DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਹੀਦੀ-ਪ੍ਰਸੰਗ

ਭਾਈ ਹਰਪਾਲ ਸਿੰਘ ਲੱਖਾ ਕੈਨੇਡਾ ’ਚ ਪੰਜਾਬੀਆਂ ਦੀ ਚੜ੍ਹਦੀ ਕਲਾ ਮੰਗਦੇ ਪੰਜਾਬੀ ਸਰਬੱਤ ਦਾ ਭਲਾ ਜਿੱਤਦੇ ਨੇ ਚੋਣਾਂ ਮਾਣਦੇ ਵਜ਼ੀਰੀਆਂ ਵੱਧ ਫੁਲ ਰਹੀਆਂ ਸਾਡੀਆਂ ਪਨੀਰੀਆਂ ਬਣੀਆਂ ਨੇ ਜੱਜ ਗੁਰਸਿੱਖ ਬੀਬੀਆਂ ਹਰ ਪਾਸੇ ਹੈਣ ਚੰਗੀਆਂ ਨਸੀਬੀਆਂ ਪਰ ਫੁੱਲ ਖ਼ੁਸ਼ੀਆਂ ਦੇ ਐਵੇਂ...
  • fb
  • twitter
  • whatsapp
  • whatsapp
Advertisement

ਭਾਈ ਹਰਪਾਲ ਸਿੰਘ ਲੱਖਾ

ਕੈਨੇਡਾ ’ਚ ਪੰਜਾਬੀਆਂ ਦੀ ਚੜ੍ਹਦੀ ਕਲਾ

Advertisement

ਮੰਗਦੇ ਪੰਜਾਬੀ ਸਰਬੱਤ ਦਾ ਭਲਾ

ਜਿੱਤਦੇ ਨੇ ਚੋਣਾਂ ਮਾਣਦੇ ਵਜ਼ੀਰੀਆਂ

ਵੱਧ ਫੁਲ ਰਹੀਆਂ ਸਾਡੀਆਂ ਪਨੀਰੀਆਂ

ਬਣੀਆਂ ਨੇ ਜੱਜ ਗੁਰਸਿੱਖ ਬੀਬੀਆਂ

ਹਰ ਪਾਸੇ ਹੈਣ ਚੰਗੀਆਂ ਨਸੀਬੀਆਂ

ਪਰ ਫੁੱਲ ਖ਼ੁਸ਼ੀਆਂ ਦੇ ਐਵੇਂ ਨ੍ਹੀਂ ਖਿਲੇ

ਥਾਲੀ ’ਚ ਪਰੋਸ ਕੇ ਮੁਕਾਮ ਨ੍ਹੀਂ ਮਿਲੇ

ਜਾਨ ਦੇ ਕੇ ਹੱਕ ਲਏ ਜਿਹੜੇ ਸਿੰਘ ਜੀ

ਉਹਦਾ ਨਾਂ ਸ਼ਹੀਦ ਭਾਈ ਮੇਵਾ ਸਿੰਘ ਸੀ

ਉਸ ਸੱਚੇ ਸੂਰਮੇ ਦੀ ਸਾਖੀ ਸੁਣਿਓ

ਆਪਾ ਵਾਰ ਕੀਤੀ ਕਿਵੇਂ ਰਾਖੀ ਸੁਣਿਓ

ਪਿੰਡ ਲੋਪੋਕੇ ਤੇ ਪਿਤਾ ਨੰਦ ਸਿੰਘ ਸੀ

ਔਲਖਾਂ ਦੇ ਘਰ ਜੰਮੇ ਮੇਵਾ ਸਿੰਘ ਜੀ

’ਠਾਰਾਂ ਸੌ ਤੇ ਅੱਸੀ ਵਿੱਚ ਜਨਮ ਲਿਆ

ਇੱਕੀ ਸਾਲ ਮਗਰੋਂ ਕੈਨੇਡਾ ਮੱਲਿਆ

ਜਦੋਂ ਬੰਦੇ ਦੇਸ ਦੁੱਖ ਨੇ ਹੰਢਾਂਵਦੇ

ਹੋ ਕੇ ਮਜਬੂਰ ਪਰਦੇਸ ਆਂਵਦੇ

ਮੇਵਾ ਸਿੰਘ ਵੀ ਪੰਜਾਬੋਂ ਚਾਲੇ ਪਾਏ ਸੀ

ਸਾਡੇ ਵਾਂਗਰਾਂ ਹੀ ਉਹ ਕੈਨੇਡਾ ਆਏ ਸੀ

ਪਰ ਇੱਥੇ ਜਦੋਂ ਵਿਤਕਰਾ ਤੱਕਿਆ

ਦਿਲ ’ਤੇ ਨਾ ਉਦੋਂ ਕਾਬੂ ਗਿਆ ਰੱਖਿਆ

ਗੋਰੀ ਸਰਕਾਰ ਦੀਆਂ ਧੱਕੇ-ਸ਼ਾਹੀਆਂ

ਭਾਈ ਮੇਵਾ ਸਿੰਘ ਦੇ ਨਾ ਰਾਸ ਆਈਆਂ

ਨਸਲੀ ਵਧੀਕੀਆਂ ਸਿਖਰ ਛੋਹਿਆ

ਹੱਕ ਵੋਟ ਵਾਲਾ ਵੀ ਸੀ ਗਿਆ ਖੋਹਿਆ

ਭਾਰਤੀ ਕੈਨੇਡਾ ਆਖੇ ਨਹੀਂ ਰੱਖਣੇ

ਹੌਂਡੂਰਸ ਮੱਛਰਾਂ ਦੇ ਅੱਗੇ ਧੱਕਣੇ

ਜ਼ੁਲਮ ਦਾ ਉਦੋਂ ਹੱਦ ਬੰਨਾ ਤੋੜਿਆ

ਜਦ ‘ਗੁਰੂ ਨਾਨਕ ਜਹਾਜ਼’ ਮੁੜਿਆ

ਕਾਲੇ ਦਿਲ ਵਾਲੀ ਚਿੱਟੀ ਸਰਕਾਰ ਨੇ

ਸ਼ੁਰੂ ਕਰ ਦਿੱਤੇ ਸਿੱਖ ਆਗੂ ਮਾਰਨੇ

ਭਾਈ ਭਾਗ ਸਿੰਘ ਤੇ ਬਦਨ ਸਿੰਘ ਜੋ

ਗੁਰੂ ਦੀ ਹਜ਼ੂਰੀ ਮਾਰੇ ਮੋਢੀ ਸਿੰਘ ਦੋ

ਮੇਵਾ ਸਿੰਘ ਜਦੋਂ ਅੱਖੀਂ ਕਹਿਰ ਤੱਕਿਆ

ਰੋਸ ਦਿਲ ਅੰਦਰ ਗਿਆ ਨਾ ਡੱਕਿਆ

ਡਿੱਗੀ ਪੱਗ ਸਿਰ ’ਤੇ ਟਿਕਾਈ ਸਿੰਘ ਨੇ

ਹਾਪਕਿਨਸਨ ਸੋਧ ਦਿੱਤਾ ਸਿੰਘ ਨੇ

ਕਰਕੇ ਕਤਲ ਯੋਧਾ ਨਹੀਂ ਭੱਜਿਆ

ਖਿੜੇ ਮੱਥੇ ਮੇਵਾ ਸਿੰਘ ਫਾਂਸੀ ਲੱਗਿਆ

ਜੇ ਨਾ ਭਾਈ ਮੇਵਾ ਸਿੰਘ ਜਾਨ ਵਾਰਦੇ

ਨਸਲੀ ਜਬਰ ਨਾ ਕਦੇ ਵੀ ਹਾਰਦੇ

ਹਾਪਕਿਨਸਨ ਨੂੰ ਜੇ ਸੋਧਾ ਲਾਉਂਦੇ ਨਾ

ਭਾਰਤੀ ਕੈਨੇਡਾ ’ਚ ਕਦੇ ਵੀ ਆਉਂਦੇ ਨਾ

ਜੇ ਨਾ ਮੇਵਾ ਸਿੰਘ ਜੀ ਸ਼ਹੀਦ ਗੱਜਦੇ

ਹਰਪਾਲ ਸਿੰਘਾ ਫੇਰ ਨਾ ਜੈਕਾਰੇ ਵੱਜਦੇ

ਵਾਰਦੇ ਨਾ ਉਹ ਜੇ ਸਾਹਾਂ ਦੀਆਂ ਡੋਰੀਆਂ

ਕੈਨੇਡਾ ’ਚ ਪੰਜਾਬੀ ਨਾ ਮਨਾਉਂਦੇ ਲੋਹੜੀਆਂ

Advertisement
×