ਆਪਣੇ ਤੋਂ ਵੱਖਰੇ ਵਿਚਾਰਾਂ ਦਾ ਸਤਿਕਾਰ ਕਰਨਾ ਸਿੱਖੋ
ਇਨਸਾਨ ਸਾਰੀ ਸ੍ਰਿਸ਼ਟੀ ਦਾ ਇੱਕੋ ਇੱਕ ਅਜਿਹਾ ਜੀਵ ਹੈ ਜਿਸ ਕੋਲ ਸੋਚਣ, ਕਲਪਨਾ ਕਰਨ, ਵਿਸ਼ਲੇਸ਼ਣ ਕਰਨ, ਫ਼ੈਸਲੇ ਲੈਣ ਅਤੇ ਨਤੀਜੇ ਕੱਢਣ ਦੀ ਸਮਰੱਥਾ ਹੈ। ਇਹ ਸਮਰੱਥਾ ਹੋਰ ਕਿਸੇ ਜੀਵ ਜੰਤੂ ਵਿੱਚ ਨਹੀਂ ਹੈ। ਬਾਕੀ ਜੀਵ ਤਾਂ ਆਪਣੀਆਂ ਜਿਊਂਦੇ ਰਹਿਣ ਦੀਆਂ ਮੁੱਢਲੀਆਂ ਲੋੜਾਂ ਹੀ ਪੂਰੀਆਂ ਕਰਦੇ ਹਨ। ਭਾਸ਼ਾ ਰਾਹੀਂ ਆਪਣੇ ਵਿਚਾਰਾਂ ਨੂੰ ਦੂਸਰੇ ਤੱਕ ਬੋਲ ਕੇ ਜਾਂ ਲਿਖ ਕੇ ਪਹੁੰਚਾਉਣਾ ਸਿਰਫ਼ ਇਹ ਮਨੁੱਖ ਦੇ ਹਿੱਸੇ ਆਇਆ ਹੈ। ਇਸ ਸ਼ਕਤੀ ਦੀ ਵਰਤੋਂ ਕਰਕੇ ਇਨਸਾਨ ਨੇ ਕੁਦਰਤ ਦੇ ਬਹੁਤ ਸਾਰੇ ਭੇਤ ਲੱਭ ਲਏ ਹਨ, ਹੋਰ ਜੀਵ ਜੰਤੂਆਂ ਅਤੇ ਕੁਦਰਤੀ ਸ਼ਕਤੀਆਂ ’ਤੇ ਕਾਬੂ ਵੀ ਪਾ ਲਿਆ ਹੈ ਅਤੇ ਪੱਥਰ ਯੁੱਗ ਤੋਂ ਅੱਜ ਪਰਮਾਣੂ ਯੁੱਗ ਤੱਕ ਪੁੱਜ ਚੁੱਕਾ ਹੈ। ਅੱਜ ਅਸੀਂ ਆਪਣੀ ਸੋਚਣ ਅਤੇ ਵਿਚਾਰ ਦੀ ਸ਼ਕਤੀ ਬਾਰੇ, ਆਪਣੇ ਵਿਚਾਰ ਦੂਜਿਆਂ ਤੱਕ ਪਹੁੰਚਾਉਣ ਬਾਰੇ, ਦੂਜਿਆਂ ਦੇ ਵਿਚਾਰ ਸੁਣ ਕੇ ਜਾਂ ਪੜ੍ਹ ਕੇ ਉਸ ’ਤੇ ਦਿੱਤੇ ਜਾ ਰਹੇ ਪ੍ਰਤੀਕਰਮ ਬਾਰੇ ਅਤੇ ਇਸ ਤਰ੍ਹਾਂ ਇਸ ਦੇ ਹੋਰਾਂ ਨਾਲ ਪੈਦਾ ਹੋਏ ਅਤੇ ਨਿਭਾਏ ਜਾ ਰਹੇ ਸਮਾਜਿਕ ਸਬੰਧਾਂ ਬਾਰੇ ਗੱਲ ਕਰਾਂਗੇ।
ਅਸੀਂ ਜਾਣਦੇ ਹਾਂ ਕਿ ਪੰਜੇ ਉਂਗਲੀਆਂ ਬਰਾਬਰ ਨਹੀਂ ਹੁੰਦੀਆਂ। ਇਸ ਤਰ੍ਹਾਂ ਨਾਲ ਜਿੰਨੇ ਵਿਅਕਤੀ ਹਨ, ਹਰ ਇੱਕ ਦੀ ਸੋਚ ਅਤੇ ਵਿਚਾਰਧਾਰਾ ਅਲੱਗ ਅਲੱਗ ਹੁੰਦੀ ਹੈ। ਸ਼ੇਕਸਪੀਅਰ ਅਨੁਸਾਰ ਵਿਅਕਤੀ ਦੀ ਵੱਖਰੀ ਸੋਚ ਹੀ ਉਸ ਦੀ ਪਹਿਚਾਣ ਹੁੰਦੀ ਹੈ। ਜਿੰਨੇ ਵਿਅਕਤੀ, ਜਿੰਨੇ ਮਸਲੇ, ਓਨੇ ਹੀ ਵਿਚਾਰ ਜਿਹੜੇ ਅਕਸਰ ਹੀ ਵੱਖ ਵੱਖ ਹੁੰਦੇ ਹਨ। ਕਈ ਵਾਰੀ ਬਿਲਕੁਲ ਵਿਰੋਧੀ ਵੀ ਹੁੰਦੇ ਹਨ, ਪਰ ਦੇਖਣ ਵਿੱਚ ਇਹ ਆਇਆ ਹੈ ਕਿ ਜਦੋਂ ਕੋਈ ਇੱਕ ਵਿਅਕਤੀ ਦੇ ਵਿਚਾਰਾਂ ਤੋਂ ਵਖਰੇ ਵਿਚਾਰ ਪ੍ਰਗਟਾਵੇ ਤਾਂ ਉਹ ਦੂਸਰੇ ਨੂੰ ਬਰਦਾਸ਼ਤ ਨਹੀਂ ਕਰਦਾ। ਪਹਿਲਾਂ ਹਲਕੀ ਬਹਿਸ ਹੁੰਦੀ ਹੈ। ਫਿਰ ਤਿੱਖਾ ਤਕਰਾਰ ਜਿਹੜਾ ਹੋਰ ਵਧ ਕੇ ਲੜਾਈ ਦਾ ਭਿਆਨਕ ਰੂਪ ਵੀ ਲੈ ਲੈਂਦਾ ਹੈ।
ਅਜਿਹਾ ਕਿਉਂ ਹੁੰਦਾ ਹੈ ? ਇਸ ਬਾਰੇ ਗੰਭੀਰਤਾ ਨਾਲ ਸੋਚੀਏ ਤਾਂ ਮਹਿਸੂਸ ਹੋਏਗਾ ਕਿ ਅਸਲ ਵਿੱਚ ਇਹ ਹਉਮੈ ਦੇ ਕਾਰਨ ਹੀ ਹੁੰਦਾ ਹੈ। ਕੋਈ ਵਿਅਕਤੀ ਕਿਸੇ ਵੀ ਖੇਤਰ ਵਿੱਚ ਮੁਹਾਰਤ ਹਾਸਲ ਕਰ ਲੈਂਦਾ ਹੈ ਤਾਂ ਉਹ ਇਸ ’ਤੇ ਮਾਣ ਵੀ ਕਰਦਾ ਹੈ, ਪਰ ਉਸ ਨਾਲ ਚੰਬੜ ਹੀ ਜਾਂਦਾ ਹੈ। ਸਭ ਦੂਸਰੇ ਉਸ ਜਿੰਨਾ ਗਿਆਨ ਨਹੀਂ ਰੱਖਦੇ ਅਤੇ ਕਿਸੇ ਨੁਕਤੇ ’ਤੇ ਉਸ ਦੀ ਵਿਚਾਰਧਾਰਾ ਦੇ ਉਲਟ ਪੱਖ ਰੱਖਦੇ ਹਨ ਤਾਂ ਪਹਿਲਾ ਵਿਅਕਤੀ ਆਪਣਾ ਧੀਰਜ ਨਹੀਂ ਰੱਖ ਸਕਦਾ ਅਤੇ ਉਸ ਨਾਲ ਬਹਿਸ ਸ਼ੁਰੂ ਕਰ ਦਿੰਦਾ ਹੈ। ਇਸ ਤਰ੍ਹਾਂ ਦੀ ਬਹਿਸ ਨਾਲ ਜਿੱਥੇ ਉਹ ਆਪਣਾ ਪ੍ਰਭਾਵ ਗੁਆਉਂਦਾ ਹੈ, ਆਪਣੇ ਸਮਾਜਿਕ ਸਬੰਧ ਖ਼ਰਾਬ ਕਰਦਾ ਹੈ, ਇਸ ਦੇ ਨਾਲ ਹੀ ਇੱਕ ਸਭ ਤੋਂ ਵੱਡਾ ਨੁਕਸਾਨ ਇਹ ਹੁੰਦਾ ਹੈ ਕਿ ਉਸ ਦੀ ਆਪਣੀ ਗਿਆਨ ਵਾਲੀ ਗੱਲ ਭਾਵੇਂ ਉਹ ਕਿੰਨੀ ਵੀ ਸੱਚੀ ਕਿਉਂ ਨਾ ਹੋਵੇ, ਉਸ ਤੋਂ ਲੋਕ ਦੂਰ ਹੋਣ ਲੱਗਦੇ ਹਨ।
ਜਦੋਂ ਮਸਲਾ ਧਰਮ ਦਾ ਹੋਵੇ ਜਾਂ ਰਾਜਨੀਤੀ ਦਾ ਤਾਂ ਇਹ ਵਿਰੋਧ ਬਹੁਤ ਖ਼ਤਰਨਾਕ ਰੁਖ਼ ਧਾਰਨ ਕਰ ਲੈਂਦਾ ਹੈ। ਧਰਮ ਦਾ ਵਿਸ਼ਾ ਬਹੁਤ ਜ਼ਿਆਦਾ ਨਾਜ਼ੁਕ ਹੈ। ਹਰ ਵਿਅਕਤੀ ਦੀਆਂ ਭਾਵਨਾਵਾਂ ਇਸ ਨਾਲ ਜੁੜੀਆਂ ਹੋਈਆਂ ਹੁੰਦੀਆਂ ਹਨ। ਕਿਸੇ ਇੱਕ ਵਿਸ਼ੇ ’ਤੇ ਇੱਕ ਪੱਖ ਕਦੇ ਵੀ ਅੰਤਿਮ ਨਹੀਂ ਹੁੰਦਾ। ਸਿੱਖ ਇਤਿਹਾਸ ਅਤੇ ਗੁਰਬਾਣੀ ਦੀ ਉਦਾਹਰਨ ਲਈਏ ਤਾਂ ਬੜਾ ਵਧੀਆ ਮਾਡਲ ਸਾਡੇ ਸਾਹਮਣੇ ਪੇਸ਼ ਕੀਤਾ ਗਿਆ ਹੈ। ਗੁਰੂ ਸਾਹਿਬ ਨੇ ਜਿਨ੍ਹਾਂ ਕਰਮ ਕਾਂਡਾਂ ਦਾ, ਭਰਮਾਂ ਦਾ ਤੇ ਪਖੰਡਾਂ ਦੀ ਆਲੋਚਨਾ ਕੀਤੀ ਹੈ, ਉਹ ਬਹੁਤ ਵਧੀਆ ਦਲੀਲ ਪੂਰਨ ਢੰਗ ਨਾਲ ਕੀਤੀ ਗਈ ਹੈ। ਇਤਿਹਾਸ ਵਿੱਚੋਂ ਦੇਖੀਏ ਤਾਂ ਵੀ ਜਿਵੇਂ ਹਰਿਦੁਆਰ ਵਿਖੇ ਗੁਰੂ ਨਾਨਕ ਸਾਹਿਬ ਨੇ ਸੂਰਜ ਨੂੰ ਪਾਣੀ ਦੇਣ ਵਾਲਿਆਂ ਨੂੰ ਆਪਣੀ ਗੱਲ ਕਿਵੇਂ ਸਮਝਾਈ ਸੀ। ਜੇ ਗੁਰੂ ਸਾਹਿਬ ਸਿੱਧਾ ਇਹ ਕਹਿੰਦੇ ਕਿ ਤੁਸੀਂ ਗ਼ਲਤ ਹੋ, ਸ਼ਾਇਦ ਕੋਈ ਮੰਨਦਾ ਹੀ ਨਾ। ਇਸੇ ਤਰ੍ਹਾਂ ਉਨ੍ਹਾਂ ਨੇ ਜਨੇਊ ਦਾ ਸਿੱਧਾ ਵਿਰੋਧ ਨਹੀਂ ਕੀਤਾ, ਸਗੋਂ ਕਿਹਾ ਕਿ ਅਜਿਹਾ ਜਨੇਊ ਪਵਾਓ ਜੋ ਟੁੱਟੇ ਨਾ, ਜਿਸ ਨੂੰ ਅੱਗ ਨਾ ਸਾੜ ਸਕੇ...ਆਦਿ। ਇਸ ਤਰ੍ਹਾਂ ਦੀਆਂ ਸੈਂਕੜੇ ਉਦਾਹਰਨਾਂ ਮਿਲ ਸਕਦੀਆਂ ਹਨ, ਪਰ ਅੱਜ ਅਸੀਂ ਗੁਰੂ ਨਾਨਕ ਜੀ ਦੁਆਰਾ ਸ਼ੁਰੂ ਕੀਤੀ ਸੰਵਾਦ ਦੀ ਚੰਗੀ ਪਿਰਤ ਨੂੰ ਭੁੱਲ ਗਏ ਹਾਂ। ਦਲੀਲ ਨਾਲ ਆਪਣੀ ਗੱਲ ਕਰਨ ਲਈ ਪਹਿਲਾਂ ਦੂਸਰੇ ਨੂੰ ਪੂਰਾ ਸੁਣਨਾ ਆਉਣਾ ਚਾਹੀਦਾ ਹੈ।
ਸਿੱਖ ਕੌਮ ਵਿੱਚ ਹੀ ਅੱਜ ਛੋਟੇ ਵੱਡੇ ਮਸਲਿਆਂ ’ਤੇ ਬਹੁਤ ਵਿਵਾਦ ਹੁੰਦਾ ਨਜ਼ਰ ਆ ਰਿਹਾ ਹੈ। ਕੁਝ ਮਸਲੇ ਤਾਂ ਬਹੁਤ ਹੀ ਛੋਟੇ ਅਤੇ ਨਿਗੂਣੇ ਵੀ ਹਨ, ਜਦੋਂ ਕਿ ਕੁਝ ਜ਼ਰਾ ਵੱਡੇ ਹਨ, ਪਰ ਸਾਡੀ ਪੇਸ਼ਕਾਰੀ ਦਾ ਤਰੀਕਾ ਬਿਲਕੁਲ ਢੁੱਕਵਾਂ ਨਹੀਂ ਹੈ। ਅਸਲ ਰੂਪ ਵਿੱਚ ਵੀ ਪ੍ਰਿੰਟ ਮੀਡੀਆ ਅਤੇ ਇਲੈੱਕਟ੍ਰਾਨਿਕ ਮੀਡੀਆ ’ਤੇ ਵੀ ਇਹ ਵਿਵਾਦ ਨਜ਼ਰ ਆ ਜਾਂਦਾ ਹੈ। ਸੋਸ਼ਲ ਮੀਡੀਆ ’ਤੇ ਕੁਝ ਵੀ ਪ੍ਰਗਟਾਉਣ ਦੀ ਆਜ਼ਾਦੀ ਦੀ ਬਹੁਤ ਜ਼ਿਆਦਾ ਦੁਰਵਰਤੋਂ ਅਸੀਂ ਹੁੰਦੀ ਦੇਖਦੇ ਹਾਂ। ਦਸਮ ਗ੍ਰੰਥ, ਮਰਿਆਦਾ, ਧਾਰਮਿਕ ਵਿਅਕਤੀਆਂ ਨੂੰ ਲੈ ਕੇ, ਪੁਰਾਣੇ ਗ੍ਰੰਥ ਜਾਂ ਸਰੋਤਾਂ ਨੂੰ ਲੈ ਕੇ, ਸ਼੍ਰੋਮਣੀ ਕਮੇਟੀ ਅਕਾਲ ਤਖ਼ਤ ਨੂੰ ਲੈ ਕੇ ਇਹ ਵਿਵਾਦ ਇੰਨਾ ਭਿਆਨਕ ਹੁੰਦਾ ਹੈ ਕਿ ਹੈਰਾਨੀ ਦੇ ਨਾਲ ਦੁੱਖ ਬਹੁਤ ਜ਼ਿਆਦਾ ਹੁੰਦਾ ਹੈ ਕਿਉਂਕਿ ਬਹੁਤੀ ਵਾਰੀ ਬਹਿਸ ਕਰਨ ਵਾਲਿਆਂ ਨੂੰ ਆਪ ਉਸ ਵਿਸ਼ੇ ਬਾਰੇ ਕੱਖ ਵੀ ਪਤਾ ਨਹੀਂ ਹੁੰਦਾ, ਪਰ ਉਹ ਆਪਣੇ ਆਪ ਨੂੰ ਪੂਰਨ ਵਿਦਵਾਨ ਮੰਨ ਕੇ ਗੱਲ ਕਰਦੇ ਨਜ਼ਰ ਆਉਣਗੇ।
ਇਸੇ ਤਰ੍ਹਾਂ ਰਾਜਨੀਤੀ ਦਾ ਵਿਸ਼ਾ ਵੀ ਕਾਫ਼ੀ ਨਾਜ਼ੁਕ ਹੈ। ਹਰ ਇੱਕ ਵਿਅਕਤੀ ਦੀ ਆਪਣੀ ਪਸੰਦ ਹੈ ਕਿ ਉਹ ਕਿਸੇ ਵੀ ਰਾਜਨੀਤਕ ਪਾਰਟੀ ਪ੍ਰਤੀ ਜਾਂ ਵਿਅਕਤੀ ਪ੍ਰਤੀ ਹੋਵੇ, ਪਰ ਅਸੀਂ ਅਕਸਰ ਕਿਸੇ ਵਿਅਕਤੀ ਜਾਂ ਪਾਰਟੀ ਨੂੰ ਕੇਂਦਰ ਵਿੱਚ ਰੱਖ ਕੇ ਉਸ ਦੀ ਕਿਸੇ ਪੱਖੋਂ ਵੀ ਢਿੱਲ ਨਹੀਂ ਕਰਦੇ। ਰਾਜਨੀਤਕ ਨੇਤਾ ਵੀ ਵਿਰੋਧੀ ਪਾਰਟੀ ਦੀ ਆਲੋਚਨਾ ਬਹੁਤ ਹਲਕੇ ਅਤੇ ਘਟੀਆ ਅੰਦਾਜ਼ ਵਿੱਚ ਕਰਦੇ ਦੇਖੇ ਸੁਣੇ ਗਏ ਹਨ।
ਇਹ ਬਿਰਤੀ ਬਾਹਰਲੇ ਦੇਸ਼ਾਂ ਵਿੱਚ ਭਾਰਤ ਦੇ ਮੁਕਾਬਲੇ ਕਾਫ਼ੀ ਘੱਟ ਹੈ। ਬਿਲਕੁਲ ਖ਼ਤਮ ਤਾਂ ਨਹੀਂ ਕਹਿ ਸਕਦੇ, ਕਿਉਂਕਿ ਮਨੁੱਖੀ ਬਿਰਤੀ ਹੈ, ਪਰ ਜੇ ਦੂਸਰੇ ਦਾ ਸਤਿਕਾਰ ਕਰਨ ਦੀ ਜਾਚ ਆ ਜਾਵੇ ਤਾਂ ਕੁਝ ਲਾਭ ਹੋ ਸਕਦਾ ਹੈ। ਬਾਹਰਲੇ ਦੇਸ਼ਾਂ ਨੇ ਹਰ ਦੂਸਰੇ ਵਿਅਕਤੀ ਦੀ ‘ਨਿੱਜੀ ਆਜ਼ਾਦੀ’ ਦੀ ਕਦਰ ਕਰਨੀ ਸਿਖਾਈ ਹੈ। ਇਸੇ ਲਈ ਉਹ ਲੋਕ ਸਾਡੇ ਵਾਂਗ ਚੁਗਲੀਆਂ ਕਰਨ ਜਾਂ ਸੁਣਨ ਵਿੱਚੋਂ ਖ਼ੁਸ਼ੀ ਨਹੀਂ ਲੱਭਦੇ। ਅਸੀਂ ਭਾਰਤੀ ਭਾਵੇਂ ਉਨ੍ਹਾਂ ਲਈ ਸਵਾਰਥੀ, ਚਿੱਟੇ ਖੂਨ ਵਾਲੇ ਅਤੇ ਰੁੱਖੇ ਸ਼ਬਦ ਵਰਤਣ ਤੋਂ ਘੌਲ ਨਹੀਂ ਕਰਦੇ, ਪਰ ਘੱਟੋ ਘੱਟ ਉਹ ਸਾਡੇ ਵਰਗੇ ਵਿਵਾਦਾਂ ਤੋਂ ਬਚੇ ਰਹਿੰਦੇ ਹਨ।
ਸੰਤ ਸਿੰਘ ਮਸਕੀਨ ਦੀ ਇੱਕ ਗੱਲ ਯਾਦ ਆਉਂਦੀ ਹੈ। ਉਨ੍ਹਾਂ ਨੇ ਕਿਸੇ ਕਥਾ ਵਿੱਚ ਕਿਹਾ ਸੀ, ‘‘ਜੋ ਮੇਰਾ ਹੈ, ਸਿਰਫ਼ ਉਹ ਹੀ ਸੱਚ ਨਹੀਂ। ਅਤੇ ਜੋ ਸੱਚਾ ਹੈ, ਉਹ ਸਿਰਫ਼ ਮੇਰਾ ਹੀ ਨਹੀਂ।’’ ਇਸ ਛੋਟੇ ਜਿਹੇ ਵਾਕ ਨੂੰ ਜੇ ਅਸੀਂ ਜ਼ਿੰਦਗੀ ਵਿੱਚ ਵਸਾ ਲਈਏ ਤਾਂ ਬਹੁਤ ਸਾਰੀ ਫਜ਼ੂਲ ਦੀ ਬਹਿਸ ਅਤੇ ਵਿਵਾਦ ਵਿੱਚ ਖ਼ਰਚ ਹੋ ਰਿਹਾ ਸਮਾਂ ਅਤੇ ਊਰਜਾ ਬਚ ਜਾਏਗੀ। ਇਸ ਊਰਜਾ ਨੂੰ ਅਸੀਂ ਕਿਸੇ ਚੰਗੇ ਪਾਸੇ ਲਗਾ ਸਕਾਂਗੇ। ਇਸ ਪੱਖ ਤੋਂ ਵਿਗਿਆਨਕਾਂ ਦੀ ਸੋਚ ਅਤੇ ਬਿਰਤੀ ਅੱਗੇ ਸਿਰ ਝੁਕਦਾ ਹੈ। ਉਹ ਆਪਣੀ ਖੋਜ ਨੂੰ, ਆਪਣੇ ਸਿਧਾਂਤ ਨੂੰ ਕਦੇ ਵੀ ਅੰਤਿਮ ਨਹੀਂ ਸਮਝਦੇ। ਬਹੁਤੀ ਵਾਰੀ ਨਵਾਂ ਸਿਧਾਂਤ, ਪਹਿਲੇ ਸਿਧਾਂਤ ਤੋਂ ਬਿਲਕੁਲ ਹੀ ਵੱਖਰਾ ਹੁੰਦਾ ਹੈ। ਅਸੀਂ ਸਭ ਨਵੇਂ ਸਿਧਾਂਤ ਨੂੰ ਆਪਣਾ ਲੈਂਦੇ ਹਾਂ, ਪਰ ਪਹਿਲੇ ਵਿਗਿਆਨਕ ਦੀ ਦੇਣ ਨੂੰ ਛੁਟਿਆਉਂਦੇ ਨਹੀਂ। ਕਦੇ ਵਿਵਾਦ ਨਹੀਂ ਪੈਦਾ ਹੁੰਦਾ ਕਿਉਂਕਿ ਉਹ ਸੱਚ ਦੀ ਕਦਰ ਕਰਨਾ ਜਾਣਦੇ ਹਨ।
ਬਹੁਗਿਣਤੀ ਕੋਲ ਏਡਾ ਵੱਡਾ ਦਿਲ ਨਹੀਂ ਜਾਂ ਕਹੀਏ ਕਿ ਐਡੀ ਸੂਝ ਨਹੀਂ ਹੈ ਕਿ ਉਹ ਦੂਸਰੇ ਨੂੰ ਜਿਸ ਤਰ੍ਹਾਂ ਦਾ ਉਹ ਹੈ, ਉਸੇ ਤਰ੍ਹਾਂ ਦਾ ਸਵੀਕਾਰ ਕਰ ਸਕੇ ਅਤੇ ਉਸ ਭਿੰਨਤਾ ਦੇ ਬਾਵਜੂਦ ਪਿਆਰ ਅਤੇ ਦੋਸਤੀ ਨਿਭਾ ਸਕੇ। ਹਰ ਵਿਅਕਤੀ ਸਿਰਫ਼ ਏਨਾ ਹੀ ਨਹੀਂ ਕਿ ਉਹ ਆਪਣੀ ਗੱਲ ਨੂੰ ਠੀਕ ਹੀ ਮੰਨਦਾ ਹੈ, ਉਸ ਨੇ ਹਰ ਮਿਲਣ ਵਾਲੇ ਤੋਂ ਆਪਣੀ ਵਿਚਾਰਧਾਰਾ ਦੀ ਸਹਿਮਤੀ ਵੀ ਲੈਣੀ ਹੈ। ਇਸ ਕੰਮ ਲਈ ਉਸ ਨੂੰ ਕਿੰਨੇ ਵੀ ਢੰਗ ਤਰੀਕੇ ਕਿਉਂ ਨਾ ਬਦਲਣੇ ਪੈਣ। ਸਮਾਜ ਦੀ ਸਭ ਤੋਂ ਛੋਟੀ ਇਕਾਈ ਪਰਿਵਾਰ ਤੋਂ ਹੀ ਇਹ ਗੱਲ ਸ਼ੁਰੂ ਹੋ ਜਾਂਦੀ ਹੈ। ਪਰਿਵਾਰ ਦਾ ਮੁਖੀ ਆਪਣੀ ਪਤਨੀ ਅਤੇ ਬੱਚਿਆਂ ਵਿੱਚ ਆਪਣੇ ਤੋਂ ਵੱਖਰੇ ਵਿਚਾਰ ਬਰਦਾਸ਼ਤ ਨਹੀਂ ਕਰਦਾ। ਸਾਡੇ ਬਹੁਤੇ ਝਗੜਿਆਂ ਦਾ ਕਾਰਨ ਹੀ ਇਹੀ ਹੈ। ਭਾਵੇਂ ਗੱਲ ਪਤੀ-ਪਤਨੀ ਦੀ ਹੈ, ਪਿਤਾ-ਪੁੱਤਰ ਦੀ ਹੈ, ਸੱਸ-ਨੂੰਹ ਦੀ ਜਾਂ ਕਿਸੇ ਵੀ ਹੋਰ ਸਬੰਧ ਦੀ, ਜੋ ਵੀ ਰਿਸ਼ਤੇ ਵਿੱਚ, ਉਮਰ ਵਿੱਚ, ਅਹੁਦੇ ਵਿੱਚ ਜਾਂ ਕਿਸੇ ਵੀ ਹੋਰ ਪੱਖ ਤੋਂ ਦੂਜਿਆਂ ਨਾਲੋਂ ਵੱਡਾ ਹੈ, ਉਸ ਨੇ ਬਾਕੀਆਂ ’ਤੇ ਆਪਣੇ ਵਿਚਾਰ ਠੋਸਣੇ ਹੀ ਠੋਸਣੇ ਹਨ। ਜੇ ਉਹ ਨਹੀਂ ਮੰਨਦੇ ਜਾਂ ਵਿਰੋਧ ਕਰਦੇ ਹਨ, ਫਿਰ ਕਲੇਸ਼ ਸ਼ੁਰੂ ਹੋ ਜਾਂਦਾ ਹੈ। ਵੱਡੇ ਆਪਣੇ ਤਜਰਬੇ ਨੂੰ ਬੱਚਿਆਂ ਦੇ ਗਿਆਨ ਤੋਂ ਉੱਚਾ ਮੰਨਦੇ ਹਨ ਅਤੇ ਬੱਚੇ ਆਪਣੇ ਆਧੁਨਿਕ ਯੁੱਗ ਦੇ ਗਿਆਨ ਨੂੰ ਸਹੀ ਅਤੇ ਪ੍ਰਮਾਣਿਤ ਮੰਨਦੇ ਹਨ। ਹੁਣ ਇਹ ਭਾਵਨਾ ਕਿਸੇ ਵਿੱਚ ਨਹੀਂ ਕਿ ਉਹ ਦੂਸਰੇ ਨੂੰ ਜਿਹੋ ਜਿਹਾ ਵੀ ਉਹ ਹੈ, ਉਸੇ ਤਰ੍ਹਾਂ ਸਵੀਕਾਰ ਕਰ ਲਵੇ।
ਸਾਡੇ ਦੇਸ਼ ਵਿੱਚ ਇਸ ਗੱਲ ਦੀ ਬਹੁਤ ਹੀ ਘੱਟ ਸੰਭਾਵਨਾ ਹੈ ਕਿ ਪਤੀ ਕਿਸੇ ਹੋਰ ਰਾਜਨੀਤਕ ਪਾਰਟੀ ਨੂੰ ਵੋਟ ਪਾਵੇ ਅਤੇ ਪਤਨੀ ਕਿਸੇ ਦੂਜੀ ਪਾਰਟੀ ਨੂੰ। ਪਤੀ ਕਿਸੇ ਹੋਰ ਧਰਮ ਦੀਆਂ ਰਸਮਾਂ ਨਿਭਾਵੇ, ਪਤਨੀ ਕਿਸੇ ਹੋਰ ਦੀਆਂ। ਉਹ ਤਾਂ ਇੱਕ ਧਰਮ ਦੇ ਦੂਜੇ ਧੜੇ ਵਿੱਚ ਵੀ ਨਹੀਂ ਜਾ ਸਕਦੇ। ਸੱਸ-ਨੂੰਹ, ਪਿਤਾ-ਪੁੱਤਰ ਆਦਿ ਦੇ ਵਿਵਾਦ ਦਾ ਬਹੁਤੀ ਵਾਰੀ ਕਾਰਨ ਇਹ ਹੁੰਦਾ ਹੈ ਕਿ ਕਿਸੇ ਵੀ ਕੰਮ ਨੂੰ ਕਰਨ ਦਾ ਤਰੀਕਾ ਉਨ੍ਹਾਂ ਦਾ ਅਲੱਗ ਅਲੱਗ ਹੈ। ਵੱਖ ਵੱਖ ਮੁੱਦਿਆਂ ਤੇ ਖੇਤਰਾਂ ਨੂੰ ਦਿੱਤੀ ਜਾਣ ਵਾਲੀ ਤਰਜੀਹ ਵੱਖਰੀ ਹੈ। ਹਰ ਇੱਕ ਆਪਣੀ ਤਕਨੀਕ ਨੂੰ ਦੂਸਰੇ ’ਤੇ ਲਾਗੂ ਕਰਨੀ ਚਾਹੁੰਦਾ ਹੈ।
ਕਿੰਨਾ ਚੰਗਾ ਹੋਵੇ ਜੇ ਅਸੀਂ ਹਰ ਦੂਜੇ ਇਨਸਾਨ ਨੂੰ ਉਸ ਦੀਆਂ ਆਪਣੀਆਂ ਸੋਚਾਂ, ਵਿਚਾਰਾਂ, ਤਰੀਕਿਆਂ ਅਤੇ ਤਰਜੀਹਾਂ ਦੇ ਰੱਖਦੇ ਹੋਏ ਵੀ ਸਤਿਕਾਰ ਦੇਣਾ ਸਿੱਖ ਜਾਈਏ। ਜਿਵੇਂ ਸਾਡੇ ਹੱਥ ਦੀਆਂ ਪੰਜੇ ਉਂਗਲਾਂ ਵੱਖ ਵੱਖ ਹੁੰਦੀਆਂ ਵੀ ਇਕੱਠੀਆਂ ਹੋ ਕੇ ਕੰਮ ਕਰਦੀਆਂ ਹਨ। ਸਰੀਰ ਦੇ ਹੋਰ ਅੰਗ ਵੱਖ ਵੱਖ ਹੋ ਕੇ ਆਪੋ ਆਪਣੀ ਡਿਊਟੀ ਵਧੀਆ ਨਿਭਾ ਰਹੇ ਹਨ। ਅਨੇਕਤਾ ਵਿੱਚ ਏਕਤਾ ਦਾ ਨਾਅਰਾ ਲਗਾਇਆ ਜ਼ਰੂਰ ਗਿਆ ਹੈ, ਪਰ ਨਿਭਾਇਆ ਕਦੇ ਨਹੀਂ ਗਿਆ। ਇਸੇ ਲਈ ਸਾਡੇ ਦੇਸ਼ ਵਿੱਚ ਧਰਮਾਂ, ਜਾਤਾਂ ਦੇ ਝਗੜੇ ਅਤੇ ਵਿਵਾਦ ਖ਼ਤਮ ਨਹੀਂ ਹੋ ਸਕਦੇ। ਕਦੇ ਅਜਿਹਾ ਭਾਰਤ ਵਿੱਚ ਸੁਣਨ ਨੂੰ ਨਹੀਂ ਮਿਲਿਆ ਕਿ ਇੱਕ ਤਲਾਕਸ਼ੁਦਾ ਪਤੀ-ਪਤਨੀ ਜਾਂ ਸਾਬਕਾ ਪ੍ਰੇਮੀ-ਪ੍ਰੇਮਿਕਾ ਦੋਸਤਾਂ ਵਾਂਗ ਵਿਚਰਦੇ ਹੋਣ। ਜਦਕਿ ਵਿਦੇਸ਼ਾਂ ਵਿੱਚ ਅਜਿਹਾ ਵਰਤਾਰਾ ਆਮ ਹੈ। ਇੱਕੋ ਇੱਕ ਕਾਰਨ ਕਿ ਸਾਨੂੰ ਦੂਸਰੇ ਨੂੰ ਉਸ ਦੇ ਅੰਦਾਜ਼ ਵਿੱਚ ਜਿਊਣ ਦੇਣਾ ਨਹੀਂ ਆਉਂਦਾ। ਅਸੀਂ ਜਾਂ ਤਾਂ ਪਿਆਰ ਕਰ ਸਕਦੇ ਹਾਂ, ਜਿੱਥੇ ਦੂਸਰੇ ਦੀ ਹਰ ਗ਼ਲਤ ਗੱਲ ਲਈ ਵੀ ਸਾਥ ਦੇਣਾ ਜਾਇਜ਼ ਹੈ ਅਤੇ ਜਾਂ ਨਫ਼ਰਤ ਕਰਨੀ ਜਾਣਦੇ ਹਾਂ ਜਿੱਥੇ ਦੂਸਰੇ ਦੇ ਹਰ ਗੁਣ ਨੂੰ ਵੀ ਔਗੁਣ ਬਣਾ ਕੇ ਪੇਸ਼ ਕਰਦੇ ਹਾਂ। ਉਸ ਦੇ ਗੁਣਾਂ ਅਤੇ ਔਗਣਾਂ ਸਮੇਤ ਉਸ ਨੂੰ ਪਿਆਰ ਕਰਨਾ ਸਾਡੇ ਲਈ ਔਖਾ ਹੈ। ਇਸੇ ਲਈ ਸਾਨੂੰ ਗ਼ਲਤੀ ਮੁਆਫ਼ ਕਰਨੀ ਨਹੀਂ ਆਉਂਦੀ।
ਅਸੰਭਵ ਕੁਝ ਵੀ ਨਹੀਂ, ਜੇ ਕੋਸ਼ਿਸ਼ ਕਰੀਏ ਤਾਂ ਆਪਣੀ ਇਸ ਆਦਤ ਨੂੰ ਆਸਾਨੀ ਨਾਲ ਬਦਲਿਆ ਜਾ ਸਕਦਾ ਹੈ। ਆਪਣੀ ਨਿੱਜ ਦੇ ਵਿਚਾਰ ਅਤੇ ਆਦਤ ਕਾਇਮ ਰੱਖਦੇ ਹੋਏ ਵੀ ਦੂਸਰੇ ਦੇ ਵਿਰੋਧੀ ਵਿਚਾਰ ਅਤੇ ਆਦਤ ਨੂੰ ਸਵੀਕਾਰ ਕਰਕੇ ਉਸ ਨਾਲ ਵਧੀਆ ਸਬੰਧ ਰੱਖੇ ਜਾ ਸਕਦੇ ਹਨ। ਅਸੀਂ ਸ਼ੁਰੂਆਤ ਕਰੀਏ ਤਾਂ ਦੂਸਰਾ ਵਿਅਕਤੀ ਵੀ ਸਾਡੀ ਨਿੱਜੀ ਹੋਂਦ ਨੂੰ ਸਾਡੀ ਵਿਚਾਰਧਾਰਾ ਨੂੰ ਮਾਣ ਦੇਣ ਲੱਗ ਜਾਏਗਾ। ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਉਸ ਧਰਮ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਜਿਹੜਾ ਉਨ੍ਹਾਂ ਦੀ ਆਪਣੀ ਵਿਚਾਰਧਾਰਾ ਨਾਲ ਬਿਲਕੁਲ ਵੀ ਮੇਲ ਨਹੀਂ ਸੀ ਖਾਂਦਾ। ਅਸੀਂ ਕਦੋਂ ਸਬਕ ਲੈ ਕੇ ਆਪਣੀ ਜ਼ਿੰਦਗੀ ਵਿੱਚ ਅਮਲ ਕਰਨਾ ਸ਼ੁਰੂ ਕਰਾਂਗੇ ?
ਸੰਪਰਕ: 98147-15796