DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਜ਼ਾਦੀ ਅਤੇ ਸਮਾਨਤਾ ਦਾ ਪ੍ਰਤੀਕ ਨੈਲਸਨ ਮੰਡੇਲਾ

ਪ੍ਰਿੰਸੀਪਲ ਵਿਜੈ ਕੁਮਾਰ ਦੱਖਣੀ ਅਫ਼ਰੀਕਾ ਅਤੇ ਸਮੁੱਚੇ ਸੰਸਾਰ ਦੀ ਰੰਗ ਭੇਦ ਨੀਤੀ ਦੇ ਵਿਰੋਧੀ, ਆਜ਼ਾਦੀ ਅਤੇ ਸਮਾਨਤਾ ਦੇ ਪ੍ਰਤੀਕ ਨੈਲਸਨ ਮੰਡੇਲਾ ਦੀ ਸ਼ਖ਼ਸੀਅਤ ਬਹੁਤ ਹੀ ਪ੍ਰੇਰਨਾਮਈ ਹੈ। ਨੈਲਸਨ ਮੰਡੇਲਾ ਦਾ ਜਨਮ 18 ਜੁਲਾਈ 1917 ਨੂੰ ਮਬਾਸਾ ਨਦੀ ਦੇ ਕੰਢੇ...
  • fb
  • twitter
  • whatsapp
  • whatsapp
Advertisement

ਪ੍ਰਿੰਸੀਪਲ ਵਿਜੈ ਕੁਮਾਰ

Advertisement

ਦੱਖਣੀ ਅਫ਼ਰੀਕਾ ਅਤੇ ਸਮੁੱਚੇ ਸੰਸਾਰ ਦੀ ਰੰਗ ਭੇਦ ਨੀਤੀ ਦੇ ਵਿਰੋਧੀ, ਆਜ਼ਾਦੀ ਅਤੇ ਸਮਾਨਤਾ ਦੇ ਪ੍ਰਤੀਕ ਨੈਲਸਨ ਮੰਡੇਲਾ ਦੀ ਸ਼ਖ਼ਸੀਅਤ ਬਹੁਤ ਹੀ ਪ੍ਰੇਰਨਾਮਈ ਹੈ। ਨੈਲਸਨ ਮੰਡੇਲਾ ਦਾ ਜਨਮ 18 ਜੁਲਾਈ 1917 ਨੂੰ ਮਬਾਸਾ ਨਦੀ ਦੇ ਕੰਢੇ ਈਸਟਨ ਕੇਪ ਟਾਊਨ ਆਫ ਸਾਊਥ ਅਫ਼ਰੀਕਾ ਦੇ ਇੱਕ ਛੋਟੇ ਜਿਹੇ ਪਿੰਡ ਮਵੇਜੋ ਵਿੱਚ ਪਿਤਾ ਗੇਡਲਾ ਹੈਨਰੀ ਮਫਕੇਨਿਸਵਾ ਅਤੇ ਮਾਤਾ ਨੇਕਯੂਫੀ ਨੋਸੇਕਨੀ ਦੇ ਪਰਿਵਾਰ ਵਿੱਚ ਹੋਇਆ। ਉਸ ਦੀ ਮਾਂ ਜਿਸ ਨੂੰ ਫੈਨੀ ਵੀ ਕਿਹਾ ਜਾਂਦਾ ਸੀ, ਉਹ ਮੰਡੇਲਾ ਦੇ ਪਿਤਾ ਦੀਆਂ ਚਾਰ ਪਤਨੀਆਂ ’ਚੋਂ ਤੀਜੀ ਪਤਨੀ ਸੀ। ਮੰਡੇਲਾ ਆਪਣੀ ਮਾਂ ਦੀ ਪਹਿਲੀ ਅਤੇ ਪਿਤਾ ਦੇ ਚਾਰ ਪੁੱਤਰਾਂ ਅਤੇ ਨੌਂ ਭੈਣਾਂ ਵਿੱਚੋਂ ਤੀਜਾ ਪੁੱਤਰ ਸੀ। ਮੰਡੇਲਾ ਦੇ ਪਿਤਾ ਖੋਸਾ ਭਾਸ਼ਾਈ ਮਦੀਬਾ ਕਬੀਲੇ ਦੇ ਮੁਖੀਆ ਹੋਣ ਕਾਰਨ ਉਨ੍ਹਾਂ ਨੂੰ ਮਦੀਬਾ ਵੀ ਕਿਹਾ ਜਾਂਦਾ ਸੀ।

ਉਨ੍ਹਾਂ ਦਾ ਸਬੰਧ ਸ਼ਾਹੀ ਪਰਿਵਾਰ ਨਾਲ ਵੀ ਮੰਨਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਦੇ ਪੜਦਾਦਾ ਮੰਡੇਲਾ, ਜਿਨ੍ਹਾਂ ਦੇ ਨਾਂ ਕਾਰਨ ਉਨ੍ਹਾਂ ਦੇ ਨਾਂ ਨਾਲ ਮੰਡੇਲਾ ਸ਼ਬਦ ਜੁੜਿਆ, ਨੇ ਦੱਖਣੀ ਅਫ਼ਰੀਕਾ ਦੇ ਕੇਪ ਟਾਊਨ ਪ੍ਰਾਂਤ ਵਿੱਚ ਟਰਾਂਸਕੀਅਨ ਖੇਤਰਾਂ ਉੱਤੇ ਰਾਜ ਕੀਤਾ। ਉਸ ਦੇ ਪੜਦਾਦਾ ਨਿਉਬੇਗ ਕੁਕਾ (ਥੇਂਮਬੂ) ਲੋਕਾਂ ਦੇ ਰਾਜਾ ਸਨ। ਉਹ ਪ੍ਰਾਂਤ ਅੰਗਰੇਜ਼ੀ ਸਾਮਰਾਜ ਦੇ ਅਧੀਨ ਸੀ। ਉਨ੍ਹਾਂ ਦੇ ਦਾਦਾ ਵੀ ਉਸ ਖੇਤਰ ਦੇ ਰਾਜਾ ਰਹੇ। ਉਨ੍ਹਾਂ ਦੇ ਪਿਤਾ ਮਵੇਜੋ ਪਿੰਡ ਦੇ ਪ੍ਰਧਾਨ ਸਨ, ਪਰ ਅੰਗਰੇਜ਼ੀ ਹੁਕਮਰਾਨਾ ਨਾਲ ਵਿਗੜ ਜਾਣ ਕਾਰਨ ਉਨ੍ਹਾਂ ਨੂੰ ਪਿੰਡ ਦੀ ਪ੍ਰਧਾਨਗੀ ਤੋਂ ਹਟਾ ਦਿੱਤਾ ਗਿਆ। ਉਨ੍ਹਾਂ ਦੇ ਪਿਤਾ ਨੇ ਆਪਣੀ ਥਾਂ ਪਿੰਡ ਦੇ ਪ੍ਰਧਾਨ ਦੇ ਅਹੁਦੇ ’ਤੇ ਜੋਗਿੰਟਾਵਾ ਦਲਿੰਦਯੋਬੋ ਨੂੰ ਨਿਯੁਕਤ ਕਰਨ ਲਈ ਅਹਿਮ ਭੂਮਿਕਾ ਨਿਭਾਈ। ਉਹ ਮਵੇਜੋ ਨੂੰ ਛੱਡ ਕੇ ਆਪਣੇ ਪਰਿਵਾਰ ਨਾਲ ਟਰਾਂਸਕੇਈ ਦੀ ਰਾਜਧਾਨੀ ਦੇ ਜ਼ਿਲ੍ਹੇ ਮਥਾਥਾ ਦੇ ਇੱਕ ਛੋਟੇ ਜਿਹੇ ਪਿੰਡ ਕੁਨੂ ’ਚ ਰਹਿਣ ਚਲੇ ਗਏ। ਉਨ੍ਹਾਂ ਦੀ ਮੌਤ ਤੋਂ ਬਾਅਦ ਨੈਲਸਨ ਮੰਡੇਲਾ ਦੇ ਪਾਲਣ ਪੋਸ਼ਣ ’ਚ ਜੋਗਿੰਟਾਵਾ ਨੇ ਉਨ੍ਹਾਂ ਦੀ ਬਹੁਤ ਸਹਾਇਤਾ ਕੀਤੀ।

ਮੰਡੇਲਾ ਦੇ ਨਾਂ ਨਾਲ ਰੋਲੀਹਲਹਲਾ ਜੁੜਨ ਦਾ ਸਬੱਬ ਇਹ ਸੀ ਕਿ ਉਸ ਨੂੰ ਇਹ ਨਾਂ ਉਸ ਦੇ ਦਾਦਾ ਜੀ ਨੇ ਦਿੱਤਾ ਸੀ, ਜਿਸ ਦਾ ਅਰਥ ਹੈ ਰੁੱਖਾਂ ਦੀਆਂ ਟਾਹਣੀਆਂ ਨੂੰ ਤੋੜਨ ਵਾਲਾ ਜਾਂ ਖਰੂਦੀ ਬੱਚਾ। ਮੰਡੇਲਾ ਦਾ ਜੀਵਨ ਬਚਪਨ ਤੋਂ ਲੈ ਕੇ ਜ਼ਿੰਦਗੀ ਦੇ ਆਖਰੀ ਪੜਾਅ ਤੱਕ ਬਹੁਤ ਸੰਘਰਸ਼ ਅਤੇ ਉਤਾਰ ਚੜ੍ਹਾਅ ਭਰਪੂਰ ਰਿਹਾ। ਉਸ ਦਾ ਆਰੰਭਿਕ ਜੀਵਨ ਪਿੰਡ ਕੁਨੂ ’ਚ ਆਪਣੀ ਮਾਂ ਅਤੇ ਦੋ ਭੈਣਾਂ ਨਾਲ ਆਪਣੇ ਪਿੰਡ ਦੇ ਮੁੰਡਿਆਂ ਨਾਲ ਪਸ਼ੂਆਂ ਦੀ ਦੇਖਭਾਲ ਕਰਦੇ ਹੋਏ ਬੀਤਿਆ। ਉਸ ਦੇ ਮਾਂ ਬਾਪ ਪੜ੍ਹੇ ਲਿਖੇ ਨਹੀਂ ਸਨ। ਉਹ ਆਪਣੇ ਪਰਿਵਾਰ ਵਿੱਚੋੱ ਸਕੂਲ ਜਾਣ ਵਾਲਾ ਪਹਿਲਾ ਲੜਕਾ ਸੀ। ਉਸ ਦੀ ਮਾਂ ਦਾ ਸਬੰਧ ਇਸਾਈ ਧਰਮ ਨਾਲ ਹੋਣ ਕਰਕੇ, ਉਸ ਨੇ ਉਸ ਨੂੰ ਦੱਖਣੀ ਅਫ਼ਰੀਕਾ ਦੇ ਪਿੰਡ ਕੁਨੂ ਦੇ ਅੰਗਰੇਜ਼ਾਂ ਵੱਲੋਂ ਚਲਾਏ ਜਾ ਰਹੇ ਸਥਾਨਕ ਇਸਾਈ ਧਰਮ ਦੇ ਮੈਥੋਜਿਸਟ ਪ੍ਰਾਇਮਰੀ ਸਕੂਲ ਵਿੱਚ ਦਾਖਲ ਕਰਾ ਦਿੱਤਾ। ਜਿੱਥੇ ਉਸ ਨੇ ਆਧੁਨਿਕ ਢੰਗ ਦੀ ਪ੍ਰਾਇਮਰੀ ਸਿੱਖਿਆ ਹਾਸਲ ਕੀਤੀ। ਸਕੂਲ ਦੇ ਪਹਿਲੇ ਦਿਨ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਮਿਸ ਮਡਿਗੇਨ ਨੇ ਅੰਗੇਰਜ਼ੀ ਪ੍ਰਥਾ ਅਨੁਸਾਰ ਉਸ ਦਾ ਅੰਗਰੇਜ਼ੀ ਨਾਂ ਨੈਲਸਨ ਰੱਖ ਦਿੱਤਾ, ਜਿਸ ਨਾਲ ਉਸ ਦਾ ਨਾਂ ਨੈਲਸਨ ਮੰਡੇਲਾ ਹੋ ਗਿਆ।

ਨੌ ਸਾਲ ਦੀ ਉਮਰ ’ਚ ਉਸ ਦੇ ਪਿਤਾ ਦੀ ਫੇਫੜਿਆਂ ਦੀ ਬਿਮਾਰੀ ਕਾਰਨ ਮੌਤ ਹੋਣ ਕਾਰਨ ਉਸ ਦੀ ਮਾਂ ਉਸ ਨੂੰ ਮਖੇਕੇਜਵੇਨੀ ਦੇ ਗ੍ਰੇਟ ਮਹਿਲ ਵਿੱਚ ਥੇਂਮਬੂ ਰੀਜੇਟ ਚੀਫ ਜੋਗਿੰਟਾਵਾ ਅਤੇ ਉਸ ਦੀ ਪਤਨੀ ਨੋਏਂਗਲੈਂਡ ਦੀ ਦੇਖ ਰੇਖ ਵਿੱਚ ਛੱਡ ਆਈ। ਉਨ੍ਹਾਂ ਨੇ ਉਸ ਨੂੰ ਆਪਣੇ ਬੱਚਿਆਂ ਵਾਂਗ ਹੀ ਰੱਖਿਆ। ਉਨ੍ਹਾਂ ਨਾਲ ਹਰ ਐਤਵਾਰ ਨੂੰ ਚਰਚ ਦੀ ਸੇਵਾ ਕਰਨ ਲਈ ਜਾਣ ਨਾਲ ਉਸ ’ਤੇ ਇਸਾਈ ਧਰਮ ਦਾ ਪ੍ਰਭਾਵ ਹੋ ਗਿਆ। ਉਸ ਨੇ ਆਪਣੀ ਹਾਈ ਸਕੂਲ ਪੱਧਰ ਦੀ ਸਿੱਖਿਆ ਬੋਰਡਿੰਗ ਇੰਸਟੀਚਿਊਟ ਕਲਾਰਕਬਰੀ ਤੋਂ ਪੱਛਮੀ ਢੰਗ ਨਾਲ ਪ੍ਰਾਪਤ ਕੀਤੀ।

ਉਸ ਨੇ ਸੀਨੀਅਰ ਸੈਕੰਡਰੀ ਪੱਧਰ ਦੀ ਸਿੱਖਿਆ ਵੈਡਲੀਆਨ ਮਿਸ਼ਨਰੀਜ਼ ਵੱਲੋਂ ਚਲਾਏ ਜਾ ਰਹੇ ਹੀਲੜ ਟਾਊਨ ਕਾਲਜ ਤੋਂ ਹਾਸਲ ਕਰਦਿਆਂ ਅੰਗਰੇਜ਼ੀ, ਜੋਸਾ, ਇਤਿਹਾਸ ਤੇ ਭੂਗੋਲ ਵਿਸ਼ਿਆਂ ਦੀ ਪੜ੍ਹਾਈ ਕੀਤੀ। ਉਸ ਨੇ ਉੱਚ ਸਿੱਖਿਆ ਵਾਸਤੇ ਕਾਲਿਆਂ ਲਈ ਮਹੱਤਵਪੂਰਨ ਯੂਨੀਵਰਸਿਟੀ ਕਾਲਜ ਆਫ ਫੋਰਟ ਹਰਾਰੇ ’ਚ ਦਾਖਲਾ ਲਿਆ, ਪਰ ਕਾਲਜ ਵਿੱਚ ਹੜਤਾਲ ਕਰਨ ਕਾਰਨ ਉਸ ਨੂੰ ਕਾਲਜ ਵਿੱਚੋਂ ਕੱਢ ਦਿੱਤਾ ਗਿਆ। ਬਾਅਦ ਵਿੱਚ ਉਸ ਨੇ ਉਸੇ ਯੂਨੀਵਰਸਿਟੀ ਤੋਂ ਪੱਤਰ ਵਿਹਾਰ ਰਾਹੀਂ ਬੀ.ਏ. ਦੀ ਡਿਗਰੀ ਹਾਸਲ ਕੀਤੀ। ਉਸ ਨੇ ਵਿਟਵਾਟਰਸਰੈਡ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ। ਮਹਿਲ ’ਚ ਆਉਣ ਵਾਲੇ ਬਜ਼ੁਰਗਾਂ ਤੋਂ ਦੱਖਣੀ ਅਫ਼ਰੀਕਾ ਦੇ ਇਤਿਹਾਸ ਬਾਰੇ ਸੁਣੀਆਂ ਕਹਾਣੀਆਂ ਅਤੇ ਉਨ੍ਹਾਂ ਦੀ ਸਿੱਖਿਆ ਨੇ ਉਸ ਨੂੰ ਆਜ਼ਾਦੀ ਅਤੇ ਸੰਘਰਸ਼ ਵੱਲ ਪ੍ਰੇਰਿਆ ਜੋ ਉਸ ਦੀ ਜ਼ਿੰਦਗੀ ਦਾ ਮਿਸ਼ਨ ਬਣ ਗਿਆ।

ਕਾਨੂੰਨ ਦੀ ਪੜ੍ਹਾਈ ਤੋਂ ਬਾਅਦ ਉਸ ਨੇ ਦੱਖਣੀ ਅਫ਼ਰੀਕਾ ਦੀ ਅੰਗਰੇਜ਼ੀ ਸਰਕਾਰ ਦੇ ਵਿਰੋਧ ਨੂੰ ਆਪਣਾ ਮਿਸ਼ਨ ਬਣਾ ਕੇ ਸਿਆਸਤ ਦੇ ਖੇਤਰ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। 1952 ਵਿੱਚ ਉਸ ਨੇ ਓਲਵਿਰ ਟੈਂਬੋ ਨਾਲ ਮਿਲ ਕੇ ਮਹਿਲਾ ਵਿਰੋਧੀ ਕਾਨੂੰਨ, ਰੰਗ ਅਤੇ ਜਾਤੀ ਭੇਦਭਾਵ ਦੇ ਖਿਲਾਫ਼ ਇੱਕ ਦਫ਼ਤਰ ਖੋਲ੍ਹ ਕੇ ਆਪਣੇ ਵਿਰੋਧ ਦਾ ਪ੍ਰਗਟਾਵਾ ਕੀਤਾ। ਉਸ ਦੀਆਂ ਤਿੰਨ ਪਤਨੀਆਂ ਅਤੇ ਛੇ ਬੱਚੇ ਸਨ।

ਮੰਡੇਲਾ ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਅਫ਼ਰੀਕੀ ਨੈਸ਼ਨਲ ਕਾਂਗਰਸ ਵਿੱਚ ਸ਼ਾਮਿਲ ਹੋ ਗਿਆ। ਉਸ ਨੇ 1950-1960 ਦੇ ਦਹਾਕੇ ਵਿੱਚ ਗੋਰੇ ਲੋਕਾਂ ਦੀ ਅਪਾਰਥਾਈਡ ਸ਼ਾਸਨ ਪ੍ਰਣਾਲੀ ਦਾ ਵਿਰੋਧ ਕੀਤਾ। 1961 ਵਿੱਚ ਉਸ ਨੇ ਅਫ਼ਰੀਕੀ ਨੈਸ਼ਨਲ ਕਾਂਗਰਸ ਦੇ ਹਥਿਆਰ ਵਿੰਗ ਦੀ ਸਥਾਪਨਾ ਕੀਤੀ। 1962 ਵਿੱਚ ਉਸ ਨੂੰ ਰਾਏਬਨ ਟਾਪੂ ਉੱਤੇ ਰੰਗ ਭੇਦ ਦੀ ਨੀਤੀ ਦਾ ਵਿਰੋਧ ਕਰਨ ਦੇ ਦੋਸ਼ ਅਧੀਨ 27 ਸਾਲ ਤੱਕ ਜੇਲ੍ਹ ਵਿੱਚ ਕੈਦ ਰੱਖਿਆ ਗਿਆ। ਦੱਖਣੀ ਅਫ਼ਰੀਕਾ ਤੇ ਸਮੁੱਚੀ ਦੁਨੀਆ ਵਿੱਚ ਰੰਗ ਭੇਦ ਦਾ ਵਿਰੋਧ ਕਰਦੇ ਹੋਏ ਜਿੱਥੇ ਮੰਡੇਲਾ ਪੂਰੀ ਦੁਨੀਆ ਵਿੱਚ ਆਜ਼ਾਦੀ ਅਤੇ ਸਮਾਨਤਾ ਦਾ ਪ੍ਰਤੀਕ ਬਣ ਗਿਆ ਉੱਥੇ ਰੰਗ ਭੇਦ ਨੀਤੀ ਉੱਤੇ ਚੱਲਣ ਵਾਲੀਆਂ ਸਰਕਾਰਾਂ ਉਸ ਨੂੰ ਕਮਿਊਨਿਸਟ ਅਤੇ ਅਤਿਵਾਦੀ ਦੱਸਦੀਆਂ ਸਨ ਅਤੇ ਅਫ਼ਰੀਕੀ ਨੈਸ਼ਨਲ ਕਾਂਗਰਸ ਨੂੰ ਪਨਾਹ ਦੇਣ ਵਾਲੀ ਪਾਰਟੀ ਦੱਸ ਰਹੀਆਂ ਸਨ।

ਸਾਲ 1990 ਵਿੱਚ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਉਸ ਨੇ ਸ਼ਾਂਤਮਈ ਗਤੀਵਿਧੀਆਂ ਰਾਹੀਂ ਲੋਕਤੰਤਰ ਸਥਾਪਿਤ ਕਰਨ ਲਈ ਯਤਨ ਜਾਰੀ ਰੱਖੇ। 1994 ਵਿੱਚ ਉਹ ਚੋਣ ਜਿੱਤ ਕੇ 1994-1999 ਤੱਕ ਦੱਖਣੀ ਅਫ਼ਰੀਕਾ ਦਾ ਪਹਿਲੇ ਗੈਰ- ਗੋਰਾ ਰਾਸ਼ਟਰਪਤੀ ਬਣਿਆ। ਉਸ ਨੇ ਆਪਣੇ ਪੰਜ ਸਾਲ ਦੇ ਕਾਰਜਕਾਲ ਵਿੱਚ ਵੰਸ਼ਵਾਦ ਦੇ ਖਾਤਮੇ, ਮਨੁੱਖੀ ਹੱਕਾਂ ਨੂੰ ਬਹਾਲ ਕਰਨ ਅਤੇ ਗ਼ਰੀਬੀ ਨੂੰ ਠੱਲ੍ਹ ਪਾਉਣ ਲਈ ਸ਼ਲਾਘਾਯੋਗ ਯਤਨ ਕੀਤੇ। 1993 ਵਿੱਚ ਉਸ ਨੂੰ ਸ਼ਾਂਤੀ ਨੋਬੇਲ ਪੁਰਸਕਾਰ ਤੋਂ ਇਲਾਵਾ ਮਹਾਰਾਣੀ ਐਲਿਜ਼ਾਬੈੱਥ ਦੂਜੀ ਦਾ ਆਰਡਰ ਆਫ ਮੈਰਿਟ, ਆਰਡਰ ਆਫ ਸੇਂਟ ਜਾਨ ਆਦਿ ਪੁਰਸਕਾਰ ਵੀ ਮਿਲੇ। 1999 ਵਿੱਚ ਉਸ ਨੇ ਸਿਆਸਤ ਤੋਂ ਸੰਨਿਆਸ ਲੈਣ ਦਾ ਫੈਸਲਾ ਲੈ ਲਿਆ। 5 ਦਸੰਬਰ 2013 ਨੂੰ 95 ਸਾਲ ਦੀ ਉਮਰ ਵਿੱਚ ਉਸ ਦੀ ਕੈਂਸਰ ਦੀ ਬਿਮਾਰੀ ਕਾਰਨ ਮੌਤ ਹੋ ਗਈ। ਨੈਲਸਨ ਮੰਡੇਲਾ ਇੱਕ ਨੇਤਾ ਹੀ ਨਹੀਂ ਸਗੋਂ ਸਮਾਨਤਾ, ਨਿਆਂ ਤੇ ਸ਼ਾਂਤੀ ਦਾ ਪੁੰਜ ਬਣਿਆ। ਉਸ ਦੀ ਜ਼ਿੰਦਗੀ ਆਪਣੇ ਆਪ ਵਿੱਚ ਇੱਕ ਉਦਾਹਰਨ ਹੈ ਕਿ ਖੂਨ ਖਰਾਬੇ ਤੋਂ ਬਿਨਾਂ ਵੀ ਦੁਨੀਆ ਵਿੱਚ ਪਰਿਵਰਤਨ ਲਿਆਂਦੇ ਜਾ ਸਕਦੇ ਹਨ।

ਸੰਪਰਕ: 98726-27136

Advertisement
×