ਅਮਰੀਕਾ ਦੇ ਮਿਸ਼ੀਗਨ ਸ਼ਹਿਰ ਨੇੜੇ ਇੱਕ ਗਿਰਜਾਘਰ ’ਚ ਐਤਵਾਰੀ ਸਮਾਗਮ ਮੌਕੇ ਮਿੰਨੀ ਟਰੱਕ ’ਤੇ ਆਏ ਬੰਦੂਕਧਾਰੀ ਵਲੋਂ ਅਚਾਨਕ ਗੋਲੀਬਾਰੀ ਕਰਕੇ ਇਮਾਰਤ ਨੂੰ ਅੱਗ ਲਗਾਈ ਗਈ, ਜਿਸ ਕਾਰਣ 4 ਲੋਕਾਂ ਦੀ ਮੌਤ ਹੋ ਗਈ ਅਤੇ 8 ਗੰਭੀਰ ਜ਼ਖ਼ਮੀ ਹੋ ਗਏ। ਮੌਕੇ ’ਤੇ ਪਹੁੰਚੀ ਪੁਲੀਸ ਨੇ ਭੱਜਦੇ ਹੋਏ ਹਮਲਾਵਰ ਨੂੰ ਮਾਰ ਮੁਕਾਇਆ। ਹਮਲਾਵਰ ਦੀ ਪਹਿਚਾਣ ਥੌਮਸ ਜੇਕਬ ਸੈਨਫੋਰਡ (40) ਵਜੋਂ ਕੀਤੀ ਗਈ ਹੈ, ਜੋ ਉਥੋਂ ਨੇੜਲੇ ਕਸਬੇ ਬਰਟਨ ਦਾ ਰਹਿਣ ਵਾਲਾ ਸੀ। ਗੋਲੀਵਾਰੀ ਪਿੱਛੇ ਉਸ ਦੇ ਮੰਤਵ ਦਾ ਪਤਾ ਨਹੀਂ ਲੱਗ ਸਕਿਆ। ਪੁਲੀਸ ਮੁਖੀ ਵਿਲੀਅਮ ਰੇਅਨ ਨੇ ਦੱਸਿਆ ਕਿ ਹਮਲਾਵਰ ਦੇ ਵਾਹਨ ਵਿਚੋਂ ਵਿਸਫੋਟਕ ਸਮੱਗਰੀ ਵੀ ਮਿਲੀ ਹੈ, ਪਰ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਉਸ ਨੇ ਗਿਰਜਾਘਰ ’ਤੇ ਗੋਲੀਬਾਰੀ ਕਰਦਿਆਂ ਜਾਂ ਕਿਸੇ ਵਿਸਫੋਟਕ ਯੰਤਰ ਨਾਲ ਅੱਗ ਲਾਈ। ਉਨ੍ਹਾਂ ਦੱਸਿਆ ਕਿ ਗਿਰਜਾਘਰ ਦੇ ਮਲਬੇ ਹੇਠ ਫਸੇ ਵਿਅਕਤੀਆਂ ਦੇ ਬਚਾਅ ਕਾਰਜ ਨੂੰ ਪਹਿਲ ਦੇਣ ਕਰਕੇ ਅੱਗ ’ਤੇ ਕਾਬੂ ਪਾਉਣ ਵਿੱਚ ਕੁਝ ਔਕੜਾਂ ਆਈਆਂ। ਰੇਅਨ ਦੇ ਦੱਸਿਆ ਕਿ ਹਸਪਤਾਲ ਅਮਲੇ ਨੇ ਜ਼ਖ਼ਮੀਆਂ ਦੇ ਇਲਾਜ ਤੋਂ ਬਾਅਦ ਦੱਸਿਆ ਕਿ ਉਨ੍ਹਾਂ ਵਿਚੋਂ ਇੱਕ ਹੀ ਹਾਲਤ ਗੰਭੀਰ ਹੈ, ਜਦ ਕਿ ਸੱਤ ਦੀ ਜਾਨ ਖਤਰੇ ਤੋਂ ਬਾਹਰ ਹੈ। ਉਸਨੇ ਦੱਸਿਆ ਕਿ ਹਮਲਾਵਰ ਮੈਰੀਨ ਮਕੈਨਿਕ ਸੀ ਅਤੇ ਕਈ ਸਾਲ ਪਹਿਲਾਂ ਉਸ ਨੂੰ ਇਸੇ ਮਿਸ਼ਨ ’ਤੇ ਇਰਾਕ ਵੀ ਭੇਜਿਆ ਗਿਆ ਸੀ। ਉਨ੍ਹਾਂ ਹਮਲਾਵਰ ਦੀ ਮਾਨਸਿਕਤਾ ’ਤੇ ਹੈਰਾਨੀ ਪ੍ਰਗਟਾਈ।
ਇੱਥੇ ਦੱਸਣਾ ਬਣਦਾ ਹੈ ਕਿ ਲੰਘੇ ਕੁਝ ਕੁ ਸਾਲਾਂ ਵਿੱਚ ਹੀ ਅਮਰੀਕਾ ਵਿੱਚ ਪੂਜਾ ਸਥਾਨਾਂ ਤੇ ਗੋਲੀਬਾਰੀ ਦੀਆਂ ਕਈ ਘਟਨਾਵਾਂ ਹੋਈਆਂ ਹਨ, ਜਿਨ੍ਹਾਂ ਵਿੱਚ ਦਰਜਨਾਂ ਲੋਕਾਂ ਦੀ ਜਾਨ ਗਈ ਹੈ।