ਸਬਕ ਸਿਖਾਉਣ ਵਾਲੀਆਂ ਘਟਨਾਵਾਂ
ਹਰ ਇੱਕ ਬੰਦੇ ਦਾ ਸੋਚਣ, ਵਿਚਾਰਨ, ਵੇਖਣ, ਭੁੱਲਣ ਤੇ ਯਾਦ ਰੱਖਣ ਦਾ ਆਪਣਾ ਨਜ਼ਰੀਆ ਹੁੰਦਾ ਹੈ। ਕਈ ਲੋਕਾਂ ਦੇ ਜ਼ਿਹਨ ਉੱਤੇ ਵੱਡੀਆਂ-ਵੱਡੀਆਂ ਘਟਨਾਵਾਂ ਦਾ ਵੀ ਅਸਰ ਨਹੀਂ ਹੁੰਦਾ, ਪਰ ਕਈ ਬੰਦੇ ਛੋਟੀਆਂ-ਛੋਟੀਆਂ ਘਟਨਾਵਾਂ ਨੂੰ ਦੇਰ ਤੱਕ ਆਪਣੇ ਦਿਮਾਗ਼ ਵਿੱਚ ਬਿਠਾ ਕੇ ਰੱਖਦੇ ਹਨ। ਘਟਨਾਵਾਂ ਛੋਟੀਆਂ ਹੋਣ ਜਾਂ ਵੱਡੀਆਂ ਮਨੁੱਖ ਨੂੰ ਕੁਝ ਨਾ ਕੁਝ ਸਿਖਾਉਂਦੀਆਂ ਹੀ ਹਨ। ਇਹ ਹਰ ਮਨੁੱਖ ਦੀ ਸ਼ਖ਼ਸੀਅਤ ਉੱਤੇ ਨਿਰਭਰ ਕਰਦਾ ਹੈ ਕਿ ਉਹ ਉਨ੍ਹਾਂ ਘਟਨਾਵਾਂ ਤੋਂ ਸਿੱਖਦਾ ਹੈ ਜਾਂ ਨਹੀਂ ਜਾਂ ਫਿਰ ਚੰਗਾ ਸਿੱਖਦਾ ਹੈ ਜਾਂ ਮਾੜਾ।
ਮੈਂ ਕੈਨੇਡਾ ’ਚ ਗੁਜ਼ਾਰੇ ਡੇਢ ਸਾਲ ਦੇ ਅਰਸੇ ਦੌਰਾਨ ਜੋ ਕੁਝ ਵੀ ਕੈਨੇਡਾ ਵਿੱਚ ਵੇਖਿਆ, ਉਸ ਦਾ ਜ਼ਿਕਰ ਬਹੁਤ ਡੂੰਘਾਈ ਨਾਲ ਆਪਣੇ ਲੇਖਾਂ ਵਿੱਚ ਕੀਤਾ, ਪਰ ਇਸ ਲੇਖ ਵਿੱਚ ਮੈਂ ਕੈਨੇਡਾ ਬਾਰੇ ਉਨ੍ਹਾਂ ਘਟਨਾਵਾਂ ਦਾ ਜ਼ਿਕਰ ਕਰ ਰਿਹਾ ਹਾਂ ਜੋ ਕੁਝ ਵੱਖਰੀ ਕਿਸਮ ਦੀਆਂ ਤੇ ਹੈਰਾਨ ਕਰਨ ਵਾਲੀਆਂ ਹਨ। ਪਹਿਲੀ ਘਟਨਾ ਕੈਨੇਡਾ ਦੇ ਅਰਲੀ ਆਨ ਸਕੂਲ ਦੀ ਹੈ ਜੋ ਤਿੰਨ ਮਹੀਨੇ ਤੋਂ ਲੈ ਕੇ ਚਾਰ ਸਾਲ ਦੇ ਉਮਰ ਦੇ ਬੱਚਿਆਂ ਲਈ ਹੁੰਦੇ ਹਨ। ਉਨ੍ਹਾਂ ਸਕੂਲਾਂ ਵਿੱਚ ਬੱਚਿਆਂ ਨੂੰ ਉਨ੍ਹਾਂ
ਦੇ ਮਾਂ-ਬਾਪ, ਦਾਦਾ-ਦਾਦੀ ਜਾਂ ਫਿਰ ਪਰਿਵਾਰ ਦਾ ਹੋਰ ਕੋਈ ਵਿਅਕਤੀ ਨਾਲ ਲੈ ਕੇ ਜਾਂਦਾ ਹੈ ਤੇ ਬੱਚੇ ਦੇ ਉਸ ਸਕੂਲ ’ਚ ਰਹਿਣ ਤੱਕ ਉਸ ਦੇ ਨਾਲ ਰਹਿੰਦਾ ਹੈ। ਉਹ ਅਰਲੀ ਆਨ ਸਕੂਲ ਬਹੁਤ ਸ਼ਾਨਦਾਰ ਹਨ, ਪਰ ਉਨ੍ਹਾਂ ਦੀ ਫੀਸ ਕੋਈ ਨਹੀਂ ਹੈ। ਬੱਚੇ ਦੇ ਨਾਲ ਗਏ ਵਿਅਕਤੀ ਨੂੰ ਉਸ ਸਕੂਲ ਦੇ ਸਖ਼ਤ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ।
ਮੈਂ ਆਪਣੇ ਪੋਤੇ ਨੂੰ ਅਕਸਰ ਉਸ ਸਕੂਲ ਵਿੱਚ ਲੈ ਕੇ ਜਾਂਦਾ ਹੁੰਦਾ ਸਾਂ। ਇੱਕ ਦਿਨ ਇੱਕ ਅੰਗਰੇਜ਼ ਔਰਤ ਆਪਣੇ ਬੱਚੇ ਨੂੰ ਉਸ ਸਕੂਲ ਵਿੱਚ ਲੈ ਕੇ ਆਈ ਹੋਈ ਸੀ। ਉਸ ਦੇ ਤਿੰਨ ਸਾਲ ਦੇ ਬੱਚੇ ਨੇ ਮੇਰੇ ਦੋ ਸਾਲ ਦੇ ਪੋਤੇ ਤੋਂ ਇੱਕ ਖਿਡੌਣਾ ਖੋਹ ਲਿਆ। ਮੈਂ ਉਸ ਬੱਚੇ ਦੇ ਸਿਰ ਉੱਤੇ ਹੱਥ ਰੱਖਦਿਆਂ ਉਸ ਨੂੰ ਬਹੁਤ ਹੀ ਪਿਆਰ ਨਾਲ ਅੰਗੇਰਜ਼ੀ ਭਾਸ਼ਾ ’ਚ ਕਿਹਾ, ‘‘ਬੱਚੇ, ਤੁਸੀਂ ਦੋਵੇਂ ਇਕੱਠੇ ਖੇਡ ਲਵੋ।’’ ਉਸ ਬੱਚੇ ਦੀ ਅੰਗਰੇਜ਼ਣ ਮਾਂ ਨੇ ਆਪਣੇ ਬੱਚੇ ਨੂੰ ਮੇਰੇ ਵੱਲੋਂ ਹੱਥ ਲਗਾਏ ਜਾਣ ਦਾ ਬਹੁਤ ਸਖ਼ਤ ਸ਼ਬਦਾਂ ’ਚ ਬੁਰਾ ਮਨਾਇਆ ਅਤੇ ਸਕੂਲ ਦੀ ਅਧਿਆਪਕਾ ਨੂੰ ਮੇਰੀ ਸ਼ਿਕਾਇਤ ਕੀਤੀ। ਮੈਨੂੰ ਉਸ ਔਰਤ ਨੂੰ ਸੌਰੀ ਕਹਿ ਕੇ ਆਪਣਾ ਖਹਿੜਾ ਛੁਡਾਉਣਾ ਪਿਆ।
ਉਸ ਅਧਿਆਪਕਾ ਨੇ ਮੈਨੂੰ ਦੱਸਿਆ ਕਿ ਇਸ ਮੁਲਕ ਦੇ ਅੰਗਰੇਜ਼ ਲੋਕ ਆਪਣੇ ਬੱਚੇ ਨੂੰ ਕਿਸੇ ਦੂਜੇ ਵਿਅਕਤੀ ਵਲੋਂ ਛੂਹੇ ਜਾਣ ਦਾ ਬੁਰਾ ਮਨਾਉਂਦੇ ਹਨ। ਉਹ ਸੋਚਦੇ ਹਨ ਕਿ ਦੂਜੇ ਵਿਅਕਤੀ ਵੱਲੋਂ ਛੂਹੇ ਜਾਣ ਤੋਂ ਬੱਚੇ ਨੂੰ ਇਨਫੈਕਸ਼ਨ ਹੋ ਸਕਦੀ ਹੈ ਤੇ ਉਹ ਬਿਮਾਰ ਹੋ ਸਕਦਾ ਹੈ। ਮੈਂ ਉਸ ਘਟਨਾ ਨੂੰ ਦੋ ਪੱਖਾਂ ਤੋਂ ਵੇਖਦਾ ਹਾਂ। ਪਹਿਲਾ ਪੱਖ ਹੈ ਕਿ ਬੱਚੇ ਨੂੰ ਬਿਮਾਰ ਹੋਣ ਤੋਂ ਬਚਾਉਣ ਦੀ ਉਸ ਔਰਤ ਦੀ ਸੋਚ ਠੀਕ ਹੈ, ਪਰ ਦੂਜਾ ਪੱਖ ਇਹ ਹੈ ਕਿ ਸਾਡੇ ਭਾਰਤੀ ਲੋਕਾਂ ਦੀ ਸੋਚ ਉਸ ਮੁਲਕ ਦੇ ਲੋਕਾਂ ਦੇ ਮੁਕਾਬਲੇ ਕਿੰਨੀ ਚੰਗੀ ਹੈ ਕਿ ਅਸੀਂ ਆਪਣੇ ਬੱਚੇ ਨੂੰ ਕਿਸੇ ਦੂਜੇ ਵੱਲੋਂ ਛੂਹੇ ਜਾਣ ਦਾ ਬੁਰਾ ਨਹੀਂ ਮਨਾਉਂਦੇ।
ਦੂਜੀ ਘਟਨਾ ਵੀ ਕਾਫ਼ੀ ਹੈਰਾਨ ਕਰਨ ਵਾਲੀ ਹੈ। ਕੈਨੇਡਾ ਦੇ ਕ੍ਰੈਡਿਟਵਿਊ ਪਾਰਕ ’ਚ ਵੀਅਤਨਾਮ ਦੇ ਇੱਕ ਪਤੀ-ਪਤਨੀ ਜੋੜੇ ਨੂੰ ਮੈਂ ਅਤੇ ਮੇਰੀ ਪਤਨੀ ਅਕਸਰ ਮਿਲਦੇ ਹੁੰਦੇ ਸਾਂ। ਉਹ ਆਪਣੇ ਬੱਚਿਆਂ ਨੂੰ ਪਾਰਕ ’ਚ ਲੈ ਕੇ ਆਉਂਦੇ ਸਨ। ਉਹ ਦੋਵੇਂ ਸਾਨੂੰ ਆਪਣੇ ਪੋਤੇ ਨਾਲ ਪੰਜਾਬੀ ਭਾਸ਼ਾ ਵਿੱਚ ਗੱਲ ਕਰਦਿਆਂ ਵੇਖਦੇ ਰਹਿੰਦੇ ਸਨ। ਮੈਂ ਇੱਕ ਦਿਨ ਉਨ੍ਹਾਂ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਪੁੱਛਿਆ ਕਿ ਤੁਸੀਂ ਕਿਸ ਦੇਸ਼ ਤੋਂ ਹੋ ਤੇ ਕੀ ਕਰਦੇ ਹੋ? ਉਸ ਨੇ ਸਾਨੂੰ ਦੋਹਾਂ ਨੂੰ ਉਦੋਂ ਹੈਰਾਨ ਕਰ ਦਿੱਤਾ ਜਦੋਂ ਉਨ੍ਹਾਂ ਨੇ ਸਾਨੂੰ ਪੰਜਾਬੀ ਭਾਸ਼ਾ ਵਿੱਚ ਪੁੱਛਿਆ ਕਿ ਤੁਸੀਂ ਪੰਜਾਬੀ ਹੋ? ਉਸ ਨੇ ਮੇਰੀ ਹਾਂ ਸੁਣ ਕੇ ਕਿਹਾ ਕਿ ਅਸੀਂ ਦੋਵੇਂ ਬਹੁਤ ਚੰਗੀ ਤਰ੍ਹਾਂ ਪੰਜਾਬੀ ਭਾਸ਼ਾ ਬੋਲ ਲੈਂਦੇ ਹਾਂ ਤੇ ਸਾਨੂੰ ਪੰਜਾਬੀ ਬੋਲਣਾ ਅਤੇ ਪੰਜਾਬੀ ਸੱਭਿਆਚਾਰ ਬਹੁਤ ਚੰਗਾ ਲੱਗਦਾ ਹੈ, ਅਸੀਂ ਦੋ ਵਾਰ ਅੰਮ੍ਰਿਤਸਰ ਜਾ ਵੀ ਆਏ ਹਾਂ। ਮੇਰੇ ਵੱਲੋਂ ਇਹ ਪੁੱਛੇ ਜਾਣ ’ਤੇ ਕਿ ਤੁਸੀਂ ਪੰਜਾਬੀ ਭਾਸ਼ਾ ਕਿਵੇਂ ਸਿੱਖ ਲਈ? ਉਨ੍ਹਾਂ ਨੇ ਦੱਸਿਆ ਕਿ ਸਾਡਾ ਇੱਕ ਪੰਜਾਬੀ ਪਰਿਵਾਰ ਨਾਲ ਬਹੁਤ ਪਿਆਰ ਹੈ। ਉਨ੍ਹਾਂ ਪਤੀ-ਪਤਨੀ ਦੀਆਂ ਗੱਲਾਂ ਸੁਣ ਕੇ ਮੈਂ ਇਹ ਸੋਚ ਰਿਹਾ ਸਾਂ ਕਿ ਅਸੀਂ ਆਪਣੀ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਤੋਂ ਦੂਰ ਹੁੰਦੇ ਜਾ ਰਹੇ ਹਾਂ ਤੇ ਵਿਦੇਸ਼ੀ ਸਾਡੀ ਭਾਸ਼ਾ ਨੂੰ ਸਿੱਖ ਰਹੇ ਹਨ ਤੇ ਸਾਡੇ ਸੱਭਿਆਚਾਰ ਨੂੰ ਪਿਆਰ ਕਰਦੇ ਹਨ।
ਇੱਕ ਹੋਰ ਘਟਨਾ ਜਿਸ ਨੂੰ ਮੈਂ ਕਦੇ ਵੀ ਨਹੀਂ ਭੁੱਲ ਸਕਾਂਗਾ। ਅਸੀਂ ਕੈਨੇਡਾ ’ਚ ਆਪਣੇ ਘਰ ਤੋਂ ਥੋੜ੍ਹੀ ਦੂਰ ਪੈਂਦੀ ਪਾਰਕ ’ਚ ਹਰ ਰੋਜ਼ ਜਾਂਦੇ ਹੁੰਦੇ ਸਾਂ। ਸਾਨੂੰ ਲਗਭਗ ਹਰ ਰੋਜ਼ ਇੱਕ ਪੰਜਾਬੀ ਕੁੜੀ ਉਸ ਪਾਰਕ ’ਚ ਬੈਠੀ ਮਿਲਦੀ ਹੁੰਦੀ ਸੀ। ਉਹ ਸ਼ਕਲੋ ਸੂਰਤ ਤੋਂ ਕਾਫ਼ੀ ਸੋਹਣੀ ਸੀ ਤੇ ਵਿਆਹੀ ਹੋਈ ਜਾਪਦੀ ਸੀ। ਜਿਹੜਾ ਵੀ ਉਸ ਨੂੰ ਮਿਲਦਾ ਉਹ ਉਸ ਨੂੰ ਕੰਮ ਲਗਵਾਉਣ ਲਈ ਕਹਿੰਦੀ, ਉਸ ਨੂੰ ਨਾਂਹ ਤਾਂ ਕੋਈ ਨਹੀਂ ਕਰਦਾ, ਪਰ ਕੰਮ ’ਤੇ ਲਗਵਾਉਂਦਾ ਕੋਈ ਨਹੀਂ। ਉਹ ਪਾਰਕ ਵਿੱਚੋਂ ਘੁੰਮ ਫਿਰ ਕੇ ਚਲੀ ਜਾਂਦੀ। ਇੱਕ ਦਿਨ ਪਾਰਕ ਦੇ ਕਾਫ਼ੀ ਸਾਰੇ ਲੋਕ ਉਸ ਦੁਆਲੇ ਖੜ੍ਹੇ ਹੋਏ ਸਨ। ਉਹ ਉੱਚੀ-ਉੱਚੀ ਰੋ ਰਹੀ ਸੀ। ਉਸ ਦੇ ਰੋਣ ਦਾ ਕਾਰਨ ਪੁੱਛਣ ’ਤੇ ਉਹ ਕਹਿ ਰਹੀ ਸੀ ਕਿ ਉਸ ਦੇ ਸੁਹਰਿਆਂ ਨੇ ਉਸਨੂੰ ਜ਼ਬਰਦਸਤੀ ਉਚੇਰੀ ਪੜ੍ਹਾਈ ਕਰਨ ਲਈ ਇਹ ਵਿਉਂਤ ਬਣਾ ਕੇ ਕੈਨੇਡਾ ਭੇਜ ਦਿੱਤਾ ਕਿ ਉਹ ਆਪਣੇ ਘਰਵਾਲੇ ਨੂੰ ਕੈਨੇਡਾ ਬੁਲਾ ਲਵੇਗੀ। ਮੇਰਾ ਘਰਵਾਲਾ ਇੱਕ ਪ੍ਰਾਈਵੇਟ ਨੌਕਰੀ ਕਰਦਾ ਹੈ। ਉਨ੍ਹਾਂ ਨੇ ਬੈਂਕ ਤੋਂ ਕਰਜ਼ ਲੈ ਕੇ ਮੈਨੂੰ ਕੈਨੇਡਾ ਭੇਜ ਦਿੱਤਾ ਹੈ। ਉਨ੍ਹਾਂ ਨੇ ਇਹ ਸੋਚ ਕੇ ਕਿ ਮੈਂ ਕਾਲਜ ਦੀ ਫੀਸ ਨੌਕਰੀ ਕਰ ਕੇ ਕੱਢ ਲਵਾਂਗੀ, ਮੈਨੂੰ ਪੜ੍ਹਾਈ ਦੇ ਬਹਾਨੇ ਕੈਨੇਡਾ ਭੇਜ ਦਿੱਤਾ। ਉਨ੍ਹਾਂ ਨੇ ਕਾਲਜ ਦੀ ਫੀਸ ਦੀਆਂ ਦੋ ਕਿਸ਼ਤਾਂ ਤਾਂ ਦੇ ਦਿੱਤੀਆਂ, ਪਰ ਹੁਣ ਉਹ ਕਹਿ ਰਹੇ ਨੇ ਕਿ ਫੀਸ ਦਾ ਪ੍ਰਬੰਧ ਤੂੰ ਖ਼ੁਦ ਕਰਨਾ ਹੈ। ਮੈਨੂੰ ਨੌਕਰੀ ਨਹੀਂ ਮਿਲ ਰਹੀ। ਜੇਕਰ ਮਿਲਦੀ ਵੀ ਹੈ ਤਾਂ ਕਾਲਜ ਤੋਂ ਬਹੁਤ ਦੂਰ। ਮੇਰੇ ਪੇਕਿਆਂ ਦੀ ਮਾਲੀ ਹਾਲਤ ਵੀ ਬਹੁਤੀ ਚੰਗੀ ਨਹੀਂ ਹੈ। ਮੈਂ ਉਨ੍ਹਾਂ ਤੋਂ ਵੀ ਮਦਦ ਮੰਗਣ ਜੋਗੀ ਨਹੀਂ। ਮੈਂ ਤਾਂ ਚਾਹੁੰਦੀ ਹਾਂ ਕਿ ਮੈਂ ਖੁਦਕੁਸ਼ੀ ਹੀ ਕਰ ਲਵਾਂ।
ਪੰਜਾਬੀ ਲੋਕਾਂ ਦੀ ਇਹ ਖ਼ਾਸੀਅਤ ਹੈ ਕਿ ਇਹ ਲੋੜਵੰਦਾਂ ਦੀ ਬਾਂਹ ਫੜਨ ਲੱਗਿਆਂ ਦੇਰ ਨਹੀਂ ਲਗਾਉਂਦੇ। ਉਸ ਪਾਰਕ ਵਿੱਚ ਖੜ੍ਹੇ ਵੀਹ-ਪੱਚੀ ਲੋਕਾਂ ਨੇ ਆਪਣੀ ਹਿੰਮਤ ਦੇ ਅਨੁਸਾਰ ਉਸ ਦੇ ਬੈਂਕ ਖਾਤੇ ਵਿੱਚ ਪੈਸੇ ਪਾ ਦਿੱਤੇ। ਇੱਕ ਬਠਿੰਡੇ ਜ਼ਿਲ੍ਹੇ ਦੇ ਬਜ਼ੁਰਗ ਪਤੀ-ਪਤਨੀ ਉਸ ਨੂੰ ਇਹ ਕਹਿ ਕੇ ਆਪਣੇ ਘਰ ਲੈ ਗਏ ਕਿ ਜਦੋਂ ਤੱਕ ਤੇਰੀ ਨੌਕਰੀ ਦੀ ਗੱਲ ਨਹੀਂ ਬਣਦੀ, ਉਦੋਂ ਤੱਕ ਸਾਡੇ ਕੋਲ ਚੱਲ। ਉਸ ਪਾਰਕ ਵਿੱਚ ਆਉਣ ਵਾਲੇ ਇੱਕ ਰਹਿਮ ਦਿਲ ਇਨਸਾਨ ਨੇ ਉਸ ਕੁੜੀ ਦੀ ਇੱਕ ਸਟੋਰ ਵਿੱਚ ਹਫ਼ਤੇ ਦੇ ਤਿੰਨ ਦਿਨ ਨੌਕਰੀ ਲਗਵਾ ਦਿੱਤੀ। ਮੁਹੱਲੇ ਦੇ ਲੋਕਾਂ ਨੇ ਉਸ ਕੋਲ ਆਪਣੇ ਬੱਚੇ ਟਿਉਸ਼ਨ ਪੜ੍ਹਨ ਲਾ ਦਿੱਤੇ। ਉਸ ਕੁੜੀ ਦੀ ਪੜ੍ਹਾਈ ਖ਼ਤਮ ਹੋਣ ਵਾਲੀ ਹੈ ਤੇ ਉਸ ਦੀ ਪੱਕੀ ਨੌਕਰੀ ਦਾ ਪ੍ਰਬੰਧ ਵੀ ਹੋ ਗਿਆ।
ਕੈਨੇਡਾ ਵਿੱਚ ਰਹਿੰਦਿਆਂ ਬਲਾਚੌਰ ਦੇ ਨੇੜੇ ਪੈਂਦੇ ਇੱਕ ਪਿੰਡ ਦੇ ਸਰਦਾਰ ਜੀ ਨਾਲ ਮੈਨੂੰ ਮਿਲਣ ਦਾ ਮੌਕਾ ਮਿਲਿਆ। ਉਸ ਗੁਰਮੁਖ ਸੱਜਣ ਨੇ ਆਪਣੇ ਘਰ ਦੀ ਬੇਸਮੈਂਟ ਖਾਲੀ ਰੱਖੀ ਹੋਈ ਹੈ। ਉਹ ਪੰਜਾਬ ਤੋਂ ਆਏ ਉਨ੍ਹਾਂ ਜ਼ਰੂਰਤਮੰਦ ਬੱਚਿਆਂ ਨੂੰ ਉਦੋਂ ਤੱਕ ਉਸ ਬੇਸਮੈਂਟ ’ਚ ਰੱਖਦਾ ਹੈ ਜਦੋਂ ਤੱਕ ਉਨ੍ਹਾਂ ਦਾ ਆਪਣਾ ਪ੍ਰਬੰਧ ਨਹੀਂ ਹੋ ਜਾਂਦਾ। ਉਹ ਉਨ੍ਹਾਂ ਨੂੰ ਆਪਣੇ ਕੋਲੋਂ ਰੋਟੀ ਪਾਣੀ ਵੀ ਦਿੰਦਾ ਹੈ ਅਤੇ ਜਦੋਂ ਉਹ ਉਨ੍ਹਾਂ ਨੂੰ ਉਨ੍ਹਾਂ ਦੇ ਕਮਰੇ ਵਿੱਚ ਛੱਡਣ ਜਾਂਦਾ ਹੈ ਤਾਂ ਉਹ ਉਨ੍ਹਾਂ ਨੂੰ ਆਪਣੇ ਕੋਲੋਂ ਇੱਕ ਮਹੀਨੇ ਦਾ ਰਾਸ਼ਨ ਵੀ ਦੇ ਕੇ ਆਉਂਦਾ ਹੈ। ਉਸ ਨੇ ਪੁੱਛਣ ’ਤੇ ਦੱਸਿਆ ਕਿ ਮੇਰੇ ਬੱਚੇ ਆਪਣੀ ਕਮਾਈ ’ਚੋਂ ਜੋ ਦਸਵੰਧ ਕੱਢਦੇ ਹਨ, ਉਹ ਦਸਵੰਧ ਅਸੀਂ ਲੋੜਵੰਦ ਬੱਚਿਆਂ ਦੀ ਸਹਾਇਤਾ ਲਈ ਲਗਾ ਦਿੰਦੇ ਹਾਂ। ਮੈਂ ਇਨ੍ਹਾਂ ਘਟਨਾਵਾਂ ਦਾ ਜ਼ਿਕਰ ਇਸ ਲਈ ਕਰ ਰਿਹਾ ਹਾਂ ਤਾਂ ਕਿ ਇਨ੍ਹਾਂ ਨੂੰ ਪੜ੍ਹ ਕੇ ਕੁਝ ਹੋਰ ਲੋਕ ਵੀ ਇਸ ਰਾਹ ਉੱਤੇ ਤੁਰ ਸਕਣ।
ਸੰਪਰਕ: 98726-27136