ਪਦਾਰਥਵਾਦ ’ਚ ਘਿਰੇ ਮਨੁੱਖ ਦੀ ਦਾਸਤਾਨ ਹੈ ਲਘੂ ਫਿਲਮ ‘ਖੁਸ਼ੀਆਂ’
ਸਰੀ: ਸਰੀ ਦੇ ਰਹਿਣ ਵਾਲੇ ਨੌਜਵਾਨ ਲੇਖਕ, ਫਿਲਮ ਨਿਰਮਾਤਾ, ਨਿਰਦੇਸ਼ਕ ਰਵੀਇੰਦਰ ਸਿੱਧੂ ਵੱਲੋਂ ਬਣਾਈ ਗਈ ਲਘੂ ਫਿਲਮ ‘ਖੁਸ਼ੀਆਂ’ ਦਾ ਪ੍ਰੀਮੀਅਰ ਸ਼ੋਅ ਬੀਤੇ ਦਿਨ ਖਾਲਸਾ ਲਾਇਬ੍ਰੇਰੀ ਸਰੀ ਵਿਖੇ ਦਿਖਾਇਆ ਗਿਆ। ਇਸ ਸ਼ੋਅ ਦੌਰਾਨ ਫਿਲਮ ਦੇ ਅਦਾਕਾਰਾਂ ਦੀ ਪੂਰੀ ਟੀਮ ਵੀ ਹਾਜ਼ਰ ਸੀ।
ਇਸ ਫਿਲਮ ਵਿੱਚ ਪੈਸੇ ਅਤੇ ਵੱਡੀਆਂ ਵੱਡੀਆਂ ਖ਼ਾਹਿਸ਼ਾਂ ਵਿੱਚ ਗਲਤਾਨ ਅਜੋਕੇ ਮਨੁੱਖ ਦੀ ਦਾਸਤਾਨ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਫਿਲਮਾਇਆ ਗਿਆ ਹੈ। ਵੱਖ ਵੱਖ ਖੇਤਰਾਂ ਵਿੱਚ ਵਿਚਰਦੇ ਲੋਕਾਂ ਦੀਆਂ ਕਹਾਣੀਆਂ ਰਾਹੀਂ ਦਰਸਾਇਆ ਗਿਆ ਹੈ ਕਿ ਅੱਜ ਲੋਕ ਦਿਖਾਵੇ ਦੀ ਦੌੜ ਵਿੱਚ ਇਨਸਾਨ ਆਪਣੀਆਂ ਅੰਦਰੂਨੀ ਖੁਸ਼ੀਆਂ ਤੋਂ ਮਹਿਰੂਮ ਹੋ ਰਿਹਾ ਹੈ ਅਤੇ ਮਾਨਸਿਕ ਉਲਝਣਾਂ, ਉਦਾਸੀਆਂ ਦਾ ਸ਼ਿਕਾਰ ਹੋ ਕੇ ਨੀਰਸ ਜ਼ਿੰਦਗੀ ਜਿਉਂ ਰਿਹਾ ਹੈ। ਫਿਲਮ ਵਿੱਚ ਰਵੀ ਸਿੱਧੂ, ਅੰਗਰੇਜ਼ ਬਰਾੜ, ਨਵਦੀਪ ਗਿੱਲ, ਸੁਖਵਿੰਦਰ ਸੁੱਖੀ ਰੋਡੇ, ਲਵੀ ਪੰਨੂ, ਹਰਮੀਤ ਵਿਰਕ, ਖੁਸ਼ਬੀਰ ਕੌਰ, ਅਮਨ ਅਤੇ ਰਮਨ ਬੱਲ ਨੇ ਆਪੋ ਆਪਣੇ ਕਿਰਦਾਰਾਂ ਨੂੰ ਬਾਖੂਬੀ ਨਿਭਾਇਆ। ਫਿਲਮ ਦੇ ਡਾਇਲਾਗ ਅਤੇ ਸਿਨੇਮੈਟੋਗ੍ਰਾਫੀ ਵੀ ਬਾਕਮਾਲ ਹੈ।
ਪ੍ਰੀਮੀਅਰ ਸ਼ੋਅ ਵਿੱਚ ਪਹੁੰਚੇ ਸ਼ਾਇਰ ਜਸਵਿੰਦਰ, ਮੋਹਨ ਗਿੱਲ, ਲੱਖਾ ਸਿੱਧਵਾਂ, ਗੁਰਦੀਪ ਭੁੱਲਰ, ਹਰਪ੍ਰੀਤ ਲੋਹਚਮ, ਹਰਸ਼ਰਨ ਕੌਰ ਧਾਲੀਵਾਲ, ਜਗਸੀਰ ਬਰਾੜ, ਕੁਲਵਿੰਦਰ ਸਿੰਘ ਕਾਮੇ ਕਾ, ਬਿੰਦਰ ਰੋਡੇ, ਪਰਮਜੀਤ ਸਿੰਘ ਸੇਖੋਂ ਅਤੇ ਮਹੇਸ਼ਇੰਦਰ ਮਾਂਗਟ ਨੇ ਫਿਲਮ ਨੂੰ ਘਰ ਘਰ ਦੀ ਕਹਾਣੀ ਦੱਸਿਆ ਅਤੇ ਮੌਜੂਦਾ ਦੌਰ ਵਿੱਚ ਇਸ ਅਣਗੌਲੇ ਸਮਾਜਿਕ ਪੱਖ ਨੂੰ ਉਜਾਗਰ ਕਰਨ ਲਈ ਨਿਰਮਾਤਾ ਨਿਰਦੇਸ਼ਕ ਰਵੀਇੰਦਰ ਸਿੱਧੂ ਦਾ ਧੰਨਵਾਦ ਕੀਤਾ ਅਤੇ ਸਾਰੇ ਕਲਾਕਾਰਾਂ ਨੂੰ ਵਧੀਆ ਅਭਿਨੈ ਲਈ ਮੁਬਾਰਕਬਾਦ ਦਿੱਤੀ। ਫਿਲਮ ਦੇ ਨਿਰਮਤਾ ਰਵੀਇੰਦਰ ਸਿੱਧੂ ਅਤੇ ਅਦਾਕਾਰਾਂ ਨੇ ਪ੍ਰੀਮੀਅਰ ਸ਼ੋਅ ਵਿੱਚ ਸ਼ਾਮਲ ਹੋ ਕੇ ਫਿਲਮ ਬਾਰੇ ਆਪਣੇ ਵਿਚਾਰ ਦੇਣ ਲਈ ਸਭਨਾਂ ਮਹਿਮਾਨਾਂ ਦਾ ਧੰਨਵਾਦ ਕੀਤਾ।
ਸੰਪਰਕ: +1 604 308 6663