DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੱਸਾਂ ਕਿ ਰੋਵਾਂ

ਕਹਾਣੀ ਅਵਨੂਰ ਮੱਖੂ ਮਿਹਰ ਚੰਦ ਮਹਾਜਨ ਡੀ.ਏ.ਵੀ. ਵਿਮੈੱਨ ਕਾਲਜ (ਐੱਮਸੀਐੱਮ ਡੀ.ਏ.ਵੀ.), ਚੰਡੀਗੜ੍ਹ ਵਿਖੇ ਅੰਗਰੇਜ਼ੀ ਦੀ ਸਹਾਇਕ ਪ੍ਰੋਫੈਸਰ ਹੈ। ਉਹ ਵੱਖ ਵੱਖ ਵਿਸ਼ਿਆਂ ’ਤੇ ਅੰਗਰੇਜ਼ੀ ਵਿੱਚ ਕਹਾਣੀ ਰਚਨਾ ਕਰਦੀ ਹੈ। ਉਹ ਆਕਸਫੋਰਡ ਯੂਨੀਵਰਿਸਟੀ, ਯੂਕੇ ਵਿਖੇ ਅੰਗਰੇਜ਼ੀ ਸਾਹਿਤ ਸਬੰਧੀ ਸਮਰ ਸਕੂਲ ਵਿੱਚ...
  • fb
  • twitter
  • whatsapp
  • whatsapp
Advertisement

ਕਹਾਣੀ

ਅਵਨੂਰ ਮੱਖੂ ਮਿਹਰ ਚੰਦ ਮਹਾਜਨ ਡੀ.ਏ.ਵੀ. ਵਿਮੈੱਨ ਕਾਲਜ (ਐੱਮਸੀਐੱਮ ਡੀ.ਏ.ਵੀ.), ਚੰਡੀਗੜ੍ਹ ਵਿਖੇ ਅੰਗਰੇਜ਼ੀ ਦੀ ਸਹਾਇਕ ਪ੍ਰੋਫੈਸਰ ਹੈ। ਉਹ ਵੱਖ ਵੱਖ ਵਿਸ਼ਿਆਂ ’ਤੇ ਅੰਗਰੇਜ਼ੀ ਵਿੱਚ ਕਹਾਣੀ ਰਚਨਾ ਕਰਦੀ ਹੈ। ਉਹ ਆਕਸਫੋਰਡ ਯੂਨੀਵਰਿਸਟੀ, ਯੂਕੇ ਵਿਖੇ ਅੰਗਰੇਜ਼ੀ ਸਾਹਿਤ ਸਬੰਧੀ ਸਮਰ ਸਕੂਲ ਵਿੱਚ ਹਿੱਸਾ ਲੈ ਚੁੱਕੀ ਹੈ। ਇਸ ਕਹਾਣੀ ਦਾ ਪੰਜਾਬੀ ਅਨੁਵਾਦ ਰਵਿੰਦਰ ਸਿੰਘ ਸੋਢੀ ਨੇ ਕੀਤਾ ਹੈ।

Advertisement

ਸੱਤ ਜੀਆਂ ਦਾ ਵੱਡਾ ਟੱਬਰ-ਪਤੀ-ਪਤਨੀ, ਤਿੰਨ ਕੁੜੀਆਂ ਅਤੇ ਦੋ ਮੁੰਡੇ। ਉਹ ਸਾਰੇ ਹੀ ਇੱਕ ਮਹਾਨਗਰ ਵਿੱਚ ਛੋਟੀ ਜਿਹੀ ਝੁੱਗੀ ਵਿੱਚ ਦਿਨ ਕਟੀ ਕਰ ਰਹੇ ਸਨ। ਰਾਜੂ, ਇੱਕ ਕਲੋਨੀ ਵਿੱਚ ਧੋਬੀ ਦਾ ਕੰਮ ਕਰਦਾ, ਜਿੱਥੇ ਨੀਤੀ ਰਹਿੰਦੀ ਸੀ। ਰਾਜੂ ਆਪਣੇ ਪਰਿਵਾਰ ਵਿੱਚ ਇਕੱਲਾ ਹੀ ਕਮਾਈ ਕਰਨ ਵਾਲਾ ਸੀ। ਉਸ ਦੀ ਪਤਨੀ ਮੀਰਾ ਘਰ ਦੇ ਸਾਰੇ ਕੰਮ ਕਰਦੀ। ਉਨ੍ਹਾਂ ਦੀ ਵੱਡੀ ਕੁੜੀ ਬਬੀਤਾ ਦਸਵੀਂ ਜਮਾਤ ਤੱਕ ਹੀ ਪੜ੍ਹ ਸਕੀ। ਉਹ ਭਾਵੇਂ ਹੋਰ ਪੜ੍ਹਨਾ ਚਾਹੁੰਦੀ ਸੀ, ਪਰ ਉਸ ਦੇ ਮਾਂ-ਪਿਉ ਉਸ ਦਾ ਵਿਆਹ ਕਰਨਾ ਚਾਹੁੰਦੇ ਸਨ। ਉਹ ਦੇਖਣ ਵਿੱਚ ਸੋਹਣੀ-ਸੁਨੱਖੀ ਸੀ ਅਤੇ ਕਈ ਮੁੰਡੇ ਉਸ ਨਾਲ ਵਿਆਹ ਕਰਵਾਉਣ ਲਈ ਤਿਆਰ ਸਨ। ਜਲਦੀ ਹੀ ਉਸ ਦਾ ਵਿਆਹ ਕਰ ਦਿੱਤਾ। ਦੂਜੀਆਂ ਦੋ ਕੁੜੀਆਂ, ਸਰਿਤਾ ਅਤੇ ਲਲਿਤਾ ਸਕੂਲ ਗਈਆਂ ਜ਼ਰੂਰ, ਪਰ ਉਨ੍ਹਾਂ ਦਾ ਮਨ ਪੜ੍ਹਾਈ ਵਿੱਚ ਨਹੀਂ ਸੀ, ਇਸ ਲਈ ਉਹ ਪੜ੍ਹ ਨਾ ਸਕੀਆਂ। ਉਹ ਘਰ ਦੇ ਕੰਮ-ਕਾਜ ਵਿੱਚ ਹੀ ਮਾਂ ਦਾ ਹੱਥ ਵਟਾਉਂਦੀਆਂ ਰਹੀਆਂ। ਉਨ੍ਹਾਂ ਦਾ ਪੁੱਤਰ ਮਹਿਕ, ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਉਸ ਨੇ ਕਾਲਜ ਤੱਕ ਪੜ੍ਹਾਈ ਕਰਕੇ ਗ੍ਰੈਜੂਏਸ਼ਨ ਪੂਰੀ ਕਰ ਲਈ। ਸਭ ਤੋਂ ਛੋਟਾ ਪੁਸ਼ਪਕ, ਗਿਆਰਾਂ ਸਾਲਾਂ ਦਾ, ਪਰ ਉਸ ਨੇ ਸਕੂਲ ਦਾ ਮੂੰਹ ਤੱਕ ਨਹੀਂ ਦੇਖਿਆ।

ਇਸ ਪਰਿਵਾਰ ਲਈ ਰਾਤ ਨਾਲੋਂ ਦਿਨ ਜ਼ਿਆਦਾ ਕਾਲੇ ਸਨ। ਮਹੀਨੇ ਦੀ ਕਮਾਈ ਐਨੀ ਨਹੀਂ ਸੀ ਕਿ ਸ਼ਹਿਰ ਵਿੱਚ ਰਹਿਣ ਦੇ ਖ਼ਰਚੇ ਪੂਰੇ ਹੋ ਸਕਦੇ। ਜਦੋਂ ਰਾਜੂ ਪਹਿਲੀ ਵਾਰ ਸ਼ਹਿਰ ਆਇਆ ਸੀ, ਉਸ ਸਮੇਂ ਹਾਲਾਤ ਵੱਖਰੇ ਸਨ, ਪਰ ਹੁਣ ਨਵੇਂ ਸਮੇਂ ਦੇ ਨਵੇਂ ਹਾਲਾਤ ਨੇ ਸਮਾਜ ਨੂੰ ਆਪਣੇ ਘੇਰੇ ਵਿੱਚ ਲੈ ਲਿਆ ਸੀ। ਰਾਜੂ ਆਪਣੇ ਆਪ ਨੂੰ ਸ਼ਹਿਰ ਦੇ ਰੌਲੇ-ਰੱਪੇ ਵਿੱਚ ਗੁੰਮ ਹੋਇਆ ਮਹਿਸੂਸ ਕਰਦਾ। ਉਹ ਕੋਈ ਵੀ ਕੰਮ ਸਹੀ ਢੰਗ ਨਾਲ ਨਾ ਕਰ ਸਕਦਾ, ਇਸੇ ਲਈ ਹੀ ਉਹ ਸ਼ਰਾਬ ਪੀਣ ਲੱਗ ਪਿਆ। ਹਰ ਰੋਜ਼ ਰਾਤ ਨੂੰ ਸ਼ਰਾਬ ਪੀ ਕੇ ਆਪਣੀ ਸਖ਼ਤ ਮਿਹਨਤ ਦੀ ਕਮਾਈ ਬਰਬਾਦ ਕਰ ਦਿੰਦਾ। ਮੀਰਾ ਆਪਣੇ ਪਤੀ ਦੀਆਂ ਇਨ੍ਹਾਂ ਮਾੜੀਆਂ ਆਦਤਾਂ ਤੋਂ ਖਿਝਦੀ-ਖਪਦੀ ਅਤੇ ਆਪਣੀਆਂ ਧੀਆਂ ਕੋਲ ਆਪਣੇ ਦੁੱਖਾਂ ਦਾ ਰੋਣਾ ਰੋਂਦੀ। ਸ਼ਰਾਬ ਪੀਣ ਵਾਲਾ ਇਹ ਕੰਮ ਕਈ ਸਾਲ ਚੱਲਦਾ ਰਿਹਾ, ਜਦੋਂ ਤੱਕ ਰਾਜੂ ਨੂੰ ਇਸ ਦਾ ਨਤੀਜਾ ਨਾ ਭੁਗਤਣਾ ਪਿਆ। ਉਸ ਨੇ ਆਪਣੀ ਕਬਰ ਆਪ ਹੀ ਪੁੱਟੀ ਸੀ ਅਤੇ ਆਪਣੇ ਪਰਿਵਾਰ ਨੂੰ ਵੀ ਬਰਬਾਦ ਕਰ ਕੀਤਾ। ਉਹ ਆਪਣੇ ਜਿਊਂਦੇ ਜੀਅ ਸਿਰਫ਼ ਆਪਣੀ ਵੱਡੀ ਕੁੜੀ ਦਾ ਹੀ ਵਿਆਹ ਕਰ ਸਕਿਆ। ਉਸ ਲਈ ਇਹ ਇੱਕ ਵੱਡਾ ਸੁਪਨਾ ਸੀ ਜੋ ਪੂਰਾ ਹੋਇਆ, ਪਰ ਬਾਕੀ ਚਾਰ ਬੱਚਿਆਂ ਦੇ ਵਿਆਹਾਂ ਦਾ ਫ਼ਿਕਰ ਮਾਇਆ ਨੂੰ ਵੱਢ-ਵੱਢ ਖਾਂਦਾ ਰਹਿੰਦਾ।

ਰਾਜੂ ਦੀ ਮੌਤ ਤੋਂ ਬਾਅਦ ਮੀਰਾ ਬਹੁਤ ਕਮਜ਼ੋਰ ਹੋ ਗਈ ਕਿਉਂਕਿ ਘਰ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਮੋਢਿਆਂ ’ਤੇ ਆ ਪਈ ਸੀ। ਇਸ ਤਰ੍ਹਾਂ ਲੱਗਦਾ ਜਿਵੇਂ ਉਸ ਦੇ ਜੀਵਨ ਵਿੱਚ ਕੋਈ ਬਦਲਾਅ ਆਇਆ ਹੀ ਨਹੀਂ ਸੀ, ਸਿਰਫ਼ ਉਸ ਦੇ ਕੱਪੜਿਆਂ ਤੋਂ ਇਲਾਵਾ। ਜਿਹੜੇ ਕੱਪੜੇ ਉਸ ਨੂੰ ਆਲੇ-ਦੁਆਲੇ ਦੇ ਲੋਕ ਦੇ ਦਿੰਦੇ, ਉਹ ਹੁਣ ਮੇਚ ਨਹੀਂ ਸੀ ਆਉਂਦੇ ਕਿਉਂਕਿ ਉਸ ਦਾ ਸਰੀਰ ਬਹੁਤ ਕਮਜ਼ੋਰ ਹੋ ਗਿਆ ਸੀ। ਜਦੋਂ ਰਾਜੂ ਜਿਊਂਦਾ ਸੀ, ਉਹ ਰੋਂਦੀ ਹੀ ਰਹਿੰਦੀ। ਹੁਣ ਜਦੋਂ ਰਾਜੂ ਉਸ ਦੇ ਨਾਲ ਨਹੀਂ ਸੀ, ਉਹ ਹੋਰ ਵੀ ਜ਼ਿਆਦਾ ਰੋਂਦੀ। ਰਾਜੂ ਦੀ ਮੌਤ ਤੋਂ ਬਾਅਦ ਉਸ ਨੇ ਚਿੱਟੀ ਸਾੜ੍ਹੀ ਨਹੀਂ ਸੀ ਪਹਿਨੀ, ਕਿਉਂਕਿ ਉਹ ਸੋਚਦੀ ਸੀ ਕਿ ਉਸ ਦੇ ਬੱਚੇ ਉਸ ਦੀ ਜ਼ਿੰਦਗੀ ਵਿੱਚ ਰੰਗ ਭਰਨਗੇ। ਮੀਰਾ ਦੀਆਂ ਕੁੜੀਆਂ ਕੱਪੜੇ ਪ੍ਰੈੱਸ ਕਰਨ ਵਿੱਚ ਉਸ ਦੀ ਸਹਾਇਤਾ ਕਰਦੀਆਂ ਅਤੇ ਲੋਕਾਂ ਦੇ ਘਰਾਂ ਵਿੱਚ ਦੇ ਵੀ ਆਉਂਦੀਆਂ ਸਨ। ਸਰਿਤਾ ਜ਼ਿਆਦਾ ਧਿਆਨ ਨਾਲ ਕੰਮ ਕਰਨ ਵਾਲੀ ਸੀ, ਇਸ ਲਈ ਉਹ ਕੱਪੜੇ ਵਧੀਆ ਪ੍ਰੈੱਸ ਕਰਕੇ ਤਹਿ ਲਾਉਂਦੀ ਅਤੇ ਗਠੜੀਆਂ ਬੰਨ੍ਹ ਦਿੰਦੀ। ਲਲਿਤਾ ਲੋਕਾਂ ਦੇ ਘਰ ਕੱਪੜੇ ਦੇ ਆਉਂਦੀ। ਲਲਿਤਾ ਦਾ ਮੂੰਹ ਕਿਉਂਕਿ ਭੋਲਾ ਅਤੇ ਮਾਸੂਮ ਜਿਹਾ ਸੀ, ਇਸ ਲਈ ਕਈ ਘਰਾਂ ਵਾਲੇ ਉਸ ਨੂੰ ਜ਼ਿਆਦਾ ਪੈਸੇ ਵੀ ਦੇ ਦਿੰਦੇ, ਪਰ ਕਈ ਬਾਰ ਉਸ ਦੇ ਉਲਾਂਭੇ ਵੀ ਆਉਂਦੇ। ਨਿਧੀ ਦੇ ਪਰਿਵਾਰ ਦੀ ਤਰ੍ਹਾਂ ਕਈ ਹੋਰ ਵੀ ਬੱਚਿਆਂ ਦੇ ਜਨਮ ਦਿਨ ਦੇ ਮੌਕੇ, ਦੀਵਾਲੀ, ਨਵੇਂ ਸਾਲ ਜਾਂ ਤਿਉਹਾਰਾਂ ’ਤੇ ਮਠਿਆਈ ਅਤੇ ਹੋਰ ਚੀਜ਼ਾਂ ਵੀ ਦੇ ਦਿੰਦੇ। ਮੀਰਾ ਦਾ ਸਾਰਾ ਪਰਿਵਾਰ ਮਿਲ-ਜੁਲ ਕੇ ਕੰਮ ਕਰਦਾ, ਇਸ ਲਈ ਉਨ੍ਹਾਂ ਦੇ ਪਰਿਵਾਰ ਨੂੰ ਦੋ ਵਕਤ ਦੀ ਰੋਟੀ ਮਿਲੀ ਜਾਂਦੀ। ਰਾਤ ਦੇ ਸਮੇਂ ਜਦੋਂ ਮੀਰਾ ਆਪਣੀਆਂ ਧੀਆਂ ਨਾਲ ਟੱਬਰ ਦੀ ਆਮਦਨੀ ਅਤੇ ਖ਼ਰਚ ਬਾਰੇ ਫ਼ਿਕਰਮੰਦ ਹੁੰਦੀ ਤਾਂ ਮੋਹਕ ਵੀ ਉਨ੍ਹਾਂ ਕੋਲ ਆ ਕੇ ਬੈਠ ਜਾਂਦਾ ਅਤੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦਾ ਕਿ ਉਹ ਕਿਵੇਂ ਆਪਣੇ ਪਰਿਵਾਰ ਦਾ ਬੋਝ ਹਲਕਾ ਕਰ ਸਕਦਾ ਹੈ। ਉਹ ਕਿਉਂਕਿ ਮਿਹਨਤੀ ਅਤੇ ਹੁਸ਼ਿਆਰ ਸੀ, ਇਸ ਲਈ ਉਹ ਆਪਣੀ ਪੜ੍ਹਾਈ ਵੱਲ ਬਹੁਤ ਧਿਆਨ ਦਿੰਦਾ। ਉਸ ਦਾ ਮਕਸਦ ਸਿਰਫ਼ ਚੰਗੇ ਨੰਬਰਾਂ ਵਿੱਚ ਪਾਸ ਹੋਣਾ ਹੀ ਨਹੀਂ ਸੀ ਬਲਕਿ ਘਰ ਦੀ ਗ਼ਰੀਬੀ ਨੂੰ ਦੂਰ ਕਰਨਾ ਵੀ ਸੀ।

ਮੋਹਕ ਸਵੇਰੇ ਕਾਲਜ ਜਾਣ ਤੋਂ ਪਹਿਲਾਂ ਸਵੇਰੇ ਉੱਠਦੇ ਹੀ ਲੋਕਾਂ ਦੀਆਂ ਕਾਰਾਂ ਧੋਂਦਾ, ਫਿਰ ਅਖ਼ਬਾਰਾਂ ਵੰਡਣ ਚਲਾ ਜਾਂਦਾ। ਸ਼ਾਮ ਦੇ ਸਮੇਂ ਉਹ ਅਤੇ ਉਸ ਦੇ ਦੋਸਤ ਇੱਕ ਹੋਟਲ ਵਿੱਚ ਬਹਿਰੇ ਦਾ ਕੰਮ ਕਰਦੇ। ਉਸ ਦੀ ਅੰਗਰੇਜ਼ੀ ਵਧੀਆ ਸੀ, ਇਸ ਲਈ ਉਸ ਨੂੰ ਛੋਟੇ-ਮੋਟੇ ਕੰਮਾਂ ਦੇ ਨਾਲ-ਨਾਲ ਕੁਝ ਵਧੀਆ ਕੰਮ ਵੀ ਮਿਲ ਜਾਂਦਾ। ਉਹ ਦਿਲੋਂ ਚਾਹੁੰਦਾ ਸੀ ਕਿ ਪਿਤਾ ਦੀ ਮੌਤ ਤੋਂ ਬਾਅਦ ਉਹ ਆਪਣੀ ਮਾਂ ਅਤੇ ਭੈਣ-ਭਰਾਵਾਂ ਦੀ ਸਹਾਇਤਾ ਕਰੇ। ਉਹ ਆਪਣਾ ਟੀਚਾ ਪ੍ਰਾਪਤ ਕਰਨ ਲਈ ਖੂਨ ਪਸੀਨਾ ਵਹਾ ਰਿਹਾ ਸੀ। ਆਪਣੀ ਪੜ੍ਹਾਈ ਦੇ ਆਖਰੀ ਸਾਲ ਉਸ ਨੇ ਸਖ਼ਤ ਮਿਹਨਤ ਕਰਕੇ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਸਰਕਾਰੀ ਨੌਕਰੀਆਂ ਲਈ ਹੋਰ ਇਮਤਿਹਾਨ ਪਾਸ ਕਰਨੇ ਪੈਂਦੇ ਹਨ ਅਤੇ ਉਸ ਤੋਂ ਬਾਅਦ ਸਰਕਾਰੀ ਨੌਕਰੀ ਮਿਲਦੀ ਹੈ, ਜਿਸ ਨਾਲ ਬੰਦਾ ਵਧੀਆ ਜ਼ਿੰਦਗੀ ਬਤੀਤ ਕਰ ਸਕਦਾ ਹੈ।

ਮੋਹਕ ਦੀਆਂ ਅੱਖਾਂ ਵਿੱਚ ਵਧੀਆ ਜ਼ਿੰਦਗੀ ਜਿਊਣ ਦੇ ਸੁਪਨੇ ਤੈਰਨ ਲੱਗੇ। ਇਹੋ ਨਹੀਂ ਕਿ ਉਹ ਪੈਸੇ ਪੱਖੋਂ ਆਰਾਮ ਦੀ ਜ਼ਿੰਦਗੀ ਜਿਊਣਾ ਚਾਹੁੰਦਾ ਸੀ, ਸਗੋਂ ਉਸ ਨੂੰ ਇਸ ਗੱਲ ਵਿੱਚ ਵਿਸ਼ਵਾਸ ਸੀ ਕਿ ਗਿਆਨ ਦੀ ਭੁੱਖ ਇਨਸਾਨ ਵਿੱਚੋਂ ਕਦੇ ਵੀ ਖ਼ਤਮ ਨਹੀਂ ਹੋਣੀ ਚਾਹੀਦੀ। ਉਸ ਨੇ ਸਰਕਾਰੀ ਨੌਕਰੀ ਦੇ ਇਮਤਿਹਾਨ ਦੀ ਤਿਆਰੀ ਲਈ ਮਿਹਨਤ ਕੀਤੀ, ਪਰ ਰੇਲ ਵਿਭਾਗ ਦੇ ਇਮਤਿਹਾਨ ਲਈ ਉਸ ਨੂੰ ਉਮੀਦ ਨਾਲੋਂ ਵੱਧ ਮਿਹਨਤ ਕਰਨੀ ਪਈ। ਪੜ੍ਹਾਈ ਵਿੱਚ ਮਦਦ ਲੈਣ ਲਈ ਉਹ ਕਈ ਵਾਰ ਨਿਧੀ ਦੇ ਪਿਤਾ ਕੋਲ ਵੀ ਚਲਾ ਜਾਂਦਾ ਜੋ ਸਰਕਾਰੀ ਸਕੂਲ ਵਿੱਚ ਹਿਸਾਬ ਦਾ ਅਧਿਆਪਕ ਸੀ। ਨਿਧੀ ਦੇ ਪਿਤਾ, ਨਿਧੀ ਅਤੇ ਮੋਹਕ ਨੂੰ ਇਕੱਠੇ ਹੀ ਪੜ੍ਹਾਉਂਦੇ। ਉਹ ਮੋਹਕ ਨੂੰ ਪੜ੍ਹਾ ਕੇ ਖ਼ੁਸ਼ ਹੁੰਦੇ ਕਿਉਂਕਿ ਉਨ੍ਹਾਂ ਨੇ ਦੇਖਿਆ ਕਿ ਮੋਹਕ ਨੇ ਆਪਣੀ ਜ਼ਿੰਦਗੀ ਵਿੱਚ ਭਾਵੇਂ ਬਹੁਤ ਮੁਸੀਬਤਾਂ ਦਾ ਸਾਹਮਣਾ ਕੀਤਾ ਹੈ, ਪਰ ਤਾਂ ਵੀ ਉਹ ਉਸਾਰੂ ਸੋਚ ਅਤੇ ਮਿਹਨਤੀ ਸੁਭਾਅ ਦਾ ਮਾਲਕ ਸੀ।

ਨਿਧੀ ਦੀ ਮਾਂ ਨੂੰ ਵੀ ਮੋਹਕ ਬਹੁਤ ਚੰਗਾ ਲੱਗਦਾ, ਇਸ ਲਈ ਉਸ ਦੇ ਜਨਮ ਦਿਨ ’ਤੇ ਉਨ੍ਹਾਂ ਨੇ ਮੋਹਕ ਨੂੰ ਨਵੀਂ ਕਮੀਜ਼ ਤੋਹਫ਼ੇ ਦੇ ਤੌਰ ’ਤੇ ਦਿੱਤੀ ਤਾਂ ਜੋ ਇੰਟਰਵਿਊ ਵਾਲੇ ਦਿਨ ਉਹ ਨਵੀਂ ਕਮੀਜ਼ ਪਾ ਕੇ ਜਾਏ। ਹੌਲੀ-ਹੌਲੀ, ਮੋਹਕ ਉਨ੍ਹਾਂ ਦੇ ਪਰਿਵਾਰ ਦਾ ਇੱਕ ਹਿੱਸਾ ਹੀ ਬਣ ਗਿਆ। ਜਦੋਂ ਕਈ ਵਾਰ ਸਾਰਿਕਾ, ਨਿਧੀ ਦੀ ਮਾਂ ਦੇ ਕੰਮ ਵਿੱਚ ਸਹਾਇਤਾ ਕਰਦੀ, ਪੁਸ਼ਪਕ ਕੱਪੜੇ ਪ੍ਰੈੱਸ ਕਰਕੇ ਲੋਕਾਂ ਦੇ ਘਰ ਦੇ ਆਉਂਦੀ ਅਤੇ ਲੈ ਵੀ ਆਉਂਦੀ। ਮੀਰਾ ਦਾ ਪਰਿਵਾਰ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਹੀ ਲੱਗਦਾ।

ਕਈ ਮਹੀਨੇ ਬੀਤ ਗਏ। ਮੋਹਕ ਦੇ ਇਮਤਿਹਾਨ ਹੋ ਚੁੱਕੇ ਸਨ। ਉਨ੍ਹਾਂ ਦੀ ਜ਼ਿੰਦਗੀ ਪੁਰਾਣੀ ਲੀਹ ’ਤੇ ਹੀ ਚੱਲੀ ਜਾ ਰਹੀ ਸੀ। ਪੁਸ਼ਪਕ ਇਕਦਮ ਬਿਮਾਰ ਹੋ ਗਿਆ। ਮੀਰਾ ਪ੍ਰੈੱਸ ਕੀਤੇ ਕੱਪੜੇ ਲੋਕਾਂ ਦੇ ਘਰ ਦੇਣ ਆਉਂਦੀ। ਇੱਕ ਦਿਨ ਮੀਰਾ, ਨਿਧੀ ਦੀ ਮਾਂ ਨਾਲ ਗੱਲਾਂ ਕਰ ਰਹੀ ਸੀ ਕਿ ਉਹ ਚਾਹੁੰਦੀ ਹੈ ਕਿ ਹੁਣ ਸਰਿਤਾ ਦਾ ਵਿਆਹ ਹੋ ਜਾਏ ਅਤੇ ਕੱਪੜਿਆਂ ਦੇ ਪ੍ਰੈੱਸ ਕਰਨ ਦੇ ਪੈਸੇ ਵੀ ਵਧਾ ਦੇਵੇ। ਉਸ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਕੱਲ੍ਹ ਦਾ ਉਸ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ਕਿ ਉਨ੍ਹਾਂ ਦੇ ਪਰਿਵਾਰ ਦੀ ਕਿਸਮਤ ਜਾਗ ਪਵੇ। ਮੋਹਕ ਦਾ ਨਤੀਜਾ ਆਉਣਾ ਹੈ। ਜੇ ਉਹ ਪਾਸ ਹੋ ਗਿਆ ਤਾਂ ਉਹ ਵੀ ਦੋ ਦਿਨ ਸੁੱਖ ਦੇ ਜੀਅ ਲੈਣ।

ਸ਼ਾਮ ਦਾ ਸਮਾਂ ਸੀ। ਮੋਹਕ ਹੋਟਲ ਚਲਾ ਗਿਆ। ਉਹ ਦਿਨ ਵਿੱਚ ਦੋ ਵਾਰ ਕੰਮ ਲਈ ਜਾਂਦਾ, ਜਿਸ ਨਾਲ ਉਸ ਨੂੰ ਜ਼ਿਆਦਾ ਕਮਾਈ ਹੋ ਜਾਂਦੀ। ਉਸ ਰਾਤ ਮੋਹਕ ਦੇ ਦੋਸਤ ਨੇ ਉਸ ਨੂੰ ਆਪਣੇ ਘਰ ਰਾਤ ਰੁਕਣ ਨੂੰ ਕਿਹਾ। ਉਨ੍ਹਾਂ ਨੂੰ ਪਤਾ ਸੀ ਕਿ ਜੇ ਮੋਹਕ ਆਪਣੇ ਇਮਤਿਹਾਨ ਵਿੱਚ ਪਾਸ ਹੋ ਗਿਆ, ਫਿਰ ਉਹ ਹੋਟਲ ਵਿੱਚ ਕੰਮ ਨਹੀਂ ਕਰੇਗਾ।

ਨਿਧੀ ਸਵੇਰੇ-ਸਵੇਰੇ ਘੂਕ ਸੁੱਤੀ ਪਈ ਸੀ। ਉਸ ਨੂੰ ਕਿਤੇ ਦੂਰੋਂ ਕਿਸੇ ਔਰਤ ਦੇ ਰੋਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਇਕਦਮ ਚੀਕਾਂ ਦੀਆਂ ਆਵਾਜ਼ਾਂ ਉੱਚੀਆਂ ਅਤੇ ਨੇੜੇ ਹੋ ਗਈਆਂ, ਜਿਵੇਂ ਰੋਣ ਵਾਲੀ ਕਿਤੇ ਨਜ਼ਦੀਕ ਹੀ ਹੋਵੇ। ਇਨ੍ਹਾਂ ਆਵਾਜ਼ਾਂ ਕਰਕੇ ਉਸ ਦੀ ਜਾਗ ਖੁੱਲ੍ਹ ਗਈ। ਉਸ ਨੇ ਅੱਖਾਂ ਖੋਲ੍ਹੀਆਂ। ਉਸ ਨੂੰ ਲੱਗਿਆ ਕਿ ਉਹ ਸੁਪਨਾ ਨਹੀਂ ਦੇਖ ਨਹੀ, ਬਲਕਿ ਅਸਲ ਵਿੱਚ ਹੀ ਕੋਈ ਔਰਤ ਉਨ੍ਹਾਂ ਦੇ ਘਰ ਦੇ ਬਾਹਰ ਰੋ ਰਹੀ ਹੈ। ਉਹ ਜਲਦੀ-ਜਲਦੀ ਮੰਜੇ ਤੋਂ ਉੱਠ ਕੇ ਹੇਠਾਂ ਭੱਜੀ। ਉਸ ਦੇ ਮਾਤਾ-ਪਿਤਾ ਵੀ ਬਾਹਰ ਆ ਗਏ ਅਤੇ ਦੇਖਿਆ ਕਿ ਬਹੁਤ ਸਾਰੇ ਲੋਕਾਂ ਨੇ ਇੱਕ ਔਰਤ ਨੂੰ ਘੇਰਾ ਪਾਇਆ ਹੋਇਆ ਹੈ। ਜਿਵੇਂ ਹੀ ਭੀੜ ਕੁਝ ਘਟੀ ਉਨ੍ਹਾਂ ਦੀ ਨਜ਼ਰ ਮੀਰਾ ’ਤੇ ਪਈ ਜਿਸ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਸੀ। ਉਨ੍ਹਾਂ ਨੇ ਭੀੜ ਨੂੰ ਥੋੜ੍ਹਾ ਪਾਸੇ ਕੀਤਾ ਅਤੇ ਮੀਰਾ ਕੋਲ ਪਹੁੰਚੇ। ਮੀਰਾ ਅੰਦਰੋਂ ਬੁਰੀ ਤਰ੍ਹਾਂ ਟੁੱਟੀ ਹੋਈ ਸੀ। ਉਸ ਨੇ ਕੰਬਦੀ ਆਵਾਜ਼ ਵਿੱਚ ਦੁਖੀ ਹੋ ਕੇ ਕਿਹਾ ਕਿ ਹੁਣ ਉਹ ਜ਼ਿੰਦਗੀ ਭਰ ਮੋਹਕ ਨੂੰ ਨਹੀਂ ਦੇਖ ਸਕੇਗੀ। ਉਨ੍ਹਾਂ ਦਾ ਇਹ ਦਿਲ ਹਿਲਾਉਣ ਵਾਲੀ ਖ਼ਬਰ ਸੁਣ ਕੇ ਦਿਲ ਬੈਠ ਗਿਆ। ਮੀਰਾ ਦੇ ਚਿਹਰੇ ’ਤੇ ਜ਼ਿੰਦਗੀ ਦਾ ਕੋਈ ਨਿਸ਼ਾਨ ਹੀ ਨਹੀਂ ਸੀ ਅਤੇ ਉਸ ਦੀਆਂ ਚੀਕਾਂ ਦਾ ਕੋਈ ਅੰਤ ਨਹੀਂ ਸੀ।

ਸਰਿਤਾ, ਜਿਸ ਨੂੰ ਆਪਣੇ ਭਰਾ ’ਤੇ ਪੂਰੀ ਉਮੀਦ ਸੀ ਕਿ ਉਹ, ਉਸ ਦੇ ਸਾਰੇ ਸੁਫ਼ਨੇ ਪੂਰੇ ਕਰੇਗਾ, ਉਹ ਸਾਰੇ ਮਿੱਟੀ ਵਿੱਚ ਮਿਲ ਗਏ ਸਨ। ਸਰਿਤਾ ਨੇ ਉਨ੍ਹਾਂ ਨੂੰ ਸਾਰੀ ਘਟਨਾ ਸਬੰਧੀ ਦੱਸਿਆ। ਸਵੇਰੇ ਚਾਰ ਵਜੇ ਜਦੋਂ ਮੋਹਕ ਆਪਣੇ ਦੋਸਤ ਕੋਲੋਂ ਘਰ ਆਉਣ ਲੱਗਿਆ ਤਾਂ ਉਹ ਆਪਣੇ ਦੋਸਤ ਦਾ ਮੋਟਰ ਸਾਈਕਲ ਲੈ ਆਇਆ। ਘਰ ਆਉਂਦੇ ਹੋਏ ਹਾਈਵੇਅ ’ਤੇ ਉਸ ਦੀ ਟੱਕਰ ਇੱਕ ਟਰੱਕ ਨਾਲ ਹੋ ਗਈ। ਉਹ ਟਰੱਕ ਦੇ ਹੇਠਾਂ ਬੁਰੀ ਤਰ੍ਹਾਂ ਕੁਚਲਿਆ ਗਿਆ ਅਤੇ ਨਾਲ ਦੀ ਨਾਲ ਹੀ ਖ਼ਤਮ ਹੋ ਗਿਆ।

ਨਿਧੀ ਅਤੇ ਉਸ ਦਾ ਪਰਿਵਾਰ ਇਹ ਸੁਣ ਕੇ ਬੁਰੀ ਤਰ੍ਹਾਂ ਝੰਜੋੜੇ ਗਏ। ਉਨ੍ਹਾਂ ਨੂੰ ਯਕੀਨ ਨਹੀਂ ਸੀ ਹੋ ਰਿਹਾ। ਅੱਜ ਦਾ ਦਿਨ ਤਾਂ ਉਸ ਲਈ ਬਹੁਤ ਖ਼ਾਸ ਦਿਨ ਹੋਣਾ ਸੀ, ਪਰ ਇਹ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਹ ਭਾਣਾ ਬੀਤ ਜਾਵੇਗਾ। ਜਦੋਂ ਨਿਧੀ ਦੇ ਪਿਤਾ ਨਤੀਜਾ ਦੇਖ ਕੇ ਆਏ ਤਾਂ ਉਨ੍ਹਾਂ ਦੀਆਂ ਅੱਖਾਂ ’ਚੋਂ ਹੰਝੂਆਂ ਦੀ ਝੜੀ ਲੱਗ ਗਈ ਅਤੇ ਉਹ ਮੋਹਕ ਨੂੰ ਯਾਦ ਕਰ ਰਹੇ ਸਨ। ਉਨ੍ਹਾਂ ਨੇ ਮੀਰਾ ਨੂੰ ਦੱਸਿਆ ਕਿ ਉਹ ਇੱਕ ਖ਼ੁਸ਼ਕਿਸਮਤ ਮਾਂ ਸੀ, ਜਿਸ ਨੇ ਮੋਹਕ ਵਰਗੇ ਪੁੱਤਰ ਨੂੰ ਜਨਮ ਦਿੱਤਾ। ਉਸ ਦਿਨ ਮਾਂ ਦਾ ਦਿਲ ਪੂਰੀ ਤਰ੍ਹਾਂ ਭਰਿਆ ਹੋਣ ਦੇ ਬਾਵਜੂਦ ਖਾਲੀ ਸੀ। ਮੀਰਾ ਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਕਿ ਉਹ ਹੱਸੇ ਜਾਂ ਰੋਵੇ?

ਈਮੇਲ: ravindersodhi51@gmail.com

Advertisement
×