DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਿਨਾਂ ਦਿਖਾਵਾ ਦਾਨ ਦੇਣ ਦੀ ਰਵਾਇਤ

ਪ੍ਰਿੰਸੀਪਲ ਵਿਜੈ ਕੁਮਾਰ ਕਿਸੇ ਵੀ ਦੇਸ਼, ਕੌਮ, ਸਮਾਜ, ਧਰਮ ਤੇ ਸੰਸਥਾ ਦੀਆਂ ਚੰਗੀਆਂ ਗੱਲਾਂ, ਰਵਾਇਤਾਂ ਤੇ ਪਰੰਪਰਾਵਾਂ ਨੂੰ ਸੁਣ ਕੇ, ਪੜ੍ਹ ਕੇ ਅਤੇ ਵੇਖ ਕੇ ਉਨ੍ਹਾਂ ਨੂੰ ਅਣਗੌਲਿਆ, ਅਣਸੁਣਿਆ ਤੇ ਅਣਵੇਖਿਆ ਨਹੀਂ ਕਰਨਾ ਚਾਹੀਦਾ ਸਗੋਂ ਉਨ੍ਹਾਂ ’ਤੇ ਅਮਲ ਕਰ ਲੈਣਾ...
  • fb
  • twitter
  • whatsapp
  • whatsapp
Advertisement

ਪ੍ਰਿੰਸੀਪਲ ਵਿਜੈ ਕੁਮਾਰ

ਕਿਸੇ ਵੀ ਦੇਸ਼, ਕੌਮ, ਸਮਾਜ, ਧਰਮ ਤੇ ਸੰਸਥਾ ਦੀਆਂ ਚੰਗੀਆਂ ਗੱਲਾਂ, ਰਵਾਇਤਾਂ ਤੇ ਪਰੰਪਰਾਵਾਂ ਨੂੰ ਸੁਣ ਕੇ, ਪੜ੍ਹ ਕੇ ਅਤੇ ਵੇਖ ਕੇ ਉਨ੍ਹਾਂ ਨੂੰ ਅਣਗੌਲਿਆ, ਅਣਸੁਣਿਆ ਤੇ ਅਣਵੇਖਿਆ ਨਹੀਂ ਕਰਨਾ ਚਾਹੀਦਾ ਸਗੋਂ ਉਨ੍ਹਾਂ ’ਤੇ ਅਮਲ ਕਰ ਲੈਣਾ ਚਾਹੀਦਾ ਹੈ। ਉਨ੍ਹਾਂ ਉੱਤੇ ਅਮਲ ਕਰਨ ਨਾਲ ਸਾਡੀ ਸੋਚ ਵਿੱਚ ਅਤੇ ਦਾਨ ਲੈਣ ਦੇ ਵਿਲੱਖਣ ਢੰਗ ਦੀ ਚਰਚਾ ਕਰਨਾ ਚਾਹਾਂਗਾ। ਸਕਾਰਾਤਮਕਤਾ ਪੈਦਾ ਹੁੰਦੀ ਹੈ। ਨੇਕੀ, ਹਮਦਰਦੀ, ਭਲਾਈ ਤੇ ਚੰਗਿਆਈ ਕਰਨ ਦੇ ਰਾਹ ਤਿਆਰ ਹੁੰਦੇ ਹਨ। ਮਾਨਵਤਾ ਦਾ ਸੁਨੇਹਾ ਦੂਰ ਤੱਕ ਪਹੁੰਚਣ ਦੇ ਆਸਾਰ ਪੈਦਾ ਹੁੰਦੇ ਹਨ। ਆਉਣ ਵਾਲੀਆਂ ਪੀੜ੍ਹੀਆਂ ਨੂੰ ਨਿੱਗਰ ਸੋਚ ਨੂੰ ਅਪਣਾਉਣ ਦਾ ਸਬਕ ਮਿਲਦਾ ਹੈ। ਇਸੇ ਸੰਦਰਭ ਵਿੱਚ ਮੈਂ ਕੈਨੇਡਾ ’ਚ ਦਾਨ ਦੇਣ

ਇਸ ਮੁਲਕ ਵਿੱਚ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਦਾਨ ਲੈਣ ਲਈ ਨਾ ਤਾਂ ਘਰਾਂ ਦੇ ਦਰਵਾਜ਼ੇ ਤੇ ਘੰਟੀਆਂ ਖੜਕਾਉਂਦੇ ਘੁੰਮਦੇ ਹਨ ਤੇ ਨਾ ਹੀ ਉਹ ਹੱਥਾਂ ਵਿੱਚ ਦਾਨ ਵਾਲੀਆਂ ਪਰਚੀਆਂ ਫੜ ਕੇ ਦਾਨ ਮੰਗ ਦੇ ਘੁੰਮਦੇ ਹਨ। ਇਸ ਮੁਲਕ ਵਿੱਚ ਲੋਕ ਭਲਾਈ ਦੇ ਕੰਮ ਕਰਨ ਵਾਲੇ ਲੋਕ ਘਰਾਂ ਵਿੱਚ ਇੱਕ ਇਸ਼ਤਿਹਾਰ ਸੁੱਟ ਜਾਂਦੇ ਹਨ। ਉਸ ਇਸ਼ਤਿਹਾਰ ’ਚ ਦਾਨ ਦੇਣ ਲਈ ਇਹ ਸੁਨੇਹਾ ਦਿੱਤਾ ਹੁੰਦਾ ਹੈ ਕਿ ਇਸ ਦਿਨ ਤੇ ਮਿਤੀ ਨੂੰ ਇਸ ਸੰਸਥਾ ਦੇ ਨੁਮਾਇੰਦੇ ਇੰਨੇ ਵਜੇ ਇਹ ਚੀਜ਼ਾਂ ਜਿਨ੍ਹਾਂ ਵਿੱਚ ਰਾਸ਼ਨ ਅਤੇ ਕੱਪੜੇ ਹੋ ਸਕਦੇ ਹਨ, ਦਾਨ ਦੇ ਰੂਪ ’ਚ ਲੈਣ ਆ ਰਹੇ ਹਨ। ਜੇਕਰ ਕੋਈ ਸੱਜਣ ਇਹ ਚੀਜ਼ਾਂ ਲੋੜਵੰਦਾਂ ਨੂੰ ਦੇਣਾ ਚਾਹੁੰਦਾ ਹੈ ਤਾਂ ਸਾਫ਼ ਸੁਥਰੇ ਲਿਫ਼ਾਫ਼ਿਆਂ ’ਚ ਪਾ ਕੇ ਅਤੇ ਉਨ੍ਹਾਂ ਉੱਤੇ ਆਪਣਾ ਨਾਂ ਤੇ ਘਰ ਦਾ ਪਤਾ ਲਿਖ ਕੇ ਘਰ ਦੇ ਬਾਹਰ ਰੱਖ ਸਕਦਾ ਹੈ। ਦਿੱਤੇ ਹੋਏ ਸਮੇਂ ’ਤੇ ਉਹ ਲਿਫ਼ਾਫ਼ੇ ਚੁੱਕ ਲਏ ਜਾਣਗੇ ਤੇ ਤੁਹਾਡੇ ਵੱਲੋਂ ਦਾਨ ਦੇ ਰੂਪ ਵਿੱਚ ਦਿੱਤੀਆਂ ਗਈਆਂ ਉਹ ਚੀਜ਼ਾਂ ਲੋੜਵੰਦਾਂ ਤੱਕ ਪਹੁੰਚ ਜਾਣਗੀਆਂ।

Advertisement

ਨਿਰਧਾਰਤ ਸਮੇਂ ਅਨੁਸਾਰ ਸੰਸਥਾਵਾਂ ਦੇ ਨੁਮਾਇੰਦੇ ਆਉਂਦੇ ਹਨ ਤੇ ਘਰਾਂ ਅੱਗੇ ਪਏ ਲਿਫ਼ਾਫ਼ੇ ਗੱਡੀਆਂ ਵਿੱਚ ਚੁੱਕ ਕੇ ਲੈ ਜਾਂਦੇ ਹਨ। ਇਸ ਢੰਗ ਨਾਲ ਵੱਖ ਵੱਖ ਗਲੀਆਂ ’ਚੋਂ ਇਕੱਠੀਆਂ ਹੋਈਆਂ ਚੀਜ਼ਾਂ ਇੱਕ ਸੈਂਟਰ ’ਚ ਇਕੱਠੀਆਂ ਹੋ ਜਾਂਦੀਆਂ ਹਨ। ਉਨ੍ਹਾਂ ਨੂੰ ਰਜਿਸਟਰਾਂ ਉੱਤੇ ਚੜ੍ਹਾਇਆ ਜਾਂਦਾ ਹੈ। ਰਾਸ਼ਨ ਦੇ ਪੈਕਟ ਤੇ ਕੱਪੜੇ ਬਣੀਆਂ ਹੋਈਆਂ ਅਲਮਾਰੀਆਂ ਵਿੱਚ ਰੱਖ ਦਿੱਤੇ ਜਾਂਦੇ ਹਨ। ਰਾਸ਼ਨ ਦੇ ਪੈਕਟ ਦੇਣ ਲੱਗਿਆਂ ਰਜਿਸਟਰਾਂ ਉੱਤੇ ਨਾ ਤਾਂ ਲੈਣ ਵਾਲੇ ਦਾ ਨਾਂ ਚੜ੍ਹਾਇਆ ਜਾਂਦਾ ਹੈ ਤੇ ਨਾ ਹੀ ਉਸ ਦੇ ਹਸਤਾਖਰ ਲਏ ਜਾਂਦੇ ਹਨ। ਨਾ ਹੀ ਸਾਡੇ ਮੁਲਕ ਵਾਂਗ ਦਾਨ ਦੇਣ ਲੱਗਿਆਂ ਫੋਟੋਆਂ ਖਿਚਵਾ ਕੇ ਅਖ਼ਬਾਰਾਂ ਵਿੱਚ ਖ਼ਬਰਾਂ ਲਗਵਾਈਆਂ ਜਾਂਦੀਆਂ ਹਨ।

ਨਾ ਦਾਨ ਦੇਣ ਵਾਲਿਆਂ ਦਾ ਪਤਾ ਹੁੰਦਾ ਹੈ ਤੇ ਨਾ ਹੀ ਦਾਨ ਲੈਣ ਵਾਲਿਆਂ ਦਾ। ਦਾਨ ਦੇਣ ਦੀ ਪਰੰਪਰਾ ਬਾਰੇ ਇੱਥੇ ਚਰਚਾ ਕਰਨ ਵਾਲੀ ਗੱਲ ਇਹ ਵੀ ਹੈ ਕਿ ਲੋਕ ਦਾਨ ਦੇ ਰੂਪ ’ਚ ਕੱਪੜੇ ਦੇਣ ਵੇਲੇ ਬਹੁਤ ਚੰਗੇ ਕੱਪੜੇ ਦਿੰਦੇ ਹਨ ਤਾਂ ਕਿ ਉਹ ਕੱਪੜੇ ਲੋਕਾਂ ਦੀ ਜ਼ਰੂਰਤ ਪੂਰੀ ਕਰ ਸਕਣ। ਉਹ ਘਰ ਦੀਆਂ ਅਲਮਾਰੀਆਂ ਖਾਲੀ ਕਰਨ ਤੇ ਨਕਾਰਾ ਕੀਤੇ ਹੋਏ ਕੱਪੜੇ ਦਾਨ ਦੇ ਰੂਪ ’ਚ ਨਹੀਂ ਦਿੰਦੇ। ਵੱਡੇ ਵੱਡੇ ਮਾਲਾਂ ਅਤੇ ਸਟੋਰਾਂ ’ਚ ਸਮਾਜ ਸੇਵੀ ਸੰਸਥਾਵਾਂ ਨੇ ਆਪਣੇ ਡੱਬੇ ਰੱਖੇ ਹੋਏ ਹਨ। ਲੋਕ ਆਪਣੀ ਇੱਛਾ ਅਨੁਸਾਰ ਉਨ੍ਹਾਂ ਡੱਬਿਆਂ ’ਚ ਦਾਨ ਦੇ ਰੂਪ ਵਿੱਚ ਡਾਲਰ ਪਾ ਜਾਂਦੇ ਹਨ। ਉਨ੍ਹਾਂ ਸੰਸਥਾਵਾਂ ਵੱਲੋਂ ਦਿੱਤੇ ਬੈਂਕ ਖਾਤੇ ਅਨੁਸਾਰ ਔਨਲਾਈਨ ਵੀ ਦਾਨ ਦੇ ਦਿੱਤਾ ਜਾਂਦਾ ਹੈ। ਮਾਲਾਂ ਜਾਂ ਸਟੋਰ ਦਾ ਕੋਈ ਵੀ ਕਰਮਚਾਰੀ ਕਿਸੇ ਵੀ ਵਿਅਕਤੀ ਨੂੰ ਵੀ ਦਾਨ ਦੀ ਰਾਸ਼ੀ ਡੱਬੇ ’ਚ ਪਾਉਣ ਲਈ ਨਾ ਮਜਬੂਰ ਕਰਦਾ ਹੈ ਤੇ ਨਾ ਹੀ ਸਲਾਹ ਦਿੰਦਾ ਹੈ। ਦਾਨੀ ਉਨ੍ਹਾਂ ਡੱਬਿਆਂ ’ਚ ਆਪਣੀ ਇੱਛਾ ਅਤੇ ਸਮਰੱਥਾ ਅਨੁਸਾਰ ਦਾਨ ਪਾਉਂਦੇ ਰਹਿੰਦੇ ਹਨ। ਉਨ੍ਹਾਂ ਡੱਬਿਆਂ ਨੂੰ ਕੇਵਲ ਉਹੀ ਸੰਸਥਾਵਾਂ ਖੋਲ੍ਹ ਕੇ ਦਾਨ ਦੀ ਰਾਸ਼ੀ ਲੈ ਕੇ ਜਾਂਦੀਆਂ ਹਨ, ਜਿਨ੍ਹਾਂ ਨੇ ਉਹ ਡੱਬੇ ਰੱਖੇ ਹੋਏ ਹੁੰਦੇ ਹਨ।

ਇਸ ਮੁਲਕ ’ਚ ਸਾਡੇ ਮੁਲਕ ਵਾਂਗ ਨਾ ਤਾਂ ਕੋਈ ਭੰਡਾਰਿਆਂ ਲਈ ਪਰਚੀਆਂ ਕੱਟਣ ਆਉਂਦਾ ਹੈ ਤੇ ਨਾ ਹੀ ਹੋਰ ਕਿਸੇ ਤਰ੍ਹਾਂ ਦਾ ਦਾਨ ਇਕੱਠਾ ਕਰਨ ਆਉਂਦਾ ਹੈ। ਇੱਥੇ ਦਾਨ ਦੇਣ ਤੇ ਲੈਣ ਲੱਗਿਆਂ ਵਿਖਾਵਾ ਨਹੀਂ ਕੀਤਾ ਜਾਂਦਾ। ਦਾਨ ਲੋੜਵੰਦਾਂ ਦੀ ਸਹਾਇਤਾ ਕਰਨ ਲਈ ਲਿਆ ਅਤੇ ਦਿੱਤਾ ਜਾਂਦਾ ਹੈ। ਸਾਡੇ ਮੁਲਕ ਵਾਂਗ ਦਾਨ ਕਰਕੇ ਮੀਡੀਆ ’ਚ ਖ਼ਬਰਾਂ ਨਹੀਂ ਲਗਾਈਆਂ ਜਾਂਦੀਆਂ। ਸਾਡੇ ਦੇਸ਼ ਵਿੱਚ ਇਹ ਗੱਲਾਂ ਆਮ ਸੁਣਨ ਨੂੰ ਮਿਲਦੀਆਂ ਹਨ ਕਿ ਕਈ ਲੋਕ ਦਾਨ ਘੱਟ ਕਰਦੇ ਹਨ, ਪਰ ਆਪਣੀ ਸ਼ੁਹਰਤ ਲਈ ਫੋਟੋਆਂ ਖਿਚਾ ਕੇ ਮੀਡੀਆ ਵਿੱਚ ਖ਼ਬਰਾਂ ਜ਼ਿਆਦਾ ਲਗਵਾਉਂਦੇ ਹਨ। ਸੁਣਨ ਤੇ ਵੇਖਣ ’ਚ ਇਹ ਵੀ ਆਉਂਦਾ ਹੈ ਕਿ ਕਈ ਲੋਕਾਂ ਨੇ ਦਾਨ ਇਕੱਠਾ ਕਰਨ ਨੂੰ ਪੇਸ਼ਾ ਬਣਾਇਆ ਹੋਇਆ ਹੈ। ਸੂਝਵਾਨ ਲੋਕਾਂ ਦਾ ਕਹਿਣਾ ਹੈ ਕਿ ਦਾਨ ਤਾਂ ਉਹ ਹੁੰਦਾ ਹੈ ਜਿਹੜਾ ਸੱਜੇ ਹੱਥ ਤੋਂ ਦੇਣ ਲੱਗਿਆਂ ਖੱਬੇ ਹੱਥ ਨੂੰ ਪਤਾ ਨਾ ਲੱਗੇ।

ਆਪਣੇ ਕੁੱਝ ਲੋਕਾਂ ਵੱਲੋਂ ਦਾਨ ਵਰਗੇ ਪਵਿੱਤਰ ਕਾਰਜ ਨੂੰ ਪੇਸ਼ਾ ਬਣਾ ਕੇ ਇਸ ਦੀ ਦੁਰਵਰਤੋਂ ਕੀਤੀ ਜਾਂਦੀ ਹੈ। ਇਸ ਨਾਲ ਲੋਕਾਂ ਦੇ ਮਨਾਂ ਵਿੱਚ ਦਾਨ ਕਰਨ ਪ੍ਰਤੀ ਅਵਿਸ਼ਵਾਸ ਦੀ ਭਾਵਨਾ ਪੈਦਾ ਹੁੰਦੀ ਹੈ। ਉਸ ਭਾਵਨਾ ਦਾ ਪ੍ਰਭਾਵ ਇਹ ਹੁੰਦਾ ਹੈ ਕਿ ਲੋਕ ਦਾਨ ਕਰਨ ਤੋਂ ਗੁਰੇਜ਼ ਕਰਨ ਲੱਗ ਪੈਂਦੇ ਹਨ। ਉਹ ਸੱਚੇ ਪੱਕੇ ਅਤੇ ਨੇਕ ਨੀਅਤ ਵਾਲੇ ਲੋਕਾਂ ਨੂੰ ਵੀ ਉਸੀ ਨਜ਼ਰ ਨਾਲ ਵੇਖਣ ਲੱਗ ਪੈਂਦੇ ਹਨ ਤੇ ਲੋੜਵੰਦ ਦੀਆਂ ਜ਼ਰੂਰਤਾਂ ਪੂਰੀਆਂ ਹੋਣ ਵਿੱਚ ਔਕੜ ਪੇਸ਼ ਆਉਂਦੀ ਹੈ।

ਇਹ ਗੱਲ ਬਹੁਤ ਮਾਅਨੇ ਰੱਖਦੀ ਹੈ ਕਿ ਜਦੋਂ ਕੋਈ ਵਿਅਕਤੀ ਆਪਣੇ ਦਿੱਤੇ ਹੋਏ ਦਾਨ ਦਾ ਮੀਡੀਆ ’ਚ ਪ੍ਰਚਾਰ ਕਰਨ ਲੱਗ ਪੈਂਦਾ ਹੈ ਤਾਂ ਲੋਕ ਇਸ ਗੱਲ ਨੂੰ ਸਮਝ ਜਾਂਦੇ ਹਨ ਕਿ ਉਸ ਵਿਅਕਤੀ ਦੀ ਦਾਨ ਕਰਨ ਦੀ ਭਾਵਨਾ ਘੱਟ ਹੈ, ਆਪਣਾ ਪ੍ਰਚਾਰ ਕਰਨ ਦੀ ਜ਼ਿਆਦਾ। ਜਿਸ ਵਿਅਕਤੀ ਨੂੰ ਅਸੀਂ ਦਾਨ ਦੇ ਰਹੇ ਹੁੰਦੇ ਹਾਂ, ਉਸ ਦੀਆਂ ਮੀਡੀਆ ਵਿੱਚ ਖ਼ਬਰਾਂ ਲਗਵਾ ਕੇ ਉਸ ਦੀ ਮਜਬੂਰੀ ਜਾਂ ਗ਼ਰੀਬੀ ਨੂੰ ਜੱਗ ਜ਼ਾਹਿਰ ਕਰ ਰਹੇ ਹੁੰਦੇ ਹਾਂ। ਦਾਨ ਲੈਣ ਵਾਲਾ ਵਿਅਕਤੀ ਆਪਣੇ ਆਪ ਨੂੰ ਨੀਵਾਂ ਜਾਂ ਨਿੰਮੋਝੂਣਾ ਮਹਿਸੂਸ ਕਰਦਾ ਹੈ। ਦਾਨ ਦਿੰਦੇ ਹੋਏ ਖ਼ਬਰਾਂ ਲਗਵਾਉਣ ਵਾਲੇ ਲੋਕ ਇਹ ਵੀ ਕਹਿੰਦੇ ਸੁਣੇ ਜਾਂਦੇ ਹਨ ਕਿ ਮੀਡੀਆ ਵਿੱਚ ਖ਼ਬਰਾਂ ਲਗਵਾਉਣ ਨਾਲ ਦੂਜੇ ਲੋਕਾਂ ਨੂੰ ਦਾਨ ਕਰਨ ਦੀ ਪ੍ਰੇਰਨਾ ਮਿਲਦੀ ਹੈ। ਉਨ੍ਹਾਂ ਲੋਕਾਂ ਦਾ ਇਹ ਤਰਕ ਠੀਕ ਵੀ ਹੋ ਸਕਦਾ ਹੈ, ਪਰ ਨੇਕ ਨੀਤੀ ਅਤੇ ਇਮਾਨਦਾਰੀ ਨਾਲ ਕੀਤੇ ਪੁੰਨ ਦੇ ਕੰਮਾਂ ਦੀ ਖੁਸ਼ਬੋ ਆਪਣੇ ਆਪ ਲੋਕਾਂ ਤੱਕ ਪਹੁੰਚ ਜਾਂਦੀ ਹੈ।

ਇਸ ਮੁਲਕ ਵਿੱਚ ਦਾਨ ਲੈਣ ਵਾਲੀਆਂ ਸੰਸਥਾਵਾਂ ਉੱਤੇ ਕਿੰਤੂ ਪ੍ਰੰਤੂ ਇਸੇ ਲਈ ਨਹੀਂ ਹੁੰਦਾ ਕਿਉਂਕਿ ਇੱਥੇ ਲੋਕ ਬਿਨਾਂ ਸਵਾਰਥ ਅਤੇ ਵਿਖਾਵੇ ਤੋਂ ਦਾਨ ਦੇਣ ਅਤੇ ਇਕੱਠਾ ਕਰਨ ਦਾ ਭਲੇ ਵਾਲਾ ਕੰਮ ਕਰਦੇ ਹਨ। ਉਨ੍ਹਾਂ ਦੀ ਦਾਨ ਕਰਨ ਦੀ ਇਸ ਸੱਚੀ ਭਾਵਨਾ ਨੂੰ ਸਾਨੂੰ ਵੀ ਅਪਣਾਉਣਾ ਚਾਹੀਦਾ ਹੈ।

ਈਮੇਲ: vijaykumarbehki@gmail.com

Advertisement
×