ਚੌਕ ਚਾਂਦਨੀ ਦਾ ਬੇਮਿਸਾਲ ਸਾਕਾ...
ਕੈਲਗਰੀ: ਈ ਦੀਵਾਨ ਸੁਸਾਇਟੀ ਕੈਲਗਰੀ ਵੱਲੋਂ ਬੱਚਿਆਂ ਦਾ ਅੰਤਰਰਾਸ਼ਟਰੀ ਕਵੀ ਦਰਬਾਰ ਕਰਵਾਇਆ ਗਿਆ। ਸੁਸਾਇਟੀ ਦੇ ਸੰਸਥਾਪਕ ਜਗਬੀਰ ਸਿੰਘ ਨੇ ਸਭ ਨੂੰ ਜੀ ਆਇਆਂ ਕਹਿੰਦਿਆਂ, ਇਸ ਦਾ ਮਨੋਰਥ ਬੱਚਿਆਂ ਨੂੰ ਪੰਜਾਬੀ ਭਾਸ਼ਾ ਅਤੇ ਆਪਣੀ ਮਹਾਨ ਵਿਰਾਸਤ ਨਾਲ ਜੋੜਨਾ ਦੱਸਿਆ। ਟੋਰਾਂਟੋ ਤੋਂ ਆਈ ਅਨੁਰੀਤ ਕੌਰ ਅਤੇ ਜੈਪੁਰ ਤੋਂ ਬ੍ਰਿਜਮਿੰਦਰ ਕੌਰ ਨੇ ਵਾਰੀ ਵਾਰੀ ਸ਼ਬਦ ਗਾਇਨ ਕਰਕੇ ਸਮਾਗਮ ਦੀ ਆਰੰਭਤਾ ਕੀਤੀ। ਟੋਰਾਂਟੋ ਤੋਂ ਸਿਮਰਲੀਨ ਕੌਰ ਨੇ ਆਪਣੇ ਪਿਤਾ ਪਰਮਜੀਤ ਸਿੰਘ ਨਾਲ ਮਿਲ ਕੇ ਸਾਜ਼ਾਂ ਨਾਲ ਗੀਤ ‘ਬਣ ਜਾਏ ਜ਼ਿੰਦਗੀ ਦਾ, ਇਹ ਦਸਤੂਰ ਨਾਨਕ!’ ਸੁਣਾ ਕੇ ਕਵੀ ਦਰਬਾਰ ਲਈ ਖੂਬਸੂਰਤ ਮਾਹੌਲ ਸਿਰਜ ਦਿੱਤਾ।
ਕੈਲਗਰੀ, ਐਡਮਿੰਟਨ ਅਤੇ ਵਿਨੀਪੈੱਗ ਆਦਿ ਵੱਖ ਵੱਖ ਥਾਵਾਂ ਤੋਂ ਆਏ 19 ਬੱਚਿਆਂ ਨੇ ਇਸ ਕਵੀ ਦਰਬਾਰ ਵਿੱਚ ਹਿੱਸਾ ਲਿਆ। ਇਨ੍ਹਾਂ ਬੱਚਿਆਂ ਦੀ ਉਮਰ ਤਿੰਨ ਸਾਲ ਤੋਂ 13 ਸਾਲ ਤੱਕ ਸੀ। ਕਵੀ ਦਰਬਾਰ ਦੇ ਆਰੰਭ ਵਿੱਚ ਤਹਿਜ਼ੀਬ ਕੌਰ ਟੋਰਾਂਟੋ ਨੇ ਸੁਜਾਨ ਸਿੰਘ ਸੁਜਾਨ ਦੀ ਲਿਖੀ ਕਵਿਤਾ, ‘ਭਾਈ ਜੈਤਾ ਜੀ’ ਸੁਣਾਈ। ਇੱਥੋਂ ਹੀ ਆਈ ਬੱਚੀ ਸਿਮਰੀਨ ਕੌਰ ਨੇ ‘ਇੱਕ ਛੋਟਾ ਬੱਚਾ, ਦਿਲ ਦਾ ਸੱਚਾ’ ਬੜੀ ਮਾਸੂਮੀਅਤ ਨਾਲ ਪੇਸ਼ ਕੀਤੀ। ਸ਼ਹਿਬਾਜ਼ ਸਿੰਘ ਵਿਨੀਪੈੱਗ ਨੇ ‘ਗੁਰੂ ਨਾਨਕ ਜੀ’ ਅਤੇ ਸਿਦਕ ਸਿੰਘ ਗਰੇਵਾਲ ਐਡਮਿੰਟਨ ਨੇ ‘ਨਾਨਕ ਜੀ, ਮੇਰੇ ਨਾਨਕ ਜੀ’ ਕਵਿਤਾ ਸੁਣਾ ਕੇ ਆਪਣੀ ਹਾਜ਼ਰੀ ਲਗਵਾਈ ਜਦੋਂ ਕਿ ਛੋਟੀ ਬੱਚੀ ਨੂਰ ਕੌਰ ਗਰੇਵਾਲ ਨੇ ‘ਮਾਤਾ ਸਾਹਿਬ ਕੌਰ ਦੀ ਧੀ’ ਕਵਿਤਾ ਸੁਣਾ ਕੇ ਸਾਂਝ ਪਾਈ। ਰਹਿਤਪ੍ਰੀਤ ਕੌਰ ਟੋਰਾਂਟੋ ਨੇ ਸਟੇਜੀ ਅੰਦਾਜ਼ ਵਿੱਚ ਕਵਿਤਾ ‘ਕਿਸ ਪਦਵੀ ਦਾ ਨਾਂ ਏ ਸਿੱਖੀ’ ਸੁਣਾ ਕੇ ਸਰੋਤਿਆਂ ਤੋਂ ਪ੍ਰਸੰਸਾ ਖੱਟੀ। ਇਸੇ ਤਰ੍ਹਾਂ 7 ਸਾਲਾਂ ਦੀ ਹਰਅਸੀਸ ਕੌਰ ਕੈਲਗਰੀ ਨੇ ਪੰਥਕ ਕਵੀ ਹਰੀ ਸਿੰਘ ਜਾਚਕ ਦੀ ਕਵਿਤਾ ‘ਚੌਕ ਚਾਂਦਨੀ ਦਾ ਬੇਮਿਸਾਲ ਸਾਕਾ’ ਬੁਲੰਦ ਆਵਾਜ਼ ਵਿੱਚ ਸੁਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਜਿੱਥੇ ਛੋਟੀ ਉਮਰ ਦੇ ਅਨਹਦ ਕੌਰ ਵਿਨੀਪੈਗ, ਅਗਮਬੀਰ ਸਿੰਘ ਕੈਲਗਰੀ, ਵਰਨੂਰ ਕੌਰ ਕੈਲਗਰੀ, ਅੰਗਦ ਸਿੰਘ, ਅਰਲੀਨ ਕੌਰ, ਅਰਥਬੀਰ ਸਿੰਘ ਭਿੰਡਰ, ਕਿਰਤਦੀਪ ਕੌਰ ਅਤੇ ਸਤਕੀਰਤਨ ਸਿੰਘ ਨੇ ਮੂਲ ਮੰਤਰ, ਦਸਾਂ ਪਾਤਿਸ਼ਾਹੀਆਂ ਦੇ ਨਾਮ, ਪੰਜ ਪਿਆਰਿਆਂ ਤੇ ਚਾਰ ਸਾਹਿਬਜ਼ਾਦਿਆਂ ਦੇ ਨਾਮ, ਪੰਜ ਕਕਾਰਾਂ ਦੇ ਨਾਮ ਆਦਿ ਸੁਣਾ ਕੇ ਹਾਜ਼ਰੀ ਲਵਾਈ, ਉੱਥੇ ਮੋਹਕਮ ਸਿੰਘ ਚੌਹਾਨ ਕੈਲਗਰੀ ਨੇ ਇੱਕ ਗੀਤ ‘ਹਿੰਦੂਆਂ ਦੀ ਰਾਖੀ ਕੀਤੀ, ਤੇਗ ਬਹਾਦਰ ਨੇ’ ਖੂਬਸੂਰਤ ਅੰਦਾਜ਼ ਵਿੱਚ ਗਾ ਕੇ ਸਾਂਝ ਪਾਈ। ਬੱਚੀ ਜਸਜੋਤ ਕੌਰ ਨੇ ਗੁਰਦੀਸ਼ ਕੌਰ ਗਰੇਵਾਲ ਦੀ ਕਬਿੱਤ ਛੰਦ ਵਿੱਚ ਲਿਖੀ ਕਵਿਤਾ ‘ਸਤਿਗੁਰ ਨਾਨਕ ਪ੍ਰਗਟਿਆ’ ਨੂੰ ਵਧੀਆ ਪੇਸ਼ਕਾਰੀ ਨਾਲ ਸਾਂਝਾ ਕੀਤਾ। ਅਵਿਰਾਜ ਸਿੰਘ ਨੇ ‘ਦੇਹਿ ਸ਼ਿਵਾ ਬਰ ਮੋਹਿ ਇਹੈ’ ਸ਼ਬਦ ਰਾਹੀਂ ਆਪਣੀ ਹਾਜ਼ਰੀ ਲੁਆਈ। ਸਟੇਜ ਸੰਚਾਲਨ ਗੁਰਦੀਸ਼ ਕੌਰ ਗਰੇਵਾਲ ਨੇ ਕੀਤਾ। ਹਰ ਬੱਚੇ ਦੀ ਕਵਿਤਾ ਦਾ ਸਵਾਗਤ ਜੈਕਾਰਾ ਗਜਾ ਕੇ ਕੀਤਾ ਗਿਆ। ਇਸ ਦੀਵਾਨ ਵਿੱਚ ਪੰਜ ਸਾਲ ਦੇ ਬੱਚੇ ਅਗਮਵੀਰ ਸਿੰਘ ਨੇ ਆਨੰਦ ਸਾਹਿਬ ਪੜ੍ਹਨ ਦੀ ਸੇਵਾ ਨਿਭਾਈ।
ਸੰਪਰਕ: 1(403) 404-1450
