ਉਹ ਕਹਾਣੀ ਜੋ ਅਧੂਰੀ ਹੀ ਰਹਿ ਗਈ...
ਸਾਲ 1947 ਵਿੱਚ ਦੇਸ਼ ਦੀ ਵੰਡ ਸਿਰਫ਼ ਇੱਕ ਕੌਮ ਦੀ ਵੰਡ ਨਹੀਂ ਸੀ, ਬਲਕਿ ਇਹ ਲੱਖਾਂ ਜ਼ਿੰਦਗੀਆਂ ਦਾ ਪਾੜ ਸੀ। ਬਹੁਤ ਸਾਰੇ ਲੋਕਾਂ ਵੱਲੋਂ ਇਸ ਨੂੰ ਇਤਿਹਾਸ ਦੀਆਂ ਕਿਤਾਬਾਂ ਵਿੱਚ ਇੱਕ ਰਾਜਨੀਤਕ ਘਟਨਾ, ਸਰਹੱਦਾਂ ਦੀ ਮੁੜ-ਉਸਾਰੀ ਵਜੋਂ ਯਾਦ ਕੀਤਾ ਜਾਂਦਾ ਹੈ, ਪਰ ਉਨ੍ਹਾਂ ਲਈ ਜੋ ਇਸ ਵਿੱਚੋਂ ਗੁਜ਼ਰੇ ਹਨ ਅਤੇ ਉਹ ਪੀੜ੍ਹੀਆਂ ਜਿਨ੍ਹਾਂ ਨੂੰ ਦੇਸ਼ ਵੰਡ ਦੀਆਂ ਯਾਦਾਂ ਆਪਣੀ ਵਿਰਾਸਤ ਵਿੱਚ ਮਿਲੀਆਂ, ਉਨ੍ਹਾਂ ਦੇ ਜ਼ਖ਼ਮ ਅੱਜ ਵੀ ਪਹਿਲਾਂ ਵਾਂਗ ਹੀ ਰਿਸਦੇ ਹਨ।
ਮੈਂ ਉਨ੍ਹਾਂ ਅਸ਼ਾਂਤ ਦਿਨਾਂ ਤੋਂ ਬਾਅਦ ਪੈਦਾ ਹੋਇਆ ਸੀ, ਫਿਰ ਵੀ ਮੈਂ ਉਨ੍ਹਾਂ ਦੇ ਪਰਛਾਵੇਂ ਵਿੱਚ ਵੱਡਾ ਹੋਇਆ। ਸ਼ਾਮ ਨੂੰ ਜਦੋਂ ਵੰਡ ਦੀਆਂ ਕਹਾਣੀਆਂ ਸਾਡੇ ਘਰ ਦੇ ਸ਼ਾਂਤ ਮਾਹੌਲ ਵਿੱਚ ਘੁੰਮਦੀਆਂ ਸਨ, ਤਾਂ ਇਹ ਯਾਦਾਂ ਜਿੱਥੇ ਦੁੱਖ, ਤਕਲੀਫ਼ ਦਿੰਦੀਆਂ ਸਨ, ਉੱਥੇ ਹੀ ਹਿੰਮਤ ਅਤੇ ਆਪਣੀਆਂ ਜੜਾਂ ਮੁੜ ਤੋਂ ਲਾਉਣ ਦਾ ਸਾਹਸ ਵੀ ਦਿੰਦੀਆਂ ਸਨ। ਇਨ੍ਹਾਂ ਕਹਾਣੀਆਂ ਵਿੱਚੋਂ ਇੱਕ ਹਮੇਸ਼ਾਂ ਮੇਰੇ ਅੰਗ-ਸੰਗ ਰਹੀ ਹੈ। ਇਹ ਮੇਰੀ ਮਾਸੀ (ਤਾਈ) ਦੀ ਕਹਾਣੀ ਹੈ ਜੋ ਮੁਸਲਿਮ ਮੁਟਿਆਰ ਸੀ, ਜਿਸ ਨੇ ਵੰਡ ਦੀ ਹਫੜਾ-ਦਫੜੀ ਵਿੱਚ ਦੁਸ਼ਮਣੀ ਨਹੀਂ ਸਗੋਂ ਹਮਦਰਦੀ ਹਾਸਲ ਕੀਤੀ ਅਤੇ ਹਮੇਸ਼ਾਂ ਲਈ ਸਾਡੇ ਪਰਿਵਾਰ ਦੇ ਤਾਣੇ-ਬਾਣੇ ਵਿੱਚ ਬੁਣੀ ਗਈ।
ਵੰਡ ਤੋਂ ਬਾਅਦ ਦੇ ਦਿਨਾਂ ਵਿੱਚ ਪੰਜਾਬ ਡਰ ਨਾਲ ਘਿਰਿਆ ਹੋਇਆ ਸੀ। ਗੁਆਂਢੀ ਜੋ ਪੀੜ੍ਹੀਆਂ ਤੋਂ ਮਿਲ ਕੇ ਰਹਿੰਦੇ ਸਨ, ਹੁਣ ਉਹ ਇੱਕ ਦੂਜੇ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਦੇ ਸਨ। ਹਿੰਸਾ ਦੀਆਂ ਅਫ਼ਵਾਹਾਂ ਪਿੰਡਾਂ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈਆਂ, ਜਿਸ ਨਾਲ ਦਹਿਸ਼ਤ ਫੈਲਣੀ ਸੁਭਾਵਿਕ ਸੀ। ਰਾਤ ਨੂੰ ਤੇਜ਼ ਕਦਮਾਂ ਦੀ ਆਵਾਜ਼ ਪੂਰੇ ਘਰਾਂ ਨੂੰ ਚੁੱਪ ਕਰਵਾ ਸਕਦੀ ਸੀ।
ਅਜਿਹੇ ਹੀ ਇੱਕ ਪਿੰਡ ਵਿੱਚ ਇੱਕ ਅੱਲ੍ਹੜ ਉਮਰ ਦੀ ਮੁਸਲਿਮ ਕੁੜੀ ਨੇ ਆਪਣੇ ਆਪ ਨੂੰ ਬਿਲਕੁਲ ਇਕੱਲਾ ਪਾਇਆ। ਉਸ ਦਾ ਪਰਿਵਾਰ ਉਥਲ-ਪੁਥਲ ਵਿੱਚ ਗਾਇਬ ਹੋ ਗਿਆ ਸੀ, ਭਾਵੇਂ ਖਿੰਡਿਆ ਹੋਇਆ ਹੋਵੇ, ਉੱਜੜਿਆ ਹੋਇਆ ਹੋਵੇ ਜਾਂ ਇਸ ਤੋਂ ਵੀ ਮਾੜਾ, ਇਸ ਬਾਰੇ ਉਸ ਨੂੰ ਕੁਝ ਵੀ ਅਤਾ-ਪਤਾ ਨਹੀਂ ਸੀ। ਅੱਗੇ ਵਧਣ ਦਾ ਕੋਈ ਸੁਰੱਖਿਅਤ ਰਸਤਾ ਨਾ ਹੋਣ ਅਤੇ ਚਾਰੇ ਪਾਸੇ ਹਿੰਸਾ ਹੋਣ ਕਰਕੇ, ਉਸ ਨੇ ਇੱਕ ਖ਼ਤਰਨਾਕ ਚੋਣ ਕੀਤੀ। ਦਰਅਸਲ, ਉਹ ਇੱਕ ਪਿੰਡ ਦੇ ਖੂਹ ਵਿੱਚ ਉਤਰ ਗਈ, ਜਿਸ ਨੂੰ ਸਥਾਨਕ ਤੌਰ ’ਤੇ ‘ਖੋਹ’ ਕਿਹਾ ਜਾਂਦਾ ਸੀ।
ਸੱਤ ਦਿਨਾਂ ਤੱਕ ਉਹ ਉੱਥੇ ਹੀ ਲੁਕੀ ਰਹੀ। ਉਸ ਕੋਲ ਨਾ ਤਾਂ ਕੁਝ ਖਾਣ ਨੂੰ ਸੀ, ਨਾ ਹੀ ਪੀਣ ਲਈ ਪਾਣੀ। ਉੱਥੇ ਉਸ ਨੂੰ ਦਿਲਾਸਾ ਦੇਣ ਵਾਲਾ ਵੀ ਕੋਈ ਨਹੀਂ ਸੀ, ਸਿਵਾਏ ਉਸ ਦੀ ਆਪਣੀ ਆਵਾਜ਼ ਦੇ। ਉਸ ਦੇ ਉੱਪਰ ਇੱਕ ਪਿੰਡ ਦੀ ਜ਼ਿੰਦਗੀ ਚੱਲ ਰਹੀ ਸੀ। ਲੋਕ ਦੂਜੇ ਸਰੋਤਾਂ ਤੋਂ ਪਾਣੀ ਲਿਆਉਂਦੇ ਸਨ, ਬੱਚੇ ਖੇਡਦੇ ਸਨ, ਜਾਨਵਰ ਲੰਘਦੇ ਸਨ, ਜਦੋਂ ਕਿ ਉਹ ਹਨੇਰੇ ਵਿੱਚ ਗੁੰਮਸੁੰਮ ਹੋਈ ਬੈਠੀ ਆਪਣੇ ਦਿਨ ਗਿਣ ਰਹੀ ਸੀ ਕਿਉਂਕਿ ਉਸ ਨੂੰ ਜ਼ਰਾ ਵੀ ਯਕੀਨੀ ਨਹੀਂ ਸੀ ਕਿ ਉਹ ਕਦੇ ਜਿਉਂਦੀ ਜਾਗਦੀ ਬਾਹਰ ਆਵੇਗੀ ਜਾਂ ਨਹੀਂ।
ਫਿਰ ਲੋਕਾਂ ਵਿੱਚ ਗੱਲਾਂ ਫੈਲਣ ਲੱਗੀਆਂ ਕਿ ਖੂਹ ਵਿੱਚ ਇੱਕ ਮੁਸਲਿਮ ਕੁੜੀ ਲੁਕੀ ਹੋਈ ਹੈ। ਜਦੋਂ ਮੇਰੇ ਪਿਤਾ ਜੀ ਅਤੇ ਹੋਰ ਰਿਸ਼ਤੇਦਾਰਾਂ ਨੇ ਇਹ ਸੁਣਿਆ ਤਾਂ ਉਨ੍ਹਾਂ ਦਾ ਦਿਲ ਪਸੀਜ ਗਿਆ। ਦੁਖੀ ਹੋਏ ਮੇਰੇ ਪਿਤਾ ਜੀ ਸਿੱਧੇ ਖੂਹ ’ਤੇ ਗਏ। ਬਿਨਾਂ ਕਿਸੇ ਡਰ ਦੇ ਉਹ ਖੂਹ ਦੇ ਹਨੇਰੇ ਭਰੇ ਮਾਹੌਲ ਵਿੱਚ ਉਤਰ ਗਏ ਅਤੇ ਉਸ ਕੁੜੀ ਨੂੰ ਰੋਸ਼ਨੀ ਵਿੱਚ ਉੱਪਰ ਲੈ ਆਏ।
ਮੇਰੇ ਪਰਿਵਾਰ ਨੇ ਉਸ ਨੂੰ ਪੁੰਨ ਵਜੋਂ ਨਹੀਂ, ਸਗੋਂ ਜ਼ਮੀਰ ਦੇ ਫਰਜ਼ ਵਜੋਂ ਆਪਣੇ ਘਰ ਲਿਆਂਦਾ। ਉਨ੍ਹਾਂ ਨੇ ਉਸ ਨੂੰ ਭੋਜਨ, ਆਸਰਾ ਅਤੇ ਸਭ ਤੋਂ ਮਹੱਤਵਪੂਰਨ ਬਾਹਰੀ ਦੁਨੀਆ ਤੋਂ ਸੁਰੱਖਿਆ ਦਿੱਤੀ ਜੋ ਜ਼ਾਲਮ ਬਣ ਗਈ ਸੀ। ਸਮੇਂ ਦੇ ਨਾਲ ਉਸ ਦੀ ਸਹਿਮਤੀ ਅਤੇ ਆਸ਼ੀਰਵਾਦ ਨਾਲ ਉਸ ਦਾ ਮੇਰੇ ਚਾਚੇ ਨਾਲ ਵਿਆਹ ਕਰ ਦਿੱਤਾ ਗਿਆ। ਇਹ ਵਿਆਹ ਇੱਕ ਨਿੱਜੀ ਮੇਲ ਤੋਂ ਵੱਧ ਸੀ। ਇਹ ਦੇਸ਼ ਵੰਡ ਦਾ ਯਾਨੀ ਉਨ੍ਹਾਂ ਲੋਕਾਂ ਤੋਂ ਵੱਖ ਕਰਨ ਦਾ ਜੋ ਇਸ ਤੋਂ ਪਹਿਲਾਂ ਤੱਕ ਭਾਈਚਾਰਕ ਸਾਂਝ ਵਿੱਚ ਰਹਿੰਦੇ ਸਨ, ਦਾ ਇੱਕ ਚੁੱਪ ਵਿਰੋਧ ਸੀ। ਉਸ ਮੁਸਲਿਮ ਲੜਕੀ ਨੇ ਸਿੱਖ ਧਰਮ ਨੂੰ ਅਪਣਾਇਆ, ਚਾਰ ਧੀਆਂ ਨੂੰ ਜਨਮ ਦਿੱਤਾ ਅਤੇ ਸਾਡੇ ਪਰਿਵਾਰ ਵਿੱਚ ਸਭ ਤੋਂ ਵੱਧ ਸਤਿਕਾਰਤ ਔਰਤਾਂ ਵਿੱਚੋਂ ਇੱਕ ਬਣ ਗਈ। ਉਸ ਨੇ ਆਪਣੇ ਆਪ ਨੂੰ ਸ਼ਾਂਤੀ ਤੇ ਦਲੇਰੀ ਨਾਲ ਸੰਭਾਲਿਆ। ਉਸ ਦੀ ਹਿੰਮਤ ਉਸ ਦੇ ਹਰ ਇਸ਼ਾਰੇ ਵਿੱਚ ਦਿਖਾਈ ਦਿੰਦੀ ਸੀ। ਉਸ ਦੀ ਦਿਆਲਤਾ ਹਰ ਉਸ ਵਿਅਕਤੀ ’ਤੇ ਛਾਪ ਛੱਡਦੀ ਸੀ, ਜਿਸ ਨੂੰ ਉਹ ਮਿਲਦੀ ਸੀ।
ਦੇਸ਼ ਵੰਡ ਅਤੇ ਹਿੰਸਾ ਬੰਦ ਹੋਣ ਤੋਂ ਕਈ ਸਾਲਾਂ ਬਾਅਦ ਪਾਕਿਸਤਾਨ ਤੋਂ ਇੱਕ ਪਰਿਵਾਰ ਸਾਡੇ ਪਿੰਡ ਆਇਆ। ਉਹ ਉਸ ਨੂੰ ਲੱਭਣ ਦੀ ਉਮੀਦ ਵਿੱਚ ਸਰਹੱਦ ਪਾਰ ਤੋਂ ਯਾਤਰਾ ਕਰਕੇ ਆਏ ਸਨ, ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿਉਂਕਿ ਉਨ੍ਹਾਂ ਨੂੰ ਬਹੁਤ ਦੇਰ ਹੋ ਚੁੱਕੀ ਸੀ। ਉਹ ਅਭਾਗਣ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਮਰ ਚੁੱਕੀ ਸੀ।
ਉਨ੍ਹਾਂ ਦਾ ਦੁੱਖ ਸਾਡੇ ਆਪਣੇ ਦੁੱਖ ਜਿੱਡਾ ਹੀ ਸੀ ਕਿਉਂਕਿ ਹੁਣ ਉਹ ਸਾਡੇ ਪਰਿਵਾਰ ਦਾ ਸਤਿਕਾਰਤ ਮੈਂਬਰ ਬਣ ਚੁੱਕੀ ਸੀ। ਉਸ ਦਿਨ ਮੈਨੂੰ ਜੋ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲੀ ਗੱਲ ਲੱਗੀ, ਉਹ ਸੀ ਉਸ ਦੇ ਬੱਚਿਆਂ ਦਾ ਮਹਿਮਾਨਾਂ ਨੂੰ ਮਿਲਣ ਤੋਂ ਝਿਜਕਣਾ। ਸ਼ਾਇਦ ਸਮਾਜਿਕ ਡਰ ਕਾਰਨ ਬੱਚਿਆਂ ਨੇ ਉਨ੍ਹਾਂ ਨਾਲ ਗੱਲਬਾਤ ਨਾ ਕਰਨ ਦਾ ਫ਼ੈਸਲਾ ਕੀਤਾ। ਇਹ ਉਸ ਗੰਭੀਰ ਦਰਦ ਦੀ ਯਾਦ ਦਿਵਾਉਂਦਾ ਸੀ ਕਿ ਦੇਸ਼ ਵੰਡ ਦੀਆਂ ਵੰਡਾਂ ਅਜੇ ਪੂਰੀ ਤਰ੍ਹਾਂ ਮਿਟੀਆਂ ਨਹੀਂ ਸਨ; ਲੋਕਾਂ ਦੇ ਦਿਲਾਂ ਵਿੱਚ ਕੁਝ ਕੰਧਾਂ ਬਣ ਗਈਆਂ ਸਨ ਅਤੇ ਉਹ ਸਰਹੱਦਾਂ ਖਿੱਚਣ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਕਾਇਮ ਰਹੀਆਂ।
ਸਰਹੱਦੋਂ ਪਾਰ ਜਾਣ ਤੋਂ ਪਹਿਲਾਂ ਮੁਲਾਕਾਤ ਕਰਨ ਆਏ ਪਰਿਵਾਰ ਨੇ ਇੱਕ ਖੁਲਾਸਾ ਕੀਤਾ; ਮੇਰੀ ਮਾਸੀ ਦਾ ਪਰਿਵਾਰ ਕਿਸੇ ਹੋਰ ਨਾਲ ਨਹੀਂ ਬਲਕਿ ਪਾਕਿਸਤਾਨ ਦੇ ਜਨਰਲ ਪਰਵੇਜ਼ ਮੁਸ਼ੱਰਫ ਨਾਲ ਜੁੜਿਆ ਹੋਇਆ ਸੀ। ਉਨ੍ਹਾਂ ਨੇ ਸਾਨੂੰ ਆਪਣੇ ਸੰਪਰਕ ਦਿੱਤੇ, ਪਰ ਜ਼ਿੰਦਗੀ ਦੀ ਕਾਹਲੀ ਵਿੱਚ ਇਹ ਜਾਣਕਾਰੀ ਸਾਡੇ ਤੋਂ ਕਿਤੇ ਗੁਆਚ ਗਈ। ਮੈਂ ਕਈ ਵਾਰ ਦੁਬਾਰਾ ਜੁੜਨ ਦੀ ਕੋਸ਼ਿਸ਼ ਕੀਤੀ, ਕਿਸੇ ਵੀ ਧਾਗੇ ਦਾ ਸਿਰਾ ਲੱਭਣ ਦੀ ਕੋਸ਼ਿਸ਼ ਕੀਤੀ ਜੋ ਉਸਦੇ ਰਿਸ਼ਤੇਦਾਰਾਂ ਤੱਕ ਪਹੁੰਚਾ ਸਕੇ, ਪਰ ਸਪੱਸ਼ਟ ਵੇਰਵਿਆਂ ਤੋਂ ਬਿਨਾਂ ਕੋਸ਼ਿਸ਼ ਕਦੇ ਰੰਗ ਨਹੀਂ ਲਿਆਈ।
ਮੇਰੀ ਮਾਸੀ ਦੇ ਚਚੇਰੇ ਭਰਾ ਯਾਨੀ ਇੱਕ ਮੁਸਲਿਮ ਲੜਕੇ ਨੇ ਵੀ ਵੰਡ ਦੌਰਾਨ ਸਾਡੇ ਘਰ ਵਿੱਚ ਸੁਰੱਖਿਆ ਪ੍ਰਾਪਤ ਕੀਤੀ। ਸਾਡੇ ਪਰਿਵਾਰ ਦੀ ਮਦਦ ਨਾਲ ਉਸ ਨੇ ਇੱਕ ਸਿੱਖ ਘਰ ਵਿੱਚ ਵਿਆਹ ਕੀਤਾ, ਚਾਰ ਬੱਚਿਆਂ ਦਾ ਬਾਪ ਬਣਿਆ ਅਤੇ ਸਾਡੇ ਪਿੰਡ ਵਿੱਚ ਆਪਣਾ ਜੀਵਨ ਬਸਰ ਕੀਤਾ। ਅਸੀਂ ਉਸ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਸ ਨੂੰ ਜ਼ਮੀਨ ਦਾ ਇੱਕ ਟੁਕੜਾ ਵੀ ਦਿੱਤਾ। ਉਸ ਦੀ ਜ਼ਿੰਦਗੀ, ਮੇਰੀ ਮਾਸੀ ਵਾਂਗ ਉਨ੍ਹਾਂ ਬੰਧਨਾਂ ਦਾ ਪ੍ਰਮਾਣ ਬਣ ਗਈ ਜੋ ਵੰਡ ਦੇ ਸਮੇਂ ਵੀ ਬਣ ਸਕਦੇ ਸਨ। ਫਿਰ ਵੀ ਉਸ ਦੀ ਪਾਕਿਸਤਾਨ ਵਿੱਚ ਆਪਣੇ ਗੁਆਚੇ ਰਿਸ਼ਤੇਦਾਰਾਂ ਨੂੰ ਦੇਖਣ ਲਈ ਇੱਕ ਤਾਂਘ ਹੈ, ਅਜਿਹੀ ਤਾਂਘ ਜੋ ਅੱਜ ਤੱਕ ਅਧੂਰੀ ਹੈ।
ਦੁਨੀਆ ਲਈ, ਵੰਡ ਇਤਿਹਾਸ ਦਾ ਇੱਕ ਅਧਿਆਇ ਹੋ ਸਕਦੀ ਹੈ। ਮੇਰੇ ਵਰਗੇ ਪਰਿਵਾਰਾਂ ਲਈ ਇਹ ਇੱਕ ਅਧੂਰੀ ਕਹਾਣੀ ਹੈ। ਇਹ ਇੱਕ ਜ਼ਖ਼ਮ ਹੈ ਜੋ ਅਜੇ ਤੱਕ ਰਿਸ ਰਿਹਾ ਹੈ। ਸਾਡਾ ਮਨ ਉਨ੍ਹਾਂ ਲੋਕਾਂ ਲਈ ਦੁਖੀ ਰਹਿੰਦਾ ਹੈ ਜੋ ਕਦੇ ਅਲਵਿਦਾ ਨਹੀਂ ਕਹਿ ਸਕੇ, ਉਹ ਜੋ ਕਦੇ ਘਰ ਵਾਪਸ ਨਹੀਂ ਆ ਸਕੇ।
ਮੇਰੀ ਮਾਸੀ ਦੀ ਜ਼ਿੰਦਗੀ ਵਿੱਚ ਦੁੱਖ ਅਤੇ ਪਿਆਰ ਦੋਵੇਂ ਸਨ। ਉਸ ਨੇ ਆਪਣਾ ਪਰਿਵਾਰ ਗੁਆ ਦਿੱਤਾ, ਪਰ ਨਵਾਂ ਵੀ ਲੱਭ ਲਿਆ। ਉਸ ਨੇ ਆਪਣਾ ਵਤਨ ਗੁਆ ਦਿੱਤਾ, ਪਰ ਇੱਕ ਨਵਾਂ ਘਰ ਬਣਾਇਆ। ਉਸ ਨੇ ਆਪਣਾ ਅਸਲੀ ਪਰਿਵਾਰ ਦੁਬਾਰਾ ਕਦੇ ਨਹੀਂ ਦੇਖਿਆ, ਪਰ ਉਹ ਆਪਣੀਆਂ ਜੜਾਂ ਮੁੜ ਲਾਉਣ ਲਈ ਅਪਣਾਇਆ ਲਚਕੀਲਾਪਣ, ਦਿਆਲਤਾ ਅਤੇ ਹਿੰਮਤ ਦੀ ਵਿਰਾਸਤ ਆਪਣੇ ਪਿੱਛੇ ਛੱਡ ਗਈ।
ਜਦੋਂ ਮੈਂ ਆਪਣੀ ਮਾਸੀ ਬਾਰੇ ਸੋਚਦਾ ਹਾਂ ਤਾਂ ਮੈਂ ਡਰੀ ਹੋਈ ਜਵਾਨ ਕੁੜੀ ਨੂੰ ਖੂਹ ਦੇ ਤਲ ’ਤੇ ਝੁਕਦੇ ਹੋਏ ਅਤੇ ਉਸ ਨੇਕ ਬਜ਼ੁਰਗ ਨੂੰ ਦੇਖਦਾ ਹਾਂ ਜਿਸ ਦਾ ਸਾਡੇ ਘਰ ਵਿੱਚ ਸਤਿਕਾਰ ਸੀ। ਉਸ ਦੀ ਕਹਾਣੀ ਇਹ ਯਾਦ ਦਿਵਾਉਂਦੀ ਹੈ ਕਿ ਮਨੁੱਖਤਾ ਦੇ ਸਭ ਤੋਂ ਹਨੇਰੇ ਸਮੇਂ ਵਿੱਚ ਵੀ ਕੁਝ ਲੋਕ ਬੇਰਹਿਮੀ ਨਾਲੋਂ ਹਮਦਰਦੀ ਨੂੰ ਤਰਜੀਹ ਦਿੰਦੇ ਹਨ ਅਤੇ ਉਨ੍ਹਾਂ ਦੀ ਅਜਿਹੀ ਤਰਜੀਹ ਦੀ ਗੂੰਜ ਪੀੜ੍ਹੀਆਂ ਤੱਕ ਗੂੰਜ ਰਹੀ ਹੈ।
ਸੰਪਰਕ: 408-221-5732