ਕਾਰਜ ਆਇਆ ਰਾਸ
ਜਸਬੀਰ ਸਿੰਘ ਆਹਲੂਵਾਲੀਆ
ਕਹਾਣੀ
ਇੰਦਰਪਾਲ ਨੂੰ ਅਜੇ ਆਪਣੀ ਦੁਕਾਨ ਖੋਲ੍ਹੀ ਨੂੰ ਦਸ ਮਿੰਟ ਵੀ ਨਹੀਂ ਹੋਏ ਹੋਣਗੇ ਕਿ ਕੁਲਦੀਪ ਨੇ ਆ ਸ਼ਕਲ ਵਿਖਾਈ। ਇੱਕ ਤਾਂ ਹੈਰਾਨੀ ਹੁੰਦੀ ਹੈ, ਇੱਕ ਹੈਰਾਨੀ ਦੀ ਹੱਦ ਹੁੰਦੀ ਹੈ, ਪਰ ਇਹ ਤਾਂ ਹੱਦ ਤੋਂ ਕਿਤੇ ਜ਼ਿਆਦਾ ਵੱਧ ਸੀ। ਇੰਦਰਪਾਲ ਤਾਂ ਜਿਵੇਂ ਇੱਕ ਥਾਂ ਖੜ੍ਹੇ ਦਾ ਖੜ੍ਹਾ ਹੀ ਰਹਿ ਗਿਆ। ਉਸ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਹੀ ਰਹਿ ਗਿਆ। ਹੈਂ...? ਇਹ ਕਿਵੇਂ ਹੋ ਸਕਦੈ?
ਅਜੇ ਰਾਤੀਂ ਹੀ ਤਾਂ ਇੰਦਰਪਾਲ ਅਤੇ ਕੁਲਦੀਪ ਦੇ ਮਾਂ-ਬਾਪ ਉਹਨੂੰ ਦਿੱਲੀ ਦੇ ਹਵਾਈ ਅੱਡੇ ’ਤੇ ਸਿਡਨੀ, ਆਸਟਰੇਲੀਆ ਦੇ ਜਹਾਜ਼ ’ਤੇ ਚੜ੍ਹਾ ਕੇ ਆਏ ਸਨ। ਜਦੋਂ ਤੱਕ ਜਹਾਜ਼ ਉੱਡ ਨਹੀਂ ਸੀ ਗਿਆ, ਸਾਰੇ ਜਣੇ ਹਵਾਈ ਅੱਡੇ ’ਤੇ ਹੀ ਖੜ੍ਹੇ ਰਹੇ। ਜਦੋਂ ਬਿਲਕੁਲ ਪੱਕਾ ਹੋ ਗਿਆ ਕਿ ਜਹਾਜ਼ ਉੱਡ ਗਿਆ ਹੈ ਤਾਂ ਸਾਰੇ ਜਣੇ ਆਪੋ-ਆਪਣੀਆਂ ਕਾਰਾਂ ਵਿੱਚ ਵਾਪਸ ਚੱਲ ਪਏ। ਕੁਲਦੀਪ ਦੇ ਮੰਮੀ-ਪਾਪਾ ਨੇ ਜਲੰਧਰ ਜਾਣਾ ਸੀ ਤੇ ਇੰਦਰਪਾਲ ਨੇ ਅੰਮ੍ਰਿਤਸਰ।
ਇੰਦਰਪਾਲ ਇੱਕ ਕੈਮਿਸਟ ਸੀ। ਉਸ ਨੂੰ ਕਾਹਲ ਸੀ ਸਵੇਰ ਤੱਕ ਅੰਮ੍ਰਿਤਸਰ ਪਹੁੰਚਣ ਦੀ। ਅੰਮ੍ਰਿਤਸਰ ਪਹੁੰਚ ਕੇ ਘਰੋਂ ਨਹਾ ਧੋ ਕੇ, ਤਿਆਰ ਹੋ ਕੇ ਦੁਕਾਨ ਖੋਲ੍ਹਣ ਦੀ ਵੀ ਕਾਹਲ ਸੀ, ਪਰ ਦੁਕਾਨ ਖੋਲ੍ਹਣ ਤੋਂ ਪਹਿਲਾਂ ਉਸ ਨੇ ਦਰਬਾਰ ਸਾਹਿਬ ਵੀ ਜਾਣਾ ਸੀ। ਇਹ ਉਸ ਦਾ ਨਿੱਤ ਦਾ ਨੇਮ ਸੀ। ਦਰਬਾਰ ਸਾਹਿਬ ਪਹੁੰਚ ਕੇ ਉਹ ਘੰਟਾ ਘਰ ਵਾਲੇ ਪਾਸਿਓਂ ਪੌੜੀਆਂ ਉਤਰ ਕੇ ਪਰਿਕਰਮਾ ਵਿੱਚ ਪਹੁੰਚਦਾ, ਮੱਥਾ ਟੇਕਦਾ ਤੇ ਪਰਿਕਰਮਾ ਕਰਨੀ ਸ਼ੁਰੂ ਕਰ ਦਿੰਦਾ। ਦੁੱਖ ਭੰਜਨੀ ਬੇਰੀ ਦੇ ਹੇਠੋਂ ਸਰੋਵਰ ਵਿੱਚੋਂ ਅੰਮ੍ਰਿਤ ਦੀ ਬੋਤਲ ਭਰਦਾ। ਪਰਿਕਰਮਾ ਕਰਦਾ ਕਰਦਾ ਉਹ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਲੰਘ ਜਾਂਦਾ ਤੇ ਅਗਲੀ ਨੁੱਕਰ ’ਤੇ ਸੱਜੇ ਹੱਥ ਮੁੜਨ ਤੋਂ ਪਹਿਲਾਂ ਸਾਹਮਣੇ ਫੁੱਲਾਂ ਵਾਲੇ ਕੋਲੋਂ ਇੱਕ ਸਿਹਰਾ ਖ਼ਰੀਦਦਾ ਤੇ ਫਿਰ ਕੜਾਹ ਪ੍ਰਸ਼ਾਦ ਵਾਲੀ ਦੁਕਾਨ ਤੋਂ ਕੜਾਹ ਪ੍ਰਸ਼ਾਦ ਲੈਂਦਾ। ਇਹ ਸਾਰੀ ਕਹਾਣੀ ਸੰਨ ਉੱਨੀ ਸੌ ਸੱਤਰ ਦੀ ਹੈ। ਉਨ੍ਹਾਂ ਦਿਨਾਂ ਵਿੱਚ ਦਰਬਾਰ ਸਾਹਿਬ ਫੁੱਲਾਂ ਦੇ ਸਿਹਰੇ ਚੜ੍ਹਾਏ ਜਾਂਦੇ ਸਨ। ਬਾਅਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੁੱਲਾਂ ਦੇ ਸਿਹਰੇ ਚੜ੍ਹਾਉਣ ’ਤੇ ਪਾਬੰਦੀ ਲਾ ਦਿੱਤੀ। ਦਰਬਾਰ ਸਾਹਿਬ ਦੇ ਅੰਦਰ ਜਾ ਕੇ ਇੰਦਰਪਾਲ ਅਰਦਾਸ ਕਰਦਾ; ਹੇ ਵਾਹਿਗੁਰੂ ਜੀ! ਜੋ ਵੀ ਮਰੀਜ਼ ਮੇਰੀ ਦੁਕਾਨ ਤੋਂ ਦਵਾਈ ਲੈ ਕੇ ਜਾਵੇ, ਉਸ ਦਾ ਦੁੱਖ ਭੰਜਨ ਕਰਨਾ। ਉਸ ਨੂੰ ਤੰਦਰੁਸਤੀ ਬਖ਼ਸ਼ਣਾ। ਦੁਕਾਨ ’ਤੇ ਪਹੁੰਚ ਕੇ ਉਹ ਦਰਬਾਰ ਸਾਹਿਬ ਤੋਂ ਲਿਆਂਦਾ ਫੁੱਲਾਂ ਦਾ ਸਿਹਰਾ ਆਪਣੇ ਪਿਤਾ ਜੀ ਦੀ ਫੋਟੋ ’ਤੇ ਸਜਾ ਦਿੰਦਾ। ਦਰਬਾਰ ਸਾਹਿਬ ਸਰੋਵਰ ਤੋਂ ਲਿਆਂਦਾ ਅੰਮ੍ਰਿਤ ਦਾ ਛਿੜਕਾਅ ਉਹ ਦੁਕਾਨ ਅੰਦਰ ਤੇ ਖ਼ਾਸ ਕਰਕੇ ਦਵਾਈਆਂ ਉੱਪਰ ਜ਼ਰੂਰ ਕਰਦਾ। ਦੁਕਾਨ ’ਤੇ ਆਪਣਾ ਧਿਆਨ ਵਾਹਿਗੁਰੂ ਵੱਲ ਲਾਈ ਰੱਖਦਾ। ਮਰੀਜ਼ ਕੋਲੋਂ ਕਦੇ ਵੀ ਵੱਧ ਪੈਸੇ ਲੈਣ ਬਾਰੇ ਨਾ ਸੋਚਦਾ। ਇੰਦਰਪਾਲ ਇਸ ਨੂੰ ਵਪਾਰ ਨਹੀਂ ਸੀ ਸਮਝਦਾ। ਇਹ ਤਾਂ ਇੱਕ ਸੇਵਾ ਸੀ। ਮਰੀਜ਼ਾਂ ਦੀ ਸੇਵਾ ਅਤੇ ਮਨੁੱਖਤਾ ਦੀ ਸੇਵਾ। ਜੇ ਕਿਸੇ ਮਰੀਜ਼ ਕੋਲ ਦਵਾਈ ਦੇ ਪੈਸੇ ਘਟ ਜਾਂਦੇ ਤਾਂ ਵੀ ਉਸ ਨੂੰ ਦਵਾਈ ਦੇ ਦਿੰਦਾ। ਇੱਥੋਂ ਤੱਕ ਕਿ ਕਦੇ ਕਦੇ ਉਹ ਮੁਫ਼ਤ ਵੀ ਦੇ ਦਿੰਦਾ। ਆਖ ਦਿੰਦਾ ਕਿ ਜਦੋਂ ਵੀ ਕਦੇ ਮਰੀਜ਼ ਕੋਲ ਪੈਸੇ ਹੋਣ ਤਾਂ ਉਹ ਦੇ ਜਾਵੇ, ਨਹੀਂ ਤਾਂ ਸਮਝ ਲਵੇ ਕਿ ਉਸ ਦੇ ਭਰਾ ਨੇ ਆਪਣੇ ਵੱਲੋਂ ਦਵਾਈ ਦਿੱਤੀ ਹੈ।
ਇੰਦਰਪਾਲ ਦੀ ਦੁਕਾਨ ਦੇ ਨੇੜੇ ਹੀ ਇੱਕ ਪ੍ਰਾਈਵੇਟ ਹਸਪਤਾਲ ਸੀ, ਜਿੱਥੇ ਮਰੀਜ਼ਾਂ ਦੀ ਭੀੜ ਲੱਗੀ ਰਹਿੰਦੀ ਸੀ। ਦੂਰੋਂ ਦੂਰੋਂ ਮਰੀਜ਼ ਆਪਣਾ ਇਲਾਜ ਕਰਵਾਉਣ ਆਉਂਦੇ ਸਨ। ਹਸਪਤਾਲ ਦੇ ਡਾਕਟਰ ਸਵੇਰੇ ਜਲਦੀ ਜਲਦੀ ਕੰਮ ਸ਼ੁਰੂ ਕਰ ਦਿੰਦੇ ਸਨ ਅਤੇ ਮਰੀਜ਼ ਦਵਾਈਆਂ ਲੈਣ ਲਈ ਇੰਦਰਪਾਲ ਦੀ ਦੁਕਾਨ ’ਤੇ ਆ ਜਾਂਦੇ। ਇੰਦਰਪਾਲ ਡਾਕਟਰਾਂ ਦੇ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਆਪਣੀ ਦੁਕਾਨ ਖੋਲ੍ਹ ਲੈਣੀ ਚਾਹੁੰਦਾ ਸੀ। ਫਿਰ ਅੱਜ ਹੈ ਵੀ ਸੋਮਵਾਰ ਸੀ। ਸੋਮਵਾਰ ਨੂੰ ਮਰੀਜ਼ ਵੀ ਜ਼ਿਆਦਾ ਹੁੰਦੇ ਸਨ। ਐਤਵਾਰ ਨੂੰ ਪ੍ਰਾਈਵੇਟ ਹਸਪਤਾਲ ਬੰਦ ਹੁੰਦਾ ਸੀ ਤੇ ਇਸੇ ਕਰਕੇ ਇੰਦਰਪਾਲ ਵੀ ਐਤਵਾਰ ਨੂੰ ਆਪਣੀ ਦੁਕਾਨ ਬੰਦ ਰੱਖਦਾ ਸੀ। ਇਸੇ ਐਤਵਾਰ ਦਾ ਫਾਇਦਾ ਉਠਾਉਂਦਿਆਂ ਇੰਦਰਪਾਲ ਕੱਲ੍ਹ ਕੁਲਦੀਪ ਨੂੰ ਦਿੱਲੀ ਹਵਾਈ ਅੱਡੇ ’ਤੇ ਛੱਡਣ ਚਲਾ ਗਿਆ ਸੀ।
ਕੋਈ ਦੋ ਕੁ ਹਫ਼ਤੇ ਪਹਿਲਾਂ ਦੀ ਗੱਲ ਹੈ, ਜਦੋਂ ਆਸਟਰੇਲੀਆ ਵਿੱਚ ਕ੍ਰਿਸਮਿਸ ਦੀਆਂ ਛੁੱਟੀਆਂ ਸਨ। ਕੁਲਦੀਪ ਸਿਡਨੀ ਤੋਂ ਜਲੰਧਰ ਆਪਣੇ ਘਰ ਆਪਣੇ ਮੰਮੀ-ਪਾਪਾ ਕੋਲ ਇੱਕ ਮਹੀਨੇ ਦੀ ਛੁੱਟੀ ਆਇਆ ਸੀ। ਜਲੰਧਰ ਆਉਣ ਤੋਂ ਪਹਿਲਾਂ ਸਿਡਨੀ ਤੋਂ ਹੀ ਕੁਲਦੀਪ ਨੇ ਇੰਦਰਪਾਲ ਨੂੰ ਫੋਨ ਕਰ ਕੇ ਆਪਣੇ ਆਉਣ ਦਾ ਮਕਸਦ ਦੱਸਿਆ ਸੀ। ਕੁਲਦੀਪ ਅਤੇ ਇੰਦਰਪਾਲ ਕਾਲਜ ਵਿੱਚ ਇਕੱਠੇ ਇੱਕੋ ਜਮਾਤ ਵਿੱਚ ਪੜ੍ਹਦੇ ਸਨ। ਦੋਵਾਂ ਦੀ ਚੰਗੀ ਦੋਸਤੀ ਵੀ ਸੀ। ਕਾਲਜ ਦੀ ਪੜ੍ਹਾਈ ਕਰ ਕੇ ਕੁਲਦੀਪ ਮੈਡੀਕਲ ਕਾਲਜ ਵਿੱਚ ਦਾਖਲ ਹੋ ਗਿਆ ਤੇ ਡਾਕਟਰ ਬਣ ਗਿਆ। ਇੰਦਰਪਾਲ ਵੀ ਮੈਡੀਕਲ ਕਾਲਜ ਵਿੱਚ ਦਾਖਲ ਹੋ ਗਿਆ, ਪਰ ਉਸ ਨੇ ਫਾਰਮੇਸੀ ਦਾ ਡਿਪਲੋਮਾ ਕਰ ਲਿਆ ਤੇ ਆਪਣੇ ਪਿਤਾ ਜੀ ਦੀ ਕੈਮਿਸਟ ਦੀ ਦੁਕਾਨ ’ਤੇ ਪਿਤਾ ਜੀ ਦਾ ਹੱਥ ਵਟਾਉਣ ਲੱਗ ਪਿਆ। ਤਕਰੀਬਨ ਸਾਲ ਕੁ ਬਾਅਦ ਇੰਦਰਪਾਲ ਦੇ ਪਿਤਾ ਜੀ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਕੈਮਿਸਟ ਦੀ ਦੁਕਾਨ ਇੰਦਰਪਾਲ ਨੂੰ ਇਕੱਲਿਆਂ ਸੰਭਾਲਣੀ ਪਈ। ਇੰਦਰਪਾਲ ਤੇ ਕੁਲਦੀਪ ਦੋਵਾਂ ਦੀ ਦੋਸਤੀ ਪੱਕੀ ਹੁੰਦੀ ਗਈ। ਇਸ ਵਾਰੀ ਕੁਲਦੀਪ ਦਾ ਕ੍ਰਿਸਮਿਸ ਦੀਆਂ ਛੁੱਟੀਆਂ ਵਿੱਚ ਘਰ ਆਉਣ ਦਾ ਮਕਸਦ ਸੀ, ਕਿਸੇ ਚੰਗੇ ਘਰ ਦੀ ਪੜ੍ਹੀ-ਲਿਖੀ ਕੁੜੀ ਲੱਭ ਕੇ ਉਸ ਨੂੰ ਆਪਣੀ ਜੀਵਨ ਸਾਥਣ ਬਣਾਉਣਾ।
ਇੰਦਰਪਾਲ ਦੇ ਚਾਚਾ ਜੀ ਦੀ ਕੁੜੀ ਸੀ। ਨਾਮ ਸੀ ਨਿਰਮਲ ਕੌਰ, ਪਰ ਸਾਰੇ ਉਸ ਨੂੰ ਨਿੰਮੀ ਕਹਿ ਕੇ ਬੁਲਾਉਂਦੇ ਸਨ। ਨਿੰਮੀ ਨੇ ਕੈਮਿਸਟਰੀ ਦੀ ਐੱਮ.ਐੱਸਸੀ. ਕੀਤੀ ਹੋਈ ਸੀ ਤੇ ਹੈ ਵੀ ਰੱਜ ਕੇ ਸੋਹਣੀ। ਉਹ ਕੁੜੀਆਂ ਦੇ ਸਰਕਾਰੀ ਕਾਲਜ ਵਿੱਚ ਪ੍ਰੋਫੈਸਰ ਲੱਗੀ ਹੋਈ ਸੀ ਤੇ ਸੁਭਾਅ ਦੀ ਵੀ ਬਹੁਤ ਮਿੱਠੀ। ਇੰਦਰਪਾਲ ਨੇ ਆਪਣੇ ਚਾਚਾ ਜੀ ਨਾਲ ਗੱਲ ਕੀਤੀ। ਕੁਲਦੀਪ ਬਾਰੇ ਦੱਸਿਆ ਕਿ ਉਹ ਸਿਡਨੀ ਵਿੱਚ ਡਾਕਟਰ ਹੈ। ਬਹੁਤ ਹੀ ਖ਼ੂਬਸੂਰਤ ਨੌਜਵਾਨ ਹੈ। ਮਰੀਜ਼ਾਂ ਦੀ ਸੇਵਾ ਤਨ ਮਨ ਨਾਲ ਕਰਦਾ ਹੈ। ਸਿਡਨੀ ਵਿੱਚ ਡਾਲਰਾਂ ਦੇ ਪਿੱਛੇ ਨਹੀਂ ਦੌੜਦਾ, ਬਲਕਿ ਡਾਲਰ ਉਸ ਦੇ ਪਿੱਛੇ ਦੌੜੇ ਆਉਂਦੇ ਨੇ। ਇੰਦਰਪਾਲ ਆਪਣੇ ਚਾਚਾ ਜੀ ਨੂੰ ਕਹਿਣ ਲੱਗਾ, ‘‘ਚਾਚਾ ਜੀ! ਨਿੰਮੀ ਭੈਣ ਲਈ ਕੁਲਦੀਪ ਤੋਂ ਵਧੀਆ ਰਿਸ਼ਤਾ ਨਹੀਂ ਮਿਲਣਾ। ਮੈਂ ਇਸ ਦੀ ਗਰੰਟੀ ਲੈਂਦਾ ਹਾਂ।’ ਇੰਦਰਪਾਲ ਦੇ ਚਾਚਾ ਜੀ ਮੰਨ ਗਏ। ਕਹਿਣ ਲੱਗੇ, ‘‘ਠੀਕ ਹੈ ਇੰਦਰ! ਤੂੰ ਕੁਲਦੀਪ ਤੇ ਉਸ ਦੇ ਮਾਂ-ਬਾਪ ਨੂੰ ਸਾਡੇ ਘਰ ਲੈ ਆ। ਉਹ ਨਿੰਮੀ ਨੂੰ ਵੇਖ ਲੈਣ ਅਤੇ ਨਿੰਮੀ ਵੀ ਕੁਲਦੀਪ ਨੂੰ ਵੇਖ ਲਏਗੀ। ਜੇ ਵਾਹਿਗੁਰੂ ਨੂੰ ਮਨਜ਼ੂਰ ਹੋਇਆ ਤਾਂ ਰਿਸ਼ਤਾ ਹੋ ਜਾਏਗਾ।’’
ਇੰਦਰਪਾਲ ਕਹਿਣ ਲੱਗਾ, ‘‘ਚਾਚਾ ਜੀ! ਮੈਨੂੰ ਪੂਰਾ ਯਕੀਨ ਹੈ ਕਿ ਵਾਹਿਗੁਰੂ ਦੀ ਮਿਹਰ ਸਦਕਾ ਇਹ ਸ਼ੁਭ ਕਾਰਜ ਜ਼ਰੂਰ ਰਾਸ ਆਏਗਾ।’’
ਇੰਦਰਪਾਲ ਵਿਚੋਲਾ ਬਣ ਗਿਆ। ਇੱਕ ਦਿਨ ਮਿਥਿਆ ਗਿਆ ਜਦੋਂ ਕੁਲਦੀਪ ਅਤੇ ਉਸ ਦੇ ਮਾਂ-ਬਾਪ ਨੂੰ ਲੈ ਕੇ ਇੰਦਰਪਾਲ ਪਹਿਲਾਂ ਦਰਬਾਰ ਸਾਹਿਬ ਜਾਏਗਾ। ਉੱਥੇ ਕਾਰਜ ਰਾਸ ਆਉਣ ਦੀ ਅਰਦਾਸ ਕਰ ਕੇ ਉਨ੍ਹਾਂ ਨੂੰ ਆਪਣੇ ਚਾਚਾ ਜੀ ਦੇ ਘਰ ਲੈ ਆਏਗਾ।
ਇੰਦਰਪਾਲ ਦੇ ਚਾਚਾ ਜੀ ਅਤੇ ਚਾਚੀ ਜੀ ਵੱਲੋਂ ਪ੍ਰਾਹੁਣਿਆਂ ਦੀ ਖ਼ੂਬ ਸੇਵਾ ਕੀਤੀ ਗਈ। ਗੱਲਾਂ-ਬਾਤਾਂ ਚੱਲਦੀਆਂ ਰਹੀਆਂ। ਵਕਤ ਬੀਤਦਾ ਗਿਆ। ਗੱਲਾਂ-ਬਾਤਾਂ ਦੇ ਨਾਲ ਨਾਲ ਚਾਹ ਪਾਣੀ ਦੀ ਸੇਵਾ ਵੀ ਚੱਲਦੀ ਰਹੀ, ਪਰ ਨਿੰਮੀ ਕਿਤੇ ਨਜ਼ਰ ਨਾ ਆਈ। ਕੁਲਦੀਪ ਨੂੰ ਤਾਂ ਕਾਹਲੀ ਪਈ ਹੋਈ ਸੀ ਕਿ ਉਹ ਨਿੰਮੀ ਨੂੰ ਦੇਖੇ, ਉਸ ਨਾਲ ਗੱਲਾਂ ਕਰੇ ਅਤੇ ਆਪਣੀ ਜ਼ਿੰਦਗੀ ਦਾ ਇੱਕ ਬਹੁਤ ਹੀ ਅਹਿਮ ਫ਼ੈਸਲਾ ਕਰੇ। ਇੰਦਰਪਾਲ ਨੇ ਕੁਲਦੀਪ ਨੂੰ ਨਿੰਮੀ ਬਾਰੇ ਬਹੁਤ ਕੁਝ ਦੱਸ ਰੱਖਿਆ ਸੀ। ਉਸ ਨੇ ਇੰਦਰਪਾਲ ਨੂੰ ਪੁੱਛਿਆ ਕਿ ਨਿੰਮੀ ਕਿੱਥੇ ਹੈ? ਇੰਦਰਪਾਲ ਨੇ ਆਪਣੇ ਚਾਚਾ ਜੀ ਨੂੰ ਪੁੱਛਿਆ ਤਾਂ ਚਾਚਾ ਜੀ ਨੇ ਦੱਸਿਆ ਕਿ ਪਿਛਲੇ ਦੋ-ਤਿੰਨ ਦਿਨਾਂ ਤੋਂ ਨਿੰਮੀ ਨੂੰ ਬਹੁਤ ਬੁਰੀ ਤਰ੍ਹਾਂ ਖਾਂਸੀ ਬੁਖਾਰ ਹੋ ਗਿਆ ਹੈ। ਉਹ ਠੀਕ ਤਰ੍ਹਾਂ ਬੋਲ ਵੀ ਨਹੀਂ ਸਕਦੀ ਤੇ ਆਪਣੇ ਆਪ ਨੂੰ ਬਹੁਤ ਕਮਜ਼ੋਰ ਮਹਿਸੂਸ ਕਰਦੀ ਹੈ। ਇਸ ਹਾਲਤ ਵਿੱਚ ਉਹ ਸਭ ਦੇ ਸਾਹਮਣੇ ਆਉਣ ਤੋਂ ਝਿਜਕਦੀ ਹੈ। ਇਹ ਸੁਣ ਕੇ ਕੁਲਦੀਪ ਦੀ ਡਾਕਟਰੀ ਜਾਗੀ। ਉਸ ਨੇ ਪੁੱਛਿਆ ਕਿ ਡਾਕਟਰ ਨੂੰ ਵਿਖਾਇਆ ਹੋਵੇਗਾ। ਚਾਚਾ ਜੀ ਨੇ ਦੱਸਿਆ ਕਿ ਡਾਕਟਰ ਨੇ ਦਵਾਈਆਂ ਦਿੱਤੀਆਂ ਹਨ। ਕਹਿੰਦਾ ਸੀ ਦੋ-ਚਾਰ ਦਿਨਾਂ ਵਿੱਚ ਠੀਕ ਹੋ ਜਾਏਗੀ। ਕੁਲਦੀਪ ਨੇ ਇੰਦਰਪਾਲ ਨੂੰ ਪੁੱਛਿਆ ਕਿ ਕੀ ਉਹ ਨਿੰਮੀ ਨੂੰ ਉਸ ਦੇ ਕਮਰੇ ਵਿੱਚ ਜਾ ਕੇ ਮਿਲ ਸਕਦਾ ਹੈ? ਇੰਦਰਪਾਲ ਨੇ ਆਪਣੇ ਚਾਚਾ ਜੀ ਨੂੰ ਪੁੱਛਿਆ ਅਤੇ ਅੱਗੋਂ ਚਾਚਾ ਜੀ ਦਾ ਜਵਾਬ ਸੀ, ‘‘ਕਿਉਂ ਨਹੀਂ ਪੁੱਤਰ ਜੀ।’’ ਤੇ ਫਿਰ ਚਾਚਾ ਜੀ ਕੁਲਦੀਪ ਨੂੰ ਕਹਿਣ ਲੱਗੇ, ‘‘ਆਓ ਪੁੱਤਰ ਜੀ! ਮੈਂ ਤੁਹਾਨੂੰ ਨਿੰਮੀ ਕੋਲ ਲੈ ਕੇ ਚੱਲਦਾ ਹਾਂ।’’
ਕੁਝ ਮਿੰਟਾਂ ਬਾਅਦ ਕੁਲਦੀਪ ਨਿੰਮੀ ਕੋਲ ਬੈਠਾ ਸੀ। ਨਿੰਮੀ ਸਿਰਹਾਣੇ ਦਾ ਢੋਅ ਲਾ ਕੇ ਆਪਣੇ ਪਲੰਘ ’ਤੇ ਬੈਠ ਗਈ। ਕੁਲਦੀਪ ਅਤੇ ਨਿੰਮੀ ਇੱਕ-ਦੂਜੇ ਨਾਲ ਗੱਲਾਂ ਕਰਨ ਲੱਗੇ। ਦੋਵੇਂ ਇੰਝ ਮਹਿਸੂਸ ਕਰਨ ਲੱਗੇ ਕਿ ਜਿਵੇਂ ਉਹ ਸਦੀਆਂ ਤੋਂ ਇੱਕ-ਦੂਜੇ ਦੇ ਸਾਥੀ ਹੋਣ। ਕੁਝ ਦੇਰ ਗੱਲਾਂ ਹੋਈਆਂ। ਕੁਲਦੀਪ ਨੂੰ ਮਹਿਸੂਸ ਹੋਇਆ ਕਿ ਨਿੰਮੀ ਕੋਲੋਂ ਜ਼ਿਆਦਾ ਦੇਰ ਬੈਠਿਆ ਨਹੀਂ ਜਾ ਰਿਹਾ। ਖਾਂਸੀ ਬੁਖਾਰ ਦੇ ਕਾਰਨ ਗੱਲਾਂ ਕਰਨ ਵਿੱਚ ਵੀ ਮੁਸ਼ਕਲ ਆ ਰਹੀ ਸੀ। ਫਿਰ ਕੁਲਦੀਪ ਆਪ ਹੀ ਉੱਠਿਆ, ਨਿੰਮੀ ਨੂੰ ਆਰਾਮ ਕਰਨ ਲਈ ਕਿਹਾ, ਸਤਿ ਸ੍ਰੀ ਅਕਾਲ ਆਖੀ ਤੇ ਕਮਰੇ ਵਿੱਚੋਂ ਬਾਹਰ ਆ ਗਿਆ। ਬਾਹਰ ਆਉਂਦਿਆਂ ਉਸ ਨੂੰ ਇੰਝ ਮਹਿਸੂਸ ਹੋ ਰਿਹਾ ਸੀ ਕਿ ਉਹ ਆਪਣਾ ਸਭ ਕੁਝ ਨਿੰਮੀ ਕੋਲ ਛੱਡ ਆਇਆ ਹੈ। ਉੱਧਰ ਨਿੰਮੀ ਮਹਿਸੂਸ ਕਰ ਰਹੀ ਸੀ ਕਿ ਉਸ ਦਾ ਸਭ ਕੁਝ ਕੁਲਦੀਪ ਆਪਣੇ ਨਾਲ ਲੈ ਗਿਆ ਹੈ।
ਇੰਦਰਪਾਲ ਦੇ ਚਾਚਾ ਜੀ ਤੇ ਚਾਚੀ ਜੀ ਨੇ ਇੰਦਰਪਾਲ ਕੋਲੋਂ ਕੁਲਦੀਪ ਦੇ ਮੰਮੀ-ਪਾਪਾ ਦੀ ਰਾਏ ਜਾਣਨੀ ਚਾਹੀ ਕਿ ਉਨ੍ਹਾਂ ਨੂੰ ਨਿੰਮੀ ਪਸੰਦ ਆਈ ਕਿ ਨਹੀਂ? ਇਸ ਤੋਂ ਪਹਿਲਾਂ ਕਿ ਪਾਪਾ ਕੁਝ ਕਹਿਣ, ਕੁਲਦੀਪ ਦੇ ਮੰਮੀ ਬੋਲ ਪਏ, ‘‘’ਅਸੀਂ ਘਰ ਜਾ ਕੇ ਸਲਾਹ ਕਰਾਂਗੇ ਤੇ ਇੱਕ-ਦੋ ਦਿਨਾਂ ਵਿੱਚ ਇੰਦਰਪਾਲ ਨੂੰ ਆਪਣਾ ਫ਼ੈਸਲਾ ਦੱਸ ਦਿਆਂਗੇ।’’
ਇੰਦਰਪਾਲ ਆਪਣੇ ਜਿਗਰੀ ਦੋਸਤ ਕੁਲਦੀਪ ਅਤੇ ਉਸ ਦੇ ਮੰਮੀ-ਪਾਪਾ ਨੂੰ ਆਪਣੇ ਘਰ ਲੈ ਆਇਆ। ਇੰਦਰਪਾਲ, ਕੁਲਦੀਪ ਤੇ ਉਸ ਦੇ ਪਾਪਾ ਤਾਂ ਦਿਲ ਵਿੱਚ ਪੱਕੀ ਕਰੀ ਬੈਠੇ ਸਨ ਕਿ ਇਹ ਰਿਸ਼ਤਾ ਬਹੁਤ ਵਧੀਆ ਹੈ, ਪਰ ਕੁਲਦੀਪ ਦੇ ਮੰਮੀ ਨੇ ਰੋੜਾ ਅਟਕਾ ਦਿੱਤਾ। ਕਹਿਣ ਲੱਗੇ, ‘‘ਮੈਨੂੰ ਇਹ ਰਿਸ਼ਤਾ ਬਿਲਕੁਲ ਪਸੰਦ ਨਹੀਂ। ਇੱਕ ਬਿਮਾਰ ਕੁੜੀ ਨੂੰ ਮੈਂ ਆਪਣੀ ਨੂੰਹ ਨਹੀਂ ਬਣਾ ਸਕਦੀ।’’
ਕੁਲਦੀਪ ਕਹਿਣ ਲੱਗਾ, ‘‘’ਮੰਮੀ ਜੀ! ਇਹ ਤਾਂ ਦੋ-ਚਾਰ ਦਿਨਾਂ ਦੀ ਗੱਲ ਹੈ। ਸਰਦੀਆਂ ਦਾ ਮੌਸਮ ਹੈ। ਇਸ ਮੌਸਮ ਵਿੱਚ ਤਾਂ ਕਿਸੇ ਨੂੰ ਵੀ ਖਾਂਸੀ ਬੁਖਾਰ ਹੋ ਸਕਦਾ ਹੈ।’’
ਮੰਮੀ ਕਹਿਣ ਲੱਗੇ, ‘‘ਇਹ ਦਮਾ ਵੀ ਤਾਂ ਹੋ ਸਕਦਾ ਹੈ, ਉਨ੍ਹਾਂ ਨੇ ਤਾਂ ਸਾਨੂੰ ਕੁੜੀ ਦੀ ਸ਼ਕਲ ਤੱਕ ਨਹੀਂ ਵਿਖਾਈ।’’
ਕੁਲਦੀਪ ਕਹਿਣ ਲੱਗਾ, ‘‘ਮੰਮੀ ਜੀ! ਮੈਂ ਨਿੰਮੀ ਨੂੰ ਵੇਖਿਆ ਹੈ। ਮੈਂ ਡਾਕਟਰ ਹਾਂ। ਉਸ ਨੂੰ ਦਮਾ ਬਿਲਕੁਲ ਨਹੀਂ। ਬਸ ਖਾਂਸੀ ਬਲਗਮ ਕਰਕੇ ਉਹ ਜ਼ਿਆਦਾ ਬੋਲ ਨਹੀਂ ਸੀ ਸਕਦੀ। ਬੁਖ਼ਾਰ ਕਰਕੇ ਉਸ ਨੂੰ ਕਮਜ਼ੋਰੀ ਮਹਿਸੂਸ ਹੁੰਦੀ ਸੀ, ਜਿਸ ਕਰਕੇ ਉਹ ਆਪਣੇ ਕਮਰੇ ਵਿੱਚੋਂ ਬਾਹਰ ਆਉਣ ਤੋਂ ਝਿਜਕਦੀ ਸੀ।
ਕੁਲਦੀਪ ਤੇ ਉਸ ਦੇ ਪਾਪਾ ਨੇ ਬਹੁਤ ਕੋਸ਼ਿਸ਼ ਕੀਤੀ ਕਿ ਕੁਲਦੀਪ ਦੇ ਮੰਮੀ ਇਸ ਰਿਸ਼ਤੇ ਲਈ ਮੰਨ ਜਾਣ, ਪਰ ਉਹ ਨਾ ਮੰਨੇ। ਇੰਦਰਪਾਲ ਨੇ ਵੀ ਜੋ ਕਹਿਣਾ ਸੀ ਕਹਿ ਲਿਆ ਤੇ ਫਿਰ ਉਦਾਸ ਜਿਹਾ ਹੋ ਗਿਆ। ਕਹਿਣ ਲੱਗਾ, ‘‘ਇਹ ਵਾਹਿਗੁਰੂ ਦੀ ਮਰਜ਼ੀ ਹੈ। ਕਾਰਜ ਰਾਸ ਨਹੀਂ ਆਇਆ।’’
ਕੁਲਦੀਪ ਮੰਮੀ ਨੂੰ ਕਹਿਣ ਲੱਗਾ, ‘‘ਮੰਮੀ ਜੀ! ਇਨ੍ਹਾਂ ਕ੍ਰਿਸਮਿਸ ਦੀਆਂ ਛੁੱਟੀਆਂ ਵਿੱਚ ਮੈਨੂੰ ਨਿੰਮੀ ਨਹੀਂ ਮਿਲੀ। ਮੈਂ ਈਸਟਰ ਦੀਆਂ ਛੁੱਟੀਆਂ ਵਿੱਚ ਫਿਰ ਆਵਾਂਗਾ। ਅਸੀਂ ਉਦੋਂ ਫਿਰ ਤੁਹਾਨੂੰ ਨਿੰਮੀ ਕੋਲ ਲੈ ਕੇ ਜਾਵਾਂਗੇ। ਮੈਨੂੰ ਯਕੀਨ ਹੈ ਕਿ ਉਦੋਂ ਤੁਹਾਨੂੰ ਨਿੰਮੀ ਬਹੁਤ ਪਸੰਦ ਆਏਗੀ।’’
ਮੰਮੀ ਕਹਿਣ ਲੱਗੇ, ‘‘ਉਦੋਂ ਦੀ ਉਦੋਂ ਵੇਖਾਂਗੇ।’’
ਕੁਲਦੀਪ ਨੇ ਇੰਦਰਪਾਲ ਨੂੰ ਇਸ ਗੱਲ ’ਤੇ ਰਾਜ਼ੀ ਕਰ ਲਿਆ ਕਿ ਉਹ ਆਉਂਦੇ ਐਤਵਾਰ ਉਸ ਨੂੰ ਛੱਡਣ ਦਿੱਲੀ ਦੇ ਹਵਾਈ ਅੱਡੇ ’ਤੇ ਜ਼ਰੂਰ ਆਏਗਾ।
ਇੰਦਰਪਾਲ ਕੁਲਦੀਪ ਨੂੰ ਦਿੱਲੀ ਦੇ ਹਵਾਈ ਅੱਡੇ ’ਤੇ ਸਿਡਨੀ ਦੇ ਜਹਾਜ਼ ਵਿੱਚ ਚੜ੍ਹਾ ਕੇ ਵਾਪਸ ਅੰਮ੍ਰਿਤਸਰ ਪਹੁੰਚ ਗਿਆ। ਘਰੋਂ ਤਿਆਰ ਹੋ ਕੇ, ਦਰਬਾਰ ਸਾਹਿਬ ਤੋਂ ਹੋ ਕੇ ਆਪਣੀ ਦੁਕਾਨ ’ਤੇ ਵਕਤ ਸਿਰ ਪਹੁੰਚ ਗਿਆ। ਇੰਦਰਪਾਲ ਨੂੰ ਅਜੇ ਆਪਣੀ ਦੁਕਾਨ ਖੋਲ੍ਹੀ ਨੂੰ ਦਸ ਕੁ ਮਿੰਟ ਵੀ ਨਹੀਂ ਹੋਏ ਹੋਣਗੇ ਕਿ ਕੁਲਦੀਪ ਨੇ ਆ ਸ਼ਕਲ ਦਿਖਾਈ। ਇੱਕ ਤਾਂ ਹੈਰਾਨੀ ਹੁੰਦੀ ਹੈ, ਇੱਕ ਹੈਰਾਨੀ ਦੀ ਹੱਦ ਹੁੰਦੀ ਹੈ, ਪਰ ਇਹ ਤਾਂ ਹੱਦ ਤੋਂ ਕਿਤੇ ਜ਼ਿਆਦਾ ਵੱਧ ਸੀ। ਇੰਦਰਪਾਲ ਤਾਂ ਜਿਵੇਂ ਇੱਕ ਥਾਂ ’ਤੇ ਖੜ੍ਹੇ ਦਾ ਖੜ੍ਹਾ ਰਹਿ ਗਿਆ। ਉਸ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ। ਹੈਂ..? ਇਹ ਕਿਵੇਂ ਹੋ ਸਕਦੈ? ਇਹ ਇੱਥੇ ਕਿਵੇਂ ? ਇਸ ਨੂੰ ਤਾਂ ਐਸ ਵੇਲੇ ਆਸਟਰੇਲੀਆ ਵਿੱਚ ਹੋਣਾ ਚਾਹੀਦਾ ਸੀ।
ਕੁਲਦੀਪ ਨੇ ਦੱਸਿਆ ਕਿ ਜਦੋਂ ਜਹਾਜ਼ ਉੱਡ ਪਿਆ ਤਾਂ ਸਭ ਠੀਕ ਠਾਕ ਸੀ। ਅੱਧੇ ਕੁ ਘੰਟੇ ਬਾਅਦ ਹੀ ਜਹਾਜ਼ ਦੇ ਪਾਇਲਟ ਵੱਲੋਂ ਅਨਾਊਂਸਮੈਂਟ ਹੋਈ ਕਿ ਜਹਾਜ਼ ਵਿੱਚ ਕੋਈ ਤਕਨੀਕੀ ਖ਼ਰਾਬੀ ਆ ਗਈ ਹੈ ਜਿਸ ਕਾਰਨ ਜਹਾਜ਼ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਉਤਰਨਾ ਪੈ ਰਿਹਾ ਹੈ। ਸਾਰੇ ਯਾਤਰੀ ਸਾਰੀ ਰਾਤ ਹਵਾਈ ਜਹਾਜ਼ ਵਿੱਚ ਬੈਠੇ ਰਹੇ। ਸਵੇਰ ਵੇਲੇ ਦੱਸਿਆ ਗਿਆ ਕਿ ਸਾਰੇ ਯਾਤਰੀਆਂ ਲਈ ਚਾਰ ਦਿਨਾਂ ਲਈ ਹੋਟਲ ਵਿੱਚ ਠਹਿਰਨ ਦਾ ਇੰਤਜ਼ਾਮ ਕੀਤਾ ਗਿਆ ਹੈ। ਜਹਾਜ਼ ਨੂੰ ਠੀਕ ਹੁੰਦਿਆਂ ਚਾਰ ਦਿਨ ਲੱਗ ਸਕਦੇ ਨੇ। ਇਹ ਆਸਟਰੇਲੀਆ ਦਾ ਜਹਾਜ਼ ਹੈ। ਇਸ ਨੂੰ ਠੀਕ ਕਰਨ ਲਈ ਇਸ ਦੇ ਇੰਜੀਨੀਅਰ ਆਸਟਰੇਲੀਆ ਤੋਂ ਆ ਰਹੇ ਹਨ। ਜਹਾਜ਼ ਵਾਲਿਆਂ ਨੇ ਸਭ ਯਾਤਰੀਆਂ ਨੂੰ ਅੰਮ੍ਰਿਤਸਰ ਘੁੰਮਣ ਫਿਰਨ ਦੀ ਇਜਾਜ਼ਤ ਵੀ ਦੇ ਦਿੱਤੀ। ਸਭ ਨੂੰ ਚਾਰ ਦਿਨਾਂ ਦਾ ਟੂਰਿਸਟ ਵੀਜ਼ਾ ਮਿਲ ਗਿਆ। ਬਸ ਫਿਰ ਕੀ ਸੀ। ਹੋਟਲ ਵਿੱਚੋਂ ਕੁਲਦੀਪ ਸਿੱਧਾ ਇੰਦਰਪਾਲ ਕੋਲ ਆ ਗਿਆ।
ਕੁਲਦੀਪ ਨੇ ਇੰਦਰਪਾਲ ਨੂੰ ਜਹਾਜ਼ ਦੇ ਖ਼ਰਾਬ ਹੋਣ ਦੀ ਤੇ ਫਿਰ ਅੰਮ੍ਰਿਤਸਰ ਉਤਰਨ ਦੀ ਸਾਰੀ ਕਹਾਣੀ ਦੱਸ ਦਿੱਤੀ। ਕੁਲਦੀਪ ਕਹਿਣ ਲੱਗਾ ਕਿ ਉਹ ਜਲੰਧਰ ਜਾ ਕੇ ਆਪਣੇ ਮੰਮੀ-ਪਾਪਾ ਨੂੰ ਲੈ ਕੇ ਵਾਪਸ ਅੰਮ੍ਰਿਤਸਰ ਪਹੁੰਚ ਜਾਏਗਾ। ਇੰਨੇ ਚਿਰ ਤੱਕ ਇੰਦਰਪਾਲ ਆਪਣੇ ਚਾਚਾ ਜੀ ਨੂੰ ਦੱਸ ਦੇਵੇ ਕਿ ਅਸੀਂ ਸ਼ਾਮ ਨੂੰ ਉਨ੍ਹਾਂ ਦੇ ਘਰ ਆਵਾਂਗੇ। ਇੰਦਰਪਾਲ ਨੇ ਕੁਲਦੀਪ ਨੂੰ ਜਲੰਧਰ ਜਾਣ ਤੋਂ ਰੋਕ ਲਿਆ। ਉਸ ਨੇ ਕੁਲਦੀਪ ਨੂੰ ਸਮਝਾਇਆ ਕਿ ਉਸ ਕੋਲ ਵੀਜ਼ਾ ਸਿਰਫ਼ ਅੰਮ੍ਰਿਤਸਰ ਵਿੱਚ ਘੁੰਮਣ ਫਿਰਨ ਦਾ ਹੈ। ਇਸ ਲਈ ਉਸ ਨੂੰ ਅੰਮ੍ਰਿਤਸਰ ਹੀ ਰਹਿਣਾ ਚਾਹੀਦਾ ਹੈ। ਆਪਣੇ ਮੰਮੀ-ਪਾਪਾ ਨੂੰ ਫੋਨ ਕਰ ਕੇ ਸਾਰੀ ਗੱਲ ਦੱਸੇ ਤੇ ਉਨ੍ਹਾਂ ਨੂੰ ਇੱਥੇ ਬੁਲਾ ਲਵੇ। ਇੰਦਰਪਾਲ ਨੂੰ ਯਕੀਨ ਹੈ ਕਿ ਉਹ ਆ ਜਾਣਗੇ। ਇੰਦਰਪਾਲ ਨੇ ਸਲਾਹ ਦਿੱਤੀ ਕਿ ਕੁਲਦੀਪ ਦੇ ਮੰਮੀ-ਪਾਪਾ ਦਰਬਾਰ ਸਾਹਿਬ ਆ ਜਾਣ। ਉੱਥੇ ਮੱਥਾ ਟੇਕ ਕੇ ਤੇ ਕਾਰਜ ਰਾਸ ਆਉਣ ਦੀ ਅਰਦਾਸ ਕਰ ਕੇ, ਉਹ ਉਨ੍ਹਾਂ ਨੂੰ ਆਪਣੇ ਚਾਚਾ ਜੀ ਦੇ ਘਰ ਲੈ ਜਾਏਗਾ।
ਇੰਦਰਪਾਲ ਨੇ ਫੋਨ ਕਰ ਕੇ ਆਪਣੇ ਚਾਚੀ ਜੀ ਨੂੰ ਸਾਰੀ ਗੱਲ ਦੱਸ ਦਿੱਤੀ। ਕੁਲਦੀਪ ਨੇ ਫੋਨ ਕਰ ਕੇ ਆਪਣੇ ਮੰਮੀ-ਪਾਪਾ ਨੂੰ ਦਰਬਾਰ ਸਾਹਿਬ ਬੁਲਾ ਲਿਆ। ਇੰਦਰਪਾਲ ਨੇ ਦਰਬਾਰ ਸਾਹਿਬ ਵਿੱਚ ਅਰਦਾਸ ਕੀਤੀ ਕਿ ਵਾਹਿਗੁਰੂ ਕਾਰਜ ਰਾਸ ਕਰਨ। ਦਰਬਾਰ ਸਾਹਿਬ ਤੋਂ ਇੰਦਰਪਾਲ ਕੁਲਦੀਪ ਤੇ ਉਸ ਦੇ ਮੰਮੀ-ਪਾਪਾ ਨੂੰ ਆਪਣੇ ਚਾਚਾ ਜੀ ਦੇ ਘਰ ਲੈ ਗਿਆ।
ਚਾਚਾ ਜੀ, ਚਾਚੀ ਜੀ ਤੇ ਨਿੰਮੀ ਬੜੇ ਉਤਸ਼ਾਹ ਨਾਲ ਪ੍ਰਾਹੁਣਿਆਂ ਦੀ ਉਡੀਕ ਕਰ ਰਹੇ ਸਨ। ਨਿੰਮੀ ਤਾਂ ਕੁਝ ਜ਼ਿਆਦਾ ਹੀ ਖ਼ੁਸ਼ ਲੱਗਦੀ ਸੀ। ਇਸ ਵਾਰੀ ਫਿਰ ਪ੍ਰਾਹੁਣਿਆਂ ਦੀ ਖ਼ੂਬ ਸੇਵਾ ਕੀਤੀ ਗਈ। ਸੇਵਾ ਕਰਨ ਵਿੱਚ ਨਿੰਮੀ ਸਭ ਤੋਂ ਅੱਗੇ ਸੀ। ਸਾਰੇ ਇਸ ਗੱਲੋਂ ਹੈਰਾਨ ਵੀ ਹੋਏ ਕਿ ਜਹਾਜ਼ ਖ਼ਰਾਬ ਹੋ ਗਿਆ। ਇਹ ਸਤਿਗੁਰੂ ਦੀ ਰਚਾਈ ਹੋਈ ਖੇਡ ਸੀ ਕਿ ਸਾਰੇ ਫਿਰ ਇਕੱਠੇ ਹੋ ਗਏ।
ਨਿੰਮੀ ਦੇ ਪਾਪਾ ਕੁਲਦੀਪ ਨੂੰ ਕਹਿਣ ਲੱਗੇ, ‘‘ਪੁੱਤਰ ਜੀ, ਤੁਸੀਂ ਨਿੰਮੀ ਨਾਲ ਕਿਤੇ ਘੁੰਮਣ ਫਿਰਨ ਜਾਣਾ ਚਾਹੋ ਤਾਂ ਜਾ ਸਕਦੇ ਹੋ। ਪਿਛਲੀ ਵਾਰੀ ਤਾਂ ਨਿੰਮੀ ਬਿਮਾਰ ਹੋਣ ਕਰਕੇ ਕਿਤੇ ਨਹੀਂ ਜਾ ਸਕੀ।’’
ਕੁਲਦੀਪ ਕਹਿਣ ਲੱਗਾ, ‘‘ਨਹੀਂ ਅੰਕਲ ਜੀ! ਮੇਰੀ ਤਾਂ ਕੋਈ ਗੱਲ ਨਹੀਂ, ਤੁਸੀਂ ਮੇਰੇ ਮੰਮੀ ਜੀ ਨੂੰ ਨਿੰਮੀ ਨਾਲ ਵੱਖਰੇ ਕਮਰੇ ਵਿੱਚ ਗੱਲ ਕਰਵਾ ਦਿਓ।’’
ਨਿੰਮੀ ਦੇ ਪਾਪਾ ਕਹਿਣ ਲੱਗੇ, ‘‘ਠੀਕ ਹੈ, ਮੈਨੂੰ ਕੋਈ ਇਤਰਾਜ਼ ਨਹੀਂ।’’ ਫਿਰ ਉਹ ਕੁਲਦੀਪ ਦੇ ਮੰਮੀ ਨੂੰ ਕਹਿਣ ਲੱਗੇ, ‘‘ਭੈਣ ਜੀ! ਆਓ ਮੈਂ ਤੁਹਾਨੂੰ ਨਿੰਮੀ ਦੇ ਸਟੱਡੀ ਰੂਮ ਵਿੱਚ ਛੱਡ ਆਉਂਦਾ ਹਾਂ।’’
ਅੱਗੋਂ ਕੁਲਦੀਪ ਦੇ ਮੰਮੀ ਦਾ ਜਵਾਬ ਸੀ, ‘‘ਨਹੀਂ ਭਰਾ ਜੀ! ਇਹ ਤਾਂ ਇੱਕ ਵਾਹਿਗੁਰੂ ਦੀ ਖੇਡ ਹੋਈ ਹੈ ਜੋ ਜਹਾਜ਼ ਖ਼ਰਾਬ ਹੋ ਗਿਆ ਤੇ ਅਸੀਂ ਸਾਰੇ ਫਿਰ ਇੱਥੇ ਇਕੱਠੇ ਹੋ ਗਏ। ਤੁਸੀਂ ਆਪਣੀ ਨਿੰਮੀ ਸਾਡੀ ਝੋਲੀ ਪਾ ਦਿਓ। ਅਸੀਂ ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਕਰਾਂਗੇ।’’ ਸਾਰਿਆਂ ਦੇ ਚਿਹਰਿਆਂ ’ਤੇ ਖ਼ੁਸ਼ੀ ਦੀ ਲਹਿਰ ਦੌੜ ਪਈ। ਰਿਸ਼ਤੇ ਪੱਕੇ ਹੋਣ ਦੀਆਂ ਰਸਮਾਂ ਕੀਤੀਆਂ ਗਈਆਂ। ਰਸਮਾਂ ਤੋਂ ਬਾਅਦ ਇੰਦਰਪਾਲ ਫਿਰ ਦੋਵਾਂ ਪਰਿਵਾਰਾਂ ਨੂੰ ਦਰਬਾਰ ਸਾਹਿਬ ਲੈ ਗਿਆ। ਅਰਦਾਸ ਕੀਤੀ ਗਈ। ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਕਿ ਉਸ ਦੀ ਮਿਹਰ ਸਦਕਾ ਕਾਰਜ ਆਇਆ ਰਾਸ।