DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਰਵਾਸੀ ਜ਼ਿੰਦਗੀ ਅਤੇ ਰਿਸ਼ਤਿਆਂ ਦੀ ਹਕੀਕਤ

ਪ੍ਰਿੰਸੀਪਲ ਵਿਜੈ ਕੁਮਾਰ ਜ਼ਿਆਦਾਤਰ ਨੌਜਵਾਨਾਂ ’ਤੇ ਵਿਦੇਸ਼ਾਂ ਵਿੱਚ ਜਾ ਕੇ ਵਸਣ, ਡਾਲਰ ਕਮਾ ਕੇ ਕਰੋੜਪਤੀ ਬਣਨ, ਐੱਨਆਰਆਈ ਕਹਾਉਣ ਅਤੇ ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਗੁਜ਼ਾਰਨ ਦਾ ਜਨੂੰਨ ਚੜ੍ਹਿਆ ਹੋਇਆ ਹੈ। ਅਜਿਹੀ ਨੌਜਵਾਨ ਪੀੜ੍ਹੀ ਵਿੱਚ ਸਵਾਰਥ ਅਤੇ ਮਜਬੂਰੀ ਦੀ ਨਦੀ ਦੇ ਵਹਾਅ...

  • fb
  • twitter
  • whatsapp
  • whatsapp
featured-img featured-img
ਕੈਨੇਡਾ ਦੀ ਇੱਕ ਪਾਰਕ ਵਿੱਚ ਤਾਸ਼ ਖੇਡਦੇ ਹੋਏ ਪੰਜਾਬੀ ਬਜ਼ੁਰਗ
Advertisement

ਪ੍ਰਿੰਸੀਪਲ ਵਿਜੈ ਕੁਮਾਰ

ਜ਼ਿਆਦਾਤਰ ਨੌਜਵਾਨਾਂ ’ਤੇ ਵਿਦੇਸ਼ਾਂ ਵਿੱਚ ਜਾ ਕੇ ਵਸਣ, ਡਾਲਰ ਕਮਾ ਕੇ ਕਰੋੜਪਤੀ ਬਣਨ, ਐੱਨਆਰਆਈ ਕਹਾਉਣ ਅਤੇ ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਗੁਜ਼ਾਰਨ ਦਾ ਜਨੂੰਨ ਚੜ੍ਹਿਆ ਹੋਇਆ ਹੈ। ਅਜਿਹੀ ਨੌਜਵਾਨ ਪੀੜ੍ਹੀ ਵਿੱਚ ਸਵਾਰਥ ਅਤੇ ਮਜਬੂਰੀ ਦੀ ਨਦੀ ਦੇ ਵਹਾਅ ’ਚ ਰਿਸ਼ਤਿਆਂ ਦੀ ਸੰਵੇਦਨਾ, ਆਪਣਾਪਣ, ਲਗਾਅ, ਦਰਦ ਤੇ ਫ਼ਿਕਰਮੰਦੀ ਸਭ ਕੁਝ ਹੜ੍ਹਦੇ ਜਾ ਰਹੇ ਹਨ। ਪਰਵਾਸੀ ਜ਼ਿੰਦਗੀ ਦੇ ਸੰਦਰਭ ਵਿੱਚ ਰਿਸ਼ਤਿਆਂ ਬਾਰੇ ਕਿਹਾ ਜਾਣ ਵਾਲਾ ਇਹ ਕਥਨ ਅਸੀਂ ਇੱਕ ਦੂਜੇ ਬਿਨਾਂ ਕੁਝ ਨਹੀਂ, ਇਹੋ ਰਿਸ਼ਤਿਆਂ ਦੀ ਖ਼ੂਬਸੂਰਤੀ ਹੈ, ਅਰਥਹੀਨ ਹੁੰਦਾ ਜਾ ਰਿਹਾ ਹੈ। ਮਹਿੰਗੇ ਘਰਾਂ, ਮਹਿੰਗੀਆਂ ਗੱਡੀਆਂ ਅਤੇ ਹੋਰ ਸਾਜ਼ੋ ਸਾਮਾਨ ਲਈ ਵਿਦੇਸ਼ੀ ਬੈਂਕਾਂ ਤੋਂ ਚੁੱਕੇ ਕਰਜ਼ ਦੀਆਂ ਕਿਸ਼ਤਾਂ, ਆਪਣੇ ਵਤਨ ਆਉਣ ਲਈ ਮਹਿੰਗੀਆਂ ਟਿਕਟਾਂ ਅਤੇ ਵਿਦੇਸ਼ਾਂ ਵਿੱਚ ਪੱਕੀ ਨਾਗਰਿਕਤਾ ਪ੍ਰਾਪਤ ਕਰਨ ਲਈ ਰਹਿਣ ਦੇ ਸਾਲਾਂ ਦੀ ਸ਼ਰਤ ਇਹ ਸਾਰਾ ਕੁਝ ਮੋਹ ਭਿੱਜੇ ਮਨੁੱਖੀ ਰਿਸ਼ਤਿਆਂ ਨੂੰ ਮੋਹ ਵਿਹੂਣਾ ਕਰ ਰਿਹਾ ਹੈ।

Advertisement

ਵਿਦੇਸ਼ਾਂ ’ਚ ਰੋਜ਼ੀ ਰੋਟੀ ਕਮਾਉਣ ਲਈ ਗਏ ਬਹੁਤ ਸਾਰੇ ਨੌਜਵਾਨ ਮੁੰਡੇ-ਕੁੜੀਆਂ ਆਪਣੇ ਪਰਿਵਾਰਾਂ ’ਚ ਰਮਕੇ, ਮਸ਼ੀਨੀ ਜ਼ਿੰਦਗੀ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਆਲੀਸ਼ਾਨ ਜ਼ਿੰਦਗੀ ਗੁਜ਼ਾਰਨ ਲਈ ਵੱਧ ਤੋਂ ਵੱਧ ਕਮਾਈ ਕਰਨ ਦੀ ਦੌੜ ’ਚ ਅਤੇ ਸਮੇਂ ਤੇ ਧਰਤੀ ਦੀ ਦੂਰੀ ਕਾਰਨ ਇਹ ਵੀ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੇ ਕੋਈ ਆਪਣੇ ਵੀ ਉਨ੍ਹਾਂ ਦੇ ਰਾਹ ਵੇਖਦੇ ਹੋਣਗੇ। ਉਨ੍ਹਾਂ ਨੂੰ ਮਿਲਣ ਲਈ ਤੜਫ਼ ਰਹੇ ਹੋਣਗੇ। ਵਿਦੇਸ਼ਾਂ ਵਿੱਚ ਰਹਿੰਦਿਆਂ ਜਿਵੇਂ ਜਿਵੇਂ ਉਮਰ ਦੇ ਸਾਲ ਬੀਤਦੇ ਜਾਂਦੇ ਹਨ, ਉਵੇਂ ਉਵੇਂ ਆਪਣੇ ਵਤਨ ਦੀ ਧਰਤੀ ਦਾ ਮੋਹ ਅਤੇ ਆਪਣਿਆਂ ਨਾਲ ਜੁੜੇ ਹੋਣ ਦਾ ਅਹਿਸਾਸ ਨਿਵਾਣ ਵੱਲ ਨੂੰ ਜਾਣ ਲੱਗ ਪੈਂਦਾ ਹੈ। ਫੋਨ ਕਰਨ ਦਾ ਸਿਲਸਿਲਾ ਰਾਤ ਦਿਨ ਦੇ ਫ਼ਰਕ ਦੇ ਬਹਾਨੇ ਨਾਲ ਟੁੱਟਣਾ ਸ਼ੁਰੂ ਹੋ ਜਾਂਦਾ ਹੈ। ਜਿਨ੍ਹਾਂ ਮਾਪਿਆਂ ਨੇ ਕਰਜ਼ ਚੁੱਕ ਕੇ, ਜ਼ਮੀਨਾਂ ਗਹਿਣੇ ਰੱਖ ਕੇ ਤੇ ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਫੜ ਕੇ ਆਪਣੇ ਨੌਜਵਾਨ ਬੱਚਿਆਂ ਨੂੰ ਵਿਦੇਸ਼ ਭੇਜਿਆ ਹੁੰਦਾ ਹੈ, ਉਹ ਮਾਪੇ ਉਨ੍ਹਾਂ ਨੂੰ ਮਿਲਣ ਲਈ ਤਰਸ ਜਾਂਦੇ ਹਨ। ਸਮੇਂ ਨਾਲ ਉਨ੍ਹਾਂ ਦੇ ਆਪਸ ਵਿੱਚ ਸਬੰਧ ਕੇਵਲ ਇੱਕ ਦੂਜੇ ਦਾ ਹਾਲ ਚਾਲ ਫੋਨ ਉੱਤੇ ਪੁੱਛਣ ਜੋਗੇ ਹੀ ਰਹਿ ਜਾਂਦੇ ਹਨ।

Advertisement

ਉਨ੍ਹਾਂ ਨੌਜਵਾਨ ਬੱਚਿਆਂ ਨੂੰ ਆਪਣੇ ਮਾਪੇ ਉਦੋਂ ਯਾਦ ਆਉਂਦੇ ਹਨ ਜਦੋਂ ਉਨ੍ਹਾਂ ਨੂੰ ਆਪਣੇ ਬੱਚੇ ਪਾਲਣ ਦੀ ਸਮੱਸਿਆ ਆਉਂਦੀ ਹੈ। ਉਹ ਆਪਣੇ ਮਾਂ-ਬਾਪ ਨੂੰ ਲੈ ਕੇ ਜਾਂਦੇ ਤਾਂ ਵਿਦੇਸ਼ ਦੀ ਸੈਰ ਕਰਾਉਣ ਲਈ ਹਨ ਪਰ ਜ਼ਮੀਨੀ ਹਕੀਕਤ ਉਨ੍ਹਾਂ ਨੂੰ ਆਪਣੇ ਬੱਚੇ ਸੰਭਾਲਣ ਲਈ ਹੀ ਲੈ ਕੇ ਜਾਣਾ ਹੁੰਦਾ ਹੈ। ਵਿਦੇਸ਼ ’ਚ ਮਾਪਿਆਂ ਦਾ ਬੱਚਿਆਂ ਕੋਲ ਜਾ ਕੇ ਰਹਿਣ ਦੌਰਾਨ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਸਬੰਧਾਂ ਦਾ ਇੱਕ ਨਵਾਂ ਅਧਿਆਏ ਲਿਖਿਆ ਜਾਂਦਾ ਹੈ। ਬੱਚਿਆਂ ਦੇ ਰਹਿਣ-ਸਹਿਣ, ਖਾਣ-ਪੀਣ, ਸੋਚ, ਆਦਤਾਂ ਅਤੇ ਉਨ੍ਹਾਂ ਦੀ ਜ਼ਿੰਦਗੀ ਉੱਤੇ ਵਿਦੇਸ਼ੀ ਜ਼ਿੰਦਗੀ ਦੇ ਪ੍ਰਭਾਵ ਨੂੰ ਲੈ ਕੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਵਿਚਾਲੇ ਤਕਰਾਰ, ਮਨ-ਮੁਟਾਅ, ਤਣਾਅ ਤੇ ਟਕਰਾਅ ਹੋਣਾ ਆਮ ਜਿਹੀ ਗੱਲ ਹੁੰਦੀ ਹੈ। ਬੱਚਿਆਂ ਦੇ ਵਿਹਾਰ ਨੂੰ ਲੈ ਕੇ ਮਾਪਿਆਂ ਦੇ ਦਿਲਾਂ ਵਿੱਚ ਦੋ-ਤਿੰਨ ਵਿਚਾਰ ਵਾਰ ਵਾਰ ਉੱਠਦੇ ਰਹਿੰਦੇ ਹਨ, ਕਿੱਥੇ ਆ ਕੇ ਫਸ ਗਏ, ਛੇਤੀ ਤੋਂ ਛੇਤੀ ਆਪਣੇ ਘਰ ਨੂੰ ਮੁੜੀਏ, ਆਪਾਂ ਮੁੜ ਕੇ ਨਹੀਂ ਆਵਾਂਗੇ।

ਜੇਕਰ ਦੋਹਾਂ ਧਿਰਾਂ ’ਚ ਹਉਮੈ ਹੋਵੇ ਤਾਂ ਸਬੰਧਾਂ ਵਿੱਚ ਤਣਾਅ ਹੋਰ ਵੀ ਜ਼ਿਆਦਾ ਗਹਿਰਾ ਹੋ ਜਾਂਦਾ ਹੈ। ਕਦੇ ਕਦੇ ਤੂੰ ਤੂੰ ਮੈਂ ਮੈਂ ਅਤੇ ਆਪਸ ਵਿੱਚ ਸੰਵਾਦ ਟੁੱਟਣ ਦੀ ਨੌਬਤ ਵੀ ਆ ਜਾਂਦੀ ਹੈ। ਮਾਪਿਆਂ ਅਤੇ ਨੂੰਹ ਦੇ ਸਬੰਧਾਂ ਦੇ ਟਕਰਾਅ ਵਿੱਚ ਪੁੱਤਰ ਨੂੰ ਪਿਸਣਾ ਪੈਂਦਾ ਹੈ। ਮਾਪੇ ਆਪਣੇ ਪੁੱਤਰ ਦੇ ਮੂੰਹ ਨੂੰ ਚੁੱਪ ਰਹਿੰਦੇ ਹਨ। ਪੁੱਤਰ ਸਭ ਕੁਝ ਜਾਣਦਾ ਹੋਇਆ ਵੀ ਆਪਣੇ ਮਾਪਿਆਂ ਨੂੰ ਹੀ ਸਮਝਾਉਣ ਦਾ ਯਤਨ ਕਰਦਾ ਹੈ ਕਿਉਂਕਿ ਉਸ ਨੇ ਜ਼ਿੰਦਗੀ ਆਪਣੀ ਪਤਨੀ ਨਾਲ ਹੀ ਬਸਰ ਕਰਨੀ ਹੁੰਦੀ ਹੈ। ਮਾਪਿਆਂ ਨੂੰ ਆਪਣੇ ਪੁੱਤ-ਨੂੰਹ ਨਾਲ ਇਹ ਸ਼ਿਕਾਇਤ ਹੁੰਦੀ ਹੈ ਕਿ ਉਹ ਉਨ੍ਹਾਂ ਕੋਲ ਬੈਠ ਦੇ ਨਹੀਂ। ਨੂੰਹ-ਪੁੱਤਰ ਕੋਲ ਆਪਣੇ ਮਾਪਿਆਂ ਕੋਲ ਨਾ ਬੈਠਣ ਦੇ ਇਹ ਤਰਕ ਹੁੰਦੇ ਹਨ ਕਿ ਉਨ੍ਹਾਂ ਕੋਲ ਉਨ੍ਹਾਂ ਦੇ ਨਾਲ ਬੈਠਣ ਦਾ ਸਮਾਂ ਹੀ ਕਿੱਥੇ ਹੁੰਦਾ ਹੈ, ਉਨ੍ਹਾਂ ਨੇ ਆਪਣੇ ਕੰਮ ਵੀ ਤਾਂ ਕਰਨੇ ਹੁੰਦੇ ਹਨ। ਉਹ ਉਨ੍ਹਾਂ ਨਾਲ ਕੀ ਗੱਲਾਂ ਕਰਨ?

ਜੇਕਰ ਬਜ਼ੁਰਗ ਮਾਪਿਆਂ ਤੋਂ ਪੋਤੇ-ਪੋਤੀ ਦੀ ਸਾਂਭ ਸੰਭਾਲ ਵਿੱਚ ਉਮਰ ਦੇ ਪ੍ਰਭਾਵ ਕਾਰਨ ਕੋਈ ਕੁਤਾਹੀ ਹੋ ਜਾਵੇ ਤਾਂ ਨੂੰਹ ਦੇ ਉਨ੍ਹਾਂ ਪ੍ਰਤੀ ਵਿਅੰਗ ਵੇਖਣ ਵਾਲੇ ਹੁੰਦੇ ਹਨ। ਜੇਕਰ ਬੱਚਿਆਂ ਅਤੇ ਮਾਪਿਆਂ ਦੇ ਸਬੰਧ ਸੁਖਾਵੇਂ ਨਾ ਹੋਣ ਤਾਂ ਉਹ ਇੱਕੋ ਘਰ ’ਚ ਉਸ ਗੁਆਂਢੀ ਵਾਂਗ ਰਹਿ ਰਹੇ ਹੁੰਦੇ ਹਨ, ਜਿਨ੍ਹਾਂ ਦੀ ਆਪਸ ਵਿੱਚ ਬਣਦੀ ਨਹੀਂ ਹੁੰਦੀ। ਸੱਸ-ਸਹੁਰੇ ਵੱਲੋਂ ਆਪਣੇ ਪੋਤੇ-ਪੋਤੀ ਦਾ ਸਭ ਕੁਝ ਕਰਨ ਦੇ ਬਾਵਜੂਦ ਨੂੰਹ ਦੇ ਮਨ ਵਿੱਚ ਇਹ ਹੁੰਦਾ ਹੈ ਕਿ ਉਹ ਜੋ ਕੁਝ ਕਰ ਰਹੇ ਹਨ ਆਪਣੇ ਪੁੱਤ ਲਈ ਕਰ ਰਹੇ ਹਨ, ਉਸ ਲਈ ਨਹੀਂ। ਅਸਲ ਵਿੱਚ ਸਚਾਈ ਵੀ ਇਹੋ ਹੁੰਦੀ ਹੈ। ਬੱਚਿਆਂ ਦੇ ਮਾੜੇ ਵਿਹਾਰ ਨੂੰ ਸਹਿ ਕੇ ਵੀ ਉਹ ਸਭ ਕੁਝ ਕਰਦੇ ਰਹਿੰਦੇ ਹਨ। ਉਹ ਜਦੋਂ ਵੀ ਘਰ ਤੋਂ ਬਾਹਰ ਘੁੰਮਣ ਫਿਰਨ ਨਿਕਲਦੇ ਹਨ ਜਾਂ ਫੇਰ ਪਾਰਕਾਂ ’ਚ ਜਾ ਕੇ ਬੈਠਦੇ ਹਨ ਤਾਂ ਉਹ ਆਪਣੇ ਪੁੱਤ-ਨੂੰਹ ਦੇ ਮਾੜੇ ਵਤੀਰੇ ਦੀਆਂ ਗੱਲਾਂ ਕਰਕੇ ਆਪਣਾ ਮਨ ਹੌਲਾ ਕਰ ਲੈਂਦੇ ਹਨ। ਬੱਚਿਆਂ ਨੂੰ ਸੰਭਾਲਣ ਲਈ ਮੁੰਡੇ ਦੇ ਮਾਂ-ਬਾਪ ਐਨਾ ਸਮਾਂ ਲਗਾ ਗਏ ਤਾਂ ਹੁਣ ਕੁੜੀ ਦੇ ਮਾਪਿਆਂ ਦੀ ਵਾਰੀ ਹੈ। ਕੁੜੀ ਅਤੇ ਮੁੰਡੇ ਦੇ ਮਾਪਿਆਂ ਦਾ ਇੱਕ ਦੂਜੇ ਨੂੰ ਚੰਗਾ-ਮਾੜਾ ਕਹਿਣਾ ਅਤੇ ਕੁੜੀ-ਮੁੰਡੇ ਦਾ ਆਪਣੇ ਮਾਪਿਆਂ ਨੂੰ ਲੈ ਕੇ ਕੋਈ ਨਾ ਕੋਈ ਤਕਰਾਰ ਹੋਣਾ, ਇਹ ਸਾਰੀਆਂ ਗੱਲਾਂ ਆਮ ਹੀ ਵੇਖਣ ਅਤੇ ਸੁਣਨ ਨੂੰ ਮਿਲਦੀਆਂ ਹਨ। ਬੱਚਿਆਂ ਦੀ ਸਾਂਭ ਸੰਭਾਲ ਨੂੰ ਲੈ ਕੇ ਆਰਥਿਕ ਮਜਬੂਰੀ ਕਾਰਨ ਪਤੀ-ਪਤਨੀ ਦੋਹਾਂ ਦੇ ਨੌਕਰੀ ਕਰਨ ਦੀ ਸਥਿਤੀ ਵਿੱਚ ਦੋਵਾਂ ਦਾ ਇੱਕ ਦੂਜੇ ਨੂੰ ਆਪਣੀ ਮਜਬੂਰੀ ਜਤਾਉਣਾ, ਦੋਹਾਂ ਵਿਚਾਲੇ ਤਕਰਾਰਬਾਜ਼ੀ ਹੋਣਾ ਆਮ ਹੈ। ਬੱਚੇ ਦੀ ਸਾਂਭ ਸੰਭਾਲ ਲਈ ਦੋਹਾਂ ਕੋਲ ਸਮਾਂ ਨਾ ਹੋਣ ਦੀ ਹਾਲਤ ਵਿੱਚ ਬੱਚੇ ਦਾ ਪ੍ਰਭਾਵਿਤ ਹੋਣਾ, ਇਹ ਸਾਰਾ ਵਿਦੇਸ਼ਾਂ ਵਿੱਚ ਵਸਣ ਵਾਲੇ ਨੌਜਵਾਨ ਮੁੰਡੇ-ਕੁੜੀਆਂ ਦੇ ਸਬੰਧਾਂ ’ਚ ਵਾਪਰਨਾ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ।

ਜੇਕਰ ਮਾਪੇ ਵਿਦੇਸ਼ ਵਿੱਚ ਵਸਦੇ ਨੂੰਹ-ਪੁੱਤ ਜਾਂ ਫਿਰ ਧੀ-ਜਵਾਈ ਦੇ ਬੱਚਿਆਂ ਨੂੰ ਸੰਭਾਲਣ ਲਈ ਕੁਝ ਸਮੇਂ ਲਈ ਆ ਜਾਣ ਤਾਂ ਉਨ੍ਹਾਂ ਨੂੰ ਦੂਜੇ ਪੁੱਤਾਂ-ਨੂੰਹਾਂ ਅਤੇ ਧੀ-ਜਵਾਈ ਦੇ ਤਾਅਨੇ ਮਿਹਣੇ ਸੁਣਨ ਨੂੰ ਥਾਂ ਹੋ ਜਾਂਦਾ ਹੈ। ਇੱਕ ਬਜ਼ੁਰਗ ਪਤੀ-ਪਤਨੀ ਦੀ ਜ਼ਿੰਦਗੀ ਦੀ ਦੁਖਾਂਤਭਰੀ ਘਟਨਾ ਮਨ ਨੂੰ ਬਹੁਤ ਦੁਖ ਪਹੁੰਚਾਉਣ ਵਾਲੀ ਹੈ। ਵਿਦੇਸ਼ ਵਿੱਚ ਵਸਦਾ ਪੁੱਤਰ ਆਪਣੇ ਮਾਪਿਆਂ ਤੋਂ ਸਭ ਕੁਝ ਵਿਕਾ ਕੇ ਉਨ੍ਹਾਂ ਨੂੰ ਆਪਣੇ ਕੋਲ ਲੈ ਆਇਆ। ਵਿਦੇਸ਼ ’ਚ ਉਨ੍ਹਾਂ ਦੋਹਾਂ ਨੂੰ 3200 ਡਾਲਰ ਪੈਨਸ਼ਨ ਲੱਗੀ ਹੋਈ ਹੈ। ਨੂੰਹ ਦੇ ਭੈੜੇ ਵਤੀਰੇ ਨੇ ਉਨ੍ਹਾਂ ਦਾ ਜਿਊਣਾ ਔਖਾ ਕਰ ਦਿੱਤਾ। ਉਹ ਆਪਣੇ ਦੇਸ਼ ਮੁੜਨ ਜੋਗੇ ਵੀ ਨਹੀਂ ਰਹੇ। ਪੁੱਤਰ ਨੂੰ ਪਰਿਵਾਰ ਦੀ ਸ਼ਾਂਤੀ ਲਈ ਉਨ੍ਹਾਂ ਨੂੰ ਆਪਣੇ ਘਰ ਦੀ ਬੇਸਮੈਂਟ ਵਿੱਚ ਰੱਖਣਾ ਪਿਆ।

ਵਿਦੇਸ਼ੀ ਜੀਵਨ ਦੇ ਪ੍ਰਭਾਵ ਵਿੱਚ ਬਿਨਾਂ ਵਿਆਹ ਤੋਂ ਪਤੀ-ਪਤਨੀ ਵਾਂਗ ਜ਼ਿੰਦਗੀ ਗੁਜ਼ਾਰਨਾ, ਪਤੀ-ਪਤਨੀ ਹੁੰਦਿਆਂ ਹੋਇਆਂ ਵੀ ਨੈਤਿਕਤਾ ਦੀਆਂ ਸੀਮਾਵਾਂ ਤੋੜ ਦੇਣੀਆਂ, ਪਤੀ-ਪਤਨੀ ਵਿੱਚ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਲੜਾਈ ਝਗੜਾ ਹੋਣਾ ਅਤੇ ਦੋਹਾਂ ਧਿਰਾਂ ਦਾ ਇੱਕ-ਦੂਜੇ ਨੂੰ ਤਲਾਕ ਦੇਣ ਦੀ ਨੌਬਤ ਪੈਦਾ ਹੋਣਾ ਵਿਦੇਸ਼ਾਂ ’ਚ ਵਸਦੇ ਅਨੇਕਾਂ ਮੁੰਡੇ-ਕੁੜੀਆਂ ਨਾਲ ਇਹ ਸਾਰਾ ਕੁਝ ਵਾਪਰ ਰਿਹਾ ਹੈ। ਵਿਦੇਸ਼ਾਂ ਵਿੱਚ ਵਸਦੇ ਮੁੰਡੇ-ਕੁੜੀਆਂ ਨਾਲ ਰਿਸ਼ਤੇ ਦੀ ਗੱਲ ਤੁਰਦਿਆਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਸੌ ਤਰ੍ਹਾਂ ਦੇ ਸਵਾਲ ਉੱਠਣਾ ਵਿਦੇਸ਼ੀ ਜ਼ਿੰਦਗੀ ਦਾ ਇੱਕ ਵਰਤਾਰਾ ਬਣ ਚੁੱਕਾ ਹੈ। ਜਿਹੜੇ ਲੋਕ ਪੱਕੇ ਤੌਰ ’ਤੇ ਵਿਦੇਸ਼ਾਂ ’ਚ ਜਾ ਵਸਦੇ ਹਨ, ਉਨ੍ਹਾਂ ਦੇ ਪਰਿਵਾਰ ਦੇ ਦੂਜੇ ਮੈਂਬਰਾਂ ਦੀ ਉਨ੍ਹਾਂ ਬਾਰੇ ਇਹ ਧਾਰਨਾ ਹੁੰਦੀ ਹੈ ਕਿ ਘਰਵਾਲਿਆਂ ਨੇ ਉਨ੍ਹਾਂ ਨੂੰ ਵਿਦੇਸ਼ ਭੇਜਣ ਲਈ ਬਹੁਤ ਪੈਸਾ ਲਗਾ ਦਿੱਤਾ ਹੈ ਤੇ ਉਨ੍ਹਾਂ ਨੂੰ ਵਿਦੇਸ਼ ’ਚ ਬਹੁਤ ਕਮਾਈ ਹੈ, ਹੁਣ ਉਨ੍ਹਾਂ ਦਾ ਘਰ ਵਿੱਚ ਕੋਈ ਹਿੱਸਾ ਨਹੀਂ ਬਣਦਾ। ਪਰ ਵਿਦੇਸ਼ ਵਿੱਚ ਵਸਦੇ ਪਰਵਾਸੀਆਂ ਦੀ ਇਹ ਸੋਚ ਹੁੰਦੀ ਹੈ ਕਿ ਉਹ ਸਮੇਂ ਸਮੇਂ ’ਤੇ ਘਰ ਪੈਸੇ ਭੇਜਦੇ ਰਹੇ ਹਨ, ਉਨ੍ਹਾਂ ਦਾ ਮਾਪਿਆਂ ਦੀ ਜਾਇਦਾਦ ਵਿੱਚ ਹਿੱਸਾ ਕਿਉਂ ਨਹੀਂ ਬਣਦਾ? ਉਹ ਕਿਸੇ ਰਿਸ਼ਤੇਦਾਰ ਦੇ ਦੁੱਖ ਸੁੱਖ ’ਚ ਆਉਣ ਜਾਂ ਨਾ ਆਉਣ ਪਰ ਜਾਇਦਾਦ ’ਚੋਂ ਆਪਣਾ ਹਿੱਸਾ ਬਚਾਉਣ ਲਈ ਜ਼ਰੂਰ ਆਉਂਦੇ ਹਨ।

ਵਿਦੇਸ਼ਾਂ ’ਚ ਵਸਦੇ ਲੋਕਾਂ ਦੀ ਜ਼ਿੰਦਗੀ ਦੀ ਆਰਥਿਕ ਅਤੇ ਦੂਰ ਦੇਸ਼ਾਂ ਤੋਂ ਸਮੇਂ ਸਿਰ ਨਾ ਪਹੁੰਚ ਸਕਣ ਦੀ ਮਜਬੂਰੀ ਉਨ੍ਹਾਂ ਨੂੰ ਆਪਣਿਆਂ ਦੇ ਦੁੱਖਾਂ ਸੁੱਖਾਂ ਵਿੱਚ ਸ਼ਰੀਕ ਹੋਣ ਤੋਂ ਵਾਂਝੇ ਰੱਖਦੀ ਹੈ। ਖ਼ਾਸ ਰਿਸ਼ਤੇਦਾਰਾਂ ਨਾਲ ਦੁਖ-ਸੁਖ ਫੋਨ ’ਤੇ ਹੀ ਸਾਂਝਾ ਕਰਨਾ ਪੈਂਦਾ ਹੈ ਤੇ ਜਿਨ੍ਹਾਂ ਨਾਲ ਖ਼ੂਨ ਦੀ ਸਾਂਝ ਹੁੰਦੀ ਹੈ, ਉਨ੍ਹਾਂ ਦੇ ਦਾਹ ਸਸਕਾਰ ਤੋਂ ਬਾਅਦ ਹੀ ਪਹੁੰਚ ਹੁੰਦਾ ਹੈ। ਕਈ ਵਾਰ ਉਹ ਵੀ ਸੰਭਵ ਨਹੀਂ ਹੁੰਦਾ। ਇਨ੍ਹਾਂ ਡਾਲਰਾਂ ਤੇ ਵਿਦੇਸ਼ੀ ਜ਼ਿੰਦਗੀ ਦੀ ਚਕਾਚੌਂਧ ਵਿੱਚ ਇਨਸਾਨੀ ਰਿਸ਼ਤਿਆਂ ਦੀ ਅਹਿਮੀਅਤ ਨੂੰ ਨਜ਼ਰਅੰਦਾਜ਼ ਕਰਨਾ ਮਨੁੱਖੀ ਭਾਵਨਾਵਾਂ ਨਾਲ ਬੇਵਫਾਈ ਹੈ। ਜੇਕਰ ਇਹ ਰਿਸ਼ਤੇ ਹੀ ਨਹੀਂ ਬਚਣਗੇ ਤਾਂ ਇਸ ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਦਾ ਵੀ ਕੀ ਲਾਭ ਹੋਵੇਗਾ।

Advertisement
×