਗੇ ਸੀ ਕਿ ਮੂਹਰੇ ਜਾਂਦੇ ਨੌਜੁਆਨਾਂ ਨੂੰ ਕੁਝ ਖ਼ਤਰਾ ਮਹਿਸੂਸ ਹੋਇਆ। ਚੌਕਸ ਹੋ ਕੇ ਅੱਗੇ ਵਧੇ ਤਾਂ ਹਥਿਆਰਬੰਦ ਹਮਲਾਵਰਾਂ ਦੀ ਵੱਡੀ ਗਿਣਤੀ ਨੇ ਕਾਫਲੇ ਉੱਤੇ ਹਮਲਾ ਕਰ ਦਿੱਤਾ। ਚੀਕ ਚਿਹਾੜਾ ਪੈ ਗਿਆ ਤੇ ਕੱਟ ਵੱਢ ਹੋਣ ਲੱਗੀ। ਮੂਹਰਲੇ ਨੌਜੁਆਨਾਂ ਮੁਕਾਬਲਾ ਤਾਂ ਡੱਟ ਕੇ ਕੀਤਾ, ਪਰ ਹਮਲਾਵਰਾਂ ਦੀ ਗਿਣਤੀ ਵੱਧ ਸੀ ਤੇ ਉਹ ਇਲਾਕੇ ਦੇ ਵੀ ਭੇਤੀ ਸਨ। ਕੁਝ ਹਮਲਾਵਰਾਂ ਨੇ ਨੌਜੁਆਨ ਉਲਝਾ ਲਏ ਤੇ ਬਾਕੀ ਗੱਡਿਆਂ ਦੀ ਲੁੱਟਮਾਰ ਕਰਨ ਲੱਗੇ। ਲੰਮਿਆਂ ਦੇ ਗੱਡੇ ਕਾਫਲੇ ਦੇ ਵਿਚਕਾਰ ਜਿਹੇ ਸੀ ਜਿੱਥੋਂ ਮੀਰਾਂਪੁਰ ਪਿੰਡ ਨੂੰ ਰਸਤਾ ਮੁੜਦਾ ਸੀ। ਲੁੱਟ ਦਾ ਸਾਮਾਨ ਲੈ ਕੇ ਭੱਜਣ ਦੇ ਇਰਾਦੇ ਨਾਲ ਹੀ ਵਿਚਕਾਰ ਵਾਲੇ ਗੱਡਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਗੱਡਿਆਂ ’ਤੇ ਬੈਠੇ ਲੋਕ ਜਿੰਨਾ ਕੁ ਮੁਕਾਬਲਾ ਕਰ ਸਕਦੇ ਸੀ, ਓਨਾ ਕੀਤਾ, ਪਰ ਹਜੂਮ ਮੂਹਰੇ ਉਨ੍ਹਾਂ ਦੀ ਬਹੁਤੀ ਵਾਹ ਨਾ ਲੱਗੀ। ਜੱਸੇ ਦੇ ਭਾਪੇ ਤੇ ਜੀਤੇ ਨੇ ਦੋ ਤਿੰਨ ਹਮਲਾਵਰਾਂ ਦੇ ਗਾਟੇ ਲਾਹ ਸੁੱਟੇ। ਹਜੂਮ ਨੇ ਗੁੱਸਾ ਖਾ ਕੇ ਉਨ੍ਹਾਂ ਨੂੰ ਕੋਹਣ ਵਿੱਚ ਕਸਰ ਨਾ ਛੱਡੀ। ਉਸ ਦੇ ਅੱਗੜ ਪਿੱਛੜ ਤਿੰਨ ਚਾਰ ਗੱਡਿਆਂ ਵਾਲਿਆਂ ’ਚੋਂ ਵੀ ਬਹੁਤੇ ਮਾਰੇ ਗਏ। ਮਿਲਟਰੀ ਨੂੰ ਪਤਾ ਲੱਗਣ ਕਰਕੇ ਬਾਕੀਆਂ ਦਾ ਬਚਾਅ ਹੋ ਗਿਆ। ਜਾਨ ’ਤੇ ਬਣੀ ਹੋਵੇ ਤਾਂ ਸਭ ਨੂੰ ਹੋਰਾਂ ਨਾਲੋਂ ਆਪਣੀ ਜਾਨ ਦੀ ਚਿੰਤਾ ਵੱਧ ਹੁੰਦੀ ਹੈ।

ਮੂਹਰਲਿਆਂ ਵਿੱਚ ਹੋਣ ਕਰਕੇ ਲੁਟੇਰਿਆਂ ਨਾਲ ਘੱਟ ਜੱਸੇ ਨੇ ਵੀ ਨਹੀਂ ਸੀ ਕੀਤੀ। ਚਾਰ ਪੰਜ ਉਸ ਨੇ ਇਕੱਲੇ ਨੇ ਵੱਢ ਦਿੱਤੇ ਸਨ, ਪਰ ਉਹ ਕਾਫਲੇ ਦੇ ਅੱਧ ਵਿੱਚ ਹੋਏ ਹਮਲੇ ਤੋਂ ਅਣਜਾਣ ਸੀ। ਠੰਢ ਠੰਢੋਲਾ ਹੋਣ ’ਤੇ ਜੱਸੇ ਨੇ ਪਿੱਛੇ ਜਾਕੇ ਵੇਖਿਆ, ਆਪਣੇ ਟੱਬਰ ’ਚੋਂ ਉਹ ਇਕੱਲਾ ਰਹਿ ਗਿਆ ਸੀ। ਮੰਜ਼ਰ ਵੇਖ ਕੇ ਉਸ ਦੇ ਅੰਦਰ ਬਦਲੇ ਦੀ ਅੱਗ ਭੜਕ ਉੱਠੀ। ਤੱਦ ਤੱਕ ਫੌਜ ਨੇ ਕਾਫਲੇ ਨੂੰ ਆਪਣੀ ਹਿਫਾਜ਼ਤ ਵਿੱਚ ਲੈ ਕੇ ਅੱਗੇ ਤੋਰ ਲਿਆ ਸੀ ਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਗੱਡੀਆਂ ਵਿੱਚ ਪਾ ਕੇ ਦਾਹ ਸਸਕਾਰ ਲਈ ਲੈ ਗਏ। ਲੰਬੜਦਾਰ ਨੇ ਜੱਸੇ ਨੂੰ ਹੌਸਲਾ ਦੇ ਕੇ ਉਨ੍ਹਾਂ ਦੇ ਖਾਲੀ ਹੋਏ ਗੱਡੇ ਉੱਤੇ ਬਿਠਾ ਕੇ ਬਲਦਾਂ ਦੀਆਂ ਵਾਗਾਂ ਫੜਾ ਦਿੱਤੀਆਂ, ਪਰ ਜੱਸੇ ਦੇ ਅੰਦਰ ਭੜਕੀ ਅੱਗ ਹੋਰ ਭੜਕਦੀ ਗਈ।

ਫੌਜ ਦਾ ਇੱਕ ਟਰੱਕ ਕਾਫਲੇ ਦੀ ਅਗਵਾਈ ਕਰਦੇ ਹੋਏ ਸਰਹੱਦ ਟਪਾ ਕੇ ਵਾਪਸ ਪਰਤ ਗਿਆ। ਤੀਜੇ ਦਿਨ ਰਾਵੀ ਦਰਿਆ ਲੰਘ ਕੇ ਕਾਫਲਾ ਵੰਡਿਆ ਜਾਣ ਲੱਗ ਪਿਆ। ਹਰੇਕ ਟੱਬਰ ਨੇ ਆਪਣੀ ਠਾਹਰ ਬਾਰੇ ਸੋਚ ਲਿਆ ਸੀ। ਸਰਹੱਦ ਦੇ ਭਾਰਤੀ ਪਾਸੇ ਹਰੇਕ ਦੀ ਪਹਿਲਾਂ ਤੋਂ ਕੋਈ ਨਾ ਕੋਈ ਰਿਸ਼ਤੇਦਾਰੀ ਸੀ। ਉਨ੍ਹਾਂ ਨੇ ਆਪਣੇ ਗੱਡੇ ਉਸ ਪਾਸੇ ਤੋਰ ਲਏ। ਲੰਬੜਦਾਰ ਨੇ ਜੱਸੇ ਨੂੰ ਨਿਆਸਰਾ ਸਮਝ ਕੇ ਆਪਣੇ ਨਾਲ ਚੱਲਣ ਲਈ ਮਨਾ ਲਿਆ। ਭਾਰਤ ਵਾਲੇ ਪਾਸੇ ਆ ਕੇ ਕਾਫਲੇ ਵਾਲੇ ਸੁਰੱਖਿਅਤ ਮਹਿਸੂਸ ਕਰਨ ਲੱਗ ਪਏ ਸਨ। ਇੱਧਰਲੇ ਲੋਕ ਉੱਜੜ ਕੇ ਆਇਆਂ ਲਈ ਵਿੱਤ ਮੁਤਾਬਕ ਕੁਝ ਨਾ ਕੁਝ ਕਰਨ ਲੱਗ ਪਏ। ਅਜਨਾਲੇ ਤੋਂ ਬਾਅਦ ਕੁਝ ਥਾਈਂ ਲੰਗਰ ਲੱਗੇ ਹੋਏ ਸਨ। ਲੰਬੜਦਾਰ ਦੇ ਤਿੰਨ ਮੁੰਡਿਆਂ ਦੇ ਤਿੰਨ ਗੱਡੇ ਸਨ। ਉਹ ਆਪ ਸਭ ਤੋਂ ਛੋਟੇ ਦੇ ਟੱਬਰ ਨਾਲ ਰਹਿੰਦਾ ਸੀ। ਉਸ ਦੇ ਇੱਕ ਮੁੰਡੇ ਦੇ ਸਹੁਰੇ ਅਟਾਰੀ ਨੇੜਲੇ ਪਿੰਡ ਸਨ, ਉਸ ਨੇ ਆਪਣਾ ਗੱਡਾ ਸਰਹੱਦ ਪਾਰ ਕਰਦੇ ਈ ਉੱਧਰ ਨੂੰ ਮੋੜ ਲਿਆ। ਗੱਭਲੇ ਪੁੱਤ ਦੇ ਸਹੁਰੇ ਡੇਰਾ ਬਾਬਾ ਨਾਨਕ ਨੇੜਲੇ ਪਿੰਡ ਸੀ, ਉਸ ਦਾ ਗੱਡਾ ਉੱਥੇ ਰਹਿ ਗਿਆ। ਕੁਝ ਹੋਰ ਟੱਬਰ ਜਿਨ੍ਹਾਂ ਦਾ ਪਿਛੋਕੜ ਵਡਾਲੇ ਪਿੰਡ ਨਾਲ ਸੀ, ਉਨ੍ਹਾਂ ਨੇ ਵਡਾਲੇ ਵੱਲ ਵਹੀਰਾਂ ਘੱਤ ਲਈਆਂ। ਵਡਾਲੇ ਪਹੁੰਚ ਕੇ ਜਿੱਥੇ ਕਿਸੇ ਨੂੰ ਬਸੇਰੇ ਲਈ ਥਾਂ ਮਿਲੀ, ਆਰਜ਼ੀ ਤੌਰ ’ਤੇ ਉੱਥੇ ਡੇਰਾ ਲਗਾ ਲਿਆ।

ਜੱਸੇ ਦੇ ਮਨ ’ਚੋਂ ਮਾਂ-ਬਾਪ ਤੇ ਭੈਣ-ਭਰਾਵਾਂ ਨੂੰ ਮਾਰੇ ਜਾਣ ਦਾ ਬਦਲਾ ਲੈਣ ਦੀ ਭੜਕੀ ਹੋਈ ਅੱਗ ਦੀਆਂ ਲਾਟਾਂ ਵਿੱਚ ਸਮਾਂ ਕੋਈ ਫ਼ਰਕ ਨਾ ਪਾ ਸਕਿਆ। ਜਦ ਕਿਤੇ ਵੰਡ ਦੀ ਵੱਢ ਕੱਟ ਦਾ ਜ਼ਿਕਰ ਛਿੜਦਾ, ਜੱਸੇ ਦੀਆਂ ਅੱਖਾਂ ’ਚੋਂ ਅੱਗ ਚਿੰਗਾੜੇ ਫੁੱਟਣ ਲੱਗਦੇ। ਉਸ ਦੇ ਹੱਥਾਂ ਵਿੱਚ ਹਰਕਤ ਹੋਣ ਲੱਗਦੀ ਤੇ ਬੁੱਲ੍ਹ ਫਰਕਣ ਲੱਗ ਪੈਂਦੇ, ਪਰ ਉਹ ਬੋਲਦਾ ਕੁਝ ਨਾ। ਵਡਾਲੇ ਰਹਿ ਗਏ ਤੇਲੀਆਂ ਦੇ ਮੁੰਡੇ ਫ਼ਜ਼ਲ ਵੱਲ ਵੇਖ ਕੇ ਉਸ ਦਾ ਖੂਨ ਖੌਲਣ ਲੱਗਦਾ। ਉਸ ਦਾ ਜੀਅ ਕਰਦਾ ਹੁਣੇ ਉਸ ਦੀ ਗਰਦਨ ਮਰੋੜ ਦੇਵੇ। ਕਦੇ ਕਦੇ ਉਹ ਵੱਡੀ ਗਲੀ ’ਚ ਫ਼ਜ਼ਲ ਦੇ ਘਰ ’ਚ ਲੱਗੇ ਕੋਹਲੂ ਕੋਲੋਂ ਲੰਘਦਾ ਤਾਂ ਉਸ ਦਾ ਮਨ ਕਰਦਾ, ਕੰਧ ਟੱਪ ਕੇ ਫ਼ਜ਼ਲ ਦਾ ਘੋਗਾ ਚਿੱਤ ਕਰ ਦੇਵੇ, ਪਰ ਕੰਧ ਉੱਚੀ ਹੋਣ ਕਰਕੇ ਉਹ ਅਗਾਂਹ ਲੰਘ ਜਾਂਦਾ। ਲੰਬੜਦਾਰ ਅਕਸਰ ਉਸ ਦਾ ਮਨ ਪੜ੍ਹਦਾ ਰਹਿੰਦਾ ਸੀ ਤੇ ਆਪਣੇ ਢੰਗ ਨਾਲ ਉਸ ਨੂੰ ਸਮਝਾਉਣ ਦੇ ਯਤਨ ਕਰਦਾ।ਜੱਸੇ ਦੇ ਮਨ ਵਿੱਚ ਬਚਪਨ ਤੋਂ ਹੀ ਲੰਬੜਦਾਰ ਦਾ ਸਤਿਕਾਰ ਕੁੱਟ ਕੁੱਟ ਕੇ ਭਰਿਆ ਹੋਇਆ ਸੀ। ਉਹ ਗੱਲਾਂ ਦੇ ਹੁੰਗਾਰੇ ਤਾਂ ਭਰਦਾ, ਪਰ ਉਸ ਦੇ ਅੰਦਰੋਂ ਬਦਲੇ ਦੀ ਅੱਗ ਮੱਠੀ ਨਾ ਹੁੰਦੀ।

ਸਰਕਾਰ ਵੱਲੋਂ ਵੰਡ ਮੌਕੇ ਆਬਾਦੀ ਦੇ ਹੋਏ ਵਟਾਂਦਰੇ ਕਾਰਨ ਖਾਲੀ ਹੋਈਆਂ ਜ਼ਮੀਨਾਂ ਉੱਜੜ ਕੇ ਆਇਆਂ ਨੂੰ ਅਲਾਟ ਹੋਣ ਲੱਗ ਪਈਆਂ ਸਨ। ਲੰਬੜਦਾਰ ਨੇ ਆਪਣੀ ਜ਼ਮੀਨ ਦੀ ਅਲਾਟਮੈਂਟ ਦੇ ਨਾਲ ਜੱਸੇ ਦੀ ਜ਼ਿੰਮੇਵਾਰੀ ਚੁੱਕ ਲਈ। ਕਦੇ ਜ਼ਰੂਰੀ ਹੁੰਦਾ ਤਾਂ ਉਹ ਜੱਸੇ ਨੂੰ ਜਲੰਧਰ ਵਾਲੇ ਅਲਾਟਮੈਂਟ ਦਫ਼ਤਰ ਲੈ ਜਾਂਦਾ। ਬਟਾਲਿਓਂ ਰੇਲ ਗੱਡੀ ਫੜਦੇ ਤਾਂ ਡੱਬੇ ਵਿੱਚ ਬੈਠਾ ਮੁਸਲਮਾਨ ਵੇਖ ਕੇ ਜੱਸੇ ਤੋਂ ਆਪਾ ਸੰਭਾਲਣਾ ਔਖਾ ਹੋ ਜਾਂਦਾ। ਲੰਬੜਦਾਰ ਮਲਕੜੇ ਜਿਹੇ ਇਸ਼ਾਰਿਆਂ ਨਾਲ ਕੋਲ ਬੈਠੇ ਮੁਸਲਮਾਨ ਭਾਈ ਨੂੰ ਸਮਝਾ ਕੇ ਜੱਸੇ ਦੀਆਂ ਅੱਖਾਂ ਤੋਂ ਪਾਸੇ ਵਾਲੀ ਸੀਟ ’ਤੇ ਬੈਠਣ ਲਈ ਮਨਾ ਲੈਂਦਾ। ਜਲੰਧਰ ਉਨ੍ਹਾਂ ਨੂੰ ਕਈ ਦਿਨ ਰਹਿ ਕੇ ਅਲਾਟਮੈਂਟ ਦਫ਼ਤਰ ਦੇ ਚੱਕਰ ਕੱਟਣੇ ਪੈਂਦੇ। ਦਫ਼ਤਰ ਦੇ ਬਾਹਰ ਦਾਨੀਆਂ ਨੇ ਲੰਗਰ ਲਾਇਆ ਹੁੰਦਾ। ਦੋਵੇਂ ਸਵੇਰੇ ਸ਼ਾਮ ਉੱਥੋਂ ਪਰਸ਼ਾਦਾ ਛਕਦੇ ਤੇ ਸਰਾਂ ਵਿੱਚ ਜਾ ਕੇ ਰਾਤਾਂ ਕੱਟਦੇ।

ਲੰਬੜਦਾਰ ਹੋਣ ਕਰਕੇ ਲਾਭ ਸਿੰਘ ਨੂੰ ਜ਼ਮੀਨਾਂ ਦੇ ਰਿਕਾਰਡ ਦੀ ਜਾਣਕਾਰੀ ਸੀ, ਜੋ ਉਸ ਨੂੰ ਅਲਾਟਮੈਂਟ ਦਫ਼ਤਰ ਦਾ ਰਿਕਾਰਡ ਫਰੋਲਣ ਮੌਕੇ ਕੰਮ ਆਉਂਦੀ। ਫਿਰ ਵੀ ਢਾਈ ਸਾਲ ਦੀ ਖੱਜਲ-ਖੁਆਰੀ ਕਰਕੇ ਉਸ ਨੇ ਵਡਾਲੇ ਪਿੰਡ ਵਿੱਚ ਮੁਸਲਮਾਨਾਂ ਵੱਲੋਂ ਛੱਡੀ ਜ਼ਮੀਨ ਅਲਾਟ ਕਰਵਾ ਲਈ, ਪਰ ਜੱਸੇ ਦਾ ਮਾਮਲਾ ਲਟਕ ਗਿਆ। ਲੰਬੜਦਾਰ ਨੂੰ ਜੱਸੇ ਨਾਲ ਆਪਣੇ ਪੁੱਤਾਂ ਵਰਗਾ ਮੋਹ ਹੋ ਗਿਆ ਸੀ। ਉਸ ਨੂੰ ਖ਼ਤਰਾ ਸੀ ਕਿ ਜੇ ਜੱਸਾ ਉਸੇ ਪਿੰਡ ਨਾ ਰਿਹਾ ਤਾਂ ਪਤਾ ਨਹੀਂ ਗੁੱਸੇ ਵਿੱਚ ਕਿੰਨੇ ਮੁਸਲਮਾਨਾਂ ਦੇ ਖੂਨ ਨਾਲ ਹੱਥ ਰੰਗ ਲਵੇ ਤੇ ਜੇਲ੍ਹ ’ਚ ਜਾਣ ਕਰਕੇ ਉਸ ਦੀ ਜ਼ਮੀਨ ਭੰਗ ਦੇ ਭਾੜੇ ਜਾਂਦੀ ਰਹੇ। ਉਸ ਨੂੰ ਪਿੰਡ ਵਿੱਚ ਕਿਸੇ ਜ਼ਿਮੀਂਦਾਰ ਵੱਲੋਂ ਕਰਾਈ ਕੱਚੀ ਅਲਾਟਮੈਂਟ ਦੀ ਭਿਣਕ ਪੈ ਗਈ। ਉਹ ਉਸ ਦੀ ਪੈੜ ਨੱਪਣ ਲੱਗਾ ਕਿ ਕਦ ਉਹ ਕਿਤੇ ਹੋਰ ਪੱਕੀ ਅਲਾਟਮੈਂਟ ਕਰਵਾ ਕੇ ਉਨ੍ਹਾਂ ਦੇ ਪਿੰਡ ਵਾਲੀ ਜ਼ਮੀਨ ਖਾਲੀ ਕਰੇ। ਲੰਬੜਦਾਰ ਦੀ ਚੌਕਸੀ ਜਾਂ ਜੱਸੇ ਦੀ ਕਿਸਮਤ ਦੋ ਮਹੀਨੇ ਬਾਅਦ ਕੱਚੀ ਅਲਾਟਮੈਂਟ ਰੱਦ ਹੋ ਗਈ ਤੇ ਅਗਲੇ ਦਿਨ ਲੰਬੜਦਾਰ ਜੱਸੇ ਨੂੰ ਲੈ ਕੇ ਜਲੰਧਰ ਪਹੁੰਚ ਗਿਆ। ਜੱਸੇ ਵਾਲੇ ਕਾਗਜ਼ ਉਸ ਦੇ ਹੱਥ ਵਿੱਚ ਸਨ। ਕਲਰਕ ਦੀ ਨਾਂਹ ਨੁੱਕਰ ਸੁਣ ਕੇ ਦੋਵੇਂ ਵੱਡੇ ਅਫ਼ਸਰ ਕੋਲ ਪਹੁੰਚ ਗਏ। ਲੰਬੜਦਾਰ ਨੇ ਸੰਖੇਪ ਵਿੱਚ ਜੱਸੇ ਨਾਲ ਹੋਈ ਬੀਤੀ ਦੱਸੀ ਤੇ ਕਾਗਜ਼ ਅਫ਼ਸਰ ਮੂਹਰੇ ਰੱਖ ਦਿੱਤੇ। ਅਫ਼ਸਰ ਨੇ ਰਜਿਸਟਰ ਵੇਖਿਆ ਤੇ ਵਡਾਲੇ ਪਿੰਡ ਦੀ ਖਾਲੀ ਹੋਈ ਜ਼ਮੀਨ ’ਚੋਂ ਜੱਸੇ ਦੇ ਹਿੱਸੇ ਆਉਂਦੀ ਜ਼ਮੀਨ ਉਸ ਦੇ ਨਾਂ ’ਤੇ ਚੜ੍ਹਾ ਕੇ ਅਲਾਟਮੈਂਟ ਉਨ੍ਹਾਂ ਦੇ ਹੱਥ ਫੜਾਈ। ਮੋਰਚਾ ਫਤਿਹ ਕਰਕੇ ਅਗਲੇ ਦਿਨ ਦੋਵੇਂ ਪਿੰਡ ਪਹੁੰਚੇ ਤੇ ਜੱਸਾ ਆਪਣੀ ਹਲ਼ ਪੰਜਾਲੀ ਦੇ ਪ੍ਰਬੰਧ ਕਰਨ ਲੱਗਾ।

ਲੰਬੜਦਾਰ ਨੇ ਜੱਸੇ ਦੇ ਉੱਖੜੇ ਪੈਰ ਫਿਰ ਤੋਂ ਲਵਾ ਦਿੱਤੇ ਸੀ। ਜ਼ਮੀਨ ਅਲਾਟ ਹੋਣ ਤੋਂ ਬਾਅਦ ਉਸ ਦਾ ਵਸੇਬਾ ਸੌਖਾ ਹੋ ਗਿਆ ਤਾਂ ਰਿਸ਼ਤੇ ਵੀ ਆਉਣ ਲੱਗ ਪਏ। ਵੱਡੀ ਢੇਰੀ ਦਾ ਮਾਲਕ ਹੋਣ ਕਰਕੇ ਲੜਕੀ ਵਾਲਿਆਂ ਵੱਲੋਂ ਉਸ ਦੀ ਵੱਡੀ ਉਮਰ ਨੂੰ ਅਣਗੌਲਿਆ ਕਰ ਦਿੱਤਾ ਜਾਂਦਾ, ਪਰ ਜੱਸੇ ਦੇ ਅੰਦਰੋਂ ਮੁਸਲਿਮ ਭਾਈਚਾਰੇ ਤੋਂ ਬਦਲਾ ਲੈਣ ਦੇ ਸੰਕਲਪ ਦਾ ਅੰਤ ਨਾ ਹੋਇਆ। ਕਿਸੇ ਸੱਥ ਵਿੱਚ ਜਦ ਕਦੇ ਵੰਡ ਦੀ ਗੱਲ ਛਿੜਦੀ, ਉਸ ਦਾ ਇੱਕ ਹੀ ਜਵਾਬ ਹੁੰਦਾ;

‘‘ਮੈਂ ਆਪਣੇ ਟੱਬਰ ਦੇ ਕਤਲ ਦਾ ਬਦਲਾ ਤਾਂ ਲੈ ਕੇ ਛੱਡੂੰ।’’ ਤੇ ਸਾਹਮਣੇ ਬੈਠਿਆਂ ਨੂੰ ਉਸ ਦੀਆਂ ਗੁੱਸੇ ਵਿੱਚ ਭਖ਼ਦੀਆਂ ਲਾਲ ਅੱਖਾਂ ਵੇਖ ਡਰ ਲੱਗਦਾ ਕਿ ਜੱਸਾ ਕਿੱਤੇ ਉਨ੍ਹਾਂ ਦੀ ਕੱਟ ਵੱਢ ਨਾ ਕਰ ਦੇਵੇ।

ਸਿਆਣਪ ਤੇ ਠਰ੍ਹੰਮੇ ਪੱਖੋਂ ਜੱਸੇ ਦੀ ਤੀਵੀਂ ਦੀਆਂ ਸਿਫਤਾਂ ਹੁੰਦੀਆਂ। ਜੱਸੇ ਦੀ ਮਿਹਨਤ ਤੇ ਸੀਤੋ ਦੇ ਸਲੀਕੇ ਨੇ ਪਿੰਡ ’ਚੋਂ ਗਿਣਤੀ ਵਿੱਚ ਆਉਣ ਵਾਲਾ ਘਰ ਬੰਨ੍ਹ ਲਿਆ ਸੀ। ਆਂਢ ਗੁਆਂਢ ਦੀਆਂ ਲੋੜਾਂ ਉਨ੍ਹਾਂ ਦੇ ਘਰੋਂ ਪੂਰੀਆਂ ਹੋਣ ਲੱਗ ਪਈਆਂ। ਸਮਾਂ ਪੈਣ ’ਤੇ ਜੱਸੇ ਦੇ ਤਿੰਨ ਬੱਚੇ ਹੋ ਗਏ। ਜੱਸੇ ਦੀ ਪਛਾਣ ਪਿੰਡ ਦੇ ਸਿਰ ਕੱਢਦੇ ਲੋਕਾਂ ਵਿੱਚ ਹੋਣ ਲੱਗ ਪਈ। ਉਸ ਦਾ ਵੱਡਾ ਬੇਟਾ ਸਕੂਲ ਜਾਣ ਲੱਗ ਪਿਆ। ਤੁਰਲੇ ਵਾਲੀ ਪੱਗ ਤੇ ਹੱਥ ’ਚ ਖੂੰਡਾ ਫੜ ਕੇ ਖੇਤਾਂ ਵੱਲ ਜਾਂਦਾ ਤਾਂ ਲੋਕਾਂ ਨੂੰ ਜੱਗੇ ਡਾਕੂ ਦਾ ਭੁਲੇਖਾ ਪਾਉਂਦਾ। ਪਿੰਡ ਵਿੱਚ ਬਿਜਲੀ ਆਈ ਤਾਂ ਉਸ ਦਾ ਨਾਂ ਵੀ ਟਿਊਬਵੈੱਲ ਲਵਾਉਣ ਵਾਲਿਆਂ ਵਿੱਚ ਸ਼ਾਮਲ ਸੀ। ਉਹ ਜਾਣਦਾ ਸੀ ਕਿ ਉਸ ਦਾ ਇੱਕ ਮੋਟਰ ਨਾਲ ਨਹੀਂ ਸਰਨਾ, ਇਹ ਸੋਚਕੇ ਉਸ ਨੇ ਦੋ ਕੁਨੈਕਸ਼ਨਾਂ ਦੀ ਫੀਸ ਭਰ ਦਿੱਤੀ।

ਜੱਸੇ ਦੇ ਮਾਮੇ ਦਾ ਮੁੰਡਾ ਪ੍ਰੀਤਮ ਪੁਲੀਸ ਵਿੱਚ ਸੀ। ਜੱਸੇ ਦੇ ਪਿੰਡ ਦੇ ਫੌਜੀ ਦੀ ਕਸ਼ਮੀਰ ਵਿੱਚ ਡਿਊਟੀ ਕਰਦਿਆਂ ਮੌਤ ਹੋ ਗਈ। ਉਸ ਦੀ ਲਾਸ਼ ਪਿੰਡ ਆਈ ਤਾਂ ਸਸਕਾਰ ਮੌਕੇ ਸਲਾਮੀ ਤੇ ਹੋਰ ਪ੍ਰਬੰਧ ਉਨ੍ਹਾਂ ਦੇ ਥਾਣੇ ਦੀ ਪੁਲੀਸ ਜ਼ਿੰਮੇ ਸੀ। ਥਾਣੇਦਾਰ ਨੂੰ ਆਪਣਾ ਤੇ ਨਾਲਦਿਆਂ ਦੀ ਦੁਪਹਿਰ ਦੀ ਰੋਟੀ ਦਾ ਫਿਕਰ ਪੈ ਗਿਆ। ਪ੍ਰੀਤਮ ਨੇ ਜੱਸੇ ਬਾਰੇ ਦੱਸਿਆ। ਸੀਤੋ ਨੇ ਮੁਰਗੀਆਂ ਵੀ ਪਾਲੀਆਂ ਹੋਈਆਂ ਸਨ। ਉਸ ਦਿਨ ਉਨ੍ਹਾਂ ’ਚੋਂ ਦੋ ਤਿੰਨ ਪੁਲੀਸ ਦੇ ਲੇਖੇ ਲੱਗ ਗਈਆਂ ਤੇ ਸੀਤੋ ਦੀ ਬਣਾਈ ਰੋਟੀ ਨੇ ਥਾਣੇ ਵਿੱਚ ਜੱਸੇ ਦੀ ਵਾਹਵਾ ਕਰਵਾ ਦਿੱਤੀ। ਜੱਸਾ, ਪ੍ਰੀਤਮ ਨੂੰ ਮਿਲਣ ਥਾਣੇ ਗਿਆ ਤਾਂ ਉਸ ਨੂੰ ਥਾਣੇਦਾਰ ਦੀ ਸਾਹਮਣੀ ਕੁਰਸੀ ’ਤੇ ਬੈਠਾਇਆ ਗਿਆ। ਜੱਸਾ ਇੰਨਾ ਕੁ ਜਾਣਦਾ ਸੀ ਕਿ ਥਾਣੇ ਵਿੱਚ ਜਾਇਜ਼ ਨਾਜਾਇਜ਼ ਕੰਮ ਵੱਡੇ ਥਾਣੇਦਾਰ ਦੇ ਇਸ਼ਾਰੇ ’ਤੇ ਹੀ ਹੁੰਦੇ ਨੇ।

ਮਸੀਂ ਮਹੀਨਾ ਕੁ ਲੰਘਿਆ ਹੋਊ, ਦੋ ਪਾਕਿਸਤਾਨੀ ਸਮਗਲਰ ਸਰਹੱਦ ਟੱਪ ਆਏ। ਮੁਖਬਰਾਂ ਨੂੰ ਪੁਲੀਸ ਕੋਲ ਨੰਬਰ ਬਣਾਉਣ ਦਾ ਮੌਕਾ ਮਸੀਂ ਮਿਲਿਆ ਸੀ। ਪੁਲੀਸ ਨੇ ਉਨ੍ਹਾਂ ਨੂੰ ਵਾਪਸੀ ਤੋਂ ਪਹਿਲਾਂ ਦਬੋਚ ਲਿਆ। ਥਾਣੇ ਲਿਆ ਕੇ ਪਹਿਲਾ ਫੈਂਟਾ ਲਾਉਣ ਈ ਲੱਗੇ ਸੀ, ਅਚਾਨਕ ਜੱਸਾ ਪਹੁੰਚ ਗਿਆ। ਪਾਕਿਸਤਾਨੀ ਵੇਖ ਕੇ ਉਹ ਆਪੇ ਤੋਂ ਬਾਹਰ ਹੋ ਗਿਆ। ਥਾਣੇਦਾਰ ਉਸ ਦੀਆਂ ਲਾਲ ਅੱਖਾਂ ਵੇਖ ਕੇ ਹੈਰਾਨ ਰਹਿ ਗਿਆ। ਬਦਲਾ ਜੱਸੇ ਦੇ ਸਿਰ ਚੜ੍ਹਕੇ ਬੋਲਣ ਲੱਗਾ।

‘‘ਪੰਡਤ ਜੀ, ਅੱਜ ਨਾ ਰੋਕਿਓ, ਸਿਪਾਹੀਆਂ ਹੌਲਦਾਰਾਂ ਨੂੰ ਕਹਿ ਦਿਉ ਕੋਈ ਮੇਰਾ ਹੱਥ ਨਾ ਫੜੇ। ਇਹ ਤਾਂ ਸਬੱਬ ਨਾਲ ਅੜਿੱਕੇ ਆਏ ਨੇ ਤੇ ਸਮਝੋ ਮੇਰੇ ਸ਼ਿਕਾਰ ਨੇ, ਓਨੀ ਦੇਰ ਤੁਸੀਂ ਇਨ੍ਹਾਂ ਦੀਆਂ ਲਾਸ਼ਾਂ ਬਿਲੇ ਲਾਉਣ ਦਾ ਜੁਗਾੜ ਕਰੋ।’’

ਜੱਸੇ ਦੇ ਤਿੱਖੇ ਬੋਲ ਸੁਣ ਕੇ ਵੱਡਾ ਥਾਣੇਦਾਰ ਹੈਰਾਨ ਹੋ ਗਿਆ। ਉਸ ਨੇ ਤਾਂ ਸਮਗਲਰ ਫੜਨ ਦੀ ਸੂਚਨਾ ਆਪਣੇ ਡੀਐੱਸਪੀ ਤੱਕ ਪਹੁੰਚਾ ਦਿੱਤੀ ਹੋਈ ਸੀ। ਉਸ ਨੇ ਪ੍ਰੀਤਮ ਨੂੰ ਸੱਦ ਕੇ ਮਾਜਰਾ ਪੁੱਛਿਆ, ਜਿਸ ਨੇ ਦੇਸ਼ ਦੀ ਵੰਡ ਮੌਕੇ ਤੋਂ ਜੱਸੇ ਦੇ ਆਪਣੇ ਮਾਂ-ਬਾਪ, ਭੈਣਾਂ ਤੇ ਭਰਾ ਦੇ ਬਦਲੇ ਦੀ ਬਲਦੀ ਆ ਰਹੀ ਅੱਗ ਬਾਰੇ ਦੱਸਿਆ। ਪੰਡਤ ਨੂੰ ਸਮਗਲਰ ਫੜਨ ਦੀ ਖੁਸ਼ੀ ਦੀ ਥਾਂ ਹੱਥਾਂ ਪੈਰਾਂ ਦੀ ਪੈ ਗਈ। ਕਿੱਤੇ ਜੱਸਾ ਸੱਚ ਮੁੱਚ ਦੋਹਾਂ ਨੂੰ ਮਾਰ ਨਾ ਦੇਵੇ। ਕੋਲ ਬੈਠੇ ਨਿੱਕੇ ਥਾਣੇਦਾਰ ਨੇ ਐੱਲਐੱਲਬੀ ਕੀਤੀ ਹੋਈ ਸੀ। ਉਸ ਨੇ ਪੰਡਤ ਨੂੰ ਹੋਰ ਡਰਾ ਦਿੱਤਾ;

‘‘ਜਨਾਬ ਇਹ ਤਾਂ ਦੋ ਦੇਸ਼ਾਂ ਦਾ ਮਾਮਲਾ ਏ, ਜੇ ਇਨ੍ਹਾਂ ਨੂੰ ਥਾਣੇ ਵਿੱਚ ਕੁਝ ਹੋ ਗਿਆ, ਤੁਹਾਡੀ ਨੌਕਰੀ ਜਾਂਦੀ ਰਹਿਣੀ ਜੇ, ਇਹੋ ਜਿਹੇ ਮਾਮਲੇ ਨੂੰ ਸਿਆਣਪ ਤੇ ਕਾਨੂੰਨ ਵਿੱਚ ਰਹਿ ਕੇ ਸਿੱਝਣ ਦੀ ਲੋੜ ਹੁੰਦੀ ਜੇ।’’

ਸਿੱਧੇ ਭਰਤੀ ਹੋਏ ਏਐੱਸਆਈ ਦੀ ਗੱਲ ਸੁਣ ਕੇ ਪੰਡਤ ਦੀ ਖਾਨਿਓਂ ਗਈ। ਉਸ ਨੂੰ ਜੱਸੇ ਦੇ ਘਰੋਂ ਖਾਧੀ ਦੁਪਹਿਰ ਦੀ ਰੋਟੀ ਦਾ ਸਵਾਦ ਭੁੱਲ ਗਿਆ। ਉਸ ਨੇ ਆਵਾਜ਼ ਮਾਰ ਕੇ ਪ੍ਰੀਤਮ ਨੂੰ ਸੱਦਿਆ ਤੇ ਜੱਸੇ ਨੂੰ ਪਾਸੇ ਲਿਜਾ ਕੇ ਗੱਲੀਂ ਲਾਉਣ ਲਈ ਕਿਹਾ। ਪ੍ਰੀਤਮ ਸਿਰ ਦੁਖਣ ਦਾ ਬਹਾਨਾ ਲਾ ਕੇ ਜੱਸੇ ਨੂੰ ਥਾਣੇ ਦੇ ਬਾਹਰ ਬਾਜ਼ਾਰ ਵੱਲ ਚਾਹ ਦੀ ਦੁਕਾਨ ’ਤੇ ਲੈ ਗਿਆ। ਪੰਡਤ ਨੇ ਵੇਖਿਆ, ਜੱਸਾ ਬਾਹਰ ਨੂੰ ਜਾਂਦਾ ਹੋਇਆ ਵੀ ਪਿੱਛੇ ਮੁੜ ਕੇ ਸਮਗਲਰਾਂ ਦੀ ਕੋਠੜੀ ਵੱਲ ਵੇਖ ਰਿਹਾ ਸੀ।

ਪੰਡਤ ਨੇ ਤੁਰੰਤ ਮੌਕਾ ਸੰਭਾਲਿਆ ਤੇ ਮੁਨਸ਼ੀ ਨੂੰ ਕਹਿ ਕੇ ਦੋਹਾਂ ਪਾਕਿਸਤਾਨੀਆਂ ਨੂੰ ਨੁੱਕਰ ਵਾਲੀ ਹਨੇਰੀ ਕੋਠੜੀ ਵਿੱਚ ਬੰਦ ਕਰਕੇ ਬਾਹਰੋਂ ਵੱਡਾ ਸਾਰਾ ਤਾਲਾ ਜੜਵਾ ਦਿੱਤਾ। ਪ੍ਰੀਤਮ ਹੋਰੀਂ ਚਾਹ ਪੀ ਕੇ ਆਏ ਤਾਂ ਪੰਡਤ ਡਰਾਮਾ ਕਰਦੇ ਹੋਏ ਪ੍ਰੀਤਮ ਨੂੰ ਝਿੜਕਣ ਲੱਗਾ ਕਿ ਉਸਨੇ ਸਮਗਲਰਾਂ ਦੇ ਕਮਰੇ ਨੂੰ ਬਾਹਰੋਂ ਬੰਦ ਕਿਉਂ ਨਹੀਂ ਸੀ ਕੀਤਾ;

‘‘ਤੇਰੇ ਦੋਵੇਂ ਪਿਉ ਗਾਰਡ ਨੂੰ ਝਕਾਨੀ ਦੇ ਕੇ ਥਾਣਿਓਂ ਭੱਜ ਗਏ ਨੇ। ਹੁਣੇ ਰੇਡ ਕਰਨੀ ਪਊ ਕਿਤੇ ਨਾ ਕਿਤੇ, ਭੱਜ ਕੇ ਸ਼ਾਇਦ ਤੇਜੇ ਕੋਲ ਜਾ ਕੇ ਲੁਕਣਗੇ। ਪ੍ਰੀਤੇ ਸਾਰੇ ਜਣੇ ਵਰਦੀ ਪਾਓ ਫਟਾ ਫਟ ਨਿਕਲੀਏ ਉਨ੍ਹਾਂ ਦੇ ਪਿੱਛੇ। ਚੰਗਾ ਜਸਪਾਲ ਸਿਆਂ, ਡਿਊਟੀ ਸਾਡੀ ਮਜਬੂਰੀ ਆ, ਨਹੀਂ ਤਾਂ ਤੇਰੇ ਨਾਲ ਹੋਰ ਗੱਪ ਛੱਪ ਮਾਰਦੇ।’’ ਜੱਸੇ ਨੂੰ ਥਾਣਿਓਂ ਬਾਹਰ ਕੱਢਣ ਲਈ ਪੰਡਤ ਨੂੰ ਇਹੀ ਬਹਾਨਾ ਸੁੱਝਿਆ ਹੋਊ।

ਥਾਣਿਓਂ ਬਾਹਰ ਜਾ ਕੇ ਜੱਸੇ ਅੰਦਰ ਗੁੱਸੇ ਦੀ ਅੱਗ ਦਾ ਸੇਕ ਥੋੜ੍ਹਾ ਮੱਠਾ ਹੋ ਗਿਆ ਸੀ। ਭੱਜ ਜਾਣ ਦੀ ਗੱਲ ਨੂੰ ਉਸ ਨੇ ਪੁਲੀਸ ਦੀ ਨਾਲਾਇਕੀ ਸਮਝਿਆ ਤੇ ਪੰਡਤ ਨੂੰ ਹੱਥ ਮਿਲਾ ਕੇ ਆਪਣਾ ਸਾਈਕਲ ਫੜਿਆ ਤੇ ਪਿੰਡ ਨੂੰ ਚਾਲੇ ਪਾ ਲਏ। ਥੋੜ੍ਹੇ ਦਿਨਾਂ ਬਾਅਦ ਪੰਡਤ ਦੀ ਉੱਥੋਂ ਬਦਲੀ ਹੋ ਗਈ ਤੇ ਜਾਂਦਾ ਹੋਇਆ ਉਹ ਪ੍ਰੀਤਮ ਦੀ ਬਦਲੀ ਕਰਵਾ ਕੇ ਨਾਲ ਹੀ ਲੈ ਗਿਆ। ਜੱਸੇ ਦਾ ਥਾਣੇ ਆਉਣਾ ਜਾਣਾ ਬੰਦ ਹੋ ਗਿਆ।

ਦੇਸ਼ ਦੀ ਵੰਡ ਤੋਂ ਕੁਝ ਸਾਲ ਬਾਅਦ ਪਿੰਡਾਂ ’ਚ ਘਰ ਦਾ ਤੇਲ ਕਢਵਾ ਕੇ ਵਰਤਣ ਦਾ ਰੁਝਾਨ ਘਟਣ ਕਾਰਣ ਫ਼ਜ਼ਲ ਤੇਲੀ ਦਾ ਕੰਮ ਠੱਪ ਹੋਣ ਵੱਲ ਵਧ ਰਿਹਾ ਸੀ। ਸਰ੍ਹੋਂ, ਤੋਰੀਆ, ਤਿਲ, ਤਾਰਾਮੀਰਾ ਤੇ ਅਲਸੀ ਦੀਆਂ ਫ਼ਸਲਾਂ ਨੂੰ ਘਾਟੇਵੰਦਾ ਸਮਝ ਕੇ ਕਿਸਾਨ ਕਾਸ਼ਤ ਤੋਂ ਕਿਨਾਰਾ ਕਰਨ ਲੱਗੇ ਸਨ। ਫ਼ਜ਼ਲ ਦੀ ਕਮਾਈ ਨਾਂਮਾਤਰ ਜਿਹੀ ਰਹਿ ਗਈ ਸੀ। ਉਸ ਦਾ ਸਰੀਰ ਮਿਹਨਤ ਤੋਂ ਜਵਾਬ ਦੇਣ ਲੱਗ ਪਿਆ। ਆਪਣੇ ਬਲਦ ਲਈ ਪੱਠੇ ਲਿਆਉਣੇ ਉਸ ਲਈ ਔਖੇ ਹੋ ਗਏ। ਉਸ ਦਾ ਆਪਣਾ ਖਾਣ ਪੀਣ ਲੋਕਾਂ ਦੇ ਤਰਸ ਉੱਤੇ ਨਿਰਭਰ ਹੋਣ ਲੱਗਾ। ਦਵਾਈ ਬੂਟੀ ਲਈ ਉਸ ਨੂੰ ਕਿਸੇ ਜ਼ਜਮਾਨ ਮੂਹਰੇ ਹੱਥ ਅੱਡਣੇ ਪੈਂਦੇ। ਖੂਹੀ ਤੋਂ ਪਾਣੀ ਦਾ ਘੜਾ ਭਰਕੇ ਲਿਆਉਣ ’ਚ ਔਖਿਆਈ ਹੋਣ ਕਰਕੇ ਉਹ ਪੀਣ ਵਾਲੇ ਪਾਣੀ ਦਾ ਸਰਫਾ ਕਰਨ ਲੱਗ ਪਿਆ। ਖੁਰਾਕ ਘੱਟ ਮਿਲਣ ਕਰਕੇ ਉਸ ਦੇ ਬਲਦ ਦਾ ਸਰੀਰ ਨਿੱਘਰਦਾ ਗਿਆ ਤੇ ਕੁਝ ਮਹੀਨੇ ਬਾਅਦ ਬਲਦ ਮਰ ਗਿਆ।

ਬਲਦ ਨੂੰ ਭਰਾ ਮੰਨਦੇ ਫ਼ਜ਼ਲ ਤੋਂ ਵਿਛੋੜਾ ਸਹਿਣ ਨਹੀਂ ਸੀ ਹੋ ਰਿਹਾ। ਇੱਕ ਤਾਂ ਫ਼ਜ਼ਲ ਦੀ ਸਿਹਤ ਦਿਨੋਂ ਦਿਨ ਖ਼ਰਾਬ ਹੁੰਦੀ ਜਾ ਰਹੀ ਸੀ, ਉੱਪਰੋਂ ਬਲਦ ਦਾ ਵਿਛੋੜਾ, ਉਹ ਮੰਜੇ ’ਤੇ ਪੈ ਗਿਆ। ਉਸ ਦੀ ਕੋਠੜੀ ਦੀ ਬਾਰੀ ਗਲੀ ਵੱਲ ਖੁੱਲ੍ਹਦੀ ਸੀ। ਉਸ ਦਿਨ ਮੰਜੇ ’ਤੇ ਪਿਆ ਫ਼ਜ਼ਲ ਆਪਣੇ ਖੁਦਾ ਮੂਹਰੇ ਮੁਕਤੀ ਦੀ ਦੁਆ ਕਰ ਰਿਹਾ ਸੀ, ਅਚਾਨਕ ਉਸ ਦੇ ਮੂੰਹੋਂ ਉੱਚੀ ਸਾਰੀ ਨਿਕਲਿਆ;

‘‘ਮੇਰੇ ਖੁਦਾ ਚੱਕਲਾ ਮੈਨੂੰ, ਹੁਣ ਮੈਂ ਜਿਊ ਕੇ ਲੈਣਾ ਵੀ ਕੀ ਆ, ਅੱਲਾ ਸੱਦ ਲੈ ਮੈਨੂੰ ਆਪਣੇ ਕੋਲ।’’

ਫ਼ਜ਼ਲ ਦੀ ਪੁਕਾਰ ਗਲੀ ’ਚੋਂ ਲੰਘਦੇ ਜੱਸੇ ਦੇ ਕੰਨੀਂ ਪਈ ਤੇ ਉਸ ਦਾ ਸੀਨਾ ਚੀਰ ਗਈ। ਉਸ ਤੋਂ ਅਗਲਾ ਪੈਰ ਨਾ ਪੁੱਟ ਹੋਇਆ। ਉਹ ਜੱਸਾ ਜੋ ਕਦੇ ਫ਼ਜ਼ਲ ਦੇ ਖੂਨ ਦਾ ਪਿਆਸਾ ਸੀ, ਪਿੱਛੇ ਮੁੜਿਆ ਤੇ ਫ਼ਜ਼ਲ ਦੇ ਬਾਹਰਲੇ ਦਰਵਾਜ਼ੇ ਵੱਲ ਵਧਣ ਲੱਗਾ। ਅੰਦਰ ਲੰਘ ਕੇ ਉਸ ਨੇ ਕੋਠੜੀ ਦੇ ਟੁੱਟੇ ਪੱਲੇ ਨੂੰ ਅੰਦਰ ਧੱਕਿਆ। ਸਾਹਮਣੇ ਲਾਣੀ ਮੰਜੀ ’ਤੇ ਪਏ ਫ਼ਜ਼ਲ ਦਾ ਹਾਲ ਵੇਖ ਜੱਸਾ ਅੰਦਰ ਤੱਕ ਹਿੱਲ ਗਿਆ। ਬਿਨਾਂ ਕੁਝ ਬੋਲੇ ਉਹ ਤੇਜ਼ੀ ਨਾਲ ਵਾਪਸ ਮੁੜਿਆ। ਉਸ ਨੂੰ ਪਤਾ ਸੀ ਕਿ ਸਵੇਰੇ ਲੰਬੜਾਂ ਦੇ ਘਰ ਕੋਈ ਪ੍ਰਾਹੁਣਾ ਕਾਰ ਤੇ ਆਇਆ ਹੋਇਆ। ਉਸ ਦੇ ਪੈਰ ਤੇਜ਼ੀ ਨਾਲ ਲੰਬੜਾਂ ਦੇ ਘਰ ਵੱਲ ਵਧਣ ਲੱਗੇ। ਲੰਬੜਾਂ ਦੇ ਮੁੰਡੇ ਧੀਰੇ ਨਾਲ ਉਸ ਦੀ ਵਾਹਵਾ ਬਣਦੀ ਸੀ। ਕੁਦਰਤੀ ਧੀਰਾ ਬਾਹਰ ਬੈਠਾ ਸੀ, ਜੱਸੇ ਨੇ ਉਨ੍ਹਾਂ ਦੇ ਪ੍ਰਾਹੁਣੇ ਦੀ ਕਾਰ ਮੰਗਣ ’ਚ ਝਿਜਕ ਨਾ ਵਿਖਾਈ;

‘‘ਬਾਈ ਕੋਈ ਸਵਾਲ ਨਾ ਪੁੱਛੀਂ ਤੇ ਨਾ ਹੀ ਨਾਂਹ ਕਰੀਂ, ਮਰੀਜ਼ ਨੂੰ ਸ਼ਹਿਰ ਹਸਪਤਾਲ ਲੈ ਕੇ ਜਾਣਾ, ਪ੍ਰਾਹੁਣੇ ਨੂੰ ਕਹੋ, ਡਰਾਈਵਰ ਨੂੰ ਭੇਜੇ ਤੇ ਸਾਨੂੰ ਹਸਪਤਾਲ ਛੱਡ ਆਵੇ।’’ ਸਾਰੀ ਗੱਲ ਜੱਸਾ ਇੱਕੋ ਸਾਹੇ ਕਹਿ ਗਿਆ। ਧੀਰੇ ਨੇ ਸਮਝਿਆ, ਖੌਰੇ ਇਸ ਦੀ ਘਰਵਾਲੀ ਬਿਮਾਰ ਹੋਵੇ, ਉਸ ਨੇ ਕਾਰ ਕੋਲ ਬੈਠੇ ਡਰਾਈਵਰ ਨੂੰ ਜੱਸੇ ਦੇ ਨਾਲ ਤੋਰ ਦਿੱਤਾ। ਮੈਲੇ ਕੁਚੈਲੇ ਕੱਪੜਿਆਂ ਵਿੱਚ ਲਿਪਟੇ ਫ਼ਜ਼ਲ ਨੂੰ ਦੋਹਾਂ ਨੇ ਅੰਦਰੋਂ ਚੁੱਕ ਕੇ ਲਿਆਂਦਾ ਤੇ ਕਾਰ ’ਚ ਲਿਟਾ ਕੇ ਸ਼ਹਿਰ ਦੇ ਹਸਪਤਾਲ ਵੱਲ ਚੱਲ ਪਏ। ਲਾਗਲੇ ਪਿੰਡੋਂ ਹੋਣ ਕਰਕੇ ਹਸਪਤਾਲ ਦੇ ਵੱਡੇ ਡਾਕਟਰ ਦੀ ਜੱਸੇ ਨਾਲ ਜਾਣ ਪਛਾਣ ਸੀ। ਫ਼ਜ਼ਲ ਨੂੰ ਦਾਖਲ ਕਰਕੇ ਇਲਾਜ ਸ਼ੁਰੂ ਹੋ ਗਿਆ।

‘‘ਡਾਕਟਰ ਸਾਹਿਬ, ਦਵਾਈਆਂ ਤੇ ਹੋਰ ਖ਼ਰਚਿਆਂ ਵੱਲੋਂ ਫ਼ਿਕਰ ਨਾ ਕਰਿਓ, ਬਸ ਮਰੀਜ਼ ਠੀਕ ਹੋਣਾ ਚਾਹੀਦਾ।’’ ਜੱਸੇ ਨੇ ਜੇਬ੍ਹ ਵੱਲ ਇਸ਼ਾਰਾ ਕਰਕੇ ਡਾਕਟਰ ਨੂੰ ਚੰਗੇ ਇਲਾਜ ਬਾਰੇ ਸਮਝਾ ਦਿੱਤਾ।

‘‘ਹੈਂ ? ਇਹ ਤਾਂ ਤੁਹਾਡੇ ਪਿੰਡ ਵਾਲਾ ਤੇਲੀ ਆ, ਜਸਪਾਲ ਸਿਆਂ ਤੈਨੂੰ ਇਸ ਦਾ ਏਨਾ ਹੇਜ਼ ਕਿਉਂ ?’’ ਕਹਿ ਕੇ ਡਾਕਟਰ ਨੇ ਨਜ਼ਰਾਂ ਜੱਸੇ ਦੇ ਚਿਹਰੇ ਉੱਤੇ ਗੱਡ ਲਈਆਂ।

ਡਾਕਟਰ ਸਾਹਿਬ ਹੈ ਤਾਂ ਤੇਲੀ ਸੀ, ਪਰ ਅੱਜ ਮੈਨੂੰ ਇਸ ’ਚੋਂ ਆਪਣਾ ਨਿੱਕਾ ਭਰਾ ਜੀਤਾ ਦਿੱਸਿਆ, ਜਿਹਨੂੰ ਵੰਡ ਵੇਲੇ ਜ਼ਾਲਮਾਂ ਨੇ ਕੋਹ ਕੋਹ ਕੇ ਮਾਰਿਆ ਸੀ। ਤੁਸੀਂ ਇਲਾਜ ਵਿੱਚ ਕਸਰ ਨਾ ਛੱਡਿਓ। ਮੈਂ ਜਲਦੀ ਤੋਂ ਜਲਦੀ ਇਸ ਨੂੰ ਘਰ ਲੈ ਕੇ ਜਾਣਾ, ਇਸ ਦੇ ਆਪਣੇ ਘਰ, ਜਿਹੜਾ ਮੈਂ ਬੜਾ ਔਖੇ ਹੋ ਕੇ ਬਣਾਇਆ ਹੋਇਆ। ਅਜੇ ਤਾਂ ਇਸ ਨੂੰ ਪਟਵਾਰੀ ਕੋਲ ਲਿਜਾ ਕੇ ਆਪਣੀ ਜ਼ਮੀਨ ’ਚ ਵੀ ਇਸ ਦੇ ਅੱਧ ਦਾ ਅੰਗੂਠਾ ਲਵਾਉਣਾ।

ਡਾਕਟਰ ਵੇਖ ਰਿਹਾ ਸੀ ਕਿ ਜਿਸ ਫ਼ਜ਼ਲ ਤੇਲੀ ਨੂੰ ਵੇਖ ਕੇ ਜੱਸੇ ਦੀਆਂ ਅੱਖਾਂ ’ਚੋਂ ਨਫ਼ਰਤ ਤੇ ਗੁੱਸੇ ਦੀ ਅੱਗ ਦੀਆਂ ਲਪਟਾਂ ਫੁੱਟਣ ਲੱਗਦੀਆਂ ਸਨ, ਉਸੇ ਜੱਸੇ ਦੀਆਂ ਅੱਖਾਂ ਤੋਂ ਫ਼ਜ਼ਲ ਦੀ ਜ਼ਿੰਦਗੀ ਦੀ ਦੁਆ ਮੰਗਦਿਆਂ ਹੰਝੂਆਂ ਦੇ ਹੜ੍ਹ ਨੂੰ ਠੱਲ੍ਹਿਆ ਨਹੀਂ ਸੀ ਜਾ ਰਿਹਾ। ਅੱਗ ’ਚੋਂ ਸਿੰਮਦਾ ਪਾਣੀ ਵੇਖ ਕੇ ਡਾਕਟਰ ਨੂੰ ਪੜ੍ਹੀਆਂ ਹੋਈਆਂ ਸਾਇੰਸ ਤੇ ਡਾਕਟਰੀ ਦੀਆਂ ਕਿਤਾਬਾਂ ਦੇ ਫਾਰਮੂਲਿਆਂ ਉੱਤੇ ਸ਼ੱਕ ਹੋਣ ਲੱਗ ਪਿਆ।

ਸੰਪਰਕ: +16044427676

Advertisement
×