ਤਰਕਸ਼ੀਲ ਮੇਲੇ ’ਚ ਨਾਟਕ ‘ਛਿਪਣ ਤੋਂ ਪਹਿਲਾਂ’ ਦਾ ਮੰਚਨ
ਸਰੀ : ਬੀਤੇ ਦਿਨੀਂ ਤਰਕਸ਼ੀਲ (ਰੈਸ਼ਨਲਿਸਟ) ਸੁਸਾਇਟੀ ਇਕਾਈ ਕੈਲਗਰੀ ਵੱਲੋਂ ਚੈਸਟਰਮੀਅਰ ਦੇ ਕਮਿਊਨਿਟੀ ਹਾਲ ਵਿੱਚ ਤਰਕਸ਼ੀਲ ਮੇਲਾ ਕਰਵਾਇਆ ਗਿਆ। ਇਹ ਮੇਲਾ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਮੀਡੀਆ ਸਕੱਤਰ ਡਾ.ਬਲਜਿੰਦਰ ਸੇਖੋਂ ਨੂੰ ਸਮਰਪਿਤ ਸੀ। ਇਸ ਵਿੱਚ ਡਾ. ਸੁਰਿੰਦਰ ਸ਼ਰਮਾ ਵੱਲੋਂ ਨਿਰਦੇਸ਼ਤ ਕੀਤਾ ਗਿਆ ਨਾਟਕ ‘ਛਿਪਣ ਤੋਂ ਪਹਿਲਾਂ’ ਕੈਲਗਰੀ ਦੇ ਸਥਾਨਕ ਕਲਾਕਾਰਾਂ ਵੱਲੋਂ ਖੇਡਿਆ ਗਿਆ। ਸੁਰਿੰਦਰ ਸ਼ਰਮਾ ਦੀ ਇਸ ਬਾ-ਕਮਾਲ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਬੇਹੱਦ ਭਾਵੁਕ ਕੀਤਾ।
ਮੇਲੇ ਵਿੱਚ ਤਰਕਸ਼ੀਲ (ਰੈਸ਼ਨਲਿਸਟ) ਸੁਸਾਇਟੀ ਕਨੈਡਾ ਦੇ ਪ੍ਰਧਾਨ ਬਲਦੇਵ ਰੈਹਿਪਾ (ਬਰੈਂਪਟਨ) ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਉਨ੍ਹਾਂ ਤਰਕਸ਼ੀਲਤਾ ਅਤੇ ਅਗਾਂਹਵਧੂ ਸੋਚ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਚੈਸਟਰਮੀਅਰ ਦੀ ਕੌਂਸਲਰ ਕਿਰਨ ਰੰਧਾਵਾ ਨੇ ਵੀ ਆਪਣੇ ਵਿਚਾਰ ਰੱਖੇ। ਤਰਕਸ਼ੀਲ ਸੁਸਾਇਟੀ ਐਬਟਸਫੋਰਡ ਦੀ ਟੀਮ ਵੀ ਇਸ ਮੇਲੇ ਦਾ ਹਿੱਸਾ ਬਣੀ। ਬੀਰਬਲ ਭਦੌੜ, ਗੁਰਪ੍ਰੀਤ ਭਦੌੜ, ਬਲਦੇਵ ਭਦੌੜ ਦੁਆਰਾ ਕੀਤੇ ਜਾਦੂ ਦੇ ਟਰਿੱਕ ਵੀ ਖਿੱਚ ਦਾ ਕੇਂਦਰ ਰਹੇ। ਗੁਰਪ੍ਰੀਤ ਨੇ ਜਾਦੂ ਟਰਿੱਕਾਂ ਦੇ ਨਾਲ-ਨਾਲ ਹਾਸ ਵਿਅੰਗਾਂ ਰਾਹੀਂ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾ ਦਿੱਤੀਆਂ। ਸਿਮਰਤਾ ਵੱਲੋਂ ਪੇਸ਼ ਕੀਤੇ ਸੰਤ ਰਾਮ ਉਦਾਸੀ ਦੇ ਗੀਤਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰਧਾਨ ਦਰਸ਼ਨ ਔਜਲਾ ਨੇ ਆਏ ਮਹਿਮਾਨਾਂ, ਦਰਸ਼ਕਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦਾ ਸਟੇਜ ਸੰਚਾਲਨ ਤਰਕਸ਼ੀਲ (ਰੈਸ਼ਨਲਿਸਟ) ਸੁਸਾਇਟੀ ਕਨੈਡਾ ਦੇ ਜਨਰਲ ਸਕੱਤਰ ਬੀਰਬਲ ਭਦੌੜ ਨੇ ਬਾਖੂਬੀ ਨਿਭਾਇਆ।
ਸੰਪਰਕ: +1 604 308 6663