DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਿਊਜ਼ੀਲੈਂਡ ਦਾ ਖੂਬਸੂਰਤ ਸ਼ਹਿਰ ਵਨਾਕਾ

ਨਿਊਜ਼ੀਲੈਂਡ ਦੇ ਸ਼ਹਿਰ ਕਰਾਈਸਟਚਰਚ ਦਾ ਆਲਾ ਦੁਆਲਾ ਗਾਹੁਣ ਉਪਰੰਤ ਮੇਰਾ ਮਨ ਨਿਊਜ਼ੀਲੈਂਡ ਦੇ ਹੋਰ ਸ਼ਹਿਰ ਵੇਖਣ ਲਈ ਉਤਾਵਲਾ ਹੋ ਗਿਆ। ਵਨਾਕਾ ਬਾਰੇ ਸੁਣਿਆ ਤਾਂ ਮਨ ਇਹ ਸ਼ਹਿਰ ਦੇਖਣ ਲਈ ਸੋਚਣ ਲੱਗਾ। ਕਰਾਈਸਟ ਚਰਚ ਜਿੱਥੇ ਮੈਂ ਰਹਿੰਦਾ ਹਾਂ, ਤੋਂ ਵਨਾਕਾ 420...

  • fb
  • twitter
  • whatsapp
  • whatsapp
Advertisement

ਨਿਊਜ਼ੀਲੈਂਡ ਦੇ ਸ਼ਹਿਰ ਕਰਾਈਸਟਚਰਚ ਦਾ ਆਲਾ ਦੁਆਲਾ ਗਾਹੁਣ ਉਪਰੰਤ ਮੇਰਾ ਮਨ ਨਿਊਜ਼ੀਲੈਂਡ ਦੇ ਹੋਰ ਸ਼ਹਿਰ ਵੇਖਣ ਲਈ ਉਤਾਵਲਾ ਹੋ ਗਿਆ। ਵਨਾਕਾ ਬਾਰੇ ਸੁਣਿਆ ਤਾਂ ਮਨ ਇਹ ਸ਼ਹਿਰ ਦੇਖਣ ਲਈ ਸੋਚਣ ਲੱਗਾ। ਕਰਾਈਸਟ ਚਰਚ ਜਿੱਥੇ ਮੈਂ ਰਹਿੰਦਾ ਹਾਂ, ਤੋਂ ਵਨਾਕਾ 420 ਕਿਲੋਮੀਟਰ ਦੀ ਦੂਰੀ ’ਤੇ ਹੈ। ਆਉਣ ਜਾਣ ਦਾ ਰਸਤਾ 840 ਕਿਲੋਮੀਟਰ ਬਣ ਗਿਆ। ਫ਼ੈਸਲਾ ਹੋਇਆ ਕਿ ਸਵੇਰੇ ਛੇਤੀ ਚੱਲਿਆ ਜਾਵੇ। ਪਜ਼ਲ ਵਰਲਡ ਜ਼ਰੂਰ ਦੇਖਣਾ ਹੈ। ਜੇੇਕਰ ਛੇਤੀ ਵਿਹਲੇ ਹੋ ਗਏ ਤਾਂ ਵਾਪਸ ਆ ਜਾਵਾਂਗੇ, ਨਹੀਂ ਤਾਂ ਰਾਤ ਕਿਸੇ ਹੋਟਲ ਵਿੱਚ ਰਹਾਂਗੇ। ਫ਼ੈਸਲਾ ਮੌਕੇ ’ਤੇ ਕੀਤਾ ਜਾਵੇਗਾ।

ਮਿੱਥੇ ਦਿਨ ਅਸੀਂ ਸਵੇਰੇ ਸੱਤ ਵਜੇ ਚੱਲ ਪਏ। ਦੁਪਹਿਰ ਦਾ ਖਾਣਾ ਨਾਲ ਲੈ ਗਏੇ। ਨਿਉੂਜ਼ੀਲੈਂਡ ਦੀਆਂ ਸੜਕਾਂ ਸਾਊਥ ਆਈਲੈਂਡ ਭਾਵੇਂ ਸਿੰਗਲ ਲੇਨ ਹੀ ਹਨ ਅਤੇ ਹਰ ਚਾਰ ਕਿਲੋਮੀਟਰ ਬਾਅਦ ਗੱਡੀ ਕਰਾਸ ਕਰਨ ਦਾ ਰਸਤਾ ਬਣਾਇਆ ਹੈ, ਪਰ ਹਨ ਵਧੀਆ। ਗੱਡੀ 120 ਕਿਲੋਮੀਟਰ ਦੀ ਰਫ਼ਤਾਰ ਸਮਤਲ ਚੱਲਦੀ ਹੈ। ਮਿੱਥੀ ਲਿਮਟ ਤੋਂ ਜ਼ਿਆਦਾ ਸਪੀਡ ’ਤੇ ਚੱਲਦੀ ਗੱਡੀ ਦਾ ਚਲਾਨ ਕੀਤਾ ਜਾਂਦਾ ਹੈ। ਸੜਕਾਂ ’ਤੇ ਟੌਲ ਟੈਕਸ ਨਹੀਂ ਹੈ। ਟੌਲ ਟੈਕਸ ਤੋਂ ਬਿਨਾਂ ਹੀ ਸੜਕਾਂ ਦੀ ਸਾਂਭ ਸੰਭਾਲ ਵਧੀਆ ਹੈ। ਪੰਜਾਬ ਵਿੱਚ ਭਾਰੀ ਟੌਲ ਟੈਕਸ ਦੇ ਬਾਵਜੂਦ ਸੜਕਾਂ ਦੀ ਹਾਲਤ ਕੰਮ ਚਲਾਊ ਹੈ। ਰਸਤੇ ਵਿੱਚ ਮੈਂ ਪਜ਼ਲ ਵਰਲਡ ਦਾ ਪੰਜਾਬੀ ਵਿੱਚ ਉਲੱਥਾ ਕਰ ਰਿਹਾ ਸੀ, ਜੋ ਬੁਝਾਰਤ ਸੰਸਾਰ ਹੀ ਬਣਦਾ ਸੀ। ਉਲੱਥਾ ਸਹੀਂ ਨਹੀਂ ਸੀ ਲੱਗਦਾ, ਪਰ ਹੋਰ ਕੋਈ ਨਾਂ ਸੁੱਝ ਵੀ ਨਹੀਂ ਰਿਹਾ। ਵੈਸੇ ਤਾਂ ਕੁਦਰਤ ਦਾ ਰਚਿਆ ਬਹੁਤ ਕੁਝ ਬੁਝਾਰਤ ਹੇੇੈ। ਚਲੋ ਨਾਂ ਵਿੱਚ ਕੀ ਪਿਆ ਹੈ ਕਹਿ ਕੇ ਅੱਗੇ ਚੱਲਦੇ ਹਾਂ।

Advertisement

ਤਿੰਨ ਕੁ ਘੰਟਿਆਂ ਦੇ ਸਫ਼ਰ ਤੋਂ ਬਾਅਦ ਟਿੱਕਾ ਪੂ ਲੇਕ ’ਤੇ ਪਹੁੰਚ ਗਏ। ਇਹ ਸ਼ਬਦ ਨਿਊਜ਼ੀਲੈਂਡ ਦੇ ਅਸਲ ਨਿਵਾਸੀ ਮਾਊਰੀਆਂ ਦੀ ਮਾਊਰੀ ਭਾਸ਼ਾ ਦਾ ਹੈ ਜਿਸ ਦਾ ਮਤਲਬ ਹੇੈ, ਹਰੇ ਹੀਰੇ ਦਾ ਹਾਰ। ਟਿੱਕਾ ਪੂ ਨਾਂ ਬਾਰੇ ਇੱਕ ਕਹਾਣੀ ਹੈ ਕਿ ਇੱਕ ਉੱਚ ਖਾਨਦਾਨ ਦੀ ਨੂੰਹ ਦਾ ਇੱਕ ਪਵਿੱਤਰ ਹਰੇ ਰੰਗ ਦੇ ਹੀਰੇ ਦਾ ਹਾਰ ਇਸ ਝੀਲ ਵਿੱਚ ਗੁਆਚ ਗਿਆ ਸੀ। ਨੀਲਾ ਪਾਣੀ, ਉਸ ਵਿੱਚ ਗੁਆਚੇ ਹਾਰ ਦੇ ਕਾਰਨ ਹੈ। ਇਸ ਨੂੰ ਨੀਲੀ ਝੀਲ ਵੀ ਕਿਹਾ ਜਾਂਦਾ ਹੈ ਕਿਉਂਕਿ ਦੇਖਣ ’ਤੇ ਇਸ ਦੇ ਪਾਣੀ ਦਾ ਰੰਗ ਨੀਲੀ ਭਾਅ ਮਾਰਦਾ ਹੈ। ਇਸ ਝੀਲ ਦੀ ਖੂਬਸੂਰਤੀ ਵੇਖਣ ਵਾਲੀ ਹੈ। ਸਾਫ਼ ਪਾਣੀ, ਪਿੱਛੇ ਪਹਾੜ ਅਤੇ ਜੰਗਲ, ਇਸ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਦਿੰਦੇ ਹਨ। ਸਾਡੀ ਮੰਜ਼ਿਲ ਅਜੇ ਦੂਰ ਸੀ, ਇਸ ਲਈ ਇੱਥੇ ਖਾਣਾ ਖਾਧਾ ਅਤੇ ਅਗਾਂਹ ਚੱਲ ਪਏ।

Advertisement

ਕੁਝ ਸਮੇਂ ਬਾਅਦ ਝੀਲ ਪੁਕਾਕੀ ਆ ਗਈ। ਮਾਊਰੀ ਭਾਸ਼ਾ ਵਿੱਚ ਇਸ ਦਾ ਮਤਲਬ ਹੈ ‘ਨਦੀ ਦਾ ਮੂੰਹ।’ ਇਹ ਵੀ ਬਹੁਤ ਖੂਬਸੂਰਤ ਥਾਂ ਹੈ। ਇਸ ਦੀ ਬਣਤਰ ਅੰਗਰੇਜ਼ੀ ਦੇ ਜ਼ੈੱਡ ਸ਼ਬਦ ਵਰਗੀ ਹੈ, ਇਸ ਦਾ ਪਾਣੀ ਨੀਲਾ ਹੈ। ਇਹ ਝੀਲ ਕਾਫ਼ੀ ਡੂੰਘੀ ਹੈ ਅਤੇ ਇਸ ਦੇ ਆਲੇ ਦੁਆਲੇ ਪਹਾੜ ਹਨ।

ਇਸ ਬਾਰੇ ਮਾਊਰੀ ਕਹਾਣੀ ਹੈ ਕਿ ਇਸ ਨੂੰ ਇੱਕ ਦਿਓ ਨੇ ਬਣਾਇਆ ਸੀ। ਝੀਲ ਦਾ ਪਾਣੀ ਵਧਦਾ-ਘਟਦਾ ਰਹਿੰਦਾ ਹੈ, ਜਿਸ ਦਾ ਕਾਰਨ ਉਸ ਦਿਓ ਦਾ ਦਿਲ ਅਜੇ ਵੀ ਧੜਕਦਾ ਹੈ। ਜਦੋਂ ਕਿ ਅਸਲ ਕਾਰਨ ਕਈ ਹਨ ਜਿਵੇਂ ਤੇਜ਼ ਹਵਾਵਾਂ ਦਾ ਵਗਣਾ ਅਤੇ ਆਲੇ ਦੁਆਲੇ ਪਹਾੜਾਂ ਦੇ ਵਾਤਾਵਰਣ ਦਾ ਦਬਾਅ ਆਦਿ। ਇਸ ਝੀਲ ਦਾ ਪਾਣੀ 99.9 ਪ੍ਰਤੀਸ਼ਤ ਸਾਫ਼ ਅਤੇ ਪੀਣ ਯੋਗ ਹੈ। ਮੈਨੂੰ ਆਪਣੇ ਪੰਜਾਬ ਦਾ ਪਲੀਤ ਹੋਇਆ ਪਾਣੀ, ਮਿੱਟੀ ਅਤੇ ਹਵਾ ਚੇਤੇ ਆ ਗਿਆ। ਕਦੇ ਅਸੀਂ ਵੀ ਬੁੱਕ ਭਰ ਕੇ ਖਾਲ ਵਿੱਚੋਂ ਪਾਣੀ ਪੀ ਲਈਦਾ ਸੀ।

ਇੱਥੇ ਵਰਣਨਯੋਗ ਹੈ ਕਿ ਬ੍ਰਿਟਿਸ਼ ਅਤੇ ਨਿਊਜ਼ੀਲੈਂਡ ਦੇ ਅਸਲ ਨਿਵਾਸੀ ਮਾਊਰੀਆਂ ਵਿਚਕਾਰ ਹੋਈ ਸੰਧੀ ਮੁਤਾਬਿਕ, ਉਨ੍ਹਾਂ ਦੀ ਭਾਸ਼ਾ ਮਾਊਰੀ ਨੂੰ ਅੰਗਰੇਜ਼ੀ ਦੇ ਬਰਾਬਰ ਸਥਾਨ ਦਿੱਤਾ ਗਿਆ ਹੈ। ਸਾਈਨ ਬੋਰਡਾਂ ’ਤੇ ਵੀ ਅੰਗਰੇਜ਼ੀ ਅਤੇ ਮਾਊਰੀ ਭਾਸ਼ਾ ਵਰਤੀ ਜਾਂਦੀ ਹੈ।

ਅਸੀਂ ਤਿੰਨ ਕੁ ਵਜੇ ਵਨਾਕਾ ਪਹੁੰਚ ਗਏ। ਇਹ ਨਿਊਜ਼ੀਲੈਂਡ ਦੇ ਸਾਊਥ ਟਾਪੂ ਦਾ ਖੂਬਸੂਰਤ ਕਸਬਾ ਹੈ। ਇੱਥੇ ਪਾਣੀ ਦੀਆਂ ਖੇਡਾਂ, ਪਹਾੜਾਂ ’ਤੇ ਚੜ੍ਹਨਾ ਅਤੇ ਸਕਾਇੰਗ ਆਦਿ ਗਰਮੀਆਂ ਅਤੇ ਸਰਦੀਆਂ ਦੀਆਂ ਮਸ਼ਹੁੂਰ ਖੇਡਾਂ ਹਨ। ਝੀਲ ਵਿੱਚ ਖੜ੍ਹਾ ਇਕੱਲਾ ਦਰੱਖਤ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈ। ਸ਼ਾਇਦ ਨਿਊਜ਼ੀਲੈਂਡ ਦੇ ਇਸ ਦਰੱਖਤ ਦੀਆਂ ਸਭ ਤੋਂ ਵੱਧ ਫੋਟੋਆਂ ਖਿੱਚੀਆਂ ਗਈਆਂ ਹਨ। ਇਸ ਦੀ ਖੂਬਸੁੂਰਤੀ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਇੱਥੇ ਕਈ ਫਿਲਮਾਂ ਦੀ ਸ਼ੂਟਿੰਗ ਹੋਈ। ਕਈ ਮਸ਼ਹੂਰ ਹਸਤੀਆਂ ਇੱਥੇ ਰਹਿੰਦੀਆਂ ਹਨ।

ਇੱਥੇ ਫਰੀ ਟਾਇਲਟ ਵੀ ਸਨ ਅਤੇ ਪੇਡ ਵੀ। ਪੰਜਾਬੀਆਂ ਬਾਰੇ ਮਸ਼ਹੂਰ ਹੈ ਕਿ ਇਨ੍ਹਾਂ ਦਾ ਧਿਆਨ ਹੇਰਾ ਫੇਰੀ ਵੱਲ ਹੀ ਰਹਿੰਦਾ ਹੈ, ਪਰ ਮੈਂ ਵੇਖਿਆ ਗੋਰੇ ਵੀ ਸਾਡੇ ਵਰਗੇ ਹੀ ਹਨ। ਟਾਇਲਟ ਵਰਤਣ ਦੀ ਫੀਸ ਇੱਕ ਡਾਲਰ ਸੀ। ਇੱਕ ਵਿਅਕਤੀ ਨੇ ਟਾਇਲਟ ਵਰਤਣ ਉਪਰੰਤ ਉਸ ਦਾ ਦਰਵਾਜ਼ਾ ਬੰਦ ਨਹੀਂ ਹੋਣ ਦਿੱਤਾ ਅਤੇ ਹੱਥ ਨਾਲ ਫੜ ਕੇ ਰੱਖਿਆ ਅਤੇ ਫਿਰ ਆਪਣੇ ਸਾਥੀ ਨੂੰ ਆਵਾਜ਼ ਮਾਰੀ ਅਤੇ ਦੂਜਾ ਆਦਮੀ ਅੰਦਰ ਚਲਾ ਗਿਆ ਅਤੇ ਫਿਰ ਇਹ ਹੀ ਤਰਕੀਬ ਤੀਜੇ ਲਈ ਵਰਤੀ ਗਈ। ਉਨ੍ਹਾਂ ਨੇ ਦੋ ਡਾਲਰ ਬਚਾ ਲਏ।

ਚਲੋ ਹੁਣ ਇੱਕ ਪੰਜਾਬੀ ਦਾ ਕਿੱਸਾ ਸੁਣਾਉਂਦਾ ਹਾਂ। ਇੱਕ ਪੰਜਾਬੀ ਲੜਕਾ, ਉਸ ਕੋਲ ਆਏ ਆਪਣੇ ਪਿਤਾ ਨੂੰ ਘੁੰਮਾਉਣ ਲੈ ਗਿਆ। ਰਾਹ ਵਿੱਚ ਪੈਟਰੋਲ ਪਾਉਣ ਲਈ ਰੁਕੇ। ਇੱਥੇ ਬਹੁਤੇ ਪੈਟਰੋਲ ਪੰਪਾਂ ’ਤੇ ਕਰਿੰਦਾ ਨਹੀਂ ਹੁੰਦਾ। ਇਸ ’ਤੇ ਬਾਪੂ ਨੇ ਕਿਹਾ, ‘‘ਪੁੱਤਰਾ, ਇੱਥੇ ਤਾਂ ਕੋਈ ਹੈ ਹੀ ਨਹੀਂ, ਜਿਵੇਂ ਮਰਜ਼ੀ ਹੇਰਾ ਫੇਰੀ ਕਰ ਲਓ।’’ ਮੁੰਡੇ ਨੇ ਜਵਾਬ ਦਿੱਤਾ, ‘‘ਬਾਪੂ, ਇੱਥੇ ਹੇਰੀ ਫੇਰੀ ਨਹੀਂ ਹੁੰਦੀ। ਇਹ ਪੰਜਾਬ ਨਹੀਂ ਨਿਊਜ਼ੀਲੈਂਡ ਹੈ।’’

ਅਸੀਂ ਵਨਾਕਾ ਦਾ ਪਜ਼ਲ ਵਰਲਡ ਵੇਖਣ ਲਈ ਉਤਾਵਲੇ ਸੀ। ਇਸ ਲਈ ਟਿਕਟਾਂ ਲਈਆਂ ਅਤੇ ਅੰਦਰ ਚਲੇ ਗਏ। ਸੀਨੀਅਰ ਸਿਟੀਜ਼ਨਜ ਲਈ ਟਿਕਟਾਂ ਵਿੱਚ ਛੋਟ ਸੀ। ਟਿਕਟ ਕਲਰਕ ਨੇ ਬਿਨਾਂ ਕੋਈ ਸਬੂਤ ਮੰਗਿਆਂ ਦੋ ਟਿਕਟਾਂ ਸੀਨੀਅਰ ਸਿਟੀਜ਼ਨਜ ਦੀਆਂ ਦੇ ਦਿੱਤੀਆਂ। ਅੰਦਰ ਵੜਨ ਤੋਂ ਪਹਿਲਾਂ ਹੀ ਇੱਕ ਝੁਕਿਆ ਹੋਇਆ ਕਮਰਾ ਦਿਖਾਈ ਦਿੰਦਾ ਹੈ। ਹੱਥਾਂ ’ਤੇ ਮੁਹਰਾਂ ਲਗਾ ਦਿੱਤੀਆਂ। ਗੇਟ ’ਤੇ ਟਿਕਟਾਂ ਚੈੱਕ ਕਰਨ ਵਾਲਾ ਕੋਈ ਵੀ ਨਹੀਂ ਸੀ। ਸਕੈਨਿੰਗ ਮਸ਼ੀਨ ਦੇ ਅੰਦਰ ਹੱਥ ਕੀਤਾ ਅਤੇ ਦਰਵਾਜ਼ਾ ਖੁੱਲ੍ਹ ਗਿਆ। ਅੰਦਰ ਵੜਦਿਆਂ ਹੀ ਫਰਸ਼ ’ਤੇ ਖੜ੍ਹਨਾ ਔਖਾ ਹੋ ਗਿਆ। ਸਾਰੇ ਜਣੇ ਮਸਾਂ ਹੀ ਡਿੱਗਣੋਂ ਬਚੇ। ਇਹ ਚਮਤਕਾਰ ਨਹੀਂ, ਬਲਕਿ ਅੱਖਾਂ ਦਾ ਭਰਮ ਸੀ। ਫਿਰ ਇੱਕ ਹਾਲ ਵਿੱਚ ਗਏ ਜਿੱਥੇ 168 ਤਸਵੀਰਾਂ ਲੱਗੀਆਂ ਸਨ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਹ ਤਸਵੀਰਾਂ ਤੁਹਾਡਾ ਪਿੱਛਾ ਕਰ ਰਹੀਆਂ ਹੋਣ। ਇਸ ਬਾਰੇ ਉੱਥੇ ਲਿਖਿਆ ਸੀ ਕਿ ਇਹ ਦੁਨੀਆ ਦਾ ਇੱਕੋ ਇੱਕ ਇਸ ਤਰ੍ਹਾਂ ਦਾ ਹਾਲ ਹੈ। ਇੱਕ ਕਮਰੇ ਵਿੱਚ ਕੰਧ ਨਾਲ ਲੱਕੜ ਦੇ ਤਿੰਨ ਪੀਸ ਰੱਖੇ ਸਨ, ਉਨ੍ਹਾਂ ’ਤੇ ਪਾਣੀ ਹੇਠਾਂ ਤੋਂ ਉੱਪਰ ਜਾ ਰਿਹਾ ਸੀ। ਅਸਲ ਵਿੱਚ ਇਹ ਸਾਰਾ ਕੁਝ ਅੱਖਾਂ ਦਾ ਭਰਮ ਹੈ। ਮਿਸਾਲ ਦੇ ਤੌਰ ’ਤੇ ਹੇਠਾਂ ਤੋਂ ਉੱਪਰ ਜਾਣ ਵਾਲੇ ਕਮਰੇ ਦਾ ਫਰਸ਼ ਅਸਲ ਵਿੱਚ 15-20 ਡਿਗਰੀ ਤਿਰਛੇ ਬਣੇ ਹਨ। ਅੰਦਰੋਂ ਖਿੜਕੀਆਂ ਤੇ ਦਰਵਾਜ਼ੇ ਇਸ ਤਰ੍ਹਾਂ ਲਗਾਏ ਹਨ ਕਿ ਅੱਖਾਂ ਨੂੰ ਲੱਗਦਾ ਹੈ ਕਿ ਕਮਰਾ ਸਿੱਧਾ ਹੈ। ਇਸ ਤਰ੍ਹਾਂ ਪਾਣੀ ਹੇਠਾ ਹੀ ਜਾ ਰਿਹਾ ਹੁੰਦਾ ਹੈ, ਪਰ ਸਾਡਾ ਦਿਮਾਗ਼ ਫਰਸ਼ ਨੂੰ ਸਿੱਧਾ ਮੰਨ ਕੇ ਪਾਣੀ ਹੇਠਾਂ ਤੋਂ ਉੱਪਰ ਵਗ ਰਿਹਾ ਦਿੱਸਦਾ ਹੈ। ਇਸੇ ਤਰ੍ਹਾਂ ਗੇਂਦ ਹੇਠ ਤੋਂ ਉੱਪਰ ਜਾਂਦੀ ਹੈ। ਇੱਥੇ ਫਰਸ਼ ਦੀ ਢਲਾਨ ਅਸਲ ਹੁੰਦੀ ਹੈ, ਪਰ ਕੰਧਾਂ ਤੇ ਛੱਤ ਦੀ ਸਜਾਵਟ ਐਸੀ ਹੁੰਦੀ ਹੈ ਕਿ ਦਿਮਾਗ਼ ਸਮਝਦਾ ਹੈ ਕਿ ਫਰਸ਼ ਸਿੱਧਾ ਹੈ। ਇਸ ਤਰ੍ਹਾਂ ਦਿਮਾਗ਼ ਅਤੇ ਅੱਖਾਂ ਵਿਚਕਾਰ ਭਰਮ ਪੈਦਾ ਹੋ ਜਾਂਦਾ ਹੈ। ਮਿਟਾਉਣ ਵਾਲੀਆਂ ਰਬੜਾਂ, ਰਬੜ ਬੈਂਡ ਆਦਿ ਚੀਜ਼ਾਂ ਤੋਂ ਬਣਾਈਆਂ ਖਾਣ ਵਾਲੀਆਂ ਚੀਜ਼ਾਂ ਅਸਲ ਚੀਜ਼ਾਂ ਦਾ ਭੁਲੇਖਾ ਪਾਉਂਦੀਆ ਹਨ। ਚਿੱਟੇ ਪੇਂਟ ਕੀਤੇ ਥੰਮ੍ਹਾਂ ਵਿਚਾਲੇ ਮੂਰਤੀਆਂ ਬਣੀਆਂ ਹੋਈਆਂ ਦਾ ਭੁਲੇਖਾ ਪਾਉਂਦੀਆਂ ਹਨ। ਅਜਿਹਾ ਹੋਰ ਬਹੁਤ ਕੁਝ ਹੈ ਜੋ ਵੇਖਣਯੋਗ ਸੀ। ਬਾਹਰਲੇ ਪਾਸੇ ਵੱਖ ਵੱਖ ਚਾਰ ਰੰਗ ਦੇ ਲਾਲ, ਹਰਾ, ਨੀਲਾ ਅਤੇ ਪੀਲਾ ਟਾਵਰ ਲੱਭਣੇ ਸਨ। ਜਿਨ੍ਹਾਂ ਨੂੰ ਲੱਭਦਿਆਂ ਸਾਰਾ ਸਮਾਂ ਲੱਗ ਗਿਆ ਅਤੇ ਪੰਜ ਵਜੇ ਪਜ਼ਲ ਵਰਲਡ ਬੰਦ ਹੋ ਗਿਆ।

ਜੇਕਰ ਮੈਨੂੰ ਦੋ ਲਾਈਨਾਂ ਵਿੱਚ ਨਿਊਜ਼ੀਲੈਂਡ ਦੀ ਸੁੰਦਰਤਾ ਬਾਰੇ ਪੁੱਛਿਆ ਜਾਵੇ ਤਾਂ ਮੈ ਕਹਾਂਗਾ, ਇਹ ਇੱਕ ਪੇਂਟਿੰਗ ਵਾਂਗ ਹੈ ਜਿਸ ਵਿੱਚ ਕੁਦਰਤ ਨੇ ਪੈਨਸਲ ਨਾਲ ਪੇਂਟਿੰਗ ਬਣਾ ਕੇ ਰੰਗ ਭਰ ਦਿੱਤੇ ਹੋਣ। ਅਸੀਂ ਵਾਪਸ ਜਾਣ ਦਾ ਫ਼ੈਸਲਾ ਕਰ ਲਿਆ। ਰਾਹ ਵਿੱਚ ਸ਼ਹਿਰ ਅਸ਼ਬਰਟਨ ਕੁਝ ਚਿਰ ਠਹਿਰ ਕੇ ਚਾਹ ਪੀ ਕੇ ਰਾਤ ਦੇ 11 ਵਜੇ ਘਰ ਪਹੁੰਚ ਗਏ। ਇੱਕ ਦਿਨ ਵਿੱਚ 850 ਕਿਲੋਮੀਟਰ ਦਾ ਸਫ਼ਰ ਔਖਾ ਸੀ, ਪਰ ਮੇਰੇ ਬੇਟੇ ਨੇ ਇਹ ਕਰ ਵਿਖਾਇਆ। ਇਸ ਦਾ ਸਿਹਰਾ ਉਸ ਨੂੰ, ਸੜਕਾਂ ਨੂੰ ਅਤੇ ਸੜਕ ਦੇ ਨਿਯਮਾਂ ਨੂੰ ਮੰਨਣ ਵਾਲੇ ਲੋਕਾਂ ਨੂੰ ਜਾਂਦਾ ਹੈ।

ਸੰਪਰਕ: 0064274791038

Advertisement
×