DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਮਰੀਕਾ ਤੋਂ ਮੋੜੇ ਪਰਵਾਸੀਆਂ ਦਾ ਕੌੜਾ ਸੱਚ

ਪ੍ਰਿੰਸੀਪਲ ਵਿਜੈ ਕੁਮਾਰ ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਵੱਲੋਂ ਕਿੰਨੇ ਹੀ ਗੈਰਕਾਨੂੰਨੀ ਪਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ਾਂ ਵਿੱਚ ਵਾਪਸ ਭੇਜਿਆ ਜਾ ਰਿਹਾ ਹੈ। ਪਰਵਾਸੀਆਂ ਨੂੰ ਕਿਸੇ ਪੱਛਮੀ ਦੇਸ਼ ਵੱਲੋਂ ਉਨ੍ਹਾਂ ਦੇ ਦੇਸ਼ਾਂ ਨੂੰ ਮੋੜ ਕੇ ਭੇਜਣ ਦਾ ਇਹ ਕੋਈ ਪਹਿਲਾ...
  • fb
  • twitter
  • whatsapp
  • whatsapp
Advertisement

ਪ੍ਰਿੰਸੀਪਲ ਵਿਜੈ ਕੁਮਾਰ

ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਵੱਲੋਂ ਕਿੰਨੇ ਹੀ ਗੈਰਕਾਨੂੰਨੀ ਪਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ਾਂ ਵਿੱਚ ਵਾਪਸ ਭੇਜਿਆ ਜਾ ਰਿਹਾ ਹੈ। ਪਰਵਾਸੀਆਂ ਨੂੰ ਕਿਸੇ ਪੱਛਮੀ ਦੇਸ਼ ਵੱਲੋਂ ਉਨ੍ਹਾਂ ਦੇ ਦੇਸ਼ਾਂ ਨੂੰ ਮੋੜ ਕੇ ਭੇਜਣ ਦਾ ਇਹ ਕੋਈ ਪਹਿਲਾ ਅਤੇ ਆਖ਼ਰੀ ਮਸਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਦੇਸ਼ਾਂ ਵੱਲੋਂ ਅਜਿਹਾ ਕੀਤਾ ਜਾਂਦਾ ਰਿਹਾ ਹੈ, ਪਰ ਇਸ ਵੇਲੇ ਟਰੰਪ ਸਰਕਾਰ ਵੱਲੋਂ ਵੱਖ ਵੱਖ ਦੇਸ਼ਾਂ ਦੇ ਖ਼ਾਸ ਕਰਕੇ ਭਾਰਤ ਦੇ ਪਰਵਾਸੀਆਂ ਨੂੰ ਜਿਸ ਢੰਗ ਨਾਲ ਮੋੜਿਆ ਗਿਆ ਹੈ, ਉਸ ਕਾਰਨ ਅੰਤਰਰਾਸ਼ਟਰੀ ਪੱਧਰ ’ਤੇ ਇਹ ਮਾਮਲਾ ਕਾਫ਼ੀ ਭਖਿਆ ਹੋਇਆ ਹੈ। ਇਹ ਮਸਲਾ ਟਰੰਪ ਸਰਕਾਰ, ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ, ਏਜੰਟਾਂ ਅਤੇ ਪਰਵਾਸੀਆਂ ਨਾਲ ਜੁੜਿਆ ਹੋਇਆ ਹੈ।

Advertisement

ਪਹਿਲਾਂ ਇਹ ਗੱਲ ਸਪੱਸ਼ਟ ਕਰ ਦੇਣੀ ਚਾਹੀਦੀ ਹੈ ਕਿ ਇਹ ਮਾਮਲਾ ਕੂਟਨੀਤਕ ਰਾਜਨੀਤੀ ਦਾ ਹੈ। ਟਰੰਪ ਸਰਕਾਰ ਦੁਨੀਆ ਦੇ ਦੂਜੇ ਦੇਸ਼ਾਂ ਉੱਤੇ ਆਪਣਾ ਦਬਾਅ ਬਣਾਉਣਾ ਚਾਹੁੰਦੀ ਹੈ। ਟਰੰਪ ਸਰਕਾਰ ਨੂੰ ਪੁੱਛੇ ਜਾਣ ਵਾਲੇ ਸਵਾਲ ਇਹ ਹਨ ਕਿ ਕੀ ਗ਼ਲਤ ਢੰਗਾਂ ਨਾਲ ਅਮਰੀਕਾ ਵਿੱਚ ਆਉਣ ਵਾਲੇ ਪਰਵਾਸੀਆਂ ਨੂੰ ਰੋਕਣਾ ਉਨ੍ਹਾਂ ਦੀ ਜ਼ਿੰਮੇਵਾਰੀ ਨਹੀਂ ਹੈ? ਜਿਨ੍ਹਾਂ ਸਰਹੱਦਾਂ ਤੋਂ ਪਰਵਾਸੀ ਡੌਂਕੀ ਜਾਂ ਹੋਰ ਢੰਗਾਂ ਰਾਹੀਂ ਅਮਰੀਕਾ ਵਿੱਚ ਦਾਖਲ ਹੁੰਦੇ ਹਨ, ਉਨ੍ਹਾਂ ਸਰਹੱਦਾਂ ਅਤੇ ਉਨ੍ਹਾਂ ਢੰਗਾਂ ਉੱਤੇ ਸਖ਼ਤੀ ਕਰਨੀ ਉਸ ਦੀ ਜ਼ਿੰਮੇਵਾਰੀ ਨਹੀਂ ਹੈ? ਪਰਵਾਸੀਆਂ ਨੂੰ ਰਾਜਨੀਤਕ ਸ਼ਰਨ ਦੇਣ ਲਈ ਸ਼ਰਨਾਰਥੀ ਬਣਾ ਕੇ ਅਮਰੀਕਾ ਵਿੱਚ ਕੌਣ ਬਲਾਉਂਦਾ ਹੈ? ਇਨ੍ਹਾਂ ਪਰਵਾਸੀ ਮੁੰਡੇ ਕੁੜੀਆਂ ਨੂੰ ਫਿਰਕਾਪ੍ਰਸਤੀ ਦੀ ਆੜ ਵਿੱਚ ਭੜਕਾ ਕੇ ਦੂਜੇ ਦੇਸ਼ਾਂ ਵਿੱਚ ਅਸਥਿਰਤਾ ਕੌਣ ਪੈਦਾ ਕਰਦਾ ਹੈ? ਇਨ੍ਹਾਂ ਪਰਵਾਸੀਆਂ ਵੱਲੋਂ ਕੀਤੇ ਜਾਣ ਵਾਲੇ ਨਸ਼ੇ, ਲੁੱਟਮਾਰ, ਧੋਖਾ-ਧੜੀ, ਹੇਰਾ-ਫੇਰੀਆਂ ਅਤੇ ਹੋਰ ਗ਼ਲਤ ਕੰਮਾਂ ਨੂੰ ਸਖ਼ਤੀ ਨਾਲ ਕਿਉਂ ਨਹੀਂ ਰੋਕਿਆ ਜਾਂਦਾ? ਟਰੰਪ ਸਰਕਾਰ ਇਨ੍ਹਾਂ ਸਵਾਲਾਂ ਦਾ ਜਵਾਬ ਦਿੱਤੇ ਬਿਨਾਂ ਆਪਣੇ ਆਪ ਨੂੰ ਬੇਕਸੂਰ ਸਿੱਧ ਨਹੀਂ ਕਰ ਸਕਦੀ।

ਅਮਰੀਕਾ ਤੋਂ ਡਿਪੋਰਟ ਜਸਨੂਰ ਸਿੰਘ (ਕਾਲੀ ਜਰਸੀ)

ਹੁਣ ਗ਼ਲਤ ਢੰਗਾਂ ਨਾਲ ਅਮਰੀਕਾ ਗਏ ਪਰਵਾਸੀਆਂ ਨੂੰ ਪੁੱਛੇ ਜਾਣ ਵਾਲੇ ਸਵਾਲ ਇਹ ਹਨ ਕਿ ਅਮਰੀਕਾ ਸਰਕਾਰ ਵੱਲੋਂ ਉਨ੍ਹਾਂ ਨੂੰ ਆਪਣੇ ਮੁਲਕ ਵਿੱਚੋਂ ਕੱਢੇ ਜਾਣ ਲਈ ਉਸ ਨੂੰ ਕਸੂਰਵਾਰ ਕਹਿਣ ਤੋਂ ਪਹਿਲਾਂ ਆਪਣੇ ਆਪ ਨੂੰ ਇਹ ਸਵਾਲ ਪੁੱਛਣਾ ਚਾਹੀਦਾ ਹੈ ਕਿ ਕੀ ਉਹ ਆਪਣੇ ਆਪ ਨੂੰ ਖ਼ਤਰੇ ਵਿੱਚ ਪਾ ਕੇ, ਲੱਖਾਂ ਰੁਪਏ ਖ਼ਰਚ ਕਰਕੇ ਗ਼ਲਤ ਢੰਗਾਂ ਨਾਲ ਦੂਜੇ ਮੁਲਕ ਵਿੱਚ ਜਾਣ ਦਾ ਕੰਮ ਠੀਕ ਕਰ ਰਹੇ ਹਨ? ਕੀ ਦੂਜੇ ਮੁਲਕਾਂ ਵਿੱਚ ਜਾ ਕੇ ਸਰਕਾਰ ਵੱਲੋਂ ਬਣਾਏ ਗਏ ਕਾਨੂੰਨਾਂ ਨੂੰ ਤੋੜ ਕੇ ਉਸ ਮੁਲਕ ਵਿੱਚ ਰਹਿਣਾ ਠੀਕ ਗੱਲ ਹੈ? ਕੀ ਦੂਜੇ ਦੇਸ਼ਾਂ ਵਿੱਚ ਜਾ ਕੇ ਪੈਸੇ ਕਮਾਉਣ ਲਈ ਅਪਰਾਧਕ ਕੰਮ ਕਰਨਾ ਚੰਗੀ ਗੱਲ ਹੈ? ਜਿਹੜੇ ਲੱਖਾਂ ਰੁਪਏ ਕਰਜ਼ ਚੁੱਕ ਕੇ, ਜ਼ਮੀਨ ਵੇਚ ਕੇ ਜਾਂ ਗਹਿਣੇ ਰੱਖ ਕੇ ਵਿਦੇਸ਼ ਜਾਣ ਲਈ ਖ਼ਰਚ ਕੀਤੇ ਜਾਂਦੇ ਹਨ, ਕੀ ਉਨ੍ਹਾਂ ਰੁਪਇਆਂ ਨਾਲ ਆਪਣੇ ਦੇਸ਼ ਵਿੱਚ ਰੋਟੀ ਰੋਜ਼ੀ ਨਹੀਂ ਕਮਾਈ ਜਾ ਸਕਦੀ? ਜਿਨ੍ਹਾਂ ਏਜੰਟਾਂ ਨੂੰ ਉਹ ਗ਼ਲਤ ਢੰਗ ਨਾਲ ਵਿਦੇਸ਼ ਭੇਜਣ ਲਈ ਦੋਸ਼ੀ ਦੱਸ ਰਹੇ ਹਨ, ਕੀ ਉਨ੍ਹਾਂ ਨੇ ਉਨ੍ਹਾਂ ਏਜੰਟਾਂ ਬਾਰੇ ਪਹਿਲਾਂ ਪਤਾ ਨਹੀਂ ਕੀਤਾ? ਜਦੋਂ ਉਹ ਖ਼ੁਦ ਗ਼ਲਤ ਢੰਗਾਂ ਨਾਲ ਵਿਦੇਸ਼ ਜਾਣ ਦਾ ਰਾਹ ਚੁਣਦੇ ਹਨ, ਫਿਰ ਉਹ ਟਰੰਪ ਸਰਕਾਰ ਅਤੇ ਏਜੰਟਾਂ ਨੂੰ ਦੋਸ਼ੀ ਕਿਵੇਂ ਕਹਿ ਸਕਦੇ ਹਨ? ਵਿਦੇਸ਼ਾਂ ਵਿੱਚ ਵਸਦੇ ਕੁਝ ਪਰਵਾਸੀ ਮੁੰਡੇ-ਕੁੜੀਆਂ ਅਤੇ ਹੋਰ ਲੋਕਾਂ ਵੱਲੋਂ ਗ਼ਲਤ ਕੰਮ ਕਰਨ ਦੀਆਂ ਖ਼ਬਰਾਂ ਹਰ ਰੋਜ਼ ਮੀਡੀਆ ਵਿੱਚ ਛਪਦੀਆਂ ਰਹਿੰਦੀਆਂ ਹਨ। ਉਨ੍ਹਾਂ ਵੱਲੋਂ ਕੀਤੇ ਜਾਣ ਵਾਲੇ ਗ਼ਲਤ ਕੰਮਾਂ ਦਾ ਖਮਿਆਜ਼ਾ ਮਿਹਨਤੀ ਅਤੇ ਬੇਕਸੂਰ ਪਰਵਾਸੀਆਂ ਨੂੰ ਵੀ ਭੁਗਤਣਾ ਪੈਂਦਾ ਹੈ।

ਦਲੇਰ ਸਿੰਘ (ਨੀਲੀ ਜਰਸੀ) ਆਪਣੇ ਪਰਿਵਾਰ ਨਾਲ।

ਜਿਹੜੇ ਲੋਕ ਠੀਕ ਢੰਗਾਂ ਨਾਲ ਦੂਜੇ ਦੇਸ਼ਾਂ ਵਿੱਚ ਜਾਂਦੇ ਹਨ, ਉਹ ਲੋਕ ਵਿਦੇਸ਼ਾਂ ਵਿੱਚ ਕਾਰੋਬਾਰ ਅਤੇ ਨੌਕਰੀਆਂ ਕਰਕੇ ਚੰਗੇ ਪੈਸੇ ਕਮਾਉਂਦੇ ਹਨ ਅਤੇ ਉਨ੍ਹਾਂ ਮੁਲਕਾਂ ਦੀ ਨਾਗਰਿਕਤਾ ਵੀ ਪ੍ਰਾਪਤ ਕਰਦੇ ਹਨ। ਵਿਦੇਸ਼ੀ ਮੁਲਕਾਂ ਦੀਆਂ ਸਰਕਾਰਾਂ ਇਹ ਕਿਵੇਂ ਬਰਦਾਸ਼ਤ ਕਰ ਸਕਦੀਆਂ ਹਨ ਕਿ ਗ਼ਲਤ ਢੰਗਾਂ ਨਾਲ ਪਰਵਾਸੀ ਉਨ੍ਹਾਂ ਦੇ ਮੁਲਕ ’ਚ ਆ ਕੇ ਉਨ੍ਹਾਂ ਦੇ ਮੁਲਕਾਂ ਦੇ ਕਾਨੂੰਨ ਤੋੜ ਕੇ ਉਨ੍ਹਾਂ ਲਈ ਖ਼ਤਰਾ ਪੈਦਾ ਕਰਨ। ਹੁਣ ਸਰਕਾਰਾਂ ਦੀ ਗੱਲ ਵੀ ਕਰ ਲੈਦੇ ਹਾਂ। ਅਮਰੀਕਾ ਸਰਕਾਰ ਵੱਲੋਂ ਮੋੜ ਕੇ ਭੇਜੇ ਗਏ ਭਾਰਤੀ ਪਰਵਾਸੀਆਂ ਪ੍ਰਤੀ ਸਰਕਾਰ ਦਾ ਝੂਠੀ ਹਮਦਰਦੀ ਵਿਖਾਉਣਾ ਅਤੇ ਬਿਆਨਬਾਜ਼ੀ ਕਰਨਾ ਸਿਆਸੀ ਰੋਟੀਆਂ ਸੇਕਣ ਤੋਂ ਵਧ ਕੇ ਹੋਰ ਕੁਝ ਨਹੀਂ ਹੈ। ਸਾਡੇ ਨੌਜਵਾਨ ਬੱਚੇ ਲੱਖਾਂ ਰੁਪਏ ਕਰਜ਼ਾ ਚੁੱਕ ਕੇ ਅਤੇ ਗ਼ਲਤ ਢੰਗਾਂ ਨਾਲ ਵਿਦੇਸ਼ਾਂ ਵਿੱਚ ਜਾ ਕੇ ਵਸਣ ਲਈ ਇਸ ਲਈ ਮਜਬੂਰ ਹੋ ਰਹੇ ਹਨ ਕਿਉਂਕਿ ਸਾਡੀਆਂ ਸਰਕਾਰਾਂ ਇਨ੍ਹਾਂ ਲਈ ਰੁਜ਼ਗਾਰ ਦਾ ਪ੍ਰਬੰਧ ਨਹੀਂ ਕਰ ਸਕੀਆਂ। ਸਰਕਾਰ ਹੁਣ ਅਮਰੀਕਾ ਤੋਂ ਮੁੜ ਕੇ ਆਏ ਪਰਵਾਸੀਆਂ ਨੂੰ ਭੇਜਣ ਵਾਲੇ ਏਜੰਟਾਂ ਨੂੰ ਫੜਨ ਦਾ ਵਿਖਾਵਾ ਕਰ ਰਹੀ ਹੈ। ਸਰਕਾਰ ਨੂੰ ਪੁੱਛਣਾ ਬਣਦਾ ਹੈ ਕਿ ਉਸ ਨੂੰ ਏਜੰਟਾਂ ਨੂੰ ਫੜਨ ਦੀ ਯਾਦ ਉਦੋਂ ਹੀ ਕਿਉਂ ਆਉਂਦੀ ਹੈ ਜਦੋਂ ਬੇਰੁਜ਼ਗਾਰੀ ਦਾ ਸੰਤਾਪ ਭੋਗ ਰਹੇ ਬੱਚਿਆਂ ਨਾਲ ਅਜਿਹਾ ਕੁਝ ਮਾੜਾ ਵਾਪਰ ਜਾਂਦਾ ਹੈ।

ਹੁਣ ਸਵਾਲ ਇਹ ਹੈ ਕਿ ਪੱਛਮੀ ਦੇਸ਼ਾਂ ਵਿੱਚ ਜਾ ਕੇ ਡਾਲਰ ਕਮਾ ਕੇ ਕਰੋੜਪਤੀ ਹੋਣ ਦੀ ਲਾਲਸਾ ਰੱਖਣ ਵਾਲੇ ਮੁੰਡੇ-ਕੁੜੀਆਂ ਅਤੇ ਹੋਰ ਲੋਕਾਂ ਨੂੰ ਕਰਨਾ ਕੀ ਚਾਹੀਦਾ ਹੈ? ਸਭ ਤੋਂ ਪਹਿਲਾਂ ਤਾਂ ਜੇਕਰ ਤੁਸੀਂ ਕਿਸੇ ਵੀ ਮੁਲਕ ਵਿੱਚ ਜਾਣ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ ਤਾਂ ਧੋਖੇਬਾਜ਼ ਏਜੰਟਾਂ ਦੀ ਲੁੱਟ ਦਾ ਸ਼ਿਕਾਰ, ਗ਼ਲਤ ਢੰਗਾਂ ਨਾਲ ਅਤੇ ਲੱਖਾਂ ਰੁਪਏ ਖ਼ਰਚ ਕੇ ਕਦੇ ਵੀ ਵਿਦੇਸ਼ ਨਾ ਜਾਓ। ਜੇਕਰ ਤੁਹਾਨੂੰ ਮਿਹਨਤ ਕਰਕੇ ਆਪਣੇ ਮੁਲਕ ਵਿੱਚ ਚੰਗੀ ਰੋਟੀ ਮਿਲਦੀ ਹੈ ਤਾਂ ਆਪਣਾ ਮੁਲਕ ਛੱਡ ਕੇ ਲੱਖਾਂ ਰੁਪਏ ਕਰਜ਼ਾ ਚੁੱਕ ਕੇ ਵਿਦੇਸ਼ ਕਦੇ ਵੀ ਨਾ ਜਾਓ। ਵਿਦੇਸ਼ ਜਾਣ ਲਈ ਸ਼ਰਤਾਂ ਅਤੇ ਨਿਯਮ ਸਭ ਕੁਝ ਇੰਟਰਨੈੱਟ ਉੱਤੇ ਮੌਜੂਦ ਹਨ, ਉਨ੍ਹਾਂ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਉਸ ਮੁਤਾਬਿਕ ਵਿਦੇਸ਼ ਜਾਣ ਦਾ ਫ਼ੈਸਲਾ ਕਰੋ।

ਵਿਦੇਸ਼ਾਂ ਵਿੱਚ ਜਾ ਕੇ ਉਨ੍ਹਾਂ ਮੁਲਕਾਂ ਦੇ ਕਾਨੂੰਨਾਂ ਦਾ ਪਾਲਣ ਕਰੋ। ਜੇਕਰ ਤੁਸੀਂ ਇਨ੍ਹਾਂ ਸੁਝਾਵਾਂ ਉੱਤੇ ਅਮਲ ਨਹੀਂ ਕਰਦੇ ਤਾਂ ਤੁਹਾਡੇ ਨਾਲ ਦੂਜੇ ਦੇਸ਼ਾਂ ਤੋਂ ਵਾਪਸ ਮੋੜੇ ਜਾਣ ਦੀ ਘਟਨਾ ਕਦੇ ਵੀ ਵਾਪਰ ਸਕਦੀ ਹੈ। ਇਸ ਹਾਲਤ ਵਿੱਚ ਕਿਸੇ ਨੂੰ ਵੀ ਕਸੂਰਵਾਰ ਕਹਿਣ ਦੀ ਬਜਾਏ ਆਪਣੇ ਆਪ ਤੋਂ ਪੁੱਛੋ ਕਿ ਤੁਸੀਂ ਕਿੰਨੇ ਠੀਕ ਹੋ? ਸਰਕਾਰ ਨੂੰ ਧੋਖੇਬਾਜ਼ ਏਜੰਟਾਂ ਦੇ ਲਾਇਸੈਂਸ ਰੱਦ ਕਰਕੇ ਉਨ੍ਹਾਂ ਉੱਤੇ ਕੇਸ ਚਲਾਉਣੇ ਚਾਹੀਦੇ ਹਨ ਤਾਂ ਕਿ ਕਿਸੇ ਵੀ ਵਿਅਕਤੀ ਨਾਲ ਧੋਖਾ ਨਾ ਹੋ ਸਕੇ। ਸਰਕਾਰਾਂ ਨੂੰ ਆਪਣੇ ਦੇਸ਼ ਵਿੱਚ ਹੀ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ ਤਾਂ ਕਿ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਹੀ ਨਾ ਪਵੇ।

ਈਮੇਲ: vijaykumarbehki@gmail.com

Advertisement
×