ਆਪਣਿਆਂ ਹੱਥੋਂ ਆਪਣਿਆਂ ਦੀ ਹੋ ਰਹੀ ਲੁੱਟ
ਕੈਨੇਡਾ ਵਿੱਚ ਹਰ ਕੋਈ ਆਪਣੇ ਉੱਜਵਲ ਭਵਿੱਖ ਦੀ ਆਸ ਲੈ ਕੇ ਆਉਂਦਾ ਹੈ। 1902-03 ਤੋਂ ਬਾਅਦ ਸ਼ੁਰੂ ਹੋਏ ਭਾਰਤੀਆਂ ਖ਼ਾਸ ਕਰਕੇ ਪੰਜਾਬੀਆਂ ਦੇ ਪਰਵਾਸ ਦੇ ਰੁਝਾਨ ਦੌਰਾਨ ਭਾਵੇਂ ਪਹਿਲਾਂ ਪਹਿਲ ਪੰਜਾਬੀਆਂ ਨੂੰ ਇਸ ਮੁਲਕ ਅੰਦਰ ਆਪਣੀ ਸਥਾਪਤੀ ਲਈ ਬਹੁਤ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਸ ਵਕਤ ਪੰਜਾਬੀ ਆਪਣੇ ਵਤਨ ਤੋਂ ਨਵੇਂ ਆਇਆਂ ਲਈ ਬੜੇ ਹੀ ਚਾਅ ਨਾਲ ਮਦਦ ਕਰਨ ਲਈ ਯਤਨਸ਼ੀਲ ਰਹਿੰਦੇ ਸਨ। ਕੈਨੇਡਾ ਦੇ ਵੈਨਕੂਵਰ ਆਈਲੈਂਡ ਤੇ ਕਸਬਾ ਡੰਕਨ ਲਾਗੇ ਪਿੰਡ ਪਾਲਦੀ ਵਸਾਉਣ ਲਈ ਮਾਓ ਸਿੰਘ ਨੇ ਆਪਣੇ ਨਿੱਜੀ ਜਹਾਜ਼ ਰਾਹੀਂ ਕੈਨੇਡਾ ਦੇ ਦੂਰ ਦੁਰਾਡੇ ਇਲਾਕਿਆਂ ਵਿੱਚ ਵੀ ਨਵੇਂ ਆਇਆਂ ਲਈ ਬੜੀ ਮਦਦ ਕੀਤੀ। ਇਹ ਵੀ ਸੁਣੀਂਦਾ ਹੈ ਕਿ ਉਸ ਨੂੰ ਜਦ ਪਤਾ ਲੱਗਦਾ ਸੀ ਕਿ ਕੈਨੇਡਾ ਦੇ ਫਲਾਣੇ ਇਲਾਕੇ ਵਿੱਚ ਕੋਈ ਪੰਜਾਬੀ ਨਵਾਂ ਆਇਆ ਹੈ, ਉਹ ਖ਼ੁਦ ਆਪਣੇ ਨਿੱਜੀ ਜਹਾਜ਼ ਰਾਹੀਂ ਉਸ ਨੂੰ ਆਪਣੇ ਪਿੰਡ ਪਾਲਦੀ (ਨੇੜੇ) ਡੰਕਨ ਲੈ ਆਉਂਦਾ ਸੀ ਅਤੇ ਨਵੇਂ ਆਇਆਂ ਲਈ ਰੁਜ਼ਗਾਰ ਦੇਣਾ ਤੇ ਰਿਹਾਇਸ਼ ਦਾ ਪ੍ਰਬੰਧ ਕਰਨਾ ਉਸ ਦਾ ਪਹਿਲਾ ਕੰਮ ਸੀ। ਕੈਨੇਡਾ ਵਿੱਚ ਨਵੇਂ ਆਇਆਂ ਲਈ ਕਾਨੂੰਨੀ ਤੌਰ ’ਤੇ ਕੰਮ ਕਰਨ ਲਈ ਵਰਕ ਪਰਮਿਟ ਚਾਲੂ ਕਰਵਾਉਣ ਲਈ ਵੀ ਉਸ ਨੇ ਲੰਬੀ ਕਾਨੂੰਨੀ ਲੜਾਈ ਲੜੀ, ਪਰ ਹੁਣ ਜਦ ਸਮਾਂ ਆਪਣੀ ਕਰਵਟ ਲੈ ਚੁੱਕਾ ਹੈ ਤਾਂ ਇਸ ਮੁਲਕ ਵਿੱਚ ਪਹਿਲਾਂ ਸਥਾਪਿਤ ਹੋ ਚੁੱਕੇ ਲੋਕਾਂ ਵੱਲੋਂ ਨਵੇਂ ਆਇਆਂ ਨਾਲ ਅਜਿਹਾ ਵਰਤਾਅ ਕੀਤਾ ਜਾਂਦਾ ਹੈ, ਜਿਹੋ ਜਿਹਾ ਪਹਿਲਾਂ ਪਹਿਲ ਭਾਰਤ ਅੰਦਰ ਸਰਮਾਏਦਾਰ ਤੇ ਉੱਚ ਜਾਤੀ ਦੇ ਲੋਕਾਂ ਵੱਲੋਂ ਅਛੂਤ ਸਮਝੇ ਜਾਂਦੇ ਲੋਕਾਂ ਨਾਲ ਕੀਤਾ ਜਾਂਦਾ ਸੀ। ਛੋਟੇ ਤੋਂ ਲੈ ਕੇ ਵੱਡੇ ਵਪਾਰੀ ਤੱਕ ਸਭ ਕਿਰਤੀ ਲੋਕਾਂ ਦਾ ਖੂਨ ਨਿਚੋੜਨ ਲਈ ਤਿਆਰ ਬੈਠੇ ਹਨ। ਜਿਸ ਤਰ੍ਹਾਂ ਹੱਥ ਦੀਆਂ ਪੰਜ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਠੀਕ ਉਸ ਤਰ੍ਹਾਂ ਹੀ ਬਹੁਤ ਸਾਰੇ ਰਹਿਮ ਦਿਲ ਤੇ ਕਿਰਤ ਦਾ ਸਤਿਕਾਰ ਕਰਨ ਵਾਲੇ ਲੋਕ ਵੀ ਵਸਦੇ ਹਨ, ਜੋ ਕਿਰਤੀ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਰੱਖਣ ਨੂੰ ਪਾਪ ਸਮਝਦੇ ਹਨ। ਪਰ ਬਹੁਤੇ ਅਜਿਹੇ ਹਨ ਜੋ ਅੱਜ ਕਿਰਤੀ ਲੋਕਾਂ ਦੀ ਕਮਾਈ ਨੂੰ ਦੋਹੀਂ ਹੱਥੀਂ ਲੁੱਟ ਕੇ ਉਨ੍ਹਾਂ ਦੇ ਪੱਲੇ ਨਿਗੂਣੀ ਰਕਮ ਹੀ ਪਾਉਂਦੇ ਹਨ, ਜਿਸ ਨਾਲ ਵਰਕਰ ਵਰਗ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ।
ਅਜੋਕੇ ਦੌਰ ’ਚ ਜਦ ਕੈਨੇਡਾ ਪਹਿਲਾਂ ਹੀ ਮਹਿੰਗਾਈ ਤੇ ਅਰਥ ਵਿਵਸਥਾ ਦੀ ਨਿੱਘਰਦੀ ਜਾ ਰਹੀ ਹਾਲਤ ਨਾਲ ਦੋ ਚਾਰ ਹੋ ਰਿਹਾ ਹੈ ਤਾਂ ਪਿਛਲੇ ਕੁਝ ਕੁ ਸਾਲਾਂ ਤੋਂ ਮਾੜੀ ਬਿਰਤੀ ਵਾਲੇ ਕੁਝ ਕੁ ਕਾਰੋਬਾਰੀਆਂ ਦੀਆਂ ਇਨ੍ਹਾਂ ਹਰਕਤਾਂ ਨੇ ਕੈਨੇਡੀਅਨ ਸਿਸਟਮ ਦਾ ਭੱਠਾ ਬਿਠਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਕਈ ਵਾਰ ਰੇਡੀਓ ਪ੍ਰੋਗਰਾਮਾਂ ਵਿੱਚ ਚੱਲ ਰਹੇ ਟਾਕ ਸ਼ੋਅ’ਜ਼ ਦੌਰਾਨ ਅਜਿਹੇ ਲੋਕ ਕੈਨੇਡਾ ਵਿੱਚ ਪੜ੍ਹਾਈ ਕਰ ਰਹੇ ਵਿਦਿਆਰਥੀ ਵਰਗ ਜਾਂ ਹੋਰਨਾਂ ਕਾਮਿਆਂ ਬਾਰੇ ਗੱਲ ਕਰਦੇ ਹੋਏ ਕਹਿਣਗੇ ਕਿ ਇਹ ਮੁਲਕ ਇਨ੍ਹਾਂ ਲੋਕਾਂ ਦੇ ਰਹਿਣ ਦੇ ਯੋਗ ਨਹੀਂ ਹੈ, ਪਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਮੁਲਕ ਦੇ ਮਾੜੀ ਬਿਰਤੀ ਵਾਲੇ ਲੋਕਾਂ ਨੇ ਇਸ ਮੁਲਕ ਦੀ ਆਬੋ ਹਵਾ ਨੂੰ ਵੀ ਗੰਧਲਾ ਕਰ ਦਿੱਤਾ ਹੈ। ਭਾਰਤ ਵਿੱਚ ਵੀ ਕਿਰਤੀ ਲੋਕਾਂ ਦੇ ਪੈਸੇ ਹੜੱਪਣ ਦੀਆਂ ਘਟਨਾਵਾਂ ਬਹੁਤ ਘੱਟ ਸੁਣਨ ਨੂੰ ਮਿਲ ਸਕਦੀਆਂ ਹਨ, ਪਰ ਕੈਨੇਡਾ ਵਰਗੇ ਵਿਕਸਤ ਦੇਸ਼ ਵਿੱਚ ਅਜਿਹੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਡਾਲਰ ਹੜੱਪਣ ਵਾਲੇ ਲੋਕਾਂ ਦੇ ਰਹਿਣ ਲਈ ਕੈਨੇਡਾ ਵੀ ਯੋਗ ਨਹੀਂ ਰਿਹਾ, ਕਿਉਂਕਿ ਇਸ ਮੁਲਕ ਦੀ ਬੁਨਿਆਦ ਇਮਾਨਦਾਰੀ, ਸੱਚਾਈ ਤੇ ਸਮਰਪਣ ਦੇ ਟਿਕੀ ਹੈ। ਇਸ ਦੇਸ਼ ਅੰਦਰ ਗੋਰੇ ਲੋਕ ਵੀ ਬਹੁਤ ਬਿਜ਼ਨਸ ਕਰਦੇ ਹਨ, ਉਨ੍ਹਾਂ ਵੱਲੋਂ ਕਿਸੇ ਦੇ ਡਾਲਰ ਹੜੱਪਣ ਜਾਂ ਘੱਟੋ-ਘੱਟ ਮਿੱਥੀ ਉਜਰਤ ਤੋਂ ਘੱਟ ਤਨਖਾਹ ਦੇਣ ਬਾਰੇ ਕਦੇ ਕੋਈ ਖ਼ਬਰ ਨਹੀਂ ਸੁਣੀ, ਪ੍ਰੰਤੂ ਪੰਜਾਬੀ ਕਾਰੋਬਾਰੀਆਂ ਬਾਰੇ ਅਜਿਹੇ ਕਿੱਸੇ ਆਮ ਹੀ ਸੁਣਨ ਨੂੰ ਮਿਲਦੇ ਹਨ।
ਕੈਨੇਡਾ ਦੇ ਸੂਬੇ ਓਂਟਾਰੀਓ ਦੇ ਟੋਰਾਂਟੋ ਤੇ ਬਰੈਂਪਟਨ ਸ਼ਹਿਰਾਂ ਅੰਦਰ ਟਰੱਕ ਉਦਯੋਗ ਨਾਲ ਸਬੰਧਿਤ ਕਾਰੋਬਾਰੀਆਂ ਵੱਲੋਂ ਆਪਣੇ ਡਰਾਈਵਰਾਂ ਜਾਂ ਹੋਰਨਾਂ ਕਾਮਿਆਂ ਦੇ ਡਾਲਰ ਹੜੱਪੇ ਜਾਣ ’ਤੇ ਕਾਮਿਆਂ ਵੱਲੋਂ ਇਕੱਠੇ ਹੋ ਕੇ ਉਨ੍ਹਾਂ ਦੇ ਘਰਾਂ ਜਾਂ ਦਫ਼ਤਰਾਂ ਦੇ ਘਰਾਂ ਦੇ ਘਿਰਾਓ ਕੀਤੇ ਗਏ। ਇਸੇ ਤਰ੍ਹਾਂ ਅਲਬਰਟਾ ਸੂਬੇ ਦੇ ਕੈਲਗਰੀ ਤੇ ਐਡਮਿੰਟਨ ਵਿੱਚ ਵੀ ਅਜਿਹੀਆਂ ਹੀ ਖ਼ਬਰਾਂ ਸੁਣਨ ਨੂੰ ਮਿਲੀਆਂ। ਹੁਣ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਵੀ ‘ਸਭ ਅੱਛਾ ਨਹੀਂ’ ਹੋਣ ਦੀਆਂ ਖ਼ਬਰਾਂ ਸੁਣਨ ਨੂੰ ਮਿਲੀਆਂ ਹਨ। ਜਾਣਕਾਰੀ ਅਨੁਸਾਰ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਤੇ ਸਰੀ ਦੇ ਕੁਝ ਕਾਰੋਬਾਰੀ ਵੀ ਅਜਿਹੇ ਹੀ ਰਾਹ ਤੁਰੇ ਹੋਏ ਹਨ। ਆਰਜ਼ੀ ਕਾਮੇ ਜਾਂ ਵਿਦਿਆਰਥੀ ਕੈਨੇਡਾ ਵਿੱਚ ਆਪਣੀ ਪੱਕੀ ਨਾਗਰਿਕਤਾ ਲੈਣ ਲਈ ਕਿਸੇ ਅੜਚਣ ਤੋਂ ਬਚਣ ਲਈ ਆਪਣੀ ਜ਼ੁਬਾਨ ਬੰਦ ਰੱਖਦੇ ਹਨ। ਕਿਸੇ ਵੀ ਮੀਡੀਆ ਸਾਧਨ ਦੁਆਰਾ ਇਨ੍ਹਾਂ ਧੱਕੇਸ਼ਾਹੀਆਂ ਖਿਲਾਫ਼ ਬਹੁਤੇ ਆਪਣੀ ਆਵਾਜ਼ ਬੰਦ ਰੱਖਣੀ ਹੀ ਜ਼ਰੂਰੀ ਸਮਝਦੇ ਹਨ। ਟਰੱਕ ਉਦਯੋਗ ਤੋਂ ਬਿਨਾਂ ਸਕਿੱਲ ਉਦਯੋਗ ਨਾਲ ਸਬੰਧਿਤ ਜ਼ਿਆਦਾਤਰ ਕਾਰੋਬਾਰੀ ਆਪਣੇ ਕਾਮਿਆਂ ਦੀਆਂ ਉਜਰਤਾਂ ਨੂੰ ਆਨੇ ਬਹਾਨੇ ਹੜੱਪ ਰਹੇ ਹਨ। ਹੋਰ ਤਾਂ ਹੋਰ ਅਜਿਹੇ ਪੈਸੇ ਹੜੱਪਣ ਵਾਲੇ ਲੋਕਾਂ ਵੱਲੋਂ ਸਮਾਜ ਅੰਦਰ ਆਪਣੇ ਵੱਡੇ ਸਮਾਜ ਸੇਵੀ ਹੋਣ ਦਾ ਮਖੌਟਾ ਵੀ ਪਾਇਆ ਜਾਂਦਾ ਹੈ। ਖੇਡ ਮੇਲਿਆਂ ਜਾਂ ਧਾਰਮਿਕ ਸਮਾਗਮਾਂ ’ਤੇ ਡਾਲਰ ਪਾਣੀ ਦੀ ਤਰ੍ਹਾਂ ਵਹਾ ਕੇ ਸਮਾਜ ਸੇਵੀ ਬਣਨ ਦਾ ਭਰਮ ਵੀ ਅਜਿਹੇ ਲੋਕ ਪਾਲਦੇ ਹਨ। ਇਸ ਸਬੰਧੀ ਪੀੜਤ ਕਾਮੇ ਭਾਵੇਂ ਸਾਹਮਣੇ ਨਹੀਂ ਆ ਰਹੇ, ਪਰ ਦੱਬਵੀਂ ਸੁਰ ਵਿੱਚ ਗੱਲ ਕਰਦਿਆਂ ਇਸ ਸਬੰਧੀ ਸ਼ਿਕਾਇਤਾਂ ਲਗਾਤਾਰ ਕੈਨੇਡਾ ਦੇ ਹਰ ਰਾਜ ਦੇ ਇੰਪਲਾਇਮੈਂਟ ਸਟੈਂਡਰਡ ਬਰਾਂਚ ਨੂੰ ਜਾ ਰਹੀਆਂ ਹਨ। ਇਸ ਤੋਂ ਬਿਨਾਂ ਵੱਖ ਵੱਖ ਹਲਕਿਆਂ ਦੇ ਮੈਂਬਰ ਪਾਰਲੀਮੈਂਟਾਂ ਨੂੰ ਵੀ ਇਨ੍ਹਾਂ ਧੱਕੇਸ਼ਾਹੀਆਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ ਤਾਂ ਕਿ ਕਿਰਤੀਆਂ ਦੀ ਹੋ ਰਹੀ ਲੁੱਟ ਬਾਰੇ ਸਰਕਾਰ ’ਤੇ ਫੌਰੀ ਕਦਮ ਚੁੱਕਣ ਲਈ ਦਬਾਅ ਬਣਾਇਆ ਜਾ ਸਕੇ। ਇਸ ਤਰ੍ਹਾਂ ਆਪਣਿਆਂ ਵੱਲੋਂ ਆਪਣਿਆਂ ਦੀ ਹੋ ਰਹੀ ਲੁੱਟ ਨੇ ਜਿੱਥੇ ਕੈਨੇਡਾ ਦੇ ਨਿਆਰੇਪਣ ਨੂੰ ਠੇਸ ਪਹੁੰਚਾਈ ਹੈ, ਉੱਥੇ ਇਸ ਨਾਲ ਕਈ ਤਰ੍ਹਾਂ ਦੇ ਸਵਾਲ ਵੀ ਕੈਨੇਡਾ ਸਰਕਾਰ ਅਤੇ ਇੱਥੇ ਵਸਦੇ ਭਾਰਤੀ ਭਾਈਚਾਰੇ ਅੱਗੇ ਖੜ੍ਹੇ ਹੋਏ ਹਨ, ਜਿਨ੍ਹਾਂ ਦੇ ਜਵਾਬ ਦਿੱਤੇ ਬਿਨਾਂ ਛੁਟਕਾਰਾ ਸੰਭਵ ਨਹੀਂ।
ਸੰਪਰਕ: 77898-09196