ਡੱਲਾਸ ਵਿਚ ਭਾਰਤੀ ਮੂਲ ਦੇ ਮੋਟਲ ਮੈਨੇਜਰ ਦੇ ਕਤਲ ਮਗਰੋਂ ਟਰੰਪ ਵੱਲੋਂ ਪਰਵਾਸ ਨੀਤੀ ਦੀ ਨਿਖੇਧੀ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡੱਲਾਸ ਵਿੱਚ ਭਾਰਤੀ ਮੂਲ ਦੇ ਮੋਟਲ ਮੈਨੇਜਰ ਦਾ ਸਿਰ ਕਲਮ ਕੀਤੇ ਜਾਣ ਮਗਰੋਂ ਆਪਣੇ ਤੋਂ ਪਹਿਲੇ ਰਾਸ਼ਟਰਪਤੀ ਜੋਅ ਬਾਇਡਨ ਦੇ ਕਾਰਜਕਾਲ ਵਿਚ ਬਣੀ ਪਰਵਾਸ ਨੀਤੀ ਦੀ ਨਿਖੇਧੀ ਕੀਤੀ ਹੈ। ਮੋਟਲ ਮੈਨੇਜਰ ਦਾ ਕਤਲ ਕਥਿਤ ਤੌਰ ’ਤੇ ਅਪਰਾਧਿਕ ਪਿਛੋਕੜ ਵਾਲੇ ਗੈਰ-ਦਸਤਾਵੇਜ਼ੀ ਕਿਊਬਾ ਪ੍ਰਵਾਸੀ ਵੱਲੋਂ ਕੀਤਾ ਗਿਆ ਸੀ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਟਰੁਥ ਸੋਸ਼ਲ ’ਤੇ ਇਕ ਪੋਸਟ ਵਿਚ ਹਮਲਾਵਰ ਨੂੰ ‘ਗੈਰਕਾਨੂੰਨੀ ਵਿਦੇਸ਼ੀ’ ਦੱਸਿਆ, ਜਿਸ ਨੂੰ ਅਮਰੀਕਾ ’ਚੋਂ ਬਾਹਰ ਕੱਢਿਆ ਜਾਣਾ ਚਾਹੀਦਾ ਸੀ। ਉਨ੍ਹਾਂ ਇਸ ਲਈ ਬਾਇਡਨ ਦੀਆਂ ਨਰਮ ਨੀਤੀਆਂ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ, ‘‘ਇਨ੍ਹਾਂ ਗੈਰਕਾਨੂੰਨੀ ਪਰਵਾਸੀਆਂ ਨੂੰ ਲੈ ਕੇ ਨਰਮ ਰੁਖ਼ ਹੋਣ ਖ਼ਤਮ ਹੋ ਗਿਆ ਹੈ।’’
ਇਹ ਵੀ ਪੜ੍ਹੋ: ਪੁਰਾਣੀ ਵਾਸ਼ਿੰਗ ਮਸ਼ੀਨ ਨੂੰ ਲੈ ਕੇ ਝਗੜੇ ’ਚ ਭਾਰਤੀ ਮੂਲ ਦੇ ਮੋਟਲ ਮੈਨੇਜਰ ਦਾ ਸਿਰ ਕਲਮ
ਇਹ ਵੀ ਪੜ੍ਹੋ: ਸਿਰ ਕਲਮ ਕੀਤੇ ਭਾਰਤੀ ਦਾ ਡੱਲਾਸ ਵਿਚ ਅੰਤਿਮ ਸੰਸਕਾਰ
ਕਰਨਾਟਕ ਦੇ ਮੂਲ ਨਿਵਾਸੀ 50 ਸਾਲਾ ਚੰਦਰ ਮੌਲੀ ‘ਬੌਬ’ ਨਾਗਮਲੱਈਆ ਉੱਤੇ 10 ਸਤੰਬਰ ਨੂੰ ਡਾਊਨਟਾਊਨ ਸੂਟਸ ਮੋਟਲ, ਜਿੱਥੇ ਉਹ ਪਰਿਵਾਰ ਸਮੇਤ ਰਹਿੰਦਾ ਤੇ ਕੰਮ ਕਰਦਾ ਸੀ, ਚਾਕੂ ਨਾਲ ਹਮਲਾ ਕੀਤਾ ਗਿਆ ਸੀ। ਨਾਗਮਲੱਈਆ ਦੀ ਪਤਨੀ ਤੇ 18 ਸਾਲਾ ਪੁੱਤਰ ਦੇ ਸਾਹਮਣੇ ਕੀਤੇ ਇਸ ਹਮਲੇ ਨੇ ਭਾਰਤੀ ਅਮਰੀਕੀ ਭਾਈਚਾਰੇ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ।
ਮੋਟਲ ਵਿਚ ਹੀ ਕੰਮ ਕਰਦੇ 37 ਸਾਲਾ ਯੋਰਡਾਨਿਸ ਕੋਬੋਸ ਮਾਰਟੀਨੇਜ਼ ਉੱਤੇ ਹੱਤਿਆ ਦਾ ਦੋਸ਼ ਲੱਗਾ ਹੈ। ਅਮਰੀਕੀ ਪਰਵਾਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਮਾਰਟੀਨੇਜ਼ ਨੂੰ ਪਹਿਲਾਂ ਵੀ ਹਿਰਾਸਤ ਵਿਚ ਲਿਆ ਗਿਆ ਸੀ, ਪਰ ਕਿਊਬਾਾ ਵੱਲੋਂ ਉਸ ਦੀ ਹਵਾਲਗੀ ਨੂੰ ਸਵੀਕਾਰ ਕੀਤੇ ਜਾਣ ਤੋਂ ਨਾਂਹ ਕਰਕੇ ਉਸ ਨੂੰ ਜਨਵਰੀ 2025 ਵਿਚ ਰਿਹਾਅ ਕਰ ਦਿੱਤਾ ਗਿਆ ਸੀ।
ਨਾਗਮਲੱਈਆ ਦਾ ਅੰਤਿਮ ਸੰਸਕਾਰ 13 ਸਤੰਬਰ ਨੂੰ ਟੈਕਸਾਸ ਦੇ ਫਲਾਵਰ ਮਾਊਂਡ ਵਿਚ ਹੋਇਆ, ਜਿਸ ਵਿਚ ਉਸ ਦੇ ਪਰਿਵਾਰ ਤੇ ਕਰੀਬ ਦੋਸਤ ਮਿੱਤਰ ਸ਼ਾਮਲ ਹੋਏ। ਉਸ ਦੇ ਪਰਿਵਾਰ ਦੀ ਸਹਾਇਤਾ ਲਈ ਫੰਡਰੇਜ਼ਰ ਤਹਿਤ ਹੁਣ ਤੱਕ 321,326 ਡਾਲਰ ਤੋਂ ਵੱਧ ਦੀ ਰਾਸ਼ੀ ਇਕੱਤਰ ਕੀਤੀ ਗਈ ਹੈ। ਇਸ ਹੱਤਿਆ ਨੇ ਪਰਵਾਸ ਨੀਤੀਆਂ ਲਾਗੂ ਕਰਨ ਤੇ ਅਮਰੀਕੀ ਅਧਿਕਾਰੀਆਂ ਨੂੰ ਦਰਪੇਸ਼ ਚੁਣੌਤੀਆਂ ਉੱਤੇ ਮੁੜ ਤੋਂ ਬਹਿਸ ਸ਼ੁਰੂ ਕਰ ਦਿੱਤੀ ਹੈ। -ਪੀਟੀਆਈ