ਕਲਾਕਾਰ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ
ਕੈਲਗਰੀ: ਕੈਲਗਰੀ ਵਿਖੇ ਕਲਾਕਾਰ ਅਤੇ ਸਾਹਿਤਕਾਰ ਆਪਣੇ ਵਿੱਛੜੇ ਮਹਿਬੂਬ ਕਲਾਕਾਰ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ ਦੇਣ ਲਈ ਕੋਸੋ ਹਾਲ ਕੈਲਗਰੀ ਵਿਖੇ ਇਕੱਠੇ ਹੋਏ। ਸਭ ਤੋਂ ਪਹਿਲਾਂ ਸਾਰਿਆਂ ਨੇ 2 ਮਿੰਟ ਲਈ ਖੜ੍ਹੇ ਹੋ ਕੇ ਅਰਦਾਸ ਕੀਤੀ। ਸੁਖਮੰਦਰ ਗਿੱਲ ਨੇ ਕਵਿਤਾ ‘ਹਾਸਿਆਂ ਦਾ ਸਰਦਾਰ ਤੁਰ ਗਿਆ’ ਸੁਣਾਈ। ਹਰਮਿੰਦਰ ਪਾਲ ਸਿੰਘ ਨੇ ਤਰੰਨਮ ਵਿੱਚ ਗੀਤ ‘ਪੀੜ ਤੇਰੇ ਜਾਣ ਦੀ ਕਿੱਦਾਂ ਜ਼ਰਾਂਗਾ ਮੈਂ’ ਸੁਣਾਇਆ।
ਡਾ. ਜੋਗਾ ਸਿੰਘ ਨੇ ਭਾਵਪੂਰਤ ਸ਼ਬਦਾਂ ਵਿੱਚ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ ਦਿੱਤੀ। ਪੰਜਾਬੀ ਕਲਾਕਾਰ ਮੰਚ, ਲੁਧਿਆਣਾ ਤੋਂ ਜਸਵੰਤ ਸੰਧੀਲਾ ਅਤੇ ਅਜੇ ਦਿਓਲ ਨੇ ਜਸਵਿੰਦਰ ਭੱਲਾ ਨੂੰ ਇੱਕ ਵਧੀਆ, ਮਿਲਾਪੜੇ ਸੁਭਾਅ ਵਾਲਾ ਅਤੇ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਵਾਲਾ ਇਨਸਾਨ ਦੱਸਿਆ। ਅਗਮ ਐਂਟਰਟੇਨਮੈਂਟਸ ਕੈਨੇਡਾ ਤੋਂ ਵਿਵੇਕ ਮਹਾਜਨ ਨੇ ਆਪਣੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਵਿੱਛੜੇ ਕਲਾਕਾਰ ਨੂੰ ਸਤਿਕਾਰ ਭੇਂਟ ਕੀਤਾ। ਹੋਰ ਬੁਲਾਰਿਆਂ ਵਿੱਚ ਜੱਸੀ ਨਈਅਰ, ਕਰਮਪਾਲ ਸਿੰਘ, ਦਲਬੀਰ ਜਲੋਵਾਲੀਆ, ਸੁਮਨ ਦੱਤਾ, ਮਨਜੋਤ ਗਿੱਲ, ਗੁਰਜਾਨ ਸਿੰਗਰ, ਜਸਵੰਤ ਰਾਏ ਸ਼ਰਮਾ, ਨਵਦੀਪ ਕਲੇਰ ਅਤੇ ਤ੍ਰਿਲੋਕ ਚੁੱਘ ਨੇ ਆਪੋ ਆਪਣੇ ਅੰਦਾਜ਼ ਵਿੱਚ ਆਖਿਆ ਕਿ ਅਜਿਹੇ ਸ਼ਖ਼ਸ ਕਦੇ ਕਦੇ ਹੀ ਦੁਨੀਆ ’ਤੇ ਆਉਂਦੇ ਹਨ। ਅੱਜਕੱਲ੍ਹ ਦੀ ਭੱਜਦੌੜ, ਰੁਝੇਵਿਆਂ ਅਤੇ ਪਰੇਸ਼ਾਨੀਆਂ ਵਾਲੀ ਜ਼ਿੰਦਗੀ ਵਿੱਚ ਹੋਰਾਂ ਨੂੰ ਹਸਾਉਣ ਵਾਲਾ ਸੱਚਮੁੱਚ ਹੀ ਮਹਾਨ ਹੁੰਦਾ ਹੈ। ਬੁਲਾਰਿਆਂ ਨੇ ਕਿਹਾ ਕਿ ਭੱਲਾ ਸਾਹਿਬ ਸਦੀਆਂ ਤੱਕ ਲੋਕਾਂ ਦੇ ਦਿਲਾਂ ’ਤੇ ਰਾਜ ਕਰਦੇ ਰਹਿਣਗੇ।
ਰਣਵੀਰ ਸੰਧੂ ਨੇ ਕਿਹਾ ਕਿ ਵਿੱਛੜ ਚੁੱਕੇ ਕਲਾਕਾਰਾਂ ਨੂੰ ਸਮਰਪਿਤ ਜਲਦੀ ਹੀ ਇੱਕ ਸਮਾਗਮ ਕਰਵਾਇਆ ਜਾਏਗਾ। ਇਸ ਸਮੇਂ ਸੁਰਿੰਦਰ ਸਿੰਘ ਢਿੱਲੋਂ, ਜਸਵੰਤ ਸਿੰਘ ਸੇਖੋਂ, ਜਗਦੇਵ ਸਿੱਧੂ, ਇੰਜੀ. ਜੀਰ ਸਿੰਘ ਬਰਾੜ, ਜਸਵਿੰਦਰ ਸਿੰਘ ਰੁਪਾਲ, ਮੰਗਲ ਚੱਠਾ ਅਤੇ ਕੈਲਗਰੀ ਦੇ ਹੋਰ ਪਤਵੰਤੇ ਵੀ ਸ਼ਾਮਲ ਸਨ। ਅਖੀਰ ’ਤੇ ਪ੍ਰਧਾਨ ਕੈਲਗਰੀ ਲੇਖਕ ਸਭਾ ਜਸਵੀਰ ਸਿੰਘ ਸਿਹੋਤਾ ਨੇ ਸਭਾ ਵੱਲੋਂ ਇੱਕ ਸ਼ੋਕ ਮਤਾ ਪੜ੍ਹਿਆ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਦੀ ਸੇਵਾ ਮਨਜੀਤ ਰੂਪੋਵਾਲੀਆ ਨੇ ਬਾਖੂਬੀ ਨਿਭਾਈ।