DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਵਿ ਸੰਗ੍ਰਹਿ ‘ਮੇਰੀ ਕਾਵਿ ਕਿਆਰੀ’ ਲੋਕ ਅਰਪਣ

ਕੈਲਗਰੀ: ਕੈਲਗਰੀ ਲੇਖਕ ਸਭਾ ਦੀ ਮੀਟਿੰਗ ਇੱਥੇ ਕੋਸੋ ਹਾਲ ਵਿੱਚ ਹੋਈ। ਇਸ ਦੌਰਾਨ ਕਰਨਲ ਪ੍ਰਤਾਪ ਸਿੰਘ ਦੀ ਕਾਵਿ-ਪੁਸਤਕ ‘ਮੇਰੀ ਕਾਵਿ ਕਿਆਰੀ’ ਲੋਕ ਅਰਪਣ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਦੌਰਾਨ ਸੁਖਵਿੰਦਰ ਸਿੰਘ ਤੂਰ ਨੇ ਕਾਵਿ-ਸੰਗ੍ਰਹਿ ਦੀ ‘ਲੁੱਟ’ ਨਾਂ ਦੀ ਕਵਿਤਾ ਆਪਣੀ...
  • fb
  • twitter
  • whatsapp
  • whatsapp
featured-img featured-img
ਕਰਨਲ ਪ੍ਰਤਾਪ ਸਿੰਘ ਦੀ ਕਾਵਿ-ਪੁਸਤਕ ‘ਮੇਰੀ ਕਾਵਿ ਕਿਆਰੀ’ ਲੋਕ ਅਰਪਣ ਕਰਦੇ ਹੋਏ ਕੈਲਗਰੀ ਲੇਖਕ ਸਭਾ ਦੇ ਅਹੁਦੇਦਾਰ
Advertisement

ਕੈਲਗਰੀ: ਕੈਲਗਰੀ ਲੇਖਕ ਸਭਾ ਦੀ ਮੀਟਿੰਗ ਇੱਥੇ ਕੋਸੋ ਹਾਲ ਵਿੱਚ ਹੋਈ। ਇਸ ਦੌਰਾਨ ਕਰਨਲ ਪ੍ਰਤਾਪ ਸਿੰਘ ਦੀ ਕਾਵਿ-ਪੁਸਤਕ ‘ਮੇਰੀ ਕਾਵਿ ਕਿਆਰੀ’ ਲੋਕ ਅਰਪਣ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਦੌਰਾਨ ਸੁਖਵਿੰਦਰ ਸਿੰਘ ਤੂਰ ਨੇ ਕਾਵਿ-ਸੰਗ੍ਰਹਿ ਦੀ ‘ਲੁੱਟ’ ਨਾਂ ਦੀ ਕਵਿਤਾ ਆਪਣੀ ਸੁਰੀਲੀ ਆਵਾਜ਼ ਵਿੱਚ ਗਾ ਕੇ ਸਭ ਨੂੰ ਕੀਲ ਲਿਆ। ਇਸ ਤੋਂ ਬਾਅਦ ਜਸਵਿੰਦਰ ਸਿੰਘ ਰੁਪਾਲ ਨੇ ਕਾਵਿ-ਪੁਸਤਕ ਉੱਪਰ ਆਪਣਾ ਪਰਚਾ ਪੜ੍ਹਿਆ। ਉਨ੍ਹਾਂ ਨੇ ਕਿਹਾ ਕਿ ਕਵਿਤਾ ਦੇ ਦੋ ਪੱਖ ਹੁੰਦੇ ਹਨ, ਵਿਸ਼ਾ ਪੱਖ ਅਤੇ ਰੂਪਕ ਪੱਖ। ਕਰਨਲ ਪ੍ਰਤਾਪ ਸਿੰਘ ਨੇ ਮੁੱਖ ਤੌਰ ’ਤੇ ਇੱਕ ਫ਼ੌਜੀ ਵਾਲੀ ਸੰਜਮੀ ਤੇ ਖੁਸ਼ਕ ਜ਼ਿੰਦਗੀ ਜੀਵੀ ਹੈ ਪਰ ਉਨ੍ਹਾਂ ਦੀਆਂ ਕਾਵਿ ਰਚਨਾਵਾਂ ਸਮਾਜਿਕ ਤੇ ਧਾਰਮਿਕ ਪੱਖ ਦੇ ਭਿੰਨ ਭਿੰਨ ਵਿਸ਼ਿਆਂ ’ਤੇ ਲਿਖੀਆਂ ਜਜ਼ਬਿਆਂ ਤੇ ਭਾਵਨਾਵਾਂ ਨਾਲ ਓਤ ਪੋਤ ਹਨ ਜੋ ਪਾਠਕ ਨੂੰ ਉਂਗਲੀ ਫੜ ਆਪਣੇ ਨਾਲ ਤੋਰ ਲੈਂਦੀਆਂ ਹਨ। ਰੂਪਕ ਪੱਖ ਤੋਂ ਕਵੀ ਨੂੰ ਬੰਦਿਸ਼ਾਂ ਪ੍ਰਵਾਨ ਨਹੀਂ, ਕਵਿਤਾ ਆਪਮੁਹਾਰੇ ਰਚੀ ਗਈ ਪ੍ਰਤੀਤ ਹੁੰਦੀ ਹੈ ਕਿਉਂਕਿ ਦਿਲ ਦੀ ਆਵਾਜ਼ ਬੰਦਿਸ਼ਾਂ ਨਹੀਂ ਝੱਲਦੀ।

ਗੁਰਨਾਮ ਕੌਰ ਨੇ ਕਿਹਾ ਕਿ ‘ਕਰਨਲ ਪ੍ਰਤਾਪ ਸਿੰਘ ਦਾ ਗਿਆਨ ਦਾ ਘੇਰਾ ਬਹੁਤ ਵਿਸ਼ਾਲ ਹੈ। ਮੈਂ ਆਲੋਚਕ ਨਹੀਂ ਹਾਂ ਬਲਕਿ ਇੱਕ ਪਾਠਕ ਵਾਂਗ ਹਰ ਰਚਨਾ ਦਾ ਆਨੰਦ ਮਾਣਿਆ ਹੈ।’ ਉਨ੍ਹਾਂ ਨੇ ਕਵਿਤਾਵਾਂ ਦੇ ਹਵਾਲੇ ਨਾਲ ਇਨ੍ਹਾਂ ਤੋਂ ਮਿਲਣ ਵਾਲੀਆਂ ਸਿੱਖਿਆਵਾਂ ਦਾ ਬਾਖ਼ੂਬੀ ਵਰਣਨ ਕੀਤਾ। ਬਲਵਿੰਦਰ ਬਰਾੜ ਨੇ ਕਿਹਾ ਕਿ ਲੇਖਕ ਨੇ ਹਮੇਸ਼ਾ ਜੱਗ ਵਿੱਚ ਨਹੀਂ ਰਹਿਣਾ ਹੁੰਦਾ ਪਰ ਲੇਖਕ ਦੀਆਂ ਕਿਤਾਬਾਂ ਉਹਦੇ ਜੱਗ ਵਿੱਚ ਆਉਣ ਦੀ ਹਾਮੀ ਭਰਨਗੀਆਂ। ਲੇਖਕ ਇਹੋ ਜਿਹੀ ਦੁਨੀਆ ਸਿਰਜਣੀ ਚਾਹੁੰਦਾ ਹੈ ਜਿਹੜੀ ਹਰ ਪੱਖੋਂ ਸੰਪੂਰਨ ਹੋਵੇ। ਕਵਿਤਾਵਾਂ ਦੇ ਸਿਰਲੇਖਾਂ ਤੋਂ ਪਤਾ ਲੱਗਦੈ ਕਿ ਕਵੀ ਦੀ ਪੰਜਾਬ ਨਾਲ ਸਾਂਝ ਕਿੰਨੀ ਡੂੰਘੀ ਹੈ।

Advertisement

ਇਸ ਦੌਰਾਨ ਡਾ. ਜੋਗਾ ਸਿੰਘ, ਸਰਬਜੀਤ ਉੱਪਲ, ਤੇਜਾ ਸਿੰਘ ਪ੍ਰੇਮੀ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਗੁਰਦੀਸ਼ ਗਰੇਵਾਲ ਨੇ ‘ਕੈਨੇਡਾ ਡੇ’ ਨੂੰ ਸਮਰਪਿਤ ਆਪਣੀ ਰਚਨਾ ‘ਵਾਹ ਕੈਨੇਡਾ ਵਾਹ!’ ਨਾਲ ਹਾਜ਼ਰੀ ਲੁਆਈ। ਜਗਦੇਵ ਸਿੰਘ ਸਿੱਧੂ ਨੇ ਕੈਨੇਡਾ ਡੇ ਦੇ ਇਤਿਹਾਸ ਦਾ ਵਰਣਨ ਕਰਦੇ ਹੋਏ ਲਗਪਗ ਪੰਦਰਾਂ ਕੁ ਹਜ਼ਾਰ ਸਾਲ ਪਹਿਲਾਂ ਤੋਂ ਵੱਸ ਰਹੇ ਇੱਥੋਂ ਦੇ ਮੂਲ ਨਿਵਾਸੀਆਂ ਦੇ ਇਸ ਧਰਤੀ ਉੱਪਰ ਅਧਿਕਾਰ, ਉਨ੍ਹਾਂ ਨਾਲ ਹੋਈਆਂ ਜ਼ਿਆਦਤੀਆਂ ਤੇ ਵਿਤਕਰੇ ਅਤੇ ‘ਕਨਾਟਾ’ ਤੋਂ ਕੈਨੇਡਾ ਬਣੇ ਇਸ ਦੇਸ਼ ਬਾਰੇ ਵਿਸਥਾਰ ਨਾਲ ਦੱਸਿਆ। ਪੈਰੀ ਮਾਹਲ ਜੋ ਲੰਮੇ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੇ ਹਨ, ਉਨ੍ਹਾਂ ਨੇ ਅਜੋਕੇ ਕੈਨੇਡਾ ਵਿੱਚ ਅਜੋਕੇ ਸਮੇਂ ਦੀਆਂ ਸਮੱਸਿਆਵਾਂ ਬਾਰੇ ਗੱਲ ਕੀਤੀ। ਅਮਨਪ੍ਰੀਤ ਸਿੰਘ ਨੇ ਕੈਨੇਡਾ ਸਬੰਧੀ ਕਵਿਤਾ ‘ਮੁਲਖ ਬੇਗਾਨਾ ਹੁਣ ਲੱਗੇ ਆਪਣਾ’ ਸਾਂਝੀ ਕਰਕੇ ਕੈਨੇਡਾ ਨਾਲ ਆਪਣਾ ਨਾਤਾ ਦਰਸਾਇਆ।

ਸੰਦੀਪ ਕੌਰ ਨੇ ਆਪਣੇ ਪਲੇਠੇ ਕਾਵਿ-ਸੰਗ੍ਰਹਿ ‘ਕੰਧਾਂ ਦੇ ਓਹਲੇ’ ਵਿੱਚੋਂ ਦੋ ਕਾਵਿ ਰਚਨਾਵਾਂ ‘ਮੋਹ’ ਅਤੇ ‘ਕਰਮਾਂ ਵਾਲੀਆਂ ਕੁੜੀਆਂ’ ਪੇਸ਼ ਕੀਤੀਆਂ। ਗੁਰਦਿਆਲ ਸਿੰਘ ਖਹਿਰਾ ਨੇ ਪੰਜਾਬ ਤੇ ਪੰਜਾਬੀਆਂ ਦੇ ਦੁਖਾਂਤ ਨੂੰ ਦਰਸਾਉਂਦੀ ਕਵਿਤਾ ‘ਏਅਰ ਕੈਨੇਡਾ ਦੀ ਫਲਾਈਟ’ ਸਾਂਝੀ ਕੀਤੀ। ਜਸਵੰਤ ਸਿੰਘ ਕਪੂਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਨੂੰ ਯਾਦ ਕੀਤਾ। ਬਚਨ ਸਿੰਘ ਗੁਰਮ ਨੇ ਆਪਣੀ ਰਚਨਾ ਸਾਂਝੀ ਕੀਤੀ। ਜਸਪ੍ਰੀਤ ਕੌਰ ਨੇ ਗਿਆਨੀ ਨਿਸ਼ਾਨ ਸਿੰਘ ਸ਼ਾਨ ਦੀ ਰਚਨਾ, ‘ਇੱਥੇ ਜਦੋਂ ਜਪੁਜੀ ਦਾ ਜਾਪ ਹੁੰਦਾ ਉਲਝੇ ਮਨਾਂ ਦੀਆਂ ਘੁੰਡੀਆਂ ਖੁੱਲ੍ਹਦੀਆਂ ਨੇ’ ਸਾਂਝੀ ਕੀਤੀ। ਗੁਰਮੀਤ ਸਿੰਘ ਤੰਬੜ ਨੇ ਆਪਣੀ ‘ਪੱਥਰ’ ਨਾਂ ਦੀ ਰਚਨਾ ਸੁਣਾਈ।

ਉਪਰੰਤ ਕਰਨਲ ਪ੍ਰਤਾਪ ਸਿੰਘ ਦੀ ਦੋਹਤ-ਨੂੰਹ ਨਵਨੀਤ ਕੌਰ ਬੱਲ ਨੇ ਦੱਸਿਆ ਕਿ ਉਨ੍ਹਾਂ ਦੇ ਅੱਸੀ ਸਾਲ ਦੇ ਨਾਨਾ ਜੀ ਕਰਨਲ ਪ੍ਰਤਾਪ ਸਿੰਘ ਹੁਣ ਵੀ ਸਿੱਧੀ ਫੋਨ ’ਤੇ ਕਵਿਤਾ ਲਿਖਦੇ ਹਨ ਤੇ ਵਟਸਐਪ ’ਤੇ ਸਾਂਝੀ ਕਰਦੇ ਹਨ। ਉਨ੍ਹਾਂ ‘ਮੇਰੀ ਕਾਵਿ ਕਿਆਰੀ’ ਵਿੱਚੋਂ ‘ਤੈਨੂੰ ਕਹਾਂ ਪੰਜਾਬ ਸਿੰਆਂ ਤੂੰ ਗੱਲ ਸੁਣ ਮੇਰੀ’ ਕਵਿਤਾ ਜ਼ੁਬਾਨੀ ਸੁਣਾਈ। ਫਿਰ ਕਰਨਲ ਪ੍ਰਤਾਪ ਸਿੰਘ ਦੀ ਧੀ ਰਾਜਿੰਦਰ ਕੌਰ ਬੱਲ ਨੇ ਆਪਣੇ ਪਿਤਾ ਦੀ ਕਿਤਾਬ ਰਿਲੀਜ਼ ਕਰਨ ’ਤੇ ਸਭਾ ਅਤੇ ਹਾਜ਼ਰੀਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਅੰਤ ਵਿੱਚ ਸਭਾ ਦੇ ਪ੍ਰਧਾਨ ਜਸਵੀਰ ਸਿੰਘ ਸਿਹੋਤਾ ਨੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ।

ਸੰਪਰਕ: 403-402-9635

ਖ਼ਬਰ ਸਰੋਤ: ਕੈਲਗਰੀ ਲੇਖਕ ਸਭਾ

‘ਜਦੋਂ ਉਹ ਨਗ਼ਮਾ ਛੇੜਦੀ ਹੈ’ ਪੁਸਤਕ ਰਿਲੀਜ਼

‘ਜਦੋਂ ਉਹ ਨਗ਼ਮਾ ਛੇੜਦੀ ਹੈ’ ਕਿਤਾਬ ਰਿਲੀਜ਼ ਕਰਦੇ ਹੋਏ ਪਤਵੰਤੇ

ਹਰਦਮ ਮਾਨ

ਸਰੀ: ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਵੱਲੋਂ ਬੀਤੇ ਦਿਨ ਇੱਥੇ ਉਰਦੂ ਤੋਂ ਗੁਰਮੁਖੀ ਵਿੱਚ ਅਨੁਵਾਦ ਕੀਤੀਆਂ ਕਹਾਣੀਆਂ ਦੀ ਪੁਸਤਕ ‘ਜਦੋਂ ਉਹ ਨਗ਼ਮਾ ਛੇੜਦੀ ਹੈ’ ਰਿਲੀਜ਼ ਕੀਤੀ ਗਈ। ਇਸ ਪੁਸਤਕ ਵਿੱਚ ਮੁਹੰਮਦ ਸਈਅਦ ਟਰਾਂਬੂ ਦੀਆਂ 27 ਕਹਾਣੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ।

ਪੁਸਤਕ ਦੀ ਸੰਪਾਦਨਾ ਉੱਘੇ ਲੇਖਕ ਖ਼ਾਲਿਦ ਹੁਸੈਨ ਅਤੇ ਸਤੀਸ਼ ਗੁਲਾਟੀ ਵੱਲੋਂ ਕੀਤੀ ਗਈ ਹੈ। ਪੁਸਤਕ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਸਤੀਸ਼ ਗੁਲਾਟੀ ਨੇ ਦੱਸਿਆ ਕਿ ਉਰਦੂ ਦੇ ਪ੍ਰਸਿੱਧ ਸਾਹਿਤਕਾਰ ਮੁਹੰਮਦ ਸਈਅਦ ਟਰਾਂਬੂ ਦੀਆਂ ਇਨ੍ਹਾਂ ਕਹਾਣੀਆਂ ਦਾ ਅਨੁਵਾਦ ਵਿਦਿਆਰਥੀਆਂ ਨੇ ਕੀਤਾ ਹੈ। ਇਸ ਮੌਕੇ ਵੈਨਕੂਵਰ ਵਿਚਾਰ ਮੰਚ ਦੇ ਆਗੂ ਅਤੇ ਨਾਵਲਕਾਰ ਜਰਨੈਲ ਸਿੰਘ ਸੇਖਾ, ਆਰਟਿਸਟ ਜਰਨੈਲ ਸਿੰਘ, ਸ਼ਾਇਰ ਮੋਹਨ ਗਿੱਲ ਅਤੇ ਅੰਗਰੇਜ਼ ਬਰਾੜ ਨੇ ਇਸ ਪੁਸਤਕ ਦੀ ਸੰਪਾਦਨਾ ਲਈ ਸਤੀਸ਼ ਗੁਲਾਟੀ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਤਾਬ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

ਸੰਪਰਕ: +1 604 308 6663

Advertisement
×