DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇੱਕ ਸ਼ਾਮ ਸਿਤਾਰਿਆਂ ਦੇ ਨਾਮ

ਸ਼ੁੱਕਰਵਾਰ, 1 ਅਗਸਤ ਨੂੰ ਸਾਡੇ ਸ਼ਹਿਰ ਗ੍ਰਾਫਟਨ ਜੋ ਕਿ ਬੋਸਟਨ (ਅਮਰੀਕਾ) ਦੇ ਕੋਲ ਹੈ, ਵਿਖੇ ਇੱਕ ਅਨੋਖਾ ਮੇਲਾ ਲੱਗਿਆ, ਜਿੱਥੇ ਲੋਕਾਂ ਨੂੰ ਸਿਤਾਰਿਆਂ ਤੇ ਗ੍ਰਹਿਆਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਵੱਖ-ਵੱਖ ਕਿਸਮ ਦੀਆਂ ਦੂਰਬੀਨਾਂ ਰਾਹੀਂ ਚੰਨ ਅਤੇ ਸਿਤਾਰਿਆਂ ਨੂੰ...
  • fb
  • twitter
  • whatsapp
  • whatsapp
Advertisement

ਸ਼ੁੱਕਰਵਾਰ, 1 ਅਗਸਤ ਨੂੰ ਸਾਡੇ ਸ਼ਹਿਰ ਗ੍ਰਾਫਟਨ ਜੋ ਕਿ ਬੋਸਟਨ (ਅਮਰੀਕਾ) ਦੇ ਕੋਲ ਹੈ, ਵਿਖੇ ਇੱਕ ਅਨੋਖਾ ਮੇਲਾ ਲੱਗਿਆ, ਜਿੱਥੇ ਲੋਕਾਂ ਨੂੰ ਸਿਤਾਰਿਆਂ ਤੇ ਗ੍ਰਹਿਆਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਵੱਖ-ਵੱਖ ਕਿਸਮ ਦੀਆਂ ਦੂਰਬੀਨਾਂ ਰਾਹੀਂ ਚੰਨ ਅਤੇ ਸਿਤਾਰਿਆਂ ਨੂੰ ਦੇਖਣ ਦਾ (Stargazing) ਮੌਕਾ ਦਿੱਤਾ ਗਿਆ। ਉਹ ਦੂਰਬੀਨਾਂ ਵਿਲਰਡ ਹਾਊਸ ਕਲੌਕਵਰਕ ਮਿਊਜ਼ੀਅਮ ਦੇ ਬਾਹਰ ਖੁੱਲ੍ਹੇ ਮੈਦਾਨ ਵਿੱਚ ਲਗਾਈਆਂ ਗਈਆਂ ਸਨ ਜੋ ਕਿ ਸ਼ਹਿਰ ਦੇ ਰੋਸ਼ਨੀ ਦੇ ਪ੍ਰਦੂਸ਼ਣ ਤੋਂ ਦੂਰ ਢੁੱਕਵੀਂ ਜਗ੍ਹਾ ਸੀ ਅਤੇ ਜਿੱਥੋਂ ਅਸਮਾਨ ਸਾਫ਼ ਤੇ ਮਨਮੋਹਕ ਦਿਖਾਈ ਦਿੰਦਾ ਸੀ।

ਇਸ ਸ਼ਾਨਦਾਰ ਮੌਕੇ ਦਾ ਲਾਭ ਦੋ ਸਾਲ ਤੋਂ ਲੈ ਕੇ 80 ਸਾਲ ਦੇ 150 ਤੋਂ ਵੀ ਜ਼ਿਆਦਾ ਲੋਕਾਂ ਨੇ ਲਿਆ ਤੇ ਦੂਰਬੀਨਾਂ ਰਾਹੀਂ ਚੰਨ ਅਤੇ ਸਿਤਾਰਿਆਂ ਨੂੰ ਬੜੀ ਨੀਝ ਨਾਲ ਦੇਖਿਆ। ਬਹੁਤ ਸਾਰੇ ਲੋਕਾਂ ਨੇ ਪਹਿਲੀ ਵਾਰ ਦੂਰਬੀਨਾਂ ਨੂੰ ਦੇਖਿਆ ਅਤੇ ਉਨ੍ਹਾਂ ਦੀ ਵਰਤੋਂ ਬਾਰੇ ਵਡਮੁੱਲੀ ਜਾਣਕਾਰੀ ਲਈ। ਉਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਦੂਰਬੀਨ ਮਨੁੱਖੀ ਆਦੇਸ਼ ਲੈ ਕੇ ਆਪਣੇ ਆਪ ਉਪਗ੍ਰਹਿਆਂ (GPS) ਦੀ ਮਦਦ ਨਾਲ ਧੁਰ-ਅਸਮਾਨ ਵਿੱਚ ਕਿਸੇ ਵੀ ਸਿਤਾਰੇ, ਸਿਤਾਰਾ-ਮੰਡਲ, ਗਲੈਕਸੀ ਆਦਿ ’ਤੇ ਫੋਕਸ ਕਰ ਕੇ ਉਸ ਨਾਲ ਜੁੜੇ ਆਈਪੈਡ ਦੀ ਸਕਰੀਨ ’ਤੇ ਉਸ ਦਾ ਚਿੱਤਰ ਪੇਸ਼ ਕਰ ਸਕਣ ਦੇ ਕਾਬਲ ਸੀ। ਉਸ ਦੂਰਬੀਨ ਰਾਹੀਂ ਹੋਰ ਦੂਰਬੀਨਾਂ ਵੀ ਰਾਤ ਦੇ ਅਸਮਾਨ ਵਿੱਚ ਚੰਨ ਨੂੰ ਬਹੁਤ ਨੇੜੇ ਤੋਂ ਦੇਖਣ ਦਾ ਅਨੁਭਵ ਪ੍ਰਦਾਨ ਕਰਦੀਆਂ ਸਨ।

Advertisement

ਦੂਰਬੀਨ ਰਾਹੀਂ ਮੇਸੀਅਰ-13 ਗੋਲਾਕਾਰ ਸਿਤਾਰਾ ਮੰਡਲ (M13 Globular Cluster) ਤੇ ਹੋਰ ਸਿਤਾਰਿਆਂ ਦਾ ਦ੍ਰਿਸ਼ ਦਰਸ਼ਕਾਂ ਨੂੰ ਦਿਖਾਇਆ ਗਿਆ। ਉਸ ਰਾਤ ਸੌਰ-ਮੰਡਲ ਦਾ ਕੋਈ ਗ੍ਰਹਿ ਨਹੀਂ ਦਿਖਾਈ ਦਿੱਤਾ ਕਿਉਂਕਿ ਗ੍ਰਹਿਆਂ ਦੇ ਚੜ੍ਹਨ ਦਾ ਸਮਾਂ ਅਲੱਗ-ਅਲੱਗ ਹੁੰਦਾ ਹੈ ਜਿਵੇਂ ਬੁੱਧ ਤੇ ਸ਼ੁੱਕਰ ਗ੍ਰਹਿ ਤੜਕੇ ਵੇਲੇ ਚੜ੍ਹਦੇ ਹਨ। ਆਲਡਰਿਚ ਐਸਟ੍ਰੋਨੋਮੀਕਲ ਸੁਸਾਇਟੀ ਦੇ ਵਾਲੰਟੀਅਰਾਂ ਨੇ ਦੂਰਬੀਨਾਂ ਨੂੰ ਫੋਕਸ ਕਰਨ ਵਿੱਚ ਮਦਦ ਕੀਤੀ।

ਇਸ ਮੌਕੇ ਐੱਮ. ਜੇ. ਜੌਹਨਸਨ ਜੋ ਕਿ ਨਾਸਾ ਦੇ ਸੌਰ-ਮੰਡਲ ਰਾਜਦੂਤ ਹਨ, ਨੇ ਸਿਤਾਰਿਆਂ ਤੇ ਬ੍ਰਹਿਸਪਤੀ ਦੇ ਚੰਦਰਮਾ ਯੂਰੋਪਾ ’ਤੇ ਜੀਵਨ ਦੀ ਹੋਂਦ ਦੀ ਸੰਭਾਵਨਾ ਬਾਰੇ ਮਹੱਤਵਪੂਰਨ ਜਾਣਕਾਰੀ ਪੇਸ਼ ਕੀਤੀ, ਜਿੱਥੇ ਬਰਫ਼ ਦੀਆਂ ਖੇਪੜਾਂ ਦੇ ਹੇਠਾਂ ਪਾਣੀ ਦਾ ਵਿਸ਼ਾਲ ਸਮੁੰਦਰ ਹੈ ਤੇ ਜਿਸ ਦਾ ਸਬੂਤ ਨਾਸਾ ਦੇ ਗੈਲੀਲੀਓ ਸਪੇਸਕ੍ਰਾਫਟ (1995-2003 ਤੱਕ) ਨੇ ਲੱਭਿਆ ਸੀ। ਕੀ ਉਹ ਅਜਨਬੀ ਸਾਗਰ ਜੀਵਨ ਦੀ ਹੋਂਦ ਲਈ ਅਨੁਕੂਲ ਪ੍ਰਸਥਿਤੀਆਂ ਪੈਦਾ ਕਰ ਸਕਦਾ ਹੈ? ਕੀ ਧਰਤੀ ਤੋਂ ਇਲਾਵਾ ਸਾਡੇ ਸੌਰ ਮੰਡਲ ਤੋਂ ਬਾਹਰਲੇ ਹੋਰ ਗ੍ਰਹਿਆਂ ’ਤੇ ਜੀਵਨ ਸੰਭਵ ਹੈ? ਜਿੰਨਾ ਕੁ ਧਰਤੀ ਦੇ ਵਿਗਿਆਨੀਆਂ ਨੂੰ ਪਤਾ ਹੈ ਜੀਵਨ ਦੀ ਹੋਂਦ ਲਈ ਪਾਣੀ, ਊਰਜਾ ਦੇ ਸੋਮੇ, ਕਾਰਬਨ, ਹਾਈਡ੍ਰੋਜਨ, ਨਾਈਟ੍ਰੋਜਨ, ਆਕਸੀਜਨ, ਫਾਸਫੋਰਸ, ਸਲਫਰ, ਇੱਕ ਸੁਰੱਖਿਅਤ ਵਾਤਾਵਰਨ, ਅਨੁਕੂਲ ਤਾਪਮਾਨ ਤੇ ਜੈਵਿਕ ਅਣੂ ਜਿਨ੍ਹਾਂ ਵਿੱਚ ਅਮੀਨੋ ਐਸਿਡ ਆਦਿ ਲੋੜੀਂਦੇ ਹਨ, ਚਾਹੀਦੇ ਹਨ। ਯੂਰੋਪਾ, ਜਿਸ ਦੀ ਉਮਰ (4.5 ਅਰਬ ਸਾਲ) ਸਾਡੀ ਧਰਤੀ ਜਿੰਨੀ ਹੀ ਹੈ, ’ਤੇ ਇਹ ਸਾਰੇ ਤੱਤ ਮੌਜੂਦ ਹੋ ਸਕਦੇ ਹਨ।

ਹੁਣ ਨਾਸਾ ਯੂਰੋਪਾ ’ਤੇ ਜੀਵਨ ਦੀ ਵਿਸਤ੍ਰਿਤ ਖੋਜ ਕਰਨ ਲਈ ਕਲਿੱਪਰ ਪੁਲਾੜ ਯਾਨ ਭੇਜ ਰਿਹਾ ਹੈ ਤੇ ਇਹ ਦੇਖਣ ਲਈ ਕਿ ਕੀ ਬ੍ਰਹਿਸਪਤੀ ਦਾ ਬਰਫ਼ੀਲਾ ਚੰਦਰਮਾ ਆਪਣੇ ਸਮੁੰਦਰ ਦੇ ਨਾਲ ਜੀਵਨ ਨੂੰ ਸੰਭਾਲਣ ਦੀ ਸਮਰੱਥਾ ਰੱਖਦਾ ਹੈ? ਯੂਰੋਪਾ ’ਤੇ ਜੀਵਨ ਦੀ ਸੰਭਾਵਨਾ ਦਾ ਅਧਿਐਨ ਕਰਨ ਨਾਲ ਵਿਗਿਆਨੀਆਂ ਨੂੰ ਸਾਡੇ ਗ੍ਰਹਿ ਤੋਂ ਪਰੇ ਜੀਵਨ ਦੀ ਹੋਂਦ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਮਦਦ ਮਿਲੇਗੀ।

ਇੱਕ ਹੋਰ ਗੱਲਬਾਤ ਦੌਰਾਨ ਆਲਡਰਿਚ ਅਸਟ੍ਰੋਨੋਮੀਕਲ ਸੁਸਾਇਟੀ ਦੇ ਪ੍ਰਧਾਨ ਜਿਮ ਜ਼ੈਬਰੋਵਸਕੀ ਨੇ ਖੁਲਾਸਾ ਕੀਤਾ ਕਿ ਸਿਤਾਰੇ ਟਿਮ ਟਿਮ ਕਿਉਂ ਕਰਦੇ ਹਨ? ਵੈਸੇ ਹਕੀਕਤ ਵਿੱਚ ਸਿਤਾਰੇ ਟਿਮ ਟਿਮ ਨਹੀਂ ਕਰਦੇ, ਪਰ ਸਾਨੂੰ ਉਹ ਟਿਮਟਿਮਾਉਂਦੇ ਹੋਏ ਦਿਖਾਈ ਦਿੰਦੇ ਹਨ, ਕਿਉਂਕਿ ਜਦੋਂ ਉਨ੍ਹਾਂ ਤੋਂ ਆ ਰਹੀ ਰੋਸ਼ਨੀ ਧਰਤੀ ਦੇ ਵਾਯੂਮੰਡਲ ਵਿੱਚੋਂ ਗੁਜ਼ਰਦੀ ਹੈ ਤਾਂ ਉਹ ਬਦਲਦੇ ਤਾਪਮਾਨ ਤੇ ਹਵਾ ਦੀ ਘਣਤਾ ਕਰਕੇ ਟੇਢੀ-ਮੇਢੀ ਹੋ ਜਾਂਦੀ ਹੈ। ਸੌਰ-ਮੰਡਲ ਦੇ ਗ੍ਰਹਿ (ਬੁੱਧ, ਸ਼ੁੱਕਰ ਆਦਿ) ਟਿਮ ਟਿਮ ਨਹੀਂ ਕਰਦੇ ਕਿਉਂਕਿ ਸਿਤਾਰੇ ਧਰਤੀ ਤੋਂ ਬਹੁਤ ਦੂਰ ਹਨ, ਪਰ ਗ੍ਰਹਿ ਉਨ੍ਹਾਂ ਦੇ ਮੁਕਾਬਲੇ ਇੰਨੇ ਦੂਰ ਨਹੀਂ ਹਨ। ਜਦੋਂ ਸੂਰਜ ਦੀ ਰੋਸ਼ਨੀ ਦੀਆਂ ਕਿਰਨਾਂ ਗ੍ਰਹਿਆਂ ਦੇ ਧਰਾਤਲ ਤੋਂ ਪਰਵਰਤਿਤ ਹੋ ਕੇ ਸਾਡੇ ਕੋਲ ਆਉਂਦੀਆਂ ਹਨ ਤਾਂ ਉਨ੍ਹਾਂ ਦੀ ਰੋਸ਼ਨੀ ਸਿਤਾਰਿਆਂ ਤੋਂ ਆਉਂਦੀ ਰੋਸ਼ਨੀ ਤੋਂ ਕਾਫ਼ੀ ਸੰਘਣੀ ਹੁੰਦੀ ਹੈ ਤੇ ਉਨ੍ਹਾਂ ’ਤੇ ਵਾਯੂਮੰਡਲ ਦਾ ਪ੍ਰਭਾਵ ਇੰਨਾ ਜ਼ਿਆਦਾ ਨਹੀਂ ਹੁੰਦਾ।

ਇਹ ਯਾਦਗਾਰੀ ਪ੍ਰੋਗਰਾਮ ਵੈਬਸਟਰ ਫਰਸਟ ਕਰੈਡਿਟ ਯੂਨੀਅਨ, ਸਥਾਨਕ ਲਾਇਬ੍ਰੇਰੀ, ਵਿਲਰਡ ਹਾਊਸ ਕਲੌਕਵਰਕ ਮਿਊਜ਼ੀਅਮ ਅਤੇ ਆਲਡਰਿਚ ਐਸਟ੍ਰੋਨੋਮੀਕਲ ਸੁਸਾਇਟੀ ਦੇ ਸਹਿਯੋਗ ਨਾਲ ਕਾਮਯਾਬ ਹੋਇਆ। ਇਸ ਮੌਕੇ ਸੈਲੇਸਟ੍ਰੋਨ ਟੈਲੀਸਕੋਪਕਸ ਨੇ ਦੂਰਬੀਨਾਂ ਪ੍ਰਦਾਨ ਕੀਤੀਆਂ।

ਸੰਪਰਕ: +1-508-243-8846

Advertisement
×