ਕੌਮਾਂਤਰੀ ਡਰੱਗ ਕਿੰਗਪਿਨ ਮਾਮਲੇ ਵਿੱਚ ਪੰਜਾਬੀ ਮੂਲ ਦਾ ਕ੍ਰਾਈਮ ਬਲੌਗਰ ਗ੍ਰਿਫ਼ਤਾਰ
ਅਮਰੀਕਾ ਤੇ ਕੈਨੇਡਾ ਵੱਲੋਂ ਸਾਬਕਾ ਓਲੰਪਿਕ ਸਨੋਬੋਰਡਰ ਰਿਆਨ ਜੇਮਜ਼ ਵੈਡਿੰਗ ਦੀ ਅਗਵਾਈ ਵਾਲੇ ਡਰੱਗ ਸਾਮਰਾਜ ਵਿਰੁੱਧ ਕੀਤੀ ਕਾਰਵਾਈ ਦੌਰਾਨ ਮਿਸੀਸਾਗਾ-ਅਧਾਰਤ ਪੰਜਾਬੀ ਮੂਲ ਦੇ ਅਪਰਾਧ-ਬਲੌਗਰ ਗੁਰਸੇਵਕ ਸਿੰਘ ਬੱਲ (31) ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬੱਲ, ਜੋ ‘ਡਰਟੀ ਨਿਊਜ਼’ ਵੈੱਬਸਾਈਟ ਦਾ ਸਹਿ...
ਅਮਰੀਕਾ ਤੇ ਕੈਨੇਡਾ ਵੱਲੋਂ ਸਾਬਕਾ ਓਲੰਪਿਕ ਸਨੋਬੋਰਡਰ ਰਿਆਨ ਜੇਮਜ਼ ਵੈਡਿੰਗ ਦੀ ਅਗਵਾਈ ਵਾਲੇ ਡਰੱਗ ਸਾਮਰਾਜ ਵਿਰੁੱਧ ਕੀਤੀ ਕਾਰਵਾਈ ਦੌਰਾਨ ਮਿਸੀਸਾਗਾ-ਅਧਾਰਤ ਪੰਜਾਬੀ ਮੂਲ ਦੇ ਅਪਰਾਧ-ਬਲੌਗਰ ਗੁਰਸੇਵਕ ਸਿੰਘ ਬੱਲ (31) ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬੱਲ, ਜੋ ‘ਡਰਟੀ ਨਿਊਜ਼’ ਵੈੱਬਸਾਈਟ ਦਾ ਸਹਿ ਬਾਨੀ ਹੈ, 19 ਨਵੰਬਰ ਨੂੰ ਪੁਲੀਸ ਵੱਲੋਂ ਕੋਡਨੇਮ ‘ਆਪ੍ਰੇਸ਼ਨ ਜਾਇੰਟ Slalom’ ਤਹਿਤ ਮਾਰੇ ਛਾਪਿਆਂ ਦੌਰਾਨ ਹਿਰਾਸਤ ਵਿੱਚ ਲਏ ਗਏ ਸੱਤ ਕੈਨੇਡੀਅਨਾਂ ਵਿੱਚੋਂ ਇੱਕ ਸੀ। ਅਮਰੀਕਾ ਤੇ ਕੈਨੇਡਾ ਨੇ ਅੰਤਰਰਾਸ਼ਟਰੀ ਨਾਰਕੋ-ਅਤਿਵਾਦ ’ਤੇ ਸ਼ਿਕੰਜਾ ਕੱਸਣ ਦੇ ਇਰਾਦੇ ਨਾਲ ਛਾਪੇ ਮਾਰੇ ਸਨ।
ਕੈਨੇਡਾ ਤੇ ਅਮਰੀਕਾ ਦੀਆਂ ਵੱਖ ਵੱਖ ਮੀਡੀਆ ਰਿਪੋਰਟਾਂ ਵਿਚ ਫੈਡਰਲ ਅਧਿਕਾਰੀਆਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਬੱਲ ਦੇ ਕੰਮਾਂ ਕਰਕੇ ਸਿੱਧੇ ਤੌਰ ’ਤੇ ਮੁੱਖ ਗਵਾਹ ਜੌਨਾਥਨ ਐਸਬੇਡੋ ਗਾਰਸੀਆ ਦਾ ਕਤਲ ਹੋਇਆ, ਜਿਸ ਨੂੰ ਜਨਵਰੀ 2025 ਵਿਚ ਕੋਲੰਬੀਆ ਦੇ ਮੈਡੇਲਿਨ ਵਿਚ ਇਕ ਰੈਸਟੋਰੈਂਟ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਚਾਰਜਸ਼ੀਟ ਵਿਚ ਅੱਗੇ ਕਿਹਾ ਗਿਆ ਕਿ, ‘‘31 ਜਨਵਰੀ 2025 ਨੂੰ ਇੰਸਟਾਗ੍ਰਾਮ ਜ਼ਰੀਏ ਮੁਲਜ਼ਮ ਬੱਲ ਨੇ ਇਕ ਸਟੋਰੀ ਪੋਸਟ ਕੀਤੀ ਜਿਸ ਵਿਚ ਰੈਸਟੋਰੈਂਟ ਵਿਚ ਇਕ ਫੋਟੋ ਤੇ ਜ਼ਮੀਨ ’ਤੇ ਪਈ ਲਾਸ਼ ਦਾ ਹੇਠਲਾ ਹਿੱਸਾ ਦਿਖਾਇਆ ਗਿਆ ਸੀ ਤੇ ਹੇਠਾਂ ਲਿਖਿਆ ਸੀ, ‘ਵਿਕਟਮ A ਹੇਠਾਂ...ਅਤੇ ਬੂਮ! ਹੈੱਡਸ਼ਾਟ’’।
ਅਧਿਕਾਰੀਆਂ ਨੇ ਐਲਾਨ ਕੀਤਾ, "ਕੈਨੇਡੀਅਨ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਵੈਡਿੰਗ ਦੇ ਕੋਕੀਨ ਤਸਕਰੀ ਕਾਰਜ ਨਾਲ ਜੁੜੇ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਵਿੱਚ ਉਸ ਦਾ ਵਕੀਲ, ਦੀਪਕ ਪਰਾਡਕਰ ਵੀ ਸ਼ਾਮਲ ਹੈ... ਕੈਨੇਡਾ ਵਿੱਚ ਓਂਟਾਰੀਓ ਦੇ 31 ਸਾਲਾ ਗੁਰਸੇਵਕ ਸਿੰਘ ਬੱਲ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਜੋ 'ਦ ਡਰਟੀ ਨਿਊਜ਼' ਵਜੋਂ ਜਾਣੀ ਜਾਂਦੀ ਇੱਕ ਵੈੱਬਸਾਈਟ ਦਾ ਸੰਸਥਾਪਕ ਹੈ।’’ ਐਨਬੀਸੀ ਨਿਊਜ਼ ਦੀ ਰਿਪੋਰਟ ਅਨੁਸਾਰ, ਅਮਰੀਕਾ ਹੁਣ ਬੱਲ ਅਤੇ ਉਸ ਦੇ ਸਹਿ-ਦੋਸ਼ੀ ਦੀ ਹਵਾਲਗੀ ਦੀ ਮੰਗ ਕਰ ਰਿਹਾ ਹੈ ਤਾਂ ਜੋ ਉਨ੍ਹਾਂ ’ਤੇ ਕਤਲ ਦੀ ਸਾਜ਼ਿਸ਼, ਰੈਕੇਟੀਅਰਿੰਗ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਤਹਿਤ ਮੁਕੱਦਮਾ ਚਲਾਇਆ ਜਾ ਸਕੇ।

