ਕਸ਼ਮੀਰ ਕੌਰ ਜੌਹਲ ‘ਕਿੰਗ ਚਾਰਲਸ ਤੀਜਾ ਕੋਰੋਨੇਸ਼ਨ ਮੈਡਲ’ ਨਾਲ ਸਨਮਾਨਿਤ
ਸਰੀ: ਬੀਤੇ ਦਿਨ ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ (ਗੁਰਦੁਆਰਾ ਨਾਨਕ ਨਿਵਾਸ ਸੁਸਾਇਟੀ), ਰਿਚਮੰਡ ਦੀ ਚੇਅਰਪਰਸਨ ਬੀਬੀ ਕਸ਼ਮੀਰ ਕੌਰ ਜੌਹਲ (ਸੁਪਤਨੀ ਮਰਹੂਮ ਆਸਾ ਸਿੰਘ ਜੌਹਲ) ਨੂੰ ਰਿਚਮੰਡ ਈਸਟ-ਸਟੀਵਸਟਨ ਦੇ ਸੰਸਦ ਮੈਂਬਰ ਪਰਮ ਬੈਂਸ ਵੱਲੋਂ ਕਿੰਗ ਚਾਰਲਸ ਤੀਜੇ ਦੇ ਕੋਰੋਨੇਸ਼ਨ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਨਾਨਕ ਨਿਵਾਸ ਵਿਖੇ ਹੋਏ ਸਮਾਗਮ ਵਿੱਚ ਰਿਚਮੰਡ ਦੇ ਮੇਅਰ ਮੈਲਕਮ ਬਰੋਡੀ, ਰਿਚਮੰਡ ਪੁਲੀਸ ਦੇ ਮੁਖੀ ਦੇਵ ਚੌਹਾਨ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਸਾਹਿਬਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।
ਸਮਾਗਮ ਦੀ ਸ਼ੁਰੂਆਤ ਕਰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮੋਹਣ ਸਿੰਘ ਸੰਧੂ ਨੇ ਸਭ ਨੂੰ ਜੀ ਆਇਆਂ ਕਿਹਾ। ਕੈਲੀ ਸਿੱਧੂ ਨੇ ਸਾਰੇ ਮਹਿਮਾਨਾਂ, ਪਤਵੰਤਿਆਂ, ਵਾਲੰਟੀਅਰਾਂ ਅਤੇ ਸ਼ਰਧਾਲੂਆਂ ਦਾ ਸਵਾਗਤ ਕੀਤਾ। ਮੈਡਲ ਪ੍ਰਦਾਨ ਕਰਦਿਆਂ ਸੰਸਦ ਮੈਂਬਰ ਪਰਮ ਬੈਂਸ ਨੇ ਕਿਹਾ ਕਿ ਮਰਹੂਮ ਆਸਾ ਸਿੰਘ ਜੌਹਲ ਅਤੇ ਸਮੁੱਚੇ ਜੌਹਲ ਪਰਿਵਾਰ ਨੇ ਸਮਾਜ ਸੇਵਾ ਦੇ ਕਾਰਜ ਵਿੱਚ ਮਹਾਨ ਯੋਗਦਾਨ ਪਾਇਆ ਹੈ। ਜੌਹਲ ਪਰਿਵਾਰ ਦੀ ਸਿਰਫ਼ ਇੰਡੋ-ਕੈਨੇਡੀਅਨ ਕਮਿਊਨਿਟੀ ਲਈ ਹੀ ਨਹੀਂ ਬਲਕਿ ਬੀ.ਸੀ. ਅਤੇ ਕੈਨੇਡੀਅਨ ਸੁਸਾਇਟੀ ਲਈ ਵੀ ਬਹੁਤ ਵੱਡੀ ਦੇਣ ਹੈ। ਇਸ ਪਰਿਵਾਰ ਨੇ ਹਜ਼ਾਰਾਂ ਲੋਕਾਂ ਨੂੰ ਆਪਣੀਆਂ ਮਿੱਲਾਂ ਵਿੱਚ ਰੁਜ਼ਗਾਰ ਦੇਣ ਤੋਂ ਇਲਾਵਾ ਖੁੱਲ੍ਹੇ ਦਿਲ ਨਾਲ ਵੈਨਕੂਵਰ ਚਿਲਡਰਨ ਹਸਪਤਾਲ, ਰਿਚਮੰਡ ਹਸਪਤਾਲ, ਵੈਨਕੂਵਰ ਜਨਰਲ ਹਸਪਤਾਲ, ਕੈਨੇਡੀਅਨ ਕੈਂਸਰ ਸੁਸਾਇਟੀ, ਰੋਟਰੀ ਕਲੱਬ-ਪੋਲੀਓ ਪਲੱਸ ਅਤੇ ਕਈ ਹੋਰ ਧਾਰਮਿਕ ਅਤੇ ਸਮਾਜਿਕ ਅਦਾਰਿਆਂ ਨੂੰ ਲੱਖਾਂ ਡਾਲਰ ਦਾਨ ਦਿੱਤੇ ਹਨ। ਰਿਚਮੰਡ ਦੇ ਗੁਰਦੁਆਰਾ ਗੁਰੂ ਨਾਨਕ ਨਿਵਾਸ ਦੇ ਨਿਰਮਾਣ ਵਿੱਚ ਵੀ ਇਨ੍ਹਾਂ ਦਾ ਵੱਡਾ ਯੋਗਦਾਨ ਹੈ।
ਉਨ੍ਹਾਂ ਕਿਹਾ ਕਿ ਬੀਬੀ ਕਸ਼ਮੀਰ ਕੌਰ ਜੌਹਲ ਨੂੰ ਕੈਨੇਡਾ ਸਰਕਾਰ ਵੱਲੋਂ ‘ਕਿੰਗ ਚਾਰਲਸ ਤੀਜਾ ਕੋਰੋਨੇਸ਼ਨ ਮੈਡਲ’ ਪ੍ਰਦਾਨ ਕਰਦਿਆਂ ਉਹ ਬੇਹੱਦ ਮਾਣ ਮਹਿਸੂਸ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੂੰ ‘ਕੈਨੇਡੀਅਨ ਚਾਰਟਰ ਆਫ ਰਾਈਟਰਸ ਐਂਡ ਫਰੀਡਮ’ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਭੇਟ ਕੀਤਾ। ਇਸ ਸਮਾਗਮ ਵਿੱਚ ਜੌਹਲ ਪਰਿਵਾਰ ਦੇ ਸਾਰੇ ਮੈਂਬਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਸੰਪਰਕ: +1 604 308 6663