ਰਣਜੀਤ ਸਿੰਘ ਦੀ ਵਾਰਤਕ ਪੁਸਤਕ ‘ਅਨਮੋਲ ਰਤਨ’ ਰਿਲੀਜ਼
ਹਰਦਮ ਮਾਨ
ਸਰੀ: ਬੀਤੇ ਦਿਨੀਂ ਸਾਹਿਤ ਸਭਾ ਸਰੀ ਵੱਲੋਂ ਪੰਜਾਬ ਭਵਨ ਵਿਖੇ ਮਾਸਿਕ ਮੀਟਿੰਗ ਕੀਤੀ ਗਈ। ਇਸ ਵਿੱਚ ਪੰਜਾਬ ਤੋਂ ਆਏ ਸਾਹਿਤਕਾਰ ਰਣਜੀਤ ਸਿੰਘ ਦੀ ਵਾਰਤਕ ਪੁਸਤਕ ‘ਅਨਮੋਲ ਰਤਨ’ ਲੋਕ ਅਰਪਣ ਕੀਤੀ ਗਈ।
ਸਭਾ ਦੇ ਪ੍ਰਧਾਨ ਇੰਦਰਜੀਤ ਧਾਮੀ ਨੇ ਮੀਟਿੰਗ ਵਿੱਚ ਪਹੁੰਚੇ ਸਭਨਾਂ ਲੇਖਕਾਂ, ਪਾਠਕਾਂ ਨੂੰ ਜੀ ਆਇਆਂ ਕਿਹਾ ਅਤੇ ਪਿਛਲੇ ਥੋੜ੍ਹੇ ਸਮੇਂ ਵਿੱਚ ਸਦੀਵੀ ਵਿਛੋੜਾ ਦੇ ਗਏ ਸਾਹਿਤ ਸਭਾ ਸਰੀ ਦੇ ਪ੍ਰਧਾਨ ਕ੍ਰਿਸ਼ਨ ਭਨੋਟ, ਸ਼ਾਇਰ ਨਦੀਮ ਪਰਮਾਰ, ਹਰਜੀਤ ਦੌਧਰੀਆ ਅਤੇ ਚਿੱਤਰਕਾਰ ਜਰਨੈਲ ਸਿੰਘ ਨੂੰ ਯਾਦ ਕਰਦਿਆਂ ਦੁੱਖ ਪ੍ਰਗਟ ਕੀਤਾ।
ਰਣਜੀਤ ਸਿੰਘ ਨੇ ਆਪਣੀ ਪੁਸਤਕ ‘ਅਨਮੋਲ ਰਤਨ’ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਵਿੱਚ ਡਾ. ਨਰਿੰਦਰ ਸਿੰਘ ਕਪਾਨੀ, ਭਾਈ ਬੰਨੋ ਜੀ, ਬੰਦਾ ਸਿੰਘ ਬਹਾਦਰ, ਜੱਸਾ ਸਿੰਘ ਰਾਮਗੜ੍ਹੀਆ, ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਬਘੇਲ ਸਿੰਘ, ਭਗਤ ਪੂਰਨ ਸਿੰਘ, ਡਾ. ਹਰੀ ਰਾਮ ਗੁਪਤਾ, ਪੀਰ ਬੁੱਧੂ ਸ਼ਾਹ ਅਤੇ ਮਾਸਟਰ ਤਾਰਾ ਸਿੰਘ ਸਮੇਤ 24 ਪ੍ਰਮੁੱਖ ਸ਼ਖ਼ਸੀਅਤਾਂ ਦੀਆਂ ਜੀਵਨੀਆਂ ਦਰਜ ਹਨ। ਉਸ ਨੇ ਉਮੀਦ ਪ੍ਰਗਟਾਈ ਕਿ ਪਾਠਕ ਇਸ ਪੁਸਤਕ ਨੂੰ ਪਸੰਦ ਕਰਨਗੇੇ ਕਿਉਂਕਿ ਇਸ ਵਿੱਚ ਸ਼ਾਮਲ ਸ਼ਖ਼ਸੀਅਤਾਂ ਦਾ ਜੀਵਨ ਉਨ੍ਹਾਂ ਨੂੰ ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਨਗੇ।
ਪੰਜਾਬ ਭਵਨ ਦੇ ਨਿਰਮਾਤਾ ਸੁੱਖੀ ਬਾਠ ਨੇ ਇਸ ਮੌਕੇ ਰਣਜੀਤ ਸਿੰਘ ਨੂੰ ਇਸ ਵੱਡਮੁੱਲੀ ਪੁਸਤਕ ਲਈ ਮੁਬਾਰਕਬਾਦ ਦਿੱਤੀ। ਉਸ ਨੇ ਦੱਸਿਆ ਕਿ 152 ਸਟਰੀਟ ਅਤੇ 66 ਐਵੀਨਿਊ ਸਰੀ ਵਿਖੇ ਬਣ ਰਹੀ ਪੰਜਾਬ ਭਵਨ ਦੀ ਨਵੀਂ ਇਮਾਰਤ ਆਉਂਦੇ ਛੇ ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗੀ। ਉਨ੍ਹਾਂ ਪੰਜਾਬ ਭਵਨ ਵੱਲੋਂ ਰਣਜੀਤ ਸਿੰਘ ਦਾ ਸਨਮਾਨ ਕੀਤਾ। ਇਸ ਮੌਕੇ ਹਾਜ਼ਰ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਮੀਟਿੰਗ ਦਾ ਸੰਚਾਲਨ ਡਾ. ਦਵਿੰਦਰ ਕੌਰ ਨੇ ਬਾਖੂਬੀ ਕੀਤਾ।
ਸੰਪਰਕ: +1 604 308 6663