DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੁਣ ਉਹ ਕੈਨੇਡਾ ਨਹੀਂ ਰਿਹਾ

ਪ੍ਰਿੰਸੀਪਲ ਵਿਜੈ ਕੁਮਾਰ ‘‘ਹੁਣ ਪਹਿਲਾਂ ਵਾਲਾ ਕੈਨੇਡਾ ਨਹੀਂ ਰਿਹਾ, ਜਿਹੜਾ ਸਾਡੇ ਵੇਲੇ ਹੁੰਦਾ ਸੀ। ਹੁਣ ਤਾਂ ਦਿਲ ਕਰਦੈ ਕਿ ਇਸ ਨੂੰ ਛੱਡ ਕੇ ਆਪਣੇ ਦੇਸ਼ ਨੂੰ ਮੁੜ ਜਾਈਏ, ਪਰ ਹੁਣ ਤਾਂ ਹਾਲਾਤ ਨਾਲ ਸਮਝੌਤਾ ਕਰਕੇ ਇਸ ਮੁਲਕ ਵਿੱਚ ਜਿਊਣਾ ਪੈ...
  • fb
  • twitter
  • whatsapp
  • whatsapp
Advertisement

ਪ੍ਰਿੰਸੀਪਲ ਵਿਜੈ ਕੁਮਾਰ

‘‘ਹੁਣ ਪਹਿਲਾਂ ਵਾਲਾ ਕੈਨੇਡਾ ਨਹੀਂ ਰਿਹਾ, ਜਿਹੜਾ ਸਾਡੇ ਵੇਲੇ ਹੁੰਦਾ ਸੀ। ਹੁਣ ਤਾਂ ਦਿਲ ਕਰਦੈ ਕਿ ਇਸ ਨੂੰ ਛੱਡ ਕੇ ਆਪਣੇ ਦੇਸ਼ ਨੂੰ ਮੁੜ ਜਾਈਏ, ਪਰ ਹੁਣ ਤਾਂ ਹਾਲਾਤ ਨਾਲ ਸਮਝੌਤਾ ਕਰਕੇ ਇਸ ਮੁਲਕ ਵਿੱਚ ਜਿਊਣਾ ਪੈ ਰਿਹਾ ਹੈ। ਕਈ ਸਾਲਾਂ ਤੋਂ ਆਪਣਾ ਦੇਸ਼ ਛੱਡ ਕੇ ਇਸ ਮੁਲਕ ਵਿੱਚ ਵੱਸ ਗਏ ਹਾਂ। ਰੁਜ਼ਗਾਰ, ਵਪਾਰ ਅਤੇ ਬੱਚਿਆਂ ਦੀ ਇਸ ਦੇਸ਼ ਨੂੰ ਛੱਡ ਕੇ ਨਾ ਜਾਣ ਦੀ ਜ਼ਿੱਦ ਸਾਨੂੰ ਇੱਥੇ ਰਹਿਣ ਲਈ ਮਜਬੂਰ ਕਰ ਰਹੀ ਹੈ। ਹੁਣ ਇਸ ਮੁਲਕ ਦੇ ਦਿਨ ਪ੍ਰਤੀ ਦਿਨ ਵਿਗੜਦੇ ਜਾ ਰਹੇ ਹਾਲਾਤ ਨੂੰ ਵੇਖ ਕੇ ਇੱਥੇ ਰਹਿਣ ਨੂੰ ਜ਼ਰਾ ਦਿਲ ਨਹੀਂ ਕਰਦਾ।’’

Advertisement

ਇਹ ਸ਼ਬਦ ਪਾਰਕਾਂ ਵਿੱਚ ਬੈਠੇ, ਘਰਾਂ ਵਿੱਚ ਵਸਦੇ ਅਤੇ ਜਨਤਕ ਥਾਵਾਂ ’ਤੇ ਵਿਚਰਦੇ ਉਨ੍ਹਾਂ ਲੋਕਾਂ ਦੇ ਹਨ, ਜਿਨ੍ਹਾਂ ਨੇ ਇਸ ਮੁਲਕ ਦਾ ਸੁਨਹਿਰੀ ਯੁੱਗ ਵੇਖਿਆ ਹੋਇਆ ਹੈ। ਜਦੋਂ ਇਸ ਦੇਸ਼ ਵਿੱਚ ਬੇਰੁਜ਼ਗਾਰੀ ਬਿਲਕੁਲ ਨਹੀਂ ਸੀ। ਲੋਕ ਕਾਨੂੰਨਾਂ ਦਾ ਪਾਲਣ ਕਰਦੇ ਸਨ ਅਤੇ ਉਨ੍ਹਾਂ ਤੋਂ ਡਰਦੇ ਸਨ। ਕਾਨੂੰਨਾਂ ਦਾ ਪਾਲਣ ਕਰਨ ਕਰਕੇ ਅਤੇ ਉਨ੍ਹਾਂ ਤੋਂ ਡਰਨ ਕਰਕੇ ਇੱਥੇ ਜੁਰਮ ਨਾ ਦੇ ਬਰਾਬਰ ਸਨ। ਚੋਰੀਆਂ, ਫਿਰੌਤੀਆਂ, ਡਾਕੇ ਡਕੈਤੀਆਂ, ਹੇਰਾਫੇਰੀਆਂ, ਧੋਖਾਧੜੀਆਂ, ਮਾਰ ਮਰਾਈ, ਨਸ਼ਿਆਂ ਦੀ ਵਰਤੋਂ, ਸਮਗਲਿੰਗ ਅਤੇ ਲੁੱਟਾਂ ਖੋਹਾਂ ਲਗਭਗ ਨਾ ਦੇ ਬਰਾਬਰ ਸਨ। ਮਕਾਨ ਮਾਲਕਾਂ ਅਤੇ ਕਿਰਾਏਦਾਰਾਂ ਦੇ ਝਗੜਿਆਂ ਦੇ ਕੇਸ ਅਦਾਲਤਾਂ ਵਿੱਚ ਇੱਕਾ ਦੁੱਕਾ ਹੀ ਚੱਲਦੇ ਸਨ। ਧਰਮਾਂ ਦੇ ਨਾਂ ’ਤੇ ਝਗੜੇ ਅਤੇ ਮਾਰ ਮਰਾਈ ਨਹੀਂ ਹੁੰਦੇ ਸਨ। ਨੌਜਵਾਨ ਮੁੰਡੇ-ਕੁੜੀਆਂ ਕਾਰਾਂ ਵਿੱਚ ਉੱਚੀ ਆਵਾਜ਼ ਵਿੱਚ ਗੀਤ ਲਗਾ ਕੇ ਤੇਜ਼ ਸਪੀਡ ਨਾਲ ਕਾਰਾਂ ਨਹੀਂ ਚਲਾਉਂਦੇ ਸਨ। ਨੌਜਵਾਨ ਮੁੰਡਿਆਂ-ਕੁੜੀਆਂ ਦੀਆਂ ਨਾ ਤਾਂ ਲੜਾਈਆਂ ਹੁੰਦੀਆਂ ਸਨ ਤੇ ਨਾ ਹੀ ਉਹ ਸ਼ਰਾਬ ਪੀ ਕੇ ਪਲਾਜ਼ਿਆਂ ਅੱਗੇ ਅਤੇ ਜਨਤਕ ਥਾਵਾਂ ’ਤੇ ਭੰਗੜੇ ਪਾਉਂਦੇ ਸਨ ਅਤੇ ਨਾ ਹੀ ਉਹ ਕਾਨੂੰਨ ਤੋੜ ਕੇ ਕੋਈ ਜੁਰਮ ਕਰਦੇ ਸਨ। ਲੋਕ ਸਾਫ਼ ਸਫ਼ਾਈ ਦਾ ਪੂਰਾ ਧਿਆਨ ਰੱਖਦੇ ਸਨ ਤੇ ਗੰਦਗੀ ਨਹੀਂ ਪਾਉਂਦੇ ਸਨ।

ਦੂਜੇ ਦੇਸ਼ਾਂ ਤੋਂ ਆ ਕੇ ਇਸ ਦੇਸ਼ ਵਿੱਚ ਵਸੇ ਪਰਵਾਸੀ ਲੋਕ ਸ਼ਾਂਤਮਈ ਢੰਗ ਨਾਲ ਜ਼ਿੰਦਗੀ ਜਿਊਣ ਨੂੰ ਇਸ ਲਈ ਤਰਜੀਹ ਦਿੰਦੇ ਸਨ ਕਿਉਂਕਿ ਉਨ੍ਹਾਂ ਨੂੰ ਇਹ ਗੱਲ ਯਾਦ ਰਹਿੰਦੀ ਸੀ ਕਿ ਉਹ ਆਪਣਾ ਦੇਸ਼, ਪਰਿਵਾਰ ਅਤੇ ਘਰ ਵਾਰ ਛੱਡ ਕੇ ਇਸ ਮੁਲਕ ਵਿੱਚ ਆਪਣੀ ਰੋਟੀ ਰੋਜ਼ੀ ਕਮਾਉਣ ਲਈ ਆਏ ਹੋਏ ਹਨ। ਉਨ੍ਹਾਂ ਦੇ ਮਨਾਂ ਵਿੱਚ ਡਰ ਹੁੰਦਾ ਸੀ ਕਿ ਜੇਕਰ ਉਨ੍ਹਾਂ ਨੇ ਇਸ ਦੇਸ਼ ਦਾ ਕਾਨੂੰਨ ਤੋੜਿਆ ਤਾਂ ਸਰਕਾਰ ਉਨ੍ਹਾਂ ਦੇ ਵਿਰੁੱਧ ਕੋਈ ਕਾਰਵਾਈ ਕਰ ਸਕਦੀ ਹੈ। ਉਨ੍ਹਾਂ ਨੂੰ ਇਸ ਮੁਲਕ ਵਿੱਚੋਂ ਕੱਢਿਆ ਜਾ ਸਕਦਾ ਹੈ। ਇਹੋ ਕਾਰਨ ਸੀ ਕਿ ਇਸ ਦੇਸ਼ ਵਿੱਚ ਲੋਕ ਬਿਨਾਂ ਕਿਸੇ ਡਰ ਤੋਂ ਬਹੁਤ ਹੀ ਆਰਾਮਦਾਇਕ ਅਤੇ ਅਮਨ ਦੀ ਜ਼ਿੰਦਗੀ ਬਸਰ ਕਰਦੇ ਸਨ, ਪਰ ਸੱਚ ਮੁੱਚ ਹੀ ਹੁਣ ਇਹ ਪਹਿਲਾਂ ਵਾਲਾ ਕੈਨੇਡਾ ਨਹੀਂ ਰਿਹਾ।

ਕੈਨੇਡਾ ਵਿਖੇ ਆਪਣੀਆਂ ਮੰਗਾਂ ਲਈ ਪ੍ਰਦਰਸ਼ਨ ਕਰ ਰਹੇ ਲੋਕ।

ਇਸ ਦੇਸ਼ ਦੀ ਅਮਨ ਸ਼ਾਂਤੀ ਭੰਗ ਹੁੰਦੀ ਜਾ ਰਹੀ ਹੈ। ਲੋਕਾਂ ਦੀ ਜਾਨ ਮਾਲ ਨੂੰ ਖ਼ਤਰਾ ਪੈਦਾ ਹੁੰਦਾ ਜਾ ਰਿਹਾ ਹੈ। ਲੋਕ ਖੌਫ਼ ਦੇ ਸਾਏ ਵਿੱਚ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਰਹੇ ਹਨ। ਧਰਮਾਂ ਦੇ ਨਾਂ ’ਤੇ ਫਸਾਦ ਅਤੇ ਮਾਰ ਮਰਾਈ ਦਾ ਦੌਰ ਚੱਲ ਰਿਹਾ ਹੈ। ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਲੋਕਾਂ ਨੂੰ ਪੁਲੀਸ ਦਾ ਕੋਈ ਡਰ ਭੈਅ ਨਹੀਂ ਰਿਹਾ। ਵੱਡੇ ਕਾਰੋਬਾਰੀਆਂ, ਧਨਾਢਾਂ, ਕਾਰਖਾਨੇਦਾਰਾਂ ਅਤੇ ਹੋਰ ਲੋਕਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਕੇ ਉਨ੍ਹਾਂ ਤੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਕਾਰਾਂ ਦੀ ਚੋਰੀ ਸ਼ਰ੍ਹੇਆਮ ਹੋਣਾ ਆਮ ਜਿਹੀ ਗੱਲ ਹੋ ਚੁੱਕੀ ਹੈ। ਘਰਾਂ ਵਿੱਚ ਵੜ ਕੇ ਲੋਕਾਂ ਨੂੰ ਗੋਲੀਆਂ ਮਾਰਨ ਅਤੇ ਚੋਰੀਆਂ ਕਰਨ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਪਲਾਜ਼ਿਆਂ ਅਤੇ ਹੋਰ ਵਪਾਰਕ ਥਾਵਾਂ ’ਤੇ ਲੁੱਟਾਂ ਖੋਹਾਂ ਅਤੇ ਚੋਰੀਆਂ ਹੋਣਾ ਆਮ ਜਿਹੀ ਗੱਲ ਹੁੰਦੀ ਜਾ ਰਹੀ ਹੈ। ਬੀਮੇ ਦੀ ਯੋਜਨਾ ਅਧੀਨ ਹੇਰਾਫੇਰੀ, ਟੈਕਸ ਦੀ ਚੋਰੀ ਅਤੇ ਹੋਰ ਧੋਖਾਧੜੀਆਂ ਜ਼ਿਆਦਾਤਰ ਲੋਕਾਂ ਦਾ ਧੰਦਾ ਬਣਦਾ ਜਾ ਰਿਹਾ ਹੈ। ਮਕਾਨ ਮਾਲਕਾਂ ਅਤੇ ਕਿਰਾਏਦਾਰਾਂ, ਲੁਟੇਰਿਆਂ, ਫ਼ਿਰੌਤੀਆਂ, ਮਾਰ ਮਰਾਈ ਅਤੇ ਧੋਖਾਧੜੀਆਂ ਦੇ ਮੁਕੱਦਮੇ ਅਦਾਲਤਾਂ ਵਿੱਚ ਵਧਦੇ ਜਾ ਰਹੇ ਹਨ। ਕ੍ਰੈਡਿਟ ਕਾਰਡ ਚੋਰੀ ਕਰਨ ਵਾਲੇ ਅਤੇ ਜੇਬ ਕਤਰਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਲੋਕਾਂ ਦਾ ਸਾਫ਼ ਸਫ਼ਾਈ ਰੱਖਣ ਵੱਲ ਧਿਆਨ ਘਟਦਾ ਜਾ ਰਿਹਾ ਹੈ।

ਨਸ਼ਿਆਂ ਦੀ ਵਰਤੋਂ ਅਤੇ ਸਮਗਲਿੰਗ ਦਾ ਧੰਦਾ ਵਧਦਾ ਹੀ ਜਾ ਰਿਹਾ ਹੈ। ਉਚੇਰੀ ਸਿੱਖਿਆ ਪ੍ਰਾਪਤ ਕਰਨ ਆਏ ਮੁੰਡੇ-ਕੁੜੀਆਂ ਦਾ ਕਈ ਕਾਲਜਾਂ ਅਤੇ ਯੂਨੀਵਰਸਿਟੀਆਂ ਵੱਲੋਂ ਆਰਥਿਕ ਸ਼ੋਸ਼ਣ ਅਤੇ ਉਨ੍ਹਾਂ ਨਾਲ ਹੋਰ ਅਨਿਆਂ ਕਰਨ ਦੀਆਂ ਖ਼ਬਰਾਂ ਮੀਡੀਆ ਵਿੱਚ ਨਸ਼ਰ ਹੁੰਦੀਆਂ ਰਹਿੰਦੀਆਂ ਹਨ। ਵਿਦਿਆਰਥੀਆਂ ਵੱਲੋਂ ਹਰ ਰੋਜ਼ ਉਨ੍ਹਾਂ ਵਿਰੁੱਧ ਮੁਜ਼ਾਹਰੇ ਕੀਤੇ ਜਾਂਦੇ ਹਨ। ਇਸ ਮੁਲਕ ਦੇ ਬੈਂਕਾਂ ਤੋਂ, ਕਾਰਾਂ ਉੱਤੇ ਕੰਪਨੀਆਂ ਅਤੇ ਅਦਾਰਿਆਂ ਤੋਂ ਕਰਜ਼ ਲੈ ਕੇ ਬਹੁਤ ਸਾਰੇ ਪਰਵਾਸੀ ਲੋਕਾਂ ਦਾ ਆਪਣੇ ਮੁਲਕ ਨੂੰ ਭੱਜਣ ਬਾਰੇ ਕਾਫ਼ੀ ਸੁਣਨ ਨੂੰ ਮਿਲਦਾ ਰਹਿੰਦਾ ਹੈ।

ਕਈ ਹੋਟਲਾਂ ਦੇ ਮਾਲਕ, ਕਾਰਖਾਨੇਦਾਰ ਅਤੇ ਕਾਰੋਬਾਰੀ ਉਨ੍ਹਾਂ ਕੋਲ ਨੌਕਰੀ ਕਰ ਰਹੇ ਮੁੰਡੇ-ਕੁੜੀਆਂ ਦਾ ਆਰਥਿਕ ਸ਼ੋਸ਼ਣ ਕਰ ਰਹੇ ਹਨ। ਇੱਥੇ ਦਿਨ ਪ੍ਰਤੀ ਦਿਨ ਰੁਜ਼ਗਾਰ ਦੇ ਮੌਕੇ ਘਟਦੇ ਜਾ ਰਹੇ ਹਨ। ਵਿਗੜਦੇ ਜਾ ਰਹੇ ਹਾਲਾਤ, ਅਮਨ ਸ਼ਾਂਤੀ ਨੂੰ ਖ਼ਤਰਾ ਪੈਦਾ ਹੋਣ, ਬੇਰੁਜ਼ਗਾਰੀ ਵਧਣ, ਆਰਥਿਕ ਮੰਦਹਾਲੀ ਦੇ ਹਾਲਾਤ ਪੈਦਾ ਹੋਣ ਕਾਰਨ ਅਤੇ ਇੱਥੋਂ ਦੀਆਂ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਇੱਥੋਂ ਦੀ ਅੰਤਰਰਾਸ਼ਟਰੀ ਪੱਧਰ ’ਤੇ ਸਾਖ ਪੇਤਲੀ ਹੁੰਦੀ ਜਾ ਰਹੀ ਹੈ। ਕਾਰਖਾਨੇਦਾਰ, ਕਾਰੋਬਾਰੀ ਅਤੇ ਹੋਰ ਵਪਾਰੀ ਇਸ ਦੇਸ਼ ਨੂੰ ਛੱਡ ਕੇ ਹੋਰ ਮੁਲਕਾਂ ਵਿੱਚ ਜਾਣ ਲੱਗ ਪਏ ਹਨ। ਨਵੇਂ ਲੋਕ ਆਉਣ ਤੋਂ ਗੁਰੇਜ਼ ਕਰ ਰਹੇ ਹਨ। ਮੌਜੂਦਾ ਹਾਲਾਤ ਦੇ ਮੱਦੇਨਜ਼ਰ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਪਰਵਾਸੀਆਂ ਅਤੇ ਮੁੰਡੇ-ਕੁੜੀਆਂ ਦਾ ਆਉਣਾ ਵੀ ਘਟਦਾ ਜਾ ਰਿਹਾ ਹੈ।

ਹੁਣ ਸਵਾਲ ਇਹ ਹੈ ਕਿ ਅੱਜ ਦੇ ਕੈਨੇਡਾ ਦੇ ਇਹੋ ਜਿਹੇ ਹਾਲਾਤ ਬਣਨ ਦੇ ਕਾਰਨ ਕੀ ਹਨ? ਸਭ ਤੋਂ ਪਹਿਲਾ ਕਾਰਨ ਇੱਥੋਂ ਦੇ ਕਮਜ਼ੋਰ ਕਾਨੂੰਨ ਹਨ। ਦੂਜਾ ਕਾਰਨ ਪੁਲੀਸ ਦੀ ਘਾਟ ਹੈ। ਤੀਜਾ ਕਾਰਨ ਇੱਥੋਂ ਦੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰਨ ਲਈ ਅੰਨ੍ਹੇਵਾਹ ਦੂਜੇ ਮੁਲਕਾਂ ਤੋਂ ਲੋਕਾਂ ਨੂੰ ਆਪਣੇ ਮੁਲਕ ਵਿੱਚ ਬੁਲਾਉਣਾ ਹੈ। ਚੌਥਾ ਕਾਰਨ ਇੱਥੋਂ ਦੀਆਂ ਸਰਕਾਰਾਂ ਦੀਆਂ ਆਰਥਿਕ ਅਤੇ ਸਿਆਸੀ ਨੀਤੀਆਂ ਹਨ। ਕੈਨੇਡਾ ਦੀਆਂ ਸਰਕਾਰਾਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਮੁਲਕ ਦੀ ਆਰਥਿਕਤਾ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਪਰਵਾਸੀ ਲੋਕਾਂ ਉੱਤੇ ਹੀ ਨਿਰਭਰ ਕਰਦੀ ਹੈ। ਜੇਕਰ ਉਨ੍ਹਾਂ ਨੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਕਾਨੂੰਨਾਂ ਨੂੰ ਸਖ਼ਤ ਨਾ ਕੀਤਾ, ਦੋਸ਼ੀਆਂ ਨੂੰ ਆਪਣੇ ਮੁਲਕ ਵਿੱਚੋਂ ਬਾਹਰ ਕੱਢਣ ਅਤੇ ਸਖ਼ਤ ਸਜ਼ਾਵਾਂ ਦੀ ਵਿਵਸਥਾ ਨਾ ਕੀਤੀ, ਆਪਣੀਆਂ ਆਰਥਿਕ ਅਤੇ ਸਿਆਸੀ ਨੀਤੀਆਂ ਨੂੰ ਨਾ ਬਦਲਿਆ ਤਾਂ ਭਵਿੱਖ ਵਿੱਚ ਇਸ ਦੇਸ਼ ਦੇ ਹਾਲਾਤ ਹੋਰ ਬਦਤਰ ਹੋਣਗੇ ਅਤੇ ਪਰਵਾਸੀ ਇਸ ਮੁਲਕ ਵਿੱਚ ਆਉਣਾ ਪਸੰਦ ਨਹੀਂ ਕਰਨਗੇ।

ਈਮੇਲ: vijaykumarbehki<\@>gmail.com

Advertisement
×