‘ਪਵਣੁ ਗੁਰੂ’ ਦੀ ਸੇਵ ਕਮਾਈਏ
ਲਖਵਿੰਦਰ ਸਿੰਘ ਰਈਆ ਕਰੀਬ ਪੰਜ-ਛੇ ਸੌ ਸਾਲ ਪਹਿਲਾਂ ਅੱਜ ਨਾਲੋਂ ਰੁੱਖਾਂ ਦੀ ਕਈ ਗੁਣਾਂ ਬਹੁਤਾਤ ਹੋਵੇਗੀ, ਨਿਰਮਲ ਨੀਰ ਤੇ ਸ਼ੁੱਧ ਵਾਤਾਵਰਨ ਦਾ ਵੀ ਪੂਰਾ ਬੋਲਬਾਲਾ ਹੋਵੇਗਾ। ਫਿਰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੀਵਨ ਦੇ ਆਧਾਰ ਮੁੱਖ ਤੱਤਾਂ ਹਵਾ,...
ਲਖਵਿੰਦਰ ਸਿੰਘ ਰਈਆ
ਕਰੀਬ ਪੰਜ-ਛੇ ਸੌ ਸਾਲ ਪਹਿਲਾਂ ਅੱਜ ਨਾਲੋਂ ਰੁੱਖਾਂ ਦੀ ਕਈ ਗੁਣਾਂ ਬਹੁਤਾਤ ਹੋਵੇਗੀ, ਨਿਰਮਲ ਨੀਰ ਤੇ ਸ਼ੁੱਧ ਵਾਤਾਵਰਨ ਦਾ ਵੀ ਪੂਰਾ ਬੋਲਬਾਲਾ ਹੋਵੇਗਾ। ਫਿਰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੀਵਨ ਦੇ ਆਧਾਰ ਮੁੱਖ ਤੱਤਾਂ ਹਵਾ, ਪਾਣੀ, ਮਿੱਟੀ (ਧਰਤੀ) ਦਾ ਸਤਿਕਾਰ ਕਰਦਿਆਂ ਅਤੇ ਇਨ੍ਹਾਂ ਦੀ ਸ਼ੁੱਧਤਾ ਬਰਕਰਾਰ ਰੱਖਣ ਲਈ ਉਚਾਰਿਆ ਸੀ;
ਪਵਣੁ ਗੁਰੂ ਪਾਣੀ ਪਿਤਾ
ਮਾਤਾ ਧਰਤਿ ਮਹਤੁ।।
ਪਰ ਕੁਦਰਤ ਦੇ ਸਿਰਮੌਰ ਜੀਵ ਅਜੋਕੇ ਮਨੁੱਖ ਨੇ ਅਖੌਤੀ ਵਿਕਾਸ ਦੇ ਨਾਂ ’ਤੇ ਇਨ੍ਹਾਂ ਤਿੰਨਾਂ ਤੱਤਾਂ ਦਾ ਹੀ ਸਤਿਆਨਾਸ ਕਰਕੇ ਰੱਖ ਦਿੱਤਾ ਹੈ। ਨਤੀਜੇ ਵਜੋਂ ਸਾਨੂੰ ਸਭਨਾਂ ਨੂੰ ਵੱਖ ਵੱਖ ਮੁਸੀਬਤਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਵਾਤਾਵਰਨ ਦਾ ਬਹੁਤ ਹੀ ਮਹੱਤਵਪੂਰਨ ਅੰਗ ‘ਪਵਣੁ ਗੁਰੂ’ (ਹਵਾ) ਵੱਖ ਵੱਖ ਗੈਸਾਂ ਦਾ ਸਮੂਹ ਹੈ ਜੋ ਇੱਕ ਅਦਿੱਖ ਪਰ ਮਹਿਸੂਸ ਹੋਣ ਵਾਲਾ ਪਾਰਦਰਸ਼ੀ ਰੰਗ ਹੀਣ ਕੁਦਰਤ ਦਾ ਵਿਸ਼ੇਸ਼ ਅੰਸ਼ ਹੈ। ਇਸ ਸਮੂਹ ਵਿੱਚ ਨਾਈਟ੍ਰੋਜਨ 78%, ਆਕਸੀਜਨ 21%, ਆਰਗਨ 0.90, ਕਾਰਬਨਡਾਇਆਕਸਾਈਡ 0.04 % ਅਤੇ ਨਿਆਨ, ਹੀਲੀਅਮ, ਮੀਥੇਨ, ਕ੍ਰਿਪਟਾਨ, ਹਾਈਡ੍ਰੋਜਨ, ਨਾਈਟਰਸ ਆਕਸਾਈਡ ਤੇ ਜੀਨਾਨ ਗੈਸਾਂ ਆਇਤਨ ਦੀ ਕੁਦਰਤੀ ਪ੍ਰਤੀਸ਼ਤ ਅਨੁਸਾਰ ਮੌਜੂਦ ਹਨ। ਇਨ੍ਹਾਂ ਗੈਸਾਂ ਦਾ ਕੁਦਰਤੀ ਸੰਤੁਲਿਤ ਆਇਤਨ ਧਰਤੀ ਤੇ ਇਸ ਦੇ ਆਲੇ ਦੁਆਲੇ ਵਿੱਚ ਕਾਫ਼ੀ ਵੱਡਾ ਤੇ ਪ੍ਰਭਾਵਸ਼ਾਲੀ ਯੋਗਦਾਨ ਪਾ ਰਿਹਾ ਹੈ। ਗੈਸਾਂ ਦੀ ਇਹ ਆਇਤਨ ਜਨ ਜੀਵਨ ਲਈ ਲੋੜੀਂਦੇ ਤੱਤਾਂ ਦੀ ਇਕਸਾਰਤਾ/ ਸੰਤੁਲਨ ਨੂੰ ਬਣਾਈ ਰੱਖਣ ਲਈ ਵਾਯੂਮੰਡਲੀ ਹਰਕਤ/ਚਲਨ ਦਾ ਇੱਕ ਮਹੱਤਵਪੂਰਨ ਧੁਰਾ ਹੈ। ਧਰਤੀ ਤੋਂ ਕਰੀਬ 90 ਕਿਲੋਮੀਟਰ ਦੂਰੀ ਤੋਂ ਬਾਅਦ ਹੀ ਇਸ ਇਕਸਾਰਤਾ ਵਿੱਚ ਕੁਝ ਬਦਲਾਅ ਹੋਣਾ ਸ਼ੁਰੂ ਹੁੰਦਾ ਹੈ।
ਬੇਸ਼ੱਕ ਹਵਾ ਵਿਚਲੀਆਂ ਸਭ ਗੈਸਾਂ ਦਾ ਇਹ ਮਿਸ਼ਰਣ ਸਭ ਪ੍ਰਕਾਰ ਦੇ ਜਨ ਜੀਵਨ ਲਈ ਕਿਸੇ ਨਾ ਕਿਸੇ ਰੂਪ ਵਿੱਚ ਬਹੁਤ ਹੀ ਮਹੱਤਵਪੂਰਨ ਹੈ, ਪਰ ਸਾਹ ਪ੍ਰਣਾਲੀ ਉੱਪਰ ਨਿਰਭਰ ਮਨੁੱਖ ਸਮੇਤ ਕਰੀਬ ਹਰ ਜੀਵ ਜੰਤੂ ਦਾ ਜੀਵਨ ਚੱਲਦਾ ਰੱਖਣ ਲਈ ਸਾਹਾਂ ਵਿਚਲੀ ਸੰਜੀਵਨੀ ਗੈਸ ਆਕਸੀਜਨ ਹੀ ਹੁੰਦੀ ਹੈ। ਮਾਂ ਦੇ ਗਰਭ ਤੋਂ ਲੈ ਕੇ ਜਿਊਂਦੇ ਜਾਗਦੇ ਜੀਵਨ ਦੀ ਮੁੱਖ ਨਿਸ਼ਾਨੀ ਚੱਲਦੇ ਸਾਹ ਹੀ ਹੁੰਦੇ ਹਨ। ਨਿਢਾਲ/ਬੇਸੁਰਤ ਸਰੀਰ ਵਿੱਚ ਵੀ ਚੱਲਦੇ ਸਾਹ ਹੀ ਜੀਵਨ ਦੀ ਜਗਦੀ ਜੋਤ ਦੇ ਸਬੂਤ ਹੁੰਦੇ ਹਨ। ਨਿਰੰਤਰ ਚੱਲਦੇ ਸਾਹ ਦਾ ਪ੍ਰਵਾਹ ਬੰਦ ਹੋਣ ’ਤੇ ਹੀ ਜੀਵਨ ਦਾ ਅੰਤ ਹੁੰਦਾ ਹੈ। ਪਰ ਵੱਡੀ ਮਾਤਰਾ ਵਿੱਚ ਪੈਦਾ ਹੋ ਰਿਹਾ ਧੂੰਆਂ ਸ਼ੁੱਧ ਸਾਹ ਦਾ ਸਭ ਤੋਂ ਵੱਡਾ ਦੁਸ਼ਮਣ ਹੈ।
ਗੈਸਾਂ ਦੇ ਕੁਦਰਤੀ ਸੰਤੁਲਨ ਦੇ ਵਿਗਾੜ ਦਾ ਵੱਡਾ ਕਾਰਕ ਬੇਹਤਾਸ਼ਾ ਉੱਠਦੇ ਧੂੰਏਂ ਦੇ ਵੱਡੇ ਵੱਡੇ ਗੁਬਾਰ ਹੀ ਹਨ। ਕਾਰਖਾਨਿਆਂ/ਭੱਠਿਆਂ ਦੀਆਂ ਚਿਮਨੀਆਂ, ਬੇਹਤਾਸ਼ਾ ਚੱਲਦੇ ਵਾਹਨਾਂ ਵਿੱਚ ਸੜਦੇ ਪੈਟਰੋਲੀਅਮ ਪਦਾਰਥਾਂ, ਬੀੜੀਆਂ/ਸਿਗਰਟਾਂ/ ਚਿਲਮਾਂ ਅਤੇ ਤਿੱਥਾਂ ਤਿਉਹਾਰਾਂ ’ਤੇ ਚੱਲਦੀ ਆਤਿਸ਼ਬਾਜ਼ੀ, ਫੂਕੇ ਜਾਂਦੇ ਪੁਤਲੇ ਤੇ ਮੌਸਮੀ (ਸਾਲ ਬਾਅਦ) ਸੜਦੇ ਨਾੜ ਪਰਾਲੀ ਆਦਿ ਧੂੰਆਂ ਪੈਦਾ ਕਰਨ ਦੇ ਵੱਡੇ ਕਾਰਕ ਹਨ। ਹੱਦੋਂ ਵੱਧ ਪੈਦਾ ਹੁੰਦਾ ਧੂੰਆਂ/ਸੁਆਹ/ ਮਿੱਟੀ ਦੇ ਧੂੜ ਕਣ ਆਪਣਾ ਵਿਕਰਾਲ ਰੰਗ ਰੂਪ ਵਿਖਾ ਰਹੇ ਹਨ। ਜਿਸ ਨਾਲ ਵੱਡੀ ਪੱਧਰ ’ਤੇ ਜੋ ਹਵਾ ਪਲੀਤ ਹੋ ਰਹੀ ਹੈ, ਉਹ ਕਿਸੇ ਤੋਂ ਵੀ ਲੁਕੀ ਛਿਪੀ ਨਹੀਂ ਹੈ।
ਇਸ ਤੋਂ ਇਲਾਵਾ ਏਸੀ ਦੀ ਬਣਾਉਟੀ ਠੰਢਕ ਦਾ ਸੁੱਖ ਮਾਣਨ ਦਾ ਵਧ ਰਿਹਾ ਰੁਝਾਨ ਸਰੀਰ ਨੂੰ ਵੀ ਬਿਮਾਰ ਕਰਦਾ ਹੈ ਅਤੇ ਇਸ ਵੱਲੋਂ ਹਵਾ ਵਿਚਲੀ ਨਮੀ ਚੂਸਣ, ਵੱਡੀ ਮਾਤਰਾ ਵਿੱਚ ਤਪਸ਼ ਤੇ ਕਾਰਬਨ ਡਾਇਆਕਸਾਈਡ ਛੱਡਣ ਦੀ ਪ੍ਰਕਿਰਿਆ ਜਲਵਾਯੂ ਨੂੰ ਹੋਰ ਤਪਾਉਂਦੀ ਵੀ ਹੈ ਤੇ ਗੰਧਲਾ ਵੀ ਕਰਦੀ ਹੈ। ਧੂੰਏਂ ਮਿੱਟੀ, ਸੁਆਹ ਤੇ ਧੂੜ ਮਿੱਟੀ ਕਣਾਂ ਤੇ ਕਾਰਬਨ ਡਾਇਆਕਸਾਈਡ ਦਾ ਹੱਦੋਂ ਵੱਧ ਵਾਯੂਮੰਡਲ ਵਿੱਚ ਰਲੇਵਾਂ ਹਵਾ ਵਿਚਲੇ ਕੁਦਰਤੀ ਗੈਸੀ ਮਿਸ਼ਰਣ ਦੇ ਕੁਦਰਤੀ ਸੰਤੁਲਨ ਵਿੱਚ ਵੱਡੀ ਗੜਬੜ ਪੈਦਾ ਕਰਕੇ ਸਾਡੇ ਵੱਲੋਂ ਲਏ ਜਾਣ ਵਾਲੇ ਸਾਹਾਂ ਨੂੰ ਅੱਤ ਦਰਜੇ ਤੱਕ ਜ਼ਹਿਰੀਲਾ ਬਣਾ ਰਿਹਾ ਹੈ। ਫਿਰ ਹਰ ਸਾਹ ਨਾਲ ਵੱਡੀ ਮਾਤਰਾ ਵਿੱਚ ਅੰਦਰ ਜਾਂਦੀ ਇਹ ਗੈਸੀ ਜ਼ਹਿਰ ਸਾਡੇ ਸਰੀਰਾਂ ਵਿੱਚ ਜਾ ਕੇ ਵੱਡੇ ਵੱਡੇ ਰੋਗਾਂ ਦਾ ਮੁੱਢ ਬੰਨ੍ਹ ਰਹੀ ਹੈ। ਇਸ ਨਾਲ ਕਈ ਨਾਮੁਰਾਦ ਬਿਮਾਰੀਆਂ ਗਲ਼ ਪੈ ਰਹੀਆਂ ਹਨ।
ਸਿਹਤ ਵਿਗਿਆਨੀਆਂ ਅਨੁਸਾਰ ਧੂੰਏਂ ਭਰੇ ਵਾਤਾਵਰਨ ਵਿੱਚ ਜ਼ਿਆਦਾ ਸਮੇਂ ਤੱਕ ਸਾਹ ਲੈਣ ਨਾਲ ਪੂਰੀ ਦੀ ਪੂਰੀ ਸਾਹ ਪ੍ਰਣਾਲੀ ਨੁਕਸਾਨੀ ਜਾਂਦੀ ਹੈ। ਫੇਫੜਿਆਂ ’ਤੇ ਬਹੁਤ ਜ਼ਿਆਦਾ ਮਾੜਾ ਅਸਰ ਪੈਂਦਾ ਹੈ। ਫੇਫੜਿਆਂ ਦਾ ਕੈਂਸਰ, ਨੱਕ ਦੇ ਸਾਈਨਸਾਂ ਦਾ ਕੈਂਸਰ, ਦਿਲ ਦੀ ਬਿਮਾਰੀ, ਸਟਰੋਕ, ਖੰਘ, ਦਮੇ, ਬ੍ਰੌਨਕਾਈਟਸ, ਸੀਓਪੀਡੀ, ਅੱਖਾਂ ਵਿੱਚ ਜਲਨ, ਚਮੜੀ ਆਦਿ ਰੋਗਾਂ ਵਿੱਚ ਖ਼ਤਰਨਾਕ ਹੱਦ ਤੱਕ ਵਾਧਾ ਹੁੰਦਾ ਹੈ। ਸਾਹ ਪ੍ਰਣਾਲੀ ਦਾ ਵਿਗਾੜ ਸਿਰਫ਼ ਸਾਡੇ ਸਰੀਰ ਨੂੰ ਹੀ ਨਹੀਂ ਲੈ ਬਹਿੰਦਾ ਸਗੋਂ ਆਉਣ ਵਾਲੀ ਪੀੜ੍ਹੀ ’ਤੇ ਵੀ ਬਹੁਤ ਭੈੜਾ ਅਸਰ ਛੱਡਦਾ ਹੈ। ਪ੍ਰਦੂਸ਼ਿਤ ਚੌਗਿਰਦੇ ਕਾਰਨ ਮਨੁੱਖੀ ਨਸਲ ਅਤੇ ਡੀਐੱਨਏ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਵਧਦੀ ਹੈ।
ਹਵਾ ਦੀ ਮਾੜੀ ਗੁਣਵੱਤਾ ਨੂੰ ਲੈ ਕੇ ਸਾਡੇ ਮੁਲਕ ਦੀ ਸਥਿਤੀ ਕਾਫ਼ੀ ਮਾੜੀ ਤੇ ਚਿੰਤਾਜਨਕ ਬਣੀ ਚੁੱਕੀ ਹੈ। ਪ੍ਰਦੂਸ਼ਿਤ ਹਵਾ ਦੇ ਮਾਮਲੇ ਵਿੱਚ ਭਾਰਤ ਦੁਨੀਆ ਦਾ ਤੀਸਰਾ ਮੁਲਕ ਬਣ ਚੁੱਕਾ ਹੈ। ਸਟੇਟ ਆਫ ਗਲੋਬਲ ਏਅਰ ਦੀ ਰਿਪੋਰਟ ਅਨੁਸਾਰ ਭਾਰਤ ਵਿੱਚ ਹਰ ਸਾਲ ਕਰੀਬ 13 ਲੱਖ ਲੋਕ ਪ੍ਰਦੂਸ਼ਿਤ ਹਵਾ ਕਾਰਨ ਭਿਆਨਕ ਤੋਂ ਭਿਆਨਕ ਬਿਮਾਰੀਆਂ ਦੀ ਭੇਟ ਚੜ੍ਹ ਰਹੇ ਹਨ। ਇਸ ਤੋਂ ਵੀ ਅੱਗੇ ਜਨਰਲ ਨੇਚਰ ਕਮਿਊਨੀਕੇਸ਼ਨ ਦੀ ਰਿਪੋਰਟ ਮੁਤਾਬਕ ਸਾਹ ਰਾਹੀਂ ਖਿੱਚੀ ਗਈ ਧੂੰਏਂ ਦੀ ਕਾਲ਼ਖ/ਕਾਰਬਨ ਦੇ ਕਣ ਗਰਭ ਵਿੱਚ ਪਲ਼ ਰਹੇ ਭਰੂਣ ਦੀ ਕੁਦਰਤੀ ਸੁਰੱਖਿਆ ਦੇ ਕਵਚ ਤੋੜ ਕੇ ਭਰੂਣ ਨੂੰ ਨੁਕਸਾਨ ਪਹੁੰਚਾਉਣ ਦੇ ਸਮਰੱਥ ਹਨ ਜਿਸ ਨਾਲ ਗਰਭਪਾਤ ਹੋਣਾ, ਸਮੇਂ ਤੋਂ ਪਹਿਲਾਂ ਹੀ ਬੱਚਿਆਂ ਦਾ ਪੈਦਾ ਹੋਣਾ ਤੇ ਨਵਜਾਤ ਦਾ ਅੰਡਰਵੇਟ ਰਹਿਣਾ ਆਦਿ ਅਲਾਮਤਾਂ ਦੇ ਵੱਡੇ ਕਾਰਨ ਬਣ ਰਹੇ ਹਨ।
ਬੇਤਹਾਸ਼ਾ ਧੂੰਆਂ ਫੈਲਾਉਣ ਵਾਲੇ ਸਾਧਨਾਂ ਦੇ ਨੇੜੇ ਤੇੜੇ ਵੱਸਣ, ਕੰਮਕਾਜ ਕਰਨ ਵਾਲਿਆਂ ਦੀ ਤ੍ਰਾਸਦੀ ਹੀ ਹੈ ਕਿ ਉਨ੍ਹਾਂ ਨੂੰ ਲੰਮੇ ਸਮੇਂ ਤੱਕ ਜ਼ਹਿਰੀਲੇ ਧੂੰਏਂ ਦੀ ਚਾਦਰ (ਸਮੌਗੀ ਵਾਰਤਾਵਰਨ) ਦੇ ਸੰਤਾਪ ਨਾਲ ਦੋ-ਚਾਰ ਹੋਣਾ ਪੈਂਦਾ ਹੈ। ਫਿਰ ਵੀ ਬਹੁਤੇ ਲੋਕ ਵਾਤਵਰਨ ਪ੍ਰਤੀ ਅੱਖਾਂ ਮੀਟੀ ਬੈਠੇ ਹਨ, ਪਰ ਫਿਰ ਵੀ ‘ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ।। ਅਨੁਸਾਰ ਅਜਿਹੇ ਭਿਆਨਕ ਦੌਰ ਦੇ ਹਰ ਖੇਤਰ ਦੇ ਗ਼ਲਤ ਵਰਤਾਰਿਆਂ ਰੂਪੀ ਅੱਗ ਵਿੱਚ ਵੀ ਕੁਝ ਮਾਣਮੱਤੇ ਲੋਕ ਅਜਿਹੇ ਹਨ ਜੋ ਇਸ ਸਚਾਰੂ ਸੋਚ ਦੇ ਮਾਲਕ ਹਨ ਕਿ ਕਿਰਤ ਵੀ ਕਰਨੀ ਹੈ, ਪਰ ਕੁਦਰਤ ਨਾਲ ਵੀ ਹਮਸਫ਼ਰ ਬਣ ਕੇ ਵਿਚਰਨਾ ਹੈ। ਵੱਖ-ਵੱਖ ਖੇਤਰਾਂ ਵਿੱਚ ਵਸਦੇ ਧਰਤੀ ਮਾਂ ਦੇ ਅਜਿਹੇ ‘ਸਾਊ ਸਪੂਤ’ ਕੁਦਰਤ ਦੇ ਹੋ ਰਹੇ ਘਾਣ ਨੂੰ ਘਟਾਉਣ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਜਿੱਥੇ ਉਹ ਕੁਦਰਤ ਪੱਖੀ ਪਰਉਪਕਾਰੀ ਕਦਮ ਉਠਾਉਂਦੇ ਹੋਏ ਧੂੰਆਂ ਫੈਲਾਉਣ ਵਾਲੇ ਸੰਦਾਂ/ਸਾਧਨਾਂ ਦੀ ਗੈਰ ਜ਼ਰੂਰੀ ਵਰਤੋਂ ਤਾਂ ਉੱਕਾ ਹੀ ਨਹੀਂ ਕਰਦੇ।
ਕੁਝ ਸਮਝਦਾਰ ਕਾਰਖਾਨੇਦਾਰ, ਭੱਠਿਆਂ ਦੇ ਪ੍ਰਬੰਧਕ ਧੂੰਏ ਦੀ ਲਗਾਮ ਕੱਸਣ ਦੇ ਸਚਾਰੂ ਪ੍ਰਬੰਧ ਕਰਨ ਲਈ ਹਮੇਸ਼ਾ ਯਤਨਸ਼ੀਲ ਹਨ। ਉੱਥੇ ਧਰਤੀ ਪੁੱਤਰ ਕਈ ਕਿਸਾਨ ਵੀ ਨਾੜ/ਪਰਾਲੀ ਨੂੰ ਸਾੜਨ ਬਗੈਰ ਹੀ ਨਿਪਟਾਰਾ ਕਰਦੇ ਆ ਰਹੇ ਹਨ। ਵਾਤਾਵਰਨ ਪੱਖੀ ਅਜਿਹੇ ਉੱਦਮੀਆਂ ਦੀ ਹਰ ਪੱਖੋਂ ਬਾਂਹ ਫੜਨ ਲਈ ਸਰਕਾਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਂਜ ਵੀ ਯਾਦ ਰੱਖਣਯੋਗ ਤੱਥ ਹੈ ਕਿ ਖੁਰਾਕ ਰੋਟੀ ਪਾਣੀ ਤੋਂ ਬਗੈਰ ਪੰਜ-ਸੱਤ ਦਿਨ ਤਾਂ ਨਿਕਲ ਸਕਦੇ ਹਨ, ਪਰ ਸ਼ੁੱਧ ਸਾਹਾਂ ਤੋਂ ਬਗੈਰ ਦੋ-ਚਾਰ ਮਿੰਟ ਵੀ ਨਹੀਂ ਨਿਕਲ ਸਕਦੇ। ਕੁਦਰਤ ਦੀ ਰਹਿਮਤ ਸ਼ੁੱਧ ਸਾਹ ਜੀਵਨ ਲਈ ਅੰਮ੍ਰਿਤ ਸਮਾਨ ਵਰਦਾਨ ਹੈ।
ਇਸ ਵਰਦਾਨ ਦੀ ਸਾਂਭ ਸੰਭਾਲ ਕਰਨਾ ਸਾਡਾ ਸਭ ਯਾਨੀ ਆਮ ਲੋਕਾਂ, ਕਿਸਾਨਾਂ, ਕਿਸਾਨ ਜਥੇਬੰਦੀਆਂ, ਖੇਤੀ ਵਿਗਿਆਨੀਆਂ, ਇੰਜਨੀਅਰਾਂ, ਬਾਲਣ ਵਜੋਂ ਕੋਲਾ ਵਰਤਣ ਵਾਲੇ ਕਾਰਖਾਨੇਦਾਰਾਂ, ਗੱਤਾ ਫੈਕਟਰੀਆਂ ਤੇ ਸਰਕਾਰਾਂ ਆਦਿ ਦਾ ਨੈਤਿਕ ਫਰਜ਼ ਵੀ ਬਣਦਾ ਹੈ। ਕੁਦਰਤ ਪ੍ਰੇਮੀ ਹੋਣ ਦਾ ਸਬੂਤ ਦਿੰਦਿਆਂ ਆਓ ਆਪਸੀ ਸਹਿਯੋਗ ਕਰਕੇ ਹਰ ਤਰ੍ਹਾਂ ਦੇ ਧੂੰਆਂ ਫੈਲਾਉਣ ਵਾਲੇ ਕਾਰਕਾਂ ਦੇ ਪ੍ਰਕੋਪ ਨੂੰ ਘਟਾਉਣ ਦੇ ਸੁਹਿਰਦ ਯਤਨ ਕਰੀਏ ਅਤੇ ਕੁਦਰਤ ਦੀ ਨਿਆਮਤ ਭਰੀ ਰਹਿਮਤ (ਸਾਹਾਂ ਦੀ ਸ਼ੁੱਧਤਾ) ਨੂੰ ਬਰਕਰਾਰ ਰੱਖੀਏ। ਇਸ ਦੇ ਨਾਲ ਨਾਲ ਜੀਵਨ ਦਾਤੇ, ਸ਼ੁੱਧ ਸਾਹਾਂ ਦੇ ਲੰਗਰ, ਅਨੇਕਾਂ ਸੁੱਖਾਂ ਦੇ ਸਾਧਨ ਰੁੱਖ ਵੱਧ ਤੋਂ ਵੱਧ ਲਾਈਏ ਵੀ ਤੇ ਪਾਲੀਏ ਵੀ ਜਿਨ੍ਹਾਂ ’ਤੇ ਪੰਛੀ ਵੀ ਆਪਣੇ ਰੈਣ ਬਸੇਰੇ/ਆਲ੍ਹਣੇ ਬਣਾ ਕੇ ਕੁਦਰਤ ਦੀ ਸੁਹਜ ਵਿੱਚ ਹੋਰ ਵਾਧਾ ਕਰ ਸਕਣ। ਸੋ ‘ਬਲਿਹਾਰੀ ਕੁਦਰਤ ਵਸਿਆ।।’’ ਨੂੰ ਸਿੱਜਦਾ ਕਰਦਿਆਂ ‘ਪਵਣੁ ਗੁਰੂ’ ਦੀ ਅਦੁੱਤੀ ਸੇਵ ਕਮਾਈਏ ਤੇ ਸ਼ੁੱਧ ਸਾਹਾਂ ਰਾਹੀਂ ਤੰਦਰੁਸਤੀ ਦਾ ਮੇਵਾ ਖਾਈਏ। ਸ਼ੁੱਧ ਵਾਤਾਵਰਨ ਵਿੱਚ ਆਪ ਵੀ ਤੰਦਰੁਸਤੀ ਭਰਿਆ ਜੀਵਨ ਜੀਵੀਏ ਤੇ ਹੋਰਨਾਂ ਨੂੰ ਵੀ ਜਿਊਣ ਦਈਏ।
ਸੰਪਰਕ: 61430204832


