ਪੁਰਾਤਨ ਪੇਂਡੂ ਪੰਜਾਬ ਦੀ ਝਲਕ ਦਿਖਾ ਗਿਆ ‘ਮੇਲਾ ਵਿਰਸੇ ਦਾ’
ਸਰੀ: ਪੰਜਾਬੀ ਵਿਰਸੇ ਨੂੰ ਕੈਨੇਡਾ ’ਚ ਪ੍ਰਫੁੱਲਤ ਕਰਨ ਲਈ ਯਤਨਸ਼ੀਲ ਸੰਸਥਾ ‘ਵਿਰਸਾ ਫਾਊਂਡੇਸ਼ਨ’ ਵੱਲੋਂ 9ਵਾਂ ਸਾਲਾਨਾ ‘ਮੇਲਾ ਵਿਰਸੇ ਦਾ’ ਐਬਟਸਫੋਰਡ ਸ਼ਹਿਰ ਦੇ ਬਾਹਰਵਾਰ ਰਮਣੀਕ ਪਹਾੜੀਆਂ ਦੀ ਗੋਦ ਵਿੱਚ ਕਰਵਾਇਆ ਗਿਆ। ਮੇਲੇ ਦੇ ਖੁੱਲ੍ਹੇ ਪੰਡਾਲ ਵਿੱਚ ਪੰਜਾਬ ਦੀ ਪੁਰਾਤਨ ਝਲਕ ਦਿਖਾਉਂਦੇ ਬੇਹੱਦ ਖੂਬਸੂਰਤ ਅੰਦਾਜ਼ ਵਿੱਚ ਸਜਾ ਕੇ ਰੱਖੇ ਚਰਖੇ, ਚੱਕੀ, ਮਧਾਣੀ, ਮੰਜੇ, ਮੱਛਰਦਾਨੀ, ਪੁਰਾਣਾ ਚੁੱਲ੍ਹਾ ਚੌਂਕਾ, ਪੰਘੂੜਾ, ਪੀਂਘ, ਖੂਹ, ਵੰਗਾਂ, ਲਲਾਰੀ, ਪ੍ਰਾਇਮਰੀ ਸਕੂਲ ਅਤੇ ਹੋਰ ਕਈ ਦ੍ਰਿਸ਼ ਪੇਂਡੂ ਪੰਜਾਬੀ ਸੱਭਿਆਚਾਰ ਦੀ ਦਿਲਕਸ਼ ਤਸਵੀਰ ਪੇਸ਼ ਕਰ ਰਹੇ ਸਨ। ਸਮੁੱਚਾ ਮਾਹੌਲ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਸੱਤਵੇਂ ਦਹਾਕੇ ਦੇ ਕਿਸੇ ਪਿੰਡ ਵਿੱਚ ਘੁੰਮ ਰਹੇ ਹੋਈਏ। ਇੱਕ ਪਾਸੇ ਸਜਾਈ ਵਿਸ਼ਾਲ ਸਟੇਜ ਉੱਪਰ ਵੱਖ ਵੱਖ ਗਾਇਕਾਂ ਅਤੇ ਹੋਰ ਕਲਾਕਾਰਾਂ ਵੱਲੋਂ ਗੀਤਾਂ, ਕੋਰੀਓਗ੍ਰਾਫ਼ੀਆਂ, ਗਿੱਧੇ, ਭੰਗੜੇ, ਜਾਗੋ ਨਾਲ ਵਿਆਹ ਵਰਗਾ ਮਾਹੌਲ ਸਿਰਜਿਆ ਜਾ ਰਿਹਾ ਸੀ।
ਦਸਮੇਸ਼ ਸਕੂਲ ਦੇ ਬੱਚਿਆਂ ਵੱਲੋਂ ਸ਼ਬਦ ਗਾਇਨ ਨਾਲ ਮੇਲੇ ਦਾ ਆਗਾਜ਼ ਹੋਇਆ। ਉਪਰੰਤ ਸਕੂਲੀ ਬੱਚੀ ਜਪੁਜੀ ਵੱਲੋਂ ‘ਮਾਂ ਬੋਲੀ ਮੇਰੀ ਪੰਜਾਬੀ’ ਕਵਿਤਾ ਸੁਣਾਈ ਗਈ, ਗੁਰਦੇਵ ਕੌਰ ਵੱਲੋਂ ਪੰਜਾਬ ਦੇ ਪੁਰਾਤਨ ਲੋਕ ਸਾਜ਼ ‘ਅਲਗੋਜ਼ੇ’ ਅਤੇ ‘ਵੰਝਲੀ’ ਨਾਲ ਪੇਸ਼ ਕੀਤੇ ਗੀਤ ਨੇ ਸਰੋਤਿਆਂ ਨੂੰ ਬੇਹੱਦ ਅਨੰਦਿਤ ਕੀਤਾ। ਨੌਜਵਾਨ ਗਾਇਕਾ ਸੁਰਲੀਨਾ ਅਤੇ ਸਾਥਣਾਂ ਨੇ ‘ਚੰਨ ਵੇ ਕਿ ਸ਼ੌਕਣ ਮੇਲੇ ਦੀ’ ਅਤੇ ‘ਗਲੀ ਗਲੀ ਵਣਜਾਰਾ ਫਿਰਦਾ’ ਗੀਤਾਂ ਰਾਹੀਂ ਅੱਧਖੜ੍ਹ ਉਮਰ ਦੇ ਸਰੋਤਿਆਂ ਦੀਆਂ ਯਾਦਾਂ ਨੂੰ ਹਲੂਣਿਆ। ਕੈਸ਼ ਤੇ ਪੈਨ ਚਾਹਲ, ਸ਼ਾਂਤੀ ਥੰਮਣ ਤੇ ਮਨਜੀਤ ਉੱਪਲ, ਜਸ ਗਰੇਵਾਲ ਤੇ ਰਜਿੰਦਰ ਕੌਰ ਦੀਆਂ ਜੋੜੀਆਂ ਨੇ ਵੀ ਗੀਤਾਂ ਦੀ ਛਹਿਬਰ ਲਾਈ। ਡਾਂਸ ਅਕੈਡਮੀ ਦੀਆਂ ਮੁਟਿਆਰਾਂ ਵੱਲੋਂ ਪੇਸ਼ ਕੀਤੇ ਗਏ ਗਿੱਧੇ ਅਤੇ ਅਨਮੋਲ ਰਤਨ ਦੀ ਟੀਮ ਵੱਲੋਂ ਪੇਸ਼ ਕੀਤੇ ਭੰਗੜੇ ਨੇ ਸੈਂਕੜੇ ਦਰਸ਼ਕਾਂ ਦੇ ਪੈਰ ਥਿਰਕਣ ਲਾ ਦਿੱਤੇ।
ਉੱਭਰਦੇ ਗਾਇਕ ਸਿਮਰ ਦਿਓਲ, ਏਕ ਨੂਰ ਧਾਲੀਵਾਲ ਅਤੇ ਗਾਇਕਾ ਦੀਪ ਕੌਰ ਨੇ ਵੀ ਆਪਣੀ ਕਲਾ ਰਾਹੀਂ ਹਾਜ਼ਰੀ ਲਵਾਈ। ਪ੍ਰਸਿੱਧ ਲੋਕ ਗਾਇਕਾ ਕਮਲਜੀਤ ਨੀਰੂ ਨੇ ਆਪਣੇ ਚਰਚਿਤ ਗੀਤ ‘ਭਿੱਜ ਗਈ ਕੁੜਤੀ ਲਾਲ’, ‘ਰੂੜਾ ਮੰਡੀ ਜਾਵੇ’ ਅਤੇ ‘ਸੀਟੀ ’ਤੇ ਸੀਟੀ ਵੱਜੀ’ ਨਾਲ ਕਈਆਂ ਦੇ ਦਿਲਾਂ ਦੀਆਂ ਸੀਟੀਆਂ ਵੱਜਣ ਲਾ ਦਿੱਤੀਆਂ ਅਤੇ ਮੁਟਿਆਰਾਂ ਨੂੰ ਆਪ ਮੁਹਾਰੇ ਨੱਚਣ ਲਾ ਦਿੱਤਾ।
ਮੇਲੇ ਦੇ ਇੱਕ ਕੋਨੇ ਵਿੱਚ ਸਜਾਏ ਬਾਜ਼ਾਰ ਵਿੱਚ ਕੱਪੜਿਆਂ ਅਤੇ ਗਹਿਣਿਆਂ ਦੇ ਸਟਾਲ ਲਾਏ ਗਏ। ਗੁਲਾਟੀ ਪਬਲਿਸ਼ਰਜ਼ ਸਰੀ ਵੱਲੋਂ ਸਤੀਸ਼ ਗੁਲਾਟੀ ਨੇ ਕਿਤਾਬਾਂ ਦੀ ਪ੍ਰਦਰਸ਼ਨੀ ਲਾ ਕੇ ਮੇਲੇ ਦੇ ਸ਼ੌਕੀਨਾਂ ਨੂੰ ਸਾਹਿਤਕ ਕਿਰਤਾਂ ਨਾਲ ਜੁੜ ਕੇ ਆਪਣੀ ਸ਼ਖ਼ਸੀਅਤ ਨੂੰ ਨਿਖਾਰਨ ਦਾ ਸੱਦਾ ਦਿੱਤਾ। ਨਿਊ ਐਬੀ ਕੁਜ਼ੀਨ ਦੀ ਟੀਮ ਵੱਲੋਂ ਪਰੋਸੇ ਗਏ ਸਵਾਦਲੇ ਭੋਜਨ ਦਾ ਵੀ ਸਾਰਿਆਂ ਨੇ ਆਨੰਦ ਮਾਣਿਆ।
ਮੇਲੇ ਵਿੱਚ ਪਹੁੰਚ ਕੇ ਨੌਜਵਾਨ ਐੱਮ.ਪੀ. ਸੁਖਮਨ ਗਿੱਲ, ਵਿਦਵਾਨ ਡਾ. ਬਲਵਿੰਦਰ ਕੌਰ ਬਰਾੜ, ਬੀ.ਸੀ. ਦੇ ਉੱਘੇ ਕਾਰੋਬਾਰੀ ਅਤੇ ਸਮਾਜ ਸੇਵਕ ਜੇ. ਮਿਨਹਾਸ, ਦਵਿੰਦਰ ਬਚਰਾ, ਸੋਨੀ ਝਾਵਰ, ਕੈਲ ਦੁਸਾਂਝ, ਨਵਲਪ੍ਰੀਤ ਰੰਗੀ, ਰੇਡੀਓ ਹੋਸਟ ਬਲਜਿੰਦਰ ਅਟਵਾਲ, ਸੁਖਜੀਤ ਹੁੰਦਲ, ਪ੍ਰੋ. ਹਰਿੰਦਰ ਸੋਹੀ, ਡਾ. ਗੁਰਮਿੰਦਰ ਸਿੱਧੂ, ਨਾਵਲਕਾਰ ਹਰਕੀਰਤ ਕੌਰ ਚਾਹਲ, ਮੀਰਾ ਗਿੱਲ, ਜਸਬੀਰ ਮਾਨ, ਡਾ. ਜਸ ਮਲਕੀਤ, ਨਵਜੋਤ ਢਿੱਲੋਂ, ਪ੍ਰੀਤ ਅਟਵਾਲ ਪੂਨੀ, ਨਿਰਮਲ ਗਿੱਲ, ਪਰਮਿੰਦਰ ਸਵੈਚ, ਬਚਿੰਤ ਕੌਰ ਬਰਾੜ, ਲਿਸਬਰਨ ਮੈਨ, ਲਿੰਡਾ ਐਨਸ, ਤ੍ਰਿਪਤ ਅਟਵਾਲ, ਦੇਵ ਸਿੱਧੂ, ਜੈਸ ਗਿੱਲ, ਅਰਸ਼ ਕਲੇਰ, ਟੀਵੀ ਹੋਸਟ ਕੁਲਦੀਪ ਸਿੰਘ, ਪ੍ਰਭਜੋਤ ਕਾਹਲੋਂ, ਗੁਰਮੀਤ ਬੈਨੀਪਾਲ, ਭੰਗੜਾ ਕੋਚ ਜਸਵੀਰ ਸਿੰਘ, ਮਨਜੀਤ ਥਿੰਦ, ਹਰਨੀਤ ਅਤੇ ਮੋਹਨ ਬਚਰਾ ਨੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ। ਬਲਜਿੰਦਰ ਗਿੱਲ ਅਤੇ ਹਰਸ਼ਰਨ ਧਾਲੀਵਾਲ ਨੇ ਮੰਚ ਦਾ ਸੰਚਾਲਨ ਬਾਖੂਬੀ ਕੀਤਾ। ਅੰਤ ਵਿੱਚ ਫਾਊਂਡੇਸ਼ਨ ਦੀ ਪ੍ਰਧਾਨ ਧਰਮਵੀਰ ਧਾਲੀਵਾਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਸਾਰੇ ਸਹਿਯੋਗੀਆਂ, ਸਪਾਂਸਰਾਂ ਅਤੇ ਦਰਸ਼ਕਾਂ-ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।
ਸੰਪਰਕ: +1 604 308 6663