DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੈਨੇਡਾ ਲਈ ਖ਼ਤਰਾ ਬਣੇ ਪੰਜਾਬੀ ਗੈਂਗਸਟਰ

ਦੋ-ਤਿੰਨ ਸਾਲ ਤੋਂ ਪੰਜਾਬੀ ਗੈਂਗਸਟਰਾਂ ਨੇ ਕੈਨੇਡਾ ਵਿੱਚ ਭਰਾ ਮਾਰੂ ਜੰਗ ਸ਼ੁਰੂ ਕੀਤੀ ਹੋਈ ਹੈ। ਆਪਣੇ ਹੀ ਭਾਈਚਾਰੇ ਤੋਂ ਲਗਾਤਰ ਮੋਟੀਆਂ ਫਿਰੌਤੀਆਂ ਉਗਰਾਹੀਆਂ ਜਾ ਰਹੀਆਂ ਹਨ ਤੇ ਨਾ ਦੇਣ ਵਾਲਿਆਂ ਨੂੰ ਸ਼ਰੇਆਮ ਕਤਲ ਕੀਤਾ ਜਾ ਰਿਹਾ ਹੈ। ਇਸ ਦੀ ਸਭ...

  • fb
  • twitter
  • whatsapp
  • whatsapp
Advertisement

ਦੋ-ਤਿੰਨ ਸਾਲ ਤੋਂ ਪੰਜਾਬੀ ਗੈਂਗਸਟਰਾਂ ਨੇ ਕੈਨੇਡਾ ਵਿੱਚ ਭਰਾ ਮਾਰੂ ਜੰਗ ਸ਼ੁਰੂ ਕੀਤੀ ਹੋਈ ਹੈ। ਆਪਣੇ ਹੀ ਭਾਈਚਾਰੇ ਤੋਂ ਲਗਾਤਰ ਮੋਟੀਆਂ ਫਿਰੌਤੀਆਂ ਉਗਰਾਹੀਆਂ ਜਾ ਰਹੀਆਂ ਹਨ ਤੇ ਨਾ ਦੇਣ ਵਾਲਿਆਂ ਨੂੰ ਸ਼ਰੇਆਮ ਕਤਲ ਕੀਤਾ ਜਾ ਰਿਹਾ ਹੈ। ਇਸ ਦੀ ਸਭ ਤੋਂ ਵੱਡੀ ਮਿਸਾਲ ਕੁਝ ਹਫ਼ਤੇ ਪਹਿਲਾਂ ਹੋਏ ਕਰੋੜਪਤੀ ਕਾਰੋਬਾਰੀ ਦਰਸ਼ਨ ਸਿੰਘ ਸਾਹਸੀ ਦਾ ਕਤਲ ਹੈ। ਗੈਂਗ ਹਿੰਸਾ ਕਾਰਨ ਕੈਨੇਡਾ ਵਿੱਚ ਹੁਣ ਤੱਕ 1000 ਤੋਂ ਵੱਧ ਪੰਜਾਬੀ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ ਤੇ ਇਹ ਮੌਤਾਂ ਕੈਨੇਡਾ ਵਿੱਚ ਗੈਂਗ ਹਿੰਸਾ ਕਾਰਨ ਹੋਣ ਵਾਲੀਆਂ ਕੁੱਲ ਮੌਤਾਂ ਦਾ 26% ਬਣਦੀਆਂ ਹਨ।

ਪੰਜਾਬੀ ਕੈਨੇਡਾ ਦੀ ਧਰਤੀ ਉੱਪਰ ਕਰੀਬ 100 ਸਾਲ ਪਹਿਲਾਂ ਵੱਸਣੇ ਸ਼ੁਰੂ ਹੋਏ ਸਨ। ਇੱਥੇ ਆ ਕੇ ਪੰਜਾਬੀਆਂ ਨੇ ਭਾਰੀ ਤਰੱਕੀ ਕੀਤੀ ਤੇ ਵਪਾਰ, ਖੇਤੀਬਾੜੀ, ਸਰਕਾਰੀ ਨੌਕਰੀਆਂ ਅਤੇ ਵਿਦਿਅਕ ਖੇਤਰ ਵਿੱਚ ਅਹਿਮ ਸਥਾਨ ਪ੍ਰਾਪਤ ਕੀਤੇ। ਸਿਆਸਤ ਵਿੱਚ ਤਾਂ ਇਨ੍ਹਾਂ ਨੇ ਕਮਾਲ ਹੀ ਕਰ ਦਿੱਤੀ ਹੈ। ਕੈਨੇਡੀਅਨ ਪਾਰਲੀਮੈਂਟ ਦੀਆਂ 2025 ਵਿੱਚ ਹੋਈਆਂ ਆਮ ਚੋਣਾਂ ਵਿੱਚ 22 ਪੰਜਾਬੀ ਐੱਮ.ਪੀ. ਦੀ ਚੋਣ ਜਿੱਤੇ ਹਨ ਤੇ ਅੱਧੀ ਦਰਜ਼ਨ ਦੇ ਕਰੀਬ ਮੰਤਰੀ ਬਣੇ ਹਨ, ਪਰ ਇਸ ਦੇ ਨਾਲ ਨਾਲ ਪੰਜਾਬੀ ਸਮਾਜ ਵਿੱਚ ਕੁਝ ਅੱਤ ਦਰਜੇ ਦੀਆਂ ਬੁਰੀਆਂ ਆਦਤਾਂ ਵੀ ਘਰ ਕਰ ਗਈਆਂ ਹਨ। 40-45 ਸਾਲ ਪਹਿਲਾਂ ਨਸ਼ੇ ਵੇਚਣ ਵਰਗੇ ਧੰਦੇ ਵਿੱਚ ਪੰਜਾਬੀਆਂ ਦਾ ਕਿਧਰੇ ਨਾਮੋ ਨਿਸ਼ਾਨ ਵੀ ਨਹੀਂ ਸੀ। ਇਹ ਕੰਮ ਚੀਨੇ, ਗੋਰੇ ਅਤੇ ਅਫ਼ਰੀਕਨ ਆਦਿ ਕਰਦੇ ਸਨ। 1980ਵਿਆਂ ਵਿੱਚ ਕੁਝ ਪੰਜਾਬੀ ਨੌਜਵਾਨਾਂ ਨੇ ਇਸ ਕੰਮ ’ਚ ਅਜਿਹਾ ਕਦਮ ਰੱਖਿਆ ਕਿ ਅੱਜ ਇਸ ਅਰਬਾਂ ਖਰਬਾਂ ਦੇ ਕਾਰੋਬਾਰ ਵਿੱਚ ਅਨੇਕਾਂ ਛੋਟੇ ਵੱਡੇ ਪੰਜਾਬੀ ਗੈਂਗ ਸਰਗਰਮ ਹਨ।

Advertisement

ਪਹਿਲਾਂ ਪੰਜਾਬੀ ਗੈਂਗਾਂ ਦਾ ਮੁੱਖ ਅੱਡਾ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦਾ ਸਰੀ-ਵੈਨਕੂਵਰ ਸ਼ਹਿਰ ਸੀ, ਪਰ ਹੁਣ ਇਨ੍ਹਾਂ ਦਾ ਗਲਬਾ ਓਂਟਾਰੀਓ, ਐਲਬਰਟਾ ਅਤੇ ਅਮਰੀਕਾ ਵਿੱਚ ਕੈਲੀਫੋਰਨੀਆ, ਨਿਊ ਜਰਸੀ, ਨਿਊਯਾਰਕ ਅਤੇ ਪੰਜਾਬ ਤੱਕ ਫੈਲ ਗਿਆ ਹੈ। ਗੈਂਗਾਂ ਦਾ ਮੁੱਖ ਧੰਦਾ ਡਰੱਗਜ਼ ਅਤੇ ਹਥਿਆਰਾਂ ਦੀ ਤਸਕਰੀ, ਕਾਰਾਂ ਚੋਰੀ, ਸੁਪਾਰੀ ਕਿਲਿੰਗ, ਹਵਾਲਾ, ਜਾਅਲੀ ਕਰੰਸੀ ਅਤੇ ਜੂਆ ਸੀ, ਪਰ ਪੰਜਾਬ ਤੋਂ ਫਰਾਰ ਹੋ ਕੇ ਪਹੁੰਚੇ ਗੈਂਗਸਟਰਾਂ ਕਾਰਨ ਹੁਣ ਮੁੱਖ ਧੰਦਾ ਫਿਰੌਤੀਆਂ ਉਗਰਾਹੁਣਾ ਬਣ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਇਹ ਧੰਦਾ ਬਹੁਤ ਸੁਰੱਖਿਅਤ ਹੈ, ਡਰਦੇ ਮਾਰੇ ਲੋਕ ਚੁੱਪ ਚਾਪ ਪੈਸਾ ਦੇ ਦਿੰਦੇ ਹਨ ਤੇ ਪੁਲੀਸ ਕੋਲ ਵੀ ਨਹੀਂ ਜਾਂਦੇ। ਪੰਜਾਬੀ ਗੈਂਗ ਕੈਨੇਡਾ ਦੇ ਸੰਗਠਿਤ ਅਪਰਾਧ ਜਗਤ ਵਿੱਚ ਮੈਕਸੀਕਨਾਂ ਅਤੇ ਚੀਨੀ-ਵੀਅਤਨਾਮੀ ਗੈਂਗਾਂ ਤੋਂ ਬਾਅਦ ਤੀਸਰੇ ਨੰਬਰ ’ਤੇ ਆਉਂਦੇ ਹਨ, ਪਰ ਜਿਸ ਤਰ੍ਹਾਂ ਨਵੇਂ ਨੌਜਵਾਨ ਇਸ ਧੰਦੇ ਵਿੱਚ ਕੁੱਦ ਰਹੇ ਹਨ, ਲੱਗਦਾ ਹੈ ਕਿ ਪੰਜਾਬੀ ਇਸ ਕੰਮ ਵਿੱਚ ਸਭ ਨੂੰ ਪਛਾੜ ਦੇਣਗੇ। ਪੰਜਾਬੀ ਗੈਂਗ ਸ਼ੁਰੂ ਵਿੱਚ ਮਾੜੇ ਮੋਟੇ ਅਪਰਾਧ ਕਰਦੇ ਸਨ, ਪਰ 1980ਵਿਆਂ ਵਿੱਚ ਕੈਨੇਡਾ-ਅਮਰੀਕਾ ਵਿੱਚ ਆਏ ਨਸ਼ਿਆਂ ਦੇ ਹੜ੍ਹ ਨੇ ਉਨ੍ਹਾਂ ਨੂੰ ਵੀ ਇਸ ਵਗਦੀ ਗੰਗਾ ਵਿੱਚ ਹੱਥ ਰੰਗਣ ਲਈ ਲਲਚਾ ਦਿੱਤਾ। ਕਹਿੰਦੇ ਹਨ ਕਿ ਪੈਸਾ ਆਪਣੇ ਨਾਲ ਹਜ਼ਾਰ ਐਬ ਲੈ ਕੇ ਆਉਂਦਾ ਹੈ, ਇਨ੍ਹਾਂ ਨਾਲ ਵੀ ਅਜਿਹਾ ਹੀ ਹੋਇਆ। ਇਲਾਕੇ ’ਤੇ ਕਬਜ਼ੇ ਨੂੰ ਲੈ ਕੇ ਸ਼ੁਰੂ ਹੋਏ ਛੋਟੇ ਮੋਟੇ ਝਗੜੇ ਨਿੱਤ ਦਿਹਾੜੇ ਦੇ ਕਤਲਾਂ ਤੱਕ ਪਹੁੰਚ ਗਏ ਹਨ।

Advertisement

ਪੰਜਾਬੀ ਡਰੱਗ ਗੈਂਗਾਂ ਵਿੱਚ ਕਤਲੋਗਾਰਤ ਦੀ ਸ਼ੁਰੂਆਤ ਕਰਨ ਵਾਲੇ ਦੋ ਭਰਾ ਰਣਜੀਤ ਸਿੰਘ ਉਰਫ਼ ਰੌਨ ਦੋਸਾਂਝ ਅਤੇ ਜਮਸ਼ੇਰ ਸਿੰਘ ਉਰਫ਼ ਜਿੰਮੀ ਦੋਸਾਂਝ ਸਨ। ਇਨ੍ਹਾਂ ਦੀ ਮਸ਼ਹੂਰ ਗੈਂਗਸਟਰ ਭੁਪਿੰਦਰ ਸਿੰਘ (ਬਿੰਦੀ ਜੌਹਲ) ਨਾਲ ਦੁਸ਼ਮਣੀ ਨੇ ਅਜਿਹੀ ਖੂਨੀ ਖੇਡ ਸ਼ੁਰੂ ਕੀਤੀ ਜੋ ਹੁਣ ਤੱਕ ਬਾਦਸਤੂਰ ਜਾਰੀ ਹੈ। ਦੋਸਾਂਝ ਭਰਾ ਕੈਨੇਡਾ ਦੇ ਪਹਿਲੇ ਪੰਜਾਬੀ ਗੈਂਗਸਟਰ ਮੰਨੇ ਜਾਂਦੇ ਹਨ ਤੇ ਬਿੰਦੀ ਜੌਹਲ ਉਨ੍ਹਾਂ ਦਾ ਗੁਰਗਾ ਸੀ। ਜਦੋਂ ਦੋਸਾਂਝ ਭਰਾਵਾਂ ਨੂੰ ਇੱਕ ਡਰੱਗ ਕੇਸ ਵਿੱਚ ਜੇਲ੍ਹ ਜਾਣਾ ਪਿਆ ਤਾਂ ਬਿੰਦੀ ਜੌਹਲ ਨੇ ਉਨ੍ਹਾਂ ਦੇ ਧੰਦੇ ’ਤੇ ਕਬਜ਼ਾ ਜਮਾ ਲਿਆ। ਜੇਲ੍ਹ ਤੋਂ ਬਾਹਰ ਆ ਕੇ ਜਦੋਂ ਦੋਸਾਂਝ ਭਰਾਵਾਂ ਨੇ ਬਿੰਦੀ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਲਟਾ ਬਿੰਦੀ ਜੌਹਲ ਨੇ ਭਾੜੇ ਦੇ ਕਾਤਲਾਂ ਰਾਹੀਂ ਫਰਵਰੀ 1994 ਨੂੰ ਜਿੰਮੀ ਦੋਸਾਂਝ ਅਤੇ ਅਪਰੈਲ 1994 ਨੂੰ ਰਣਜੀਤ ਦੋਸਾਂਝ ਨੂੰ ਹੀ ਕਤਲ ਕਰਵਾ ਦਿੱਤਾ। ਇਸ ਤੋਂ ਬਾਅਦ ਬਿੰਦੀ ਜੌਹਲ ਡਰੱਗਜ਼ ਦੇ ਧੰਦੇ ’ਤੇ ਛਾ ਗਿਆ। ਇਸ ਦੇ ਸ਼ਾਹੀ ਰਹਿਣ ਸਹਿਣ ਅਤੇ ਟੌਹਰ ਟਪੱਕੇ ਤੋਂ ਪ੍ਰਭਾਵਿਤ ਹੋ ਕੇ ਸੈਂਕੜੇ ਪੰਜਾਬੀ ਨੌਜਵਾਨ ਇਸ ਧੰਦੇ ਵਿੱਚ ਕੁੱਦ ਪਏ, ਪਰ ਬੁਰੇ ਕੰਮ ਦਾ ਬੁਰਾ ਨਤੀਜਾ ਹੁੰਦਾ ਹੈ। 20 ਦਸੰਬਰ 1998 ਨੂੰ ਵੈਨਕੂਵਰ ਦੇ ਇੱਕ ਨਾਈਟ ਕਲੱਬ ਵਿੱਚ ਕਿਸੇ ਭਾੜੇ ਦੇ ਕਾਤਲ ਦੀਆਂ ਗੋਲੀਆਂ ਨੇ ਬਿੰਦੀ ਜੌਹਲ ਦੀ ਖੇਡ ਵੀ ਖ਼ਤਮ ਕਰ ਦਿੱਤੀ।

ਇਸ ਤੋਂ ਬਾਅਦ ਤਾਂ ਪੰਜਾਬੀ ਗੈਂਗਾਂ ਦਾ ਹੜ੍ਹ ਆ ਗਿਆ। ਰੋਜ਼ ਨਵੇਂ ਤੋਂ ਨਵੇਂ ਗੈਂਗ ਬਣ ਜਾਂਦੇ ਹਨ। ਜੌਹਲ, ਆਦੀਵਾਲ, ਚੀਮਾ, ਬੁੱਟਰ, ਢੱਕ, ਦੂਹੜੇ, ਗਰੇਵਾਲ ਤੇ ਹੁਣ ਨਵੇਂ ਲਾਰੈਂਸ ਬਿਸ਼ਨੋਈ ਵਰਗੇ ਦਰਜ਼ਨਾਂ ਗੈਂਗ ਕੰਮ ਕਰ ਰਹੇ ਹਨ ਜੋ ਕੈਨੇਡਾ ਪੁਲੀਸ ਲਈ ਵੱਡੀ ਸਿਰਦਰਦੀ ਬਣੇ ਹੋਏ ਹਨ। ਵੈਸੇ ਕੈਨੇਡਾ ਪੁਲੀਸ ਪੰਜਾਬੀਆਂ ਦੇ ਕਤਲਾਂ ਨੂੰ ਕੋਈ ਬਹੁਤੀ ਗੰਭੀਰਤਾ ਨਾਲ ਨਹੀਂ ਲੈਂਦੀ। ਜਦੋਂ ਕੋਈ ਗੈਂਗਸਟਰ ਜ਼ਿਆਦਾ ਅੱਤ ਚੁੱਕ ਲੈਂਦਾ ਹੈ ਤਾਂ ਪੁਲੀਸ ਵੱਧ ਤੋਂ ਵੱਧ ਇੱਕ ਘੋਸ਼ਣਾ ਜਾਰੀ ਕਰ ਦਿੰਦੀ ਹੈ ਕਿ ਇਸ ’ਤੇ ਖੂਨੀ ਹਮਲਾ ਹੋਣ ਦੀ ਉਮੀਦ ਹੈ। ਜੋ ਵੀ ਵਿਅਕਤੀ ਇਸ ਨਾਲ ਸਬੰਧ ਰੱਖੇਗਾ, ਉਸ ਦਾ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਅਜਿਹੇ ਗੈਂਗਸਟਰਾਂ ਦੇ ਬੱਚਿਆਂ ਨੂੰ ਬਚਾਉਣ ਲਈ ਪੁਲੀਸ ਚਾਈਲਡ ਵੈਲਫੇਅਰ ਵਿਭਾਗ ਨੂੰ ਸੌਂਪ ਦਿੰਦੀ ਹੈ। ਅਸਲ ਵਿੱਚ ਪੁਲੀਸ ਵੀ ਚਾਹੁੰਦੀ ਹੈ ਕਿ ਸਮਾਜ ਲਈ ਸਿਰਦਰਦੀ ਬਣੇ ਹੋਏ ਇਹ ਅਨਸਰ ਆਪਸ ਵਿੱਚ ਹੀ ਲੜ ਝਗੜ ਕੇ ਖ਼ਤਮ ਹੋ ਜਾਣ। ਇਸੇ ਕਾਰਨ ਪੰਜਾਬੀ ਗੈਂਗਸਟਰਾਂ ਤੇ ਇਨ੍ਹਾਂ ਦਾ ਸ਼ਿਕਾਰ ਹੋਏ ਆਮ ਪੰਜਾਬੀਆਂ ਦੀਆਂ ਹੱਤਿਆਵਾਂ ਦੇ 80% ਤੋਂ ਵੱਧ ਕੇਸ ਅੱਜ ਤੱਕ ਅਣਸੁਲਝੇ ਪਏ ਹਨ। ਇਸ ਦੀ ਸਭ ਤੋਂ ਵੱਡੀ ਮਿਸਾਲ ਕਨਿਸ਼ਕ ਜਹਾਜ਼ (ਏਅਰ ਇੰਡੀਆ) ਬੰਬ ਧਮਾਕੇ (1985) ਦੇ ਦੋਸ਼ੀ ਰਿਪੁਦਮਨ ਸਿੰਘ ਮਲਿਕ ਦਾ ਹੱਤਿਆ ਕਾਂਡ ਹੈ।

ਕੈਨੇਡਾ-ਅਮਰੀਕਾ ਵਿੱਚ ਡਰੱਗਜ਼ ਦੇ ਧੰਦੇ ਵਿੱਚ ਬੇਹੱਦ ਪੈਸਾ ਹੈ। ਕਈ ਪਰਿਵਾਰ ਤਾਂ ਅਜਿਹੇ ਹਨ ਜਿਨ੍ਹਾਂ ਦੇ ਇੱਕ ਤੋਂ ਵੱਧ ਮੈਂਬਰ ਇਸ ਕੰਮ ਵਿੱਚ ਮਾਰੇ ਜਾ ਚੁੱਕੇ ਹਨ, ਪਰ ਉਹ ਫਿਰ ਵੀ ਇਸ ਧੰਦੇ ਵਿੱਚ ਸਰਗਰਮ ਹਨ। ਕਈ ਕੈਨੇਡੀਅਨ ਗੈਂਗਸਟਰ ਆਪਣੇ ਪੰਜਾਬ ਵਿਚਲੇ ਰਿਸ਼ਤੇਦਾਰਾਂ ਦੀ ਮਦਦ ਭਾਰਤ ਤੋਂ ਹੈਰੋਇਨ ਮੰਗਵਾਉਣ ਲਈ ਲੈਂਦੇ ਹਨ। ਕੋਕੀਨ ਦੱਖਣੀ ਅਮਰੀਕਾ ਦੇ ਕੋਲੰਬੀਆ ਆਦਿ ਦੇਸ਼ਾਂ ਵਿੱਚ ਪੈਦਾ ਹੁੰਦੀ ਤੇ ਮੈਕਸਿਕੋ ਰਾਹੀਂ ਅਮਰੀਕਾ ਪਹੁੰਚਦੀ ਹੈ। ਅਮਰੀਕਾ ਤੋਂ ਗੈਂਗਸਟਰ ਇਸ ਨੂੰ ਵੈਨਕੂਵਰ ਆਦਿ ਸ਼ਹਿਰਾਂ ਵਿੱਚ ਟਰੱਕਾਂ ਰਾਹੀਂ ਮੰਗਵਾਉਂਦੇ ਹਨ ਕਿਉਂਕਿ ਵੈਨਕੂਵਰ ਅਮਰੀਕਨ ਸਰਹੱਦ ਦੇ ਬਿਲਕੁਲ ਨਜ਼ਦੀਕ ਪੈਂਦਾ ਹੈ। ਇੱਥੋਂ ਇਹ ਸਮਾਨ ਸਾਰੇ ਕੈਨੇਡਾ ਵਿੱਚ ਫੈਲਾ ਦਿੱਤਾ ਜਾਂਦਾ ਹੈ। ਤਿੰਨ-ਚਾਰ ਸਾਲ ਪਹਿਲਾਂ ਕੈਨੇਡਾ-ਅਮਰੀਕਾ ਸਰਹੱਦ ’ਤੇ ਇੱਕ ਪੰਜਾਬੀ 15 ਕਰੋੜ ਅਮਰੀਕਨ ਡਾਲਰ (ਕਰੀਬ 13 ਅਰਬ ਰੁਪਏ) ਦੀ ਕੋਕੀਨ ਸਮੇਤ ਪਕੜਿਆ ਗਿਆ ਸੀ ਜੋ ਨਿਊਯਾਰਕ ਸਟੇਟ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਹੈ। ਗੈਂਗਸਟਰਾਂ ਦੇ ਕਾਰਨਾਮਿਆਂ ਕਾਰਨ ਪੰਜਾਬੀ ਟਰੱਕ ਡਰਾਈਵਰ ਐਨੇ ਬਦਨਾਮ ਹੋ ਚੁੱਕੇ ਹਨ ਕਿ ਉਨ੍ਹਾਂ ਦੀ ਕੈਨੇਡਾ-ਅਮਰੀਕਾ ਸਰਹੱਦ ’ਤੇ ਸਪੈਸ਼ਲ ਸਕੈਨਰਾਂ ਰਾਹੀਂ ਸਖ਼ਤ ਚੈਕਿੰਗ ਹੁੰਦੀ ਹੈ।

ਕੁਝ ਦਿਨ ਪਹਿਲਾਂ ਵੈਨਕੂਵਰ ਪੁਲੀਸ ਨੇ 15 ਬਦਨਾਮ ਗੈਂਗਸਟਰਾਂ ਦੀ ਲਿਸਟ ਜਾਰੀ ਕੀਤੀ ਹੈ ਜਿਨ੍ਹਾਂ ਵਿੱਚੋਂ 11 ਪੰਜਾਬੀ ਹਨ। ਇਨ੍ਹਾਂ ਵਿੱਚ ਵੀ ਜ਼ਿਆਦਾਤਰ ਕੈਨੇਡਾ ਦੇ ਜੰਮਪਲ ਹਨ। ਪਹਿਲਾਂ ਪੰਜਾਬ ਤੋਂ ਆਈਲੈਟਸ ਕਰ ਕੇ ਗਏ ਬੱਚੇ ਇਨ੍ਹਾਂ ਗੈਂਗਾਂ ਵਿੱਚ ਘੱਟ ਹੀ ਫਸਦੇ ਸਨ ਤੇ ਮਿਹਨਤ ਮਜ਼ਦੂਰੀ ਕਰ ਕੇ ਆਪਣਾ ਗੁਜ਼ਾਰਾ ਕਰਦੇ ਹਨ। ਹੁਣ ਇਹ ਵੀ ਮੈਦਾਨ ਵਿੱਚ ਕੁੱਦ ਪਏ ਹਨ। 2019 ਵਿੱਚ ਐਬਟਸਫੋਰਡ ਵਿਖੇ ਦੀ ਰਫੀਅਨਜ਼ ਨਾਮ ਦੇ ਇੱਕ ਡਰੱਗ ਗੈਂਗ ਦੀ ਸਥਾਪਨਾ ਕੀਤੀ ਗਈ ਹੈ ਜਿਸ ਦੇ ਸਾਰੇ ਮੈਂਬਰ ਪੰਜਾਬੀ ਵਿਦਿਆਰਥੀ ਹਨ। ਕੈਨੇਡਾ ਵਿੱਚ ਹੋਰ ਵੀ ਕਈ ਕੌਮਾਂ ਦੇ ਗੈਂਗਸਟਰ ਹਨ, ਪਰ ਉਹ ਮਾਰ ਕਾਟ ਕਰਨ ਦੀ ਬਜਾਏ ਆਪਣੇ ਕੰਮ ਨਾਲ ਮਤਲਬ ਰੱਖਦੇ ਹਨ। ਇਸ ਦੇ ਉਲਟ ਜੱਟਵਾਦ ਦੇ ਡੰਗੇ ਹੋਏ ਪੰਜਾਬੀ ਇੱਕ ਦੂਸਰੇ ਨੂੰ ਬਰਦਾਸ਼ਤ ਨਹੀਂ ਕਰਦੇ। ਗਾਹਕ ਖਿੱਚਣ, ਇਲਾਕੇ ’ਤੇ ਕਬਜ਼ਾ ਜਮਾਉਣ, ਫਿਰੌਤੀਆਂ ਅਤੇ ਫੋਕੀ ਹੈਂਕੜਬਾਜ਼ੀ ਕਾਰਨ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਬਣੇ ਹੋਏ ਹਨ। ਹੈਰਾਨੀ ਵਾਲੀ ਗੱਲ ਹੈ ਕਿ ਸਮਾਜਿਕ ਸ਼ਰਮਿੰਦਗੀ ਤੋਂ ਬਚਣ ਲਈ ਮਰਨ ਵਾਲੇ ਦੇ ਮਾਪੇ ਇਹ ਨਹੀਂ ਮੰਨਦੇ ਕਿ ਉਨ੍ਹਾਂ ਦਾ ਬੱਚਾ ਗੈਂਗਸਟਰ ਸੀ।

ਸਰੀ, ਐਬਟਸਫੋਰਡ ਅਤੇ ਵੈਨਕੂਵਰ ਸ਼ਹਿਰਾਂ ਵਿੱਚ ਤਾਂ ਪੰਜਾਬੀਆਂ ਦੀ ਆਪਸੀ ਮਾਰ ਕਾਟ ਐਨਾ ਭਿਆਨਕ ਰੂਪ ਧਾਰਨ ਕਰ ਗਈ ਹੈ ਕਿ ਅੱਧੀ ਰਾਤ ਨੂੰ ਐਂਬੂਲੈਂਸਾਂ ਦੇ ਵੱਜਦੇ ਹੂਟਰ ਸੁਣ ਕੇ ਮਾਪੇ ਉੱਠ ਕੇ ਬੈਠ ਜਾਂਦੇ ਹਨ ਕਿ ਕਿਤੇ ਉਨ੍ਹਾਂ ਦੇੇ ਪੁੱਤਰ ਦੀ ਲਾਸ਼ ਨਾ ਆਉਂਦੀ ਹੋਵੇ। ਅਜਿਹੇ ਹਾਲਾਤ ਵਿੱਚ ਮਾਪਿਆਂ ਨੂੰ ਹੀ ਆਪਣੇ ਬੱਚਿਆਂ ਦਾ ਆਪ ਹੀ ਖ਼ਿਆਲ ਰੱਖਣਾ ਪਵੇਗਾ ਤੇ ਉਨ੍ਹਾਂ ਨੂੰ ਇਸ ਲਾਹਣਤ ਤੋਂ ਬਚਾਉਣਾ ਪਵੇਗਾ।

ਸੰਪਰਕ: 95011-00062

Advertisement
×