ਨਿਊਜ਼ੀਲੈਂਡ ਦੀ ਖ਼ੂਬਸੂਰਤ ਬੰਦਰਗਾਹ ਲਿਟਲਟਨ
ਲਿਟਲਟਨ ਬੰਦਰਗਾਹ, ਕਰਾਈਸਟ ਚਰਚ, ਨਿਊਜ਼ੀਲੈਂਡ ਦੀ ਇੱਕ ਬਹੁਤ ਹੀ ਖੂਬਸੁੂਰਤ ਬੰਦਰਗਾਹ ਹੈ। ਸਮੁੰਦਰ ਦੀ ਹਿੱਕ ’ਤੇ ਲਾਈਨ ਵਿੱਚ ਖੜ੍ਹੀਆਂ ਨਿੱਜੀ ਬੋਟਾਂ (ਬੇੜੀਆਂ), ਇਸ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਉਂਦੀਆਂ ਹਨ। ਆਲੇ ਦੁਆਲੇ ਪਹਾੜ ਅਤੇ ਪਹਾੜਾਂ ’ਤੇ ਬਣੇ ਘਰ, ਸਵਿਟਜ਼ਰਲੈਂਡ ਦੀ...
ਲਿਟਲਟਨ ਬੰਦਰਗਾਹ, ਕਰਾਈਸਟ ਚਰਚ, ਨਿਊਜ਼ੀਲੈਂਡ ਦੀ ਇੱਕ ਬਹੁਤ ਹੀ ਖੂਬਸੁੂਰਤ ਬੰਦਰਗਾਹ ਹੈ। ਸਮੁੰਦਰ ਦੀ ਹਿੱਕ ’ਤੇ ਲਾਈਨ ਵਿੱਚ ਖੜ੍ਹੀਆਂ ਨਿੱਜੀ ਬੋਟਾਂ (ਬੇੜੀਆਂ), ਇਸ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਉਂਦੀਆਂ ਹਨ। ਆਲੇ ਦੁਆਲੇ ਪਹਾੜ ਅਤੇ ਪਹਾੜਾਂ ’ਤੇ ਬਣੇ ਘਰ, ਸਵਿਟਜ਼ਰਲੈਂਡ ਦੀ ਖੂਬਸੂਰਤੀ ਦਾ ਮੁਕਾਬਲਾ ਕਰਦੇ ਹਨ। ਮੇਰੇ ਲਈ ਇਸ ਦੀ ਕੁਦਰਤੀ ਸੁੰਦਰਤਾ ਨੁੂੰ ਲਫਜ਼ਾਂ ਵਿੱਚ ਬਿਆਨ ਕਰਨਾ ਔਖਾ ਹੈ। ਇਨ੍ਹਾਂ ਤੋਂ ਇਲਾਵਾ ਫੈਰੀਆ ਜੋ ਡਾਇਮੰਡ ਹਾਰਬਰ ਤੱਕ ਰੋਜ਼ਾਨਾ ਯਾਤਰੀ ਲੈ ਕੇ ਆਉਂਦੀਆਂ ਤੇ ਜਾਂਦੀਆ ਹਨ, ਖੂਬਸੂਰਤ ਨਜ਼ਾਰਾ ਪੇਸ਼ ਕਰਦੀਆਂ ਹਨ। ਹਫ਼ਤੇ ਵਿੱਚ ਇਹ 290 ਵਾਰ ਲਿਟਲਟਨ ਤੋਂ ਡਾਇਮੰਡ ਹਾਰਬਰ ਦਾ ਚੱਕਰ ਲਾਉਂਦੀਆਂ ਹਨ। ਇਹ ਰੋਜ਼ਾਨਾ ਆਉਣ ਜਾਣ ਵਾਲਿਆਂ ਲਈ ਵਰਦਾਨ ਹੈ ਕਿਉਂਕਿ ਇਸ ਨਾਲ ਸਮਾਂ ਬਚਦਾ ਹੈ।
ਜਦੋਂ ਕੋਈ ਵੱਡਾ ਕਰੂਜ਼ ਆਉਂਦਾ ਹੈ ਤਾਂ ਮੇਰੇ ਵਰਗੇ ਜਿਨ੍ਹਾਂ ਨੇ ਕਦੀ ਕਰੂਜ਼ ਨਹੀਂ ਵੇਖਿਆ, ਓਨਾ ਚਿਰ ਟਿਕ ਟਿਕੀ ਲਾ ਕੇ ਵੇਖਦੇ ਰਹਿੰਦੇ ਹਨ ਜਿੰਨਾ ਚਿਰ ਕਰੂਜ਼ ਦਿਖਾਈ ਦੇਣੋਂ ਨਹੀਂ ਹਟਦਾ। ਕਰੂਜ਼ ਜਦੋਂ ਚੱਲਦਾ ਹੈ ਤਾਂ ਦੋ ਛੋਟੀਆਂ ਬੋਟ (ਇਨ੍ਹਾਂ ਨੂੰ ਟਗ ਬੋਟ ਕਿਹਾ ਜਾਂਦਾ ਹੈ ਜੋ ਬਹੁਤ ਮਜ਼ਬੂਤ ਹੁੰਦੀਆਂ ਹਨ) ਉਸ ਨੂੰ ਆਪਣੀ ਤਾਕਤ ਨਾਲ ਅਗਾਂਹ ਤੋਰਦੀਆਂ ਹਨ। ਜਦੋਂ ਕਰੂਜ਼ ਆਪਣੀ ਤੋਰ ਤੁਰ ਪੈਂਦਾ ਹੈ ਤਾਂ ਇਹ ਵਾਪਸ ਮੁੜ ਆਉਂਦੀਆਂ ਹਨ। ਜਹਾਜ਼ ਨੂੰ ਤੋਰਨ ਲਈ ਇਹ ਜ਼ਰੂਰੀ ਹੁੰਦੀਆਂ ਹਨ। ਜੇਕਰ ਤੁਹਾਡੇ ਕੋਲ ਦੂਰਬੀਨ ਹੈ ਤਾਂ ਤੁਸੀਂ ਡੈੱਕ ’ਤੇ ਖੜ੍ਹੀਆਂ ਸਵਾਰੀਆਂ ਵੀ ਵੇਖ ਸਕਦੇ ਹੋ। ਇਹ ਨਜ਼ਾਰੇ ਦੇਖਣ ਲਈ ਸਰਕਾਰ ਨੇ ਜਗ੍ਹਾ ਬਣਾਈਆਂ ਹੋਈਆਂ ਹਨ, ਜਿੱਥੇ ਖਲੋ ਕੇ ਲੋਕ ਅਜਿਹੇ ਦ੍ਰਿਸ਼ਾਂ ਦਾ ਆਨੰਦ ਮਾਣਦੇ ਹਨ। ਇਹ ਬੰਦਗਗਾਹ ਨਿਊਜ਼ੀਲੈਂਡ ਦੇ ਸਾਊਥ ਆਈਲੈਂਡ ਦੇ ਵਪਾਰ ਦਾ ਮੁੱਖ ਦੁਆਰ ਹੈ। ਇਹ ਬੰਦਰਗਾਹ, ਇਸ ਖੇਤਰ ਨੂੰ ਆਯਾਤ ਅਤੇ ਨਿਰਯਾਤ ਲਈ ਸਾਰੀ ਦੁਨੀਆ ਨਾਲ ਜੋੜਦੀ ਹੈ।
ਇਸ ਦਾ ਲੰਬਾ ਇਤਿਹਾਸ ਹੈ ਜੋ 1300 ਏਡੀ ਤੋਂ ਸ਼ੁਰੂ ਹੁੰਦਾ ਹੈ। ਮਾਊਰੀ ਲੋਕ 1300 ਏਡੀ ਤੋਂ ਲਿਟਲਟਨ ਪੋਰਟ ਅਤੇ ਇਸ ਦੇ ਆਲੇ ਦੁਆਲੇ ਰਹਿੰਦੇ ਸਨ ਅਤੇ ਸਮੁੰਦਰ ਵਿੱਚੋਂ ਮੱਛੀਆਂ ਫੜ ਕੇ ਆਪਣਾ ਜੀਵਨ ਨਿਰਬਾਹ ਕਰਦੇ ਸਨ। 1849 ਵਿੱਚ ਇੱਕ ਸਰਕਾਰੀ ਆਦੇਸ਼ ਜਾਰੀ ਕਰਕੇ ਲਿਟਲਟਨ ਪੋਰਟ ਦਾ ਐਲਾਨ ਕਰ ਦਿੱਤਾ ਗਿਆ ਅਤੇ ਇਸ ਦੇ ਨਾਲ ਸ਼ਹਿਰ ਵਸਾਉਣ ਦਾ ਖਾਕਾ ਤਿਆਰ ਕੀਤਾ ਗਿਆ ਕਿਉਂਕਿ ਇਸ ਦੀ ਸਿੱਧੀ ਪੱਧਰੀ ਧਰਤੀ ਜਹਾਜ਼ਾਂ ਦੇ ਠਹਿਰਨ, ਖੇਤੀਬਾੜੀ ਲਈ ਅਤੇ ਘਰਾਂ ਲਈ ਬਿਲਕੁਲ ਸਹੀ ਸੀ। ਇਸ ਤਰ੍ਹਾਂ ਕੰਮ ਸ਼ੁਰੂ ਹੋ ਗਿਆ। ਇਸ ਦਾ ਮੁੱਖ ਉਦੇਸ਼ ਇਹ ਸੀ ਕਿ ਇੱਥੇ ਜਹਾਜ਼ਾਂ ਲਈ ਅਤੇ ਸਾਮਾਨ ਚੜ੍ਹਾਉਣਾ/ਉਤਾਰਨਾ ਸੁਰੱਖਿਅਤ ਹੋਵੇ।
ਬੰਦਰਗਾਹ ਨੂੰ ਸ਼ਹਿਰ ਨਾਲ ਜੋੜਨ ਲਈ 1867 ਵਿੱਚ ਰੇਲ ਗੁਫ਼ਾ ਦਾ ਉਦਘਾਟਨ ਕੀਤਾ ਗਿਆ। ਇਹ ਦੁਨੀਆ ਦੀ ਸਭ ਤੋਂ ਪਹਿਲੀ ਗੁਫ਼ਾ ਸੀ ਜਿਹੜੀ ਜਵਾਲਾਮੁਖੀ ਪੱਥਰਾਂ ਵਿੱਚੋਂ ਕੱਢੀ ਗਈ ਸੀ। ਨਿਊਜ਼ੀਲੈਂਡ ਦੇ ਇੰਜੀਨੀਅਰਾਂ ਲਈ ਇਹ ਮਹੱਤਵਪੂਰਨ ਸਫਲਤਾ ਸੀ। 1883 ਵਿੱਚ ਖੁਸ਼ਕ ਬੰਦਰਗਾਹ ਤਿਆਰ ਹੋ ਗਈ। ਇਸ ਦਾ ਡਿਜ਼ਾਈਨ ਇੰਜਨੀਅਰ ਸੀ ਨੇਪੀਅਰ ਬੈਲ ਨੇ ਤਿਆਰ ਕੀਤਾ ਸੀ। 3 ਜਨਵਰੀ 1883 ਨੂੰ ਇਸ ਦਾ ਉਦਘਾਟਨ ਕੀਤਾ ਗਿਆ। ਨਿਊਜ਼ੀਲੈਂਡ ਦੀਆਂ ਦੋ ਖੁਸ਼ਕ ਬੰਦਰਗਾਹਾਂ ਵਿੱਚੋ ਇੱਕ ਇਹ ਹੈ, ਜਿਸ ਨੂੰ ਲਗਾਤਾਰ ਹੁਣ ਤੱਕ ਜਹਾਜ਼ਾਂ ਦੀ ਮੁਰੰਮਤ ਲਈ ਵਰਤਿਆ ਜਾਂਦਾ ਹੈ। ਇੱਕ ਜਹਾਜ਼ ਉੱਥੇ ਮੁਰੰਮਤ ਹੋ ਰਿਹਾ ਸੀ ਜਿਸ ਦਾ ਕੁਝ ਹਿੱਸਾ ਜ਼ਮੀਨ ਦੀ ਪੱਧਰ ਤੋਂ ਥੱਲੇ ਸੀ। ਜਿਸ ਦਾ ਭਾਵ ਸੀ ਕਿ ਏਨਾ ਜਹਾਜ਼ ਪਾਣੀ ਵਿੱਚ ਡੁੱਬਿਆ ਰਹਿੰਦਾ ਹੈ। ਜਹਾਜ਼ ਪਾਣੀ ਵਿੱਚ ਕਿੰਨਾ ਡੁੱਬਿਆ ਰਹਿੰਦਾ ਹੈ, ਇੱਹ ਜਹਾਜ਼ ਦੀ ਲੰਬਾਈ, ਚੌੜਾਈ ਅਤੇ ਭਾਰ ਆਦਿ ’ਤੇ ਨਿਰਭਰ ਕਰਦਾ ਹੈ।
ਸਾਲ 1890 ਤੋਂ ਪਹਿਲਾਂ ਇਹ ਤੈਰਾਕੀ ਦਾ ਮਸ਼ਹੂਰ ਸਥਾਨ ਸੀ। ਬੱਚੇ ਇੱਥੇ ਖੇਡਦੇ ਸਨ। ਇਸ ਨੂੰ ਇੱਕ ਵਾੜ ਲਗਾ ਕੇ ਸ਼ਾਰਕਾ ਤੋਂ ਸੁਰੱਖਿਅਤ ਰੱਖਿਆ ਗਿਆ ਸੀ। ਰੇਲ ਟਨਲ ਤੋਂ ਲਗਭਗ ਇੱਕ ਸਦੀ ਬਾਅਦ ਬੰਦਰਗਾਹ ਤੇ ਕਰਾਈਸਟ ਚਰਚ ਨੂੰ ਜੋੜਨ ਵਾਲੀ ਸੜਕੀ ਗੁਫ਼ਾ ਤਿਆਰ ਕੀਤੀ ਗਈ। ਇਸ ਤੋਂ ਪਹਿਲਾਂ ਕਾਰਗੋ ਟਰੇਨ ਰਾਹੀਂ ਲਿਜਾਇਆ ਜਾਂਦਾ ਸੀ। ਟਰੱਕਾਂ ਰਾਹੀਂ ਸਾਮਾਨ ਲਿਜਾਉਣ ਲਈ ਲੰਬਾ ਸਫ਼ਰ ਤੈਅ ਕਰਨਾ ਪੈਂਦਾ ਸੀ। ਸੜਕੀ ਗੁਫ਼ਾ ਤਿਆਰ ਹੋਣ ਨਾਲ ਇਹ ਸਫ਼ਰ ਘੱਟ ਗਿਆ। ਇੱਥੋਂ ਲੰਘਣ ਲਈ ਟੋਲ ਟੈਕਸ ਦੇਣਾ ਪੈਂਦਾ ਸੀ ਜੋ 1979 ਵਿੱਚ ਖ਼ਤਮ ਕਰ ਦਿੱਤਾ ਗਿਆ। 22 ਫਰਵਰੀ 2011 ਵਿੱਚ 6.2 ਦੀ ਤੀਬਰਤਾ ਦੇੇ ਭੂਚਾਲ ਨੇ ਬੰਦਰਗਾਹ ਦਾ ਭਾਰੀ ਨੁਕਸਾਨ ਕੀਤਾ। ਇਸ ਦੀ ਭਰਪਾਈ ਕਰਨ ਲਈ ਕੰਪਨੀ ਨੇ ਭਵਿੱਖੀ 30 ਸਾਲਾ ਯੋਜਨਾ ਤਿਆਰ ਕੀਤੀ। ਬੰਦਰਗਾਹ ਦੇ ਇਤਿਹਾਸ ਵਿੱਚ ਵਿਕਾਸ ਦਾ ਨਵਾਂ ਇਤਿਹਾਸ ਸਿਰਜਿਆ ਗਿਆ। ਇਲਾਕੇ ਦੀ ਉੱਨਤੀ ਲਈ ਇਸ ਦਾ ਭਾਰੀ ਯੋਗਦਾਨ ਹੈ। ਬੰਦਰਗਾਹ ਦਾ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ। ਦੇਸ਼ ਦੀ ਤਰੱਕੀ ਦੇ ਨਾਲ ਇਹ ਬੰਦਰਗਾਹ ਲੋਕਾਂ ਨੂੰ ਰੁਜ਼ਗਾਰ ਵੀ ਮੁਹੱਈਆ ਕਰਵਾ ਰਹੀ ਹੈ।
ੰਪਰਕ: 0064274791038

