DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੋ ਰੋਜ਼ਾ ‘ਪੰਜਾਬੀ ਕਾਨਫਰੰਸ ਯੂਕੇ’ ਸੰਪੰਨ

ਪਰਵਾਸੀ ਸਰਗਰਮੀਆਂ
  • fb
  • twitter
  • whatsapp
  • whatsapp
featured-img featured-img
ਪੰਜਾਬੀ ਕਾਨਫਰੰਸ ਯੂਕੇ 2023 ਨੂੰ ਸੰਬੋਧਨ ਕਰਦੇ ਹੋਏ
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਲੈਸਟਰ: ਸਿੱਖ ਐਜੂਕੇਸ਼ਨ ਕੌਂਸਲ ਯੂਕੇ ਵੱਲੋਂ ਪੰਜਾਬੀ ਬੋਲੀ ਅਤੇ ਲਿੱਪੀ ਨੂੰ ਮੁੱਖ ਰੱਖਦਿਆਂ ਦੋ ਰੋਜ਼ਾ ‘ਪੰਜਾਬੀ ਕਾਨਫਰੰਸ ਯੂਕੇ 2023’ ਕੀਤੀ ਗਈ। ਕਾਨਫਰੰਸ ਦੇ ਸ਼ੁਰੂ ਵਿੱਚ ਹਰਵਿੰਦਰ ਸਿੰਘ ਨੇ ਸਿੱਖ ਐਜੂਕੇਸ਼ਨ ਕੌਂਸਲ ਯੂਕੇ ਬਾਰੇ ਜਾਣਕਾਰੀ ਦਿੱਤੀ। ਮੁਖਤਿਆਰ ਸਿੰਘ ਨੇ ਇਸ ਦਾ ਉਦੇਸ਼ ਤੇ ਗੁਰਦੁਆਰਾ ਸਾਹਿਬ ਦੀ ਭੂਮਿਕਾ ਬਾਰੇ ਦੱਸਿਆ।

Advertisement

ਪੰਜਾਬੀ ਕਾਨਫਰੰਸ ਯੂਕੇ 2023 ਨੂੰ ਸੰਬੋਧਨ ਕਰਦੇ ਹੋਏ

ਪਹਿਲੇ ਦਿਨ ਦੇ ਪਹਿਲੇ ਸੈਸ਼ਨ ਵਿੱਚ ਯੂਕੇ ਵਿੱਚ ਪੰਜਾਬੀ ਪੜ੍ਹਾ ਰਹੇ ਅਧਿਆਪਕਾਂ ਦੀ ਸਿਖਲਾਈ ’ਤੇ ਵਰਕਸ਼ਾਪ ਲਗਾਈ ਗਈ। ਜਿਸ ਵਿੱਚ ਉਨ੍ਹਾਂ ਦੁਆਰਾ ਪੜ੍ਹਾਈ ਜਾ ਰਹੀ ਪੰਜਾਬੀ ਬੋਲੀ ’ਤੇ ਆ ਰਹੀਆਂ ਮੁਸ਼ਕਿਲਾਂ, ਵਿਚਾਰ ਆਦਿ ਮੁੱਖ ਸਨ। ਦੂਸਰੇ ਸੈਸ਼ਨ ਵਿੱਚ ਪਹਿਲਾ ਪਰਚਾ ‘ਬਰਤਾਨੀਆ ਵਿੱਚ ਪੰਜਾਬੀ ਦੀ ਪੜ੍ਹਾਈ ਨਾਲ ਜੁੜੇ ਮਸਲੇ’ ਉੱਪਰ ਅਰਮਿੰਦਰ ਸਿੰਘ ਤੇ ਤਜਿੰਦਰ ਕੌਰ ਨੇ ਪੜ੍ਹਿਆ। ਇਸ ਦੀ ਪ੍ਰਧਾਨਗੀ ਰਸ਼ਪਾਲ ਕੌਰ ਸਿੰਘ ਨੇ ਕੀਤੀ। ਦੂਜਾ ਪਰਚਾ ‘ਪੰਜਾਬੀ ਦੀ ਪਰਿਭਾਸ਼ਿਕ ਸ਼ਬਦਾਵਲੀ ਦਾ ਵਿਕਾਸ’ ਡਾ. ਬਲਦੇਵ ਸਿੰਘ ਕੰਦੋਲਾ ਨੇ ਪੜ੍ਹਿਆ ਅਤੇ ਇਸ ਦੀ ਪ੍ਰਧਾਨਗੀ ਕੰਵਰ ਸਿੰਘ ਬਰਾੜ ਕੇ ਕੀਤੀ। ਤੀਸਰਾ ਪਰਚਾ ‘ਸਿੰਘ ਸਭਾ ਕਾਲ ਪੰਜਾਬੀ ਭਾਸ਼ਾ ਦੇ ਸੰਦਰਭ ਵਿੱਚ’ ਡਾ. ਅਵਤਾਰ ਸਿੰਘ ਨੇ ਪੜ੍ਹਿਆ ਅਤੇ ਇਸ ਦੀ ਪ੍ਰਧਾਨਗੀ ਡਾ. ਸੁਜਿੰਦਰ ਸਿੰਘ ਸੰਘਾ ਨੇ ਕੀਤੀ। ਇਸ ਤੋਂ ਬਾਅਦ ਵਿਸ਼ੇਸ਼ ਤੌਰ ’ਤੇ ਪੰਜਾਬ ਭਵਨ ਸਰੀ ਕੈਨੇਡਾ ਤੋਂ ਆਏ ਸੁੱਖੀ ਬਾਠ ਅਤੇ ਦਲਵੀਰ ਸਿੰਘ ਕਥੂਰੀਆ, ਮੋਤਾ ਸਿੰਘ ਸਰਾਏ ਸੰਚਾਲਕ ਪੰਜਾਬੀ ਸੱਥ ਯੂਕੇ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਤੋਂ ਬਾਅਦ ਕਵੀ ਦਰਬਾਰ ਵੀ ਕੀਤਾ ਗਿਆ। ਜਿਸ ਵਿੱਚ ਵੱਖ ਵੱਖ ਕਵੀਆਂ ਨੇ ਭਾਗ ਲਿਆ।

ਪੰਜਾਬੀ ਕਾਨਫਰੰਸ ਯੂਕੇ 2023 ਨੂੰ ਸੰਬੋਧਨ ਕਰਦੇ ਹੋਏ

ਦੂਸਰੇ ਦਿਨ ਦੀ ਸ਼ੁਰੂਆਤ ਕੰਵਰ ਸਿੰਘ ਬਰਾੜ ਨੇ ਸੰਖੇਪ ਜਾਣਕਾਰੀ ਦਿੰਦਿਆਂ ਸ਼ੁਰੂ ਕੀਤੀ ਅਤੇ ਇਸ ਤੋਂ ਬਾਅਦ ‘ਬਰਤਾਨਵੀ ਪੰਜਾਬੀ ਸਾਹਿਤ-ਇੱਕ ਸਰਵੇਖਣ’ ’ਤੇ ਬਲਵਿੰਦਰ ਸਿੰਘ ਚਾਹਲ ਨੇ ਪਰਚਾ ਪੜ੍ਹਿਆ। ਜਿਸ ਦੀ ਪ੍ਰਧਾਨਗੀ ਕੁਲਵੰਤ ਕੌਰ ਢਿੱਲੋਂ ਨੇ ਕੀਤੀ। ਇਸ ਤੋਂ ਬਾਅਦ ਨੁਜ਼ਹਤ ਅੱਬਾਸ ਅਤੇ ਅਬੁਜ਼ਰ ਮਾਦੂ ਨੇ ਪੰਜਾਬੀ ਬੋਲੀ ਉੱਪਰ ਨਾਟ ਕਲਾਕਾਰੀ ਪੇਸ਼ ਕੀਤੀ। ਜਿਸ ਨੇ ਹਾਜ਼ਰੀਨ ਦਾ ਧਿਆਨ ਹੀ ਨਹੀਂ ਖਿੱਚਿਆ, ਸਗੋਂ ਬੋਲੀ ਬਾਰੇ ਚੰਗਾ ਸੁਨੇਹਾ ਵੀ ਛੱਡਿਆ। ਇਸ ਤੋਂ ਅਗਲਾ ਪਰਚਾ ‘ਜਪੁਜੀ ਸਾਹਿਬ ਦਾ ਪੰਜਾਬੀ ਸਾਹਿਤਕ ਪੱਖ’ ਬਾਰੇ ਅਸਮਾ ਕਾਦਰੀ ਨੇ ਪੜ੍ਹਿਆ ਅਤੇ ਇਸ ਦੀ ਪ੍ਰਧਾਨਗੀ ਡਾ. ਅਵਤਾਰ ਸਿੰਘ ਨੇ ਕੀਤੀ। ਇਸ ਸੈਸ਼ਨ ਦਾ ਅਖੀਰਲਾ ਪਰਚਾ ‘ਖੋਜ ਵਿਧੀਆਂ, ਭਾਸ਼ਾ ਤੇ ਰਾਜਨੀਤੀ ਵਿਚਕਾਰ ਸਬੰਧ ਅਤੇ ਪੰਜਾਬੀ ਭਾਸ਼ਾ ਦੀ ਖੋਜ’ ਬਾਰੇ ਡਾ. ਪਰਗਟ ਸਿੰਘ ਤੇ ਜਸਬੀਰ ਸਿੰਘ ਨੇ ਪੜ੍ਹਿਆ। ਇਸ ਸਮੇਂ ਸਿੱਖ ਐਜੂਕੇਸ਼ਨ ਕੌਂਸਲ ਯੂਕੇ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਦੇ ਬਾਅਦ ਪੱਤਰਕਾਰ ਅਵਤਾਰ ਸਿੰਘ ਨੇ ਸਾਰੀ ਕਾਨਫਰੰਸ ਦਾ ਸਾਰ ਪੇਸ਼ ਕੀਤਾ ਅਤੇ ਡਾ. ਪਰਗਟ ਸਿੰਘ ਵੱਲੋਂ ਸਭ ਦਾ ਧੰਨਵਾਦ ਅਤੇ ਭਵਿੱਖ ਦੀਆਂ ਨੀਤੀਆਂ ਬਾਰੇ ਚਾਨਣਾ ਪਾਇਆ ਗਿਆ। ਦੋਵੇਂ ਦਿਨ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਅਤੇ ਰਾਮਗੜ੍ਹੀਆ ਗੁਰਦੁਆਰਾ ਸਾਹਿਬ ਲੈਸਟਰ ਵੱਲੋਂ ਲੰਗਰ ਦਾ ਸਮੁੱਚਾ ਪ੍ਰਬੰਧ ਕੀਤਾ ਗਿਆ। ਸਮੁੱਚੀ ਕਾਨਫਰੰਸ ਦਾ ਸੰਚਾਲਨ ਰੂਪ ਦਵਿੰਦਰ, ਕੰਵਰ ਸਿੰਘ ਬਰਾੜ ਅਤੇ ਬਲਵਿੰਦਰ ਸਿੰਘ ਚਾਹਲ ਵੱਲੋਂ ਕੀਤਾ ਗਿਆ।

ਸਮਾਗਮ ਵਿੱਚ ਸ਼ਾਮਲ ਸਰੋਤੇ

ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਤਿੰਨ ਕਿਤਾਬਾਂ ਰਿਲੀਜ਼

ਸਿੱਕੀ ਝੱਜੀ ਪਿੰਡ ਵਾਲਾ

ਇਟਲੀ: ਵਿਰੋਨਾ ਸ਼ਹਿਰ ਦੇ ਨੇੜੇ ਕਲਦੇਰੋ ਵਿਖੇ ਸਾਹਿਤ ਸੁਰ ਸੰਗਮ ਸਭਾ, ਇਟਲੀ ਦੀ ਮੀਟਿੰਗ ਕੀਤੀ ਗਈ ਜਿਸ ਦੌਰਾਨ ਤਿੰਨ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ। ਇਨ੍ਹਾਂ ਵਿੱਚ ਵਾਸਦੇਵ ਇਟਲੀ ਦਾ ਕਾਵਿ ਸੰਗ੍ਰਹਿ ‘ਵੇ ਪਰਦੇਸੀਆ’, ਮਿਹਰਬਾਨ ਸਿੰਘ ਜੋਸਨ ਦਾ ਕਾਵਿ ਸੰਗ੍ਰਹਿ ‘ਕਾਸ਼’ ਅਤੇ ਸੁਖਿੰਦਰ ਅਤੇ ਦਲਵੀਰ ਕਥੂਰੀਆ ਕੈਨੇਡਾ ਵੱਲੋਂ ਸੰਪਾਦਿਤ ‘ਪੰਜਾਬੀ ਸਾਹਿਤ ਅਤੇ ਸੱਭਿਆਚਾਰ - ਵਿਸ਼ਵ ਪੱਧਰੀ ਸਾਂਝਾ ਵਾਰਤਕ ਸੰਗ੍ਰਹਿ’ ਲੋਕ ਅਰਪਣ ਕੀਤਾ ਗਿਆ।

ਪ੍ਰੋਗਰਾਮ ਦੀ ਸ਼ੁਰੂਆਤ ਸਭਾ ਦੇ ਮੰਚ ਸੰਚਾਲਕ ਦਲਜਿੰਦਰ ਰਹਿਲ ਨੇ ਬਾਬਾ ਨਜਮੀ ਦੇ ਬੋਲਾਂ ਨਾਲ ਕੀਤੀ। ਸਭਾ ਦੇ ਪ੍ਰਧਾਨ ਬਿੰਦਰ ਕੋਲੀਆਂਵਾਲ ਨੇ ਸਭ ਨੂੰ ਜੀ ਆਇਆਂ ਆਖਿਆ। ਪਿਛਲੇ ਦਿਨੀਂ ਵਿੱਛੜੀਆਂ ਰੂਹਾਂ ਜਿਨ੍ਹਾਂ ਵਿੱਚ ਸਭਾ ਦੀ ਮੈਂਬਰ ਕਰਮਜੀਤ ਕੌਰ ਰਾਣਾ ਦੀ ਮਾਤਾ ਜੀ, ਗਾਇਕ ਸੁਰਿੰਦਰ ਛਿੰਦਾ, ਲੇਖਕ, ਅਨੁਵਾਦਕ ਤੇ ਸੰਪਾਦਕ ਹਰਭਜਨ ਸਿੰਘ ਹੁੰਦਲ ਦੀ ਯਾਦ ਵਿੱਚ ਸਭਾ ਵੱਲੋਂ ਇੱਕ ਮਿੰਟ ਦਾ ਮੌਨ ਵਰਤ ਧਾਰਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਭਾ ਦੇ ਪ੍ਰਧਾਨ ਬਿੰਦਰ ਕੋਲੀਆਂਵਾਲ ਅਤੇ ਜਨਰਲ ਸਕੱਤਰ ਪ੍ਰੋ. ਜਸਪਾਲ ਸਿੰਘ ਤੇ ਨਵਨੀਤ ਕੌਰ ਵੱਲੋਂ ਕਿਤਾਬਾਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਸਭਾ ਵੱਲੋਂ ਕਿਤਾਬਾਂ ਦੀ ਘੁੰਡ ਚੁਕਾਈ ਕਰਨ ਤੋਂ ਬਾਅਦ ਵਿਸ਼ੇਸ਼ ਕਵੀ ਦਰਬਾਰ ਕੀਤਾ ਗਿਆ ਜਿਸ ਵਿੱਚ ਵਾਸਦੇਵ ਇਟਲੀ, ਜਸਵਿੰਦਰ ਕੌਰ ਮਿੰਟੂ, ਮਹਿੰਦਰ ਸਿੰਘ ਖਿਲਵਾੜੀਆ, ਦਲਜਿੰਦਰ ਰਹਿਲ, ਭਗਵਾਨ ਦਾਸ, ਰਾਣਾ ਅਠੌਲਾ, ਮੀਤ ਪ੍ਰਧਾਨ ਮਾਸਟਰ ਗੁਰਮੀਤ ਸਿੰਘ ਮੱਲ੍ਹੀ, ਬਿੰਦਰ ਕੋਲੀਆਂਵਾਲ, ਨਿਰਵੈਲ ਸਿੰਘ ਢਿੱਲੋਂ ਤਾਸ਼ਪੁਰੀ, ਹਰਦੀਪ ਸਿੰਘ ਕੰਗ ਅਤੇ ਜਸਪਾਲ ਸਿੰਘ ਸ਼ਾਮਲ ਹੋਏ।

ਇਸ ਤੋਂ ਇਲਾਵਾ ਮੀਟਿੰਗ ਵਿੱਚ ਸ਼ਾਮਲ ਲੁਈਸ ਖਿੰਦਾ ਅਤੇ ਇੰਦਰਜੀਤ ਸਿੰਘ ਗਰੇਵਾਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੀਟਿੰਗ ਵਿੱਚ ਪੱਤਰਕਾਰ ਦਲਜੀਤ ਮੱਕੜ ਨੂੰ ਸਭਾ ਵੱਲੋਂ ਸਰਬਸੰਮਤੀ ਨਾਲ ਸਭਾ ਦੇ ਮੈਂਬਰਾਂ ਵਿੱਚ ਸ਼ਾਮਲ ਕੀਤਾ ਗਿਆ।

ਨਵਨੀਤ ਕੌਰ ਅਤੇ ਵਾਸਦੇਵ ਇਟਲੀ ਨੂੰ ਸਭਾ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਅਖੀਰ ਵਿੱਚ ਮਾਸਟਰ ਗੁਰਮੀਤ ਸਿੰਘ ਮੱਲੀ ਵੱਲੋਂ ਹਿੱਸਾ ਲੈਣ ਵਾਲੇ ਲੇਖਕਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।

Advertisement
×