DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੈਫ਼ੇ ਵਾਲੀ ਜੈਸਿਕਾ

ਜਸਬੀਰ ਸਿੰਘ ਆਹਲੂਵਾਲੀਆ ਕਹਾਣੀ ‘‘ਤੂੰ ਇੰਡੀਆ ਦੇ ਕਿਹੜੇ ਸ਼ਹਿਰ ਤੋਂ ਹੈਂ ?’’ ‘‘ਮੈਂ ਇੰਡੀਆ ਤੋਂ ਨਹੀਂ ਹਾਂ। ਮੇਰਾ ਜਨਮ ਇੱਥੇ ਆਸਟਰੇਲੀਆ ਦਾ ਹੈ। ਮੈਂ ਸਿਡਨੀ ਦੇ ਬਲੈਕ ਟਾਊਨ ਹਸਪਤਾਲ ਵਿੱਚ ਜੰਮੀ ਹਾਂ।’’ ‘‘ਲੱਗਦੀ ਤਾਂ ਤੂੰ ਬਿਲਕੁਲ ਇੰਡੀਅਨ ਕੁੜੀ ਏਂ।’’...
  • fb
  • twitter
  • whatsapp
  • whatsapp
Advertisement

ਜਸਬੀਰ ਸਿੰਘ ਆਹਲੂਵਾਲੀਆ

Advertisement

ਕਹਾਣੀ

‘‘ਤੂੰ ਇੰਡੀਆ ਦੇ ਕਿਹੜੇ ਸ਼ਹਿਰ ਤੋਂ ਹੈਂ ?’’

‘‘ਮੈਂ ਇੰਡੀਆ ਤੋਂ ਨਹੀਂ ਹਾਂ। ਮੇਰਾ ਜਨਮ ਇੱਥੇ ਆਸਟਰੇਲੀਆ ਦਾ ਹੈ। ਮੈਂ ਸਿਡਨੀ ਦੇ ਬਲੈਕ ਟਾਊਨ ਹਸਪਤਾਲ ਵਿੱਚ ਜੰਮੀ ਹਾਂ।’’

‘‘ਲੱਗਦੀ ਤਾਂ ਤੂੰ ਬਿਲਕੁਲ ਇੰਡੀਅਨ ਕੁੜੀ ਏਂ।’’

‘‘ਜੀ ਨਹੀਂ, ਮੈਂ ਮਿਕਸ ਹਾਂ। ਮੇਰਾ ਬਾਪ ਫਿਜੀ ਇੰਡੀਅਨ ਹੈ ਤੇ ਮੇਰੀ ਮਾਂ ਆਸਟਰੇਲੀਅਨ।’’

‘‘ਤੇਰਾ ਬਾਪ ਕੀ ਕੰਮ ਕਰਦਾ ਹੈ?’’

‘‘ਜੀ ਪਤਾ ਨਹੀਂ! ਮੇਰੇ ਬਾਪ ਨੇ ਇੱਥੇ ਆਸਟਰੇਲੀਆ ਵਿੱਚ ਪੱਕਾ ਹੋਣ ਲਈ ਮੇਰੀ ਮਾਂ ਨੂੰ ਫਸਾ ਕੇ ਉਸ ਨਾਲ ਵਿਆਹ ਕਰ ਲਿਆ। ਫਿਰ ਜਦੋਂ ਪੱਕਾ

ਹੋ ਗਿਆ ਤਾਂ ਮੇਰੀ ਮਾਂ ਨੂੰ ਛੱਡ ਗਿਆ। ਦੋ ਮਹੀਨਿਆਂ ਬਾਅਦ ਮੈਂ ਜੰਮ ਪਈ।’’

‘‘ਬਹੁਤ ਮਾੜਾ ਹੋਇਆ। ਕੀ ਤੇਰੀ ਮਾਂ ਨੇ ਦੂਜਾ ਵਿਆਹ ਨਹੀਂ ਕਰਵਾਇਆ।’’

‘‘ਕਰਵਾਇਆ ਸੀ। ਉਹ ਵੀ ਸਫਲ ਨਹੀਂ ਹੋਇਆ। ਸ਼ਰਾਬ ਬਹੁਤ ਪੀਂਦਾ ਸੀ। ਸ਼ਰਾਬ ਪੀ ਕੇ ਮਾਂ ਨਾਲ ਲੜਦਾ ਰਹਿੰਦਾ ਸੀ। ਇੱਕ ਦਿਨ ਮਾਂ ਨੇ ਗੁੱਸੇ

ਵਿੱਚ ਆ ਕੇ ਉਸ ਨੂੰ ਘਰੋਂ ਕੱਢ ਦਿੱਤਾ।’’

‘‘ਫਿਰ ਵਾਪਸ ਘਰ ਨਹੀਂ ਆਇਆ?’’

‘‘ਆਇਆ ਸੀ। ਮੁਆਫ਼ੀ ਮੰਗਦਾ ਸੀ, ਪਰ ਮੇਰੀ ਮਾਂ ਨੇ ਮੁਆਫ਼ ਨਹੀਂ ਕੀਤਾ।’’

‘‘ਜੈਸਿਕਾ...।’’ ਮੈਨੇਜਰ ਨੇ ਕੁੜੀ ਨੂੰ ਆਵਾਜ਼ ਦਿੱਤੀ।

ਜੈਸਿਕਾ, ਸੁਰਜੀਤ ਨੂੰ ਆਪਣੇ ਬਾਰੇ ਦੱਸ ਰਹੀ ਸੀ। ਮੈਨੇਜਰ ਦੀ ਆਵਾਜ਼ ਸੁਣ ਕੇ ਸੁਰਜੀਤ ਨੂੰ ਮਹਿਸੂਸ ਹੋਇਆ ਕਿ ਉਹ ਕਿਉਂ ਜੈਸਿਕਾ ਨਾਲ ਫ਼ਜ਼ੂਲ

ਜਿਹੀਆਂ ਗੱਲਾਂ ਕਰਨ ਲੱਗ ਪਿਆ। ਇਹ ਉਸ ਦਾ ਮਨਪਸੰਦ ਕੈਫ਼ੇ ਸੀ। ਸੁਰਜੀਤ ਅਕਸਰ ਇੱਥੇ ਆਉਂਦਾ ਰਹਿੰਦਾ ਸੀ। ਇੱਥੇ ਕੰਮ ਕਰਨ ਵਾਲੇ ਸੁਰਜੀਤ ਨੂੰ

ਪਹਿਚਾਨਣ ਲੱਗ ਪਏ ਸਨ। ਜੈਸਿਕਾ ਵੀ ਇਨ੍ਹਾਂ ਵਿੱਚੋਂ ਇੱਕ ਸੀ। ਅੱਜ ਤਾਂ ਜੈਸਿਕਾ ਥੋੜ੍ਹਾ ਖੁੱਲ੍ਹ ਕੇ ਗੱਲ ਕਰ ਰਹੀ ਸੀ। ਸੁਰਜੀਤ ਨੇ ਜੈਸਿਕਾ ਨੂੰ ਇੱਕ ਕੱਪ ਚਾਹ ਅਤੇ ਇੱਕ ਟੋਸਟ ਲਿਆਉਣ ਲਈ ਕਿਹਾ। ਜੈਸਿਕਾ ਸੁਰਜੀਤ ਦਾ ਆਰਡਰ ਲੈ ਕੇ ਆ ਗਈ। ਸੁਰਜੀਤ ਆਪਣੇ ਮੋਬਾਈਲ ਫੋਨ ’ਤੇ ਲੱਗ ਗਿਆ। ਉਹ ਹੁਣ ਤੱਕ ਚਾਰ ਦੁਕਾਨਾਂ ’ਤੇ ਹੋ ਆਇਆ ਹੈ। ਦੋ ਦੁਕਾਨਾਂ ਤੋਂ ਉਸ ਨੂੰ ਚੰਗੇ ਆਰਡਰ ਵੀ ਮਿਲ ਗਏ ਹਨ। ਹੁਣ ਉਹ ਇੱਕ ਕੈਫ਼ੇ ਵਿੱਚ ਚਾਹ ਪੀ ਰਿਹਾ ਹੈ। ਜਿਉਂ ਹੀ ਸੁਰਜੀਤ ਨੇ ਮਾਈਕਲ ਨਾਲ ਫੋਨ ਮਿਲਾਇਆ, ਅੱਗੋਂ ਮਾਈਕਲ ਨੇ ਦੱਸਿਆ ਕਿ ਉਹ ਇੱਕ ਮੀਟਿੰਗ ਵਿੱਚ ਹੈ ਅਤੇ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਉਹ ਉਸ ਨੂੰ ਫੋਨ ਕਰੇਗਾ। ਸੁਰਜੀਤ ਨੇ ਓ.ਕੇ. ਕਹਿ ਕੇ ਫੋਨ ਬੰਦ ਕਰ ਦਿੱਤਾ।

ਸੁਰਜੀਤ ਨੇ ਆਪਣਾ ਮੋਬਾਈਲ ਫੋਨ ਟੇਬਲ ’ਤੇ ਰੱਖਿਆ ਅਤੇ ਬੈਗ ਵਿੱਚੋਂ ਆਪਣੀ ਡਾਇਰੀ ਕੱਢ ਕੇ ਉਸ ਵਿੱਚ ਕੁੱਝ ਲਿਖਣਾ ਸ਼ੁਰੂ ਕਰ ਦਿੱਤਾ। ਕੁੱਝ ਮਿੰਟਾਂ

ਬਾਅਦ ਜੈਸਿਕਾ ਚਾਹ ਲੈ ਕੇ ਆ ਗਈ। ਸੁਰਜੀਤ ਨੇ ਵੇਖਿਆ ਕਿ ਚਾਹ ਤਾਂ ਆ ਗਈ ਹੈ, ਪਰ ਰੇਯਿਨ ਟੋਸਟ ਨਹੀਂ ਆਇਆ। ਉਸ ਨੇ ਇਸ ਬਾਰੇ ਜੈਸਿਕਾ ਨੂੰ ਪੁੱਛਿਆ। ਜੈਸਿਕਾ ਨੇ ਦੱਸਿਆ ਕਿ ਰੇਯਿਨ ਟੋਸਟ ਕਿਚਨ ਵਿੱਚੋਂ ਰੋਸਟ ਹੋ ਕੇ ਮੱਖਣ ਦੇ ਨਾਲ ਆ ਰਿਹਾ ਹੈ। ਜੈਸਿਕਾ ਨੇ ਸੁਰਜੀਤ ਨੂੰ ਇੱਕ ਸਵਾਲ ਪਾ

ਦਿੱਤਾ,

‘‘ਤੁਸੀਂ ਮੈਨੂੰ ਆਪਣੇ ਘਰ ਨੌਕਰਾਣੀ ਰੱਖ ਲਉ।’’

ਸੁਰਜੀਤ ਇਕਦਮ ਹੈਰਾਨ ਹੋ ਗਿਆ। ਇਹ ਕਿੱਦਾਂ ਦਾ ਸਵਾਲ ਕਰ ਦਿੱਤਾ ਕੁੜੀ ਨੇ? ਉਸ ਨੇ ਜੈਸਿਕਾ ਨੂੰ ਪੁੱਛਿਆ,

‘‘ਕਿਉਂ? ਕੀ ਤੂੰ ਇਸ ਕੈਫ਼ੇ ਵਿੱਚ ਖ਼ੁਸ਼ ਨਹੀਂ?’’

‘‘ਨਹੀਂ! ਮੈਂ ਇੱਥੇ ਬਿਲਕੁਲ ਖ਼ੁਸ਼ ਨਹੀਂ। ਮੈਥੋਂ ਕੰਮ ਬਹੁਤ ਕਰਵਾਇਆ ਜਾਂਦਾ ਹੈ ਅਤੇ ਪੈਸੇ ਬਹੁਤ ਘੱਟ ਦਿੰਦੇ ਹਨ। ਫਿਰ ਮੈਨੇਜਰ ਮੇਰੇ ’ਤੇ ਬੁਰੀ ਨਜ਼ਰ

ਵੀ ਰੱਖਦਾ ਹੈ। ਮੇਰੇ ਕੰਮ ਦੀ ਵੀ ਤਾਂ ਬਿਲਕੁਲ ਤਾਰੀਫ਼ ਨਹੀਂ ਕਰਦਾ। ਇਹ ਮੈਨੇਜਰ ਕੀ, ਮੇਰੀ ਮਾਂ ਵੀ ਮੈਨੂੰ ਹਰ ਵੇਲੇ ਡਾਂਟਦੀ ਰਹਿੰਦੀ ਹੈ। ਕਹਿੰਦੀ ਹੈ...।’’

‘‘ਜੈਸਿਕਾ..!’’ ਜੈਸਿਕਾ ਦੇ ਮੈਨੇਜਰ ਨੇ ਜੈਸਿਕਾ ਦੀ ਗੱਲ ਨੂੰ ਵਿੱਚੋਂ ਹੀ ਟੋਕ ਦਿੱਤਾ। ਇਸ ਵਾਰੀ ਇਹ ਆਵਾਜ਼ ਜ਼ਰਾ ਗੁੱਸੇ ਵਾਲੀ ਸੀ।

ਸੁਰਜੀਤ ਨੇ ਜੈਸਿਕਾ ਨੂੰ ਕਿਹਾ, ‘‘ਜੈਸਿਕਾ! ਮੇਰਾ ਰੇਯਿਨ ਟੋਸਟ ਲੈ ਆ। ਦੇਖ! ਮੇਰੀ ਚਾਹ ਠੰਢੀ ਹੋ ਰਹੀ ਹੈ।’’ ਸੁਰਜੀਤ ਨੇ ਚਾਹ ਦਾ ਘੁੱਟ ਭਰਦਿਆਂ

ਕੁੜੀ ਦੀਆਂ ਗੱਲਾਂ ਨੂੰ ਅਣਗੌਲਿਆ ਕਰ ਦਿੱਤਾ। ਸੋਚਣ ਲੱਗਾ, ‘‘ਇਹ ਕੁੜੀ ਅਜੇ ਮਸਾਂ ਪੰਦਰਾਂ ਸੋਲ੍ਹਾਂ ਸਾਲਾਂ ਦੀ ਹੋਵੇਗੀ। ਸਿਰ ’ਤੇ ਮੁਸੀਬਤਾਂ ਦੀ ਪੰਡ ਚੁੱਕੀ

ਫਿਰਦੀ ਹੈ।’’

ਜੈਸਿਕਾ ਨਹੀਂ, ਕੋਈ ਹੋਰ ਮੁੰਡਾ ਰੇਯਿਨ ਟੋਸਟ ਤੇ ਮੱਖਣ ਲੈ ਕੇ ਆ ਗਿਆ।

ਸੁਰਜੀਤ ਨੇ ਛੁਰੀ ਨਾਲ ਟੋਸਟ ’ਤੇ ਮੱਖਣ ਲਾਇਆ ਤੇ ਫਿਰ ਕਾਂਟੇ ਨਾਲ ਟੋਸਟ ਨੂੰ ਪਲੇਟ ਵਿੱਚ ਨੱਪ ਕੇ ਤੇ ਛੁਰੀ ਨਾਲ ਕੱਟ ਕੇ ਖਾਣ ਲੱਗਾ। ਜਿਉਂ ਹੀ ਉਸ ਨੇ ਟੋਸਟ ਮੂੰਹ ਵਿੱਚ ਪਾਇਆ, ਉਸ ਦੇ ਮੋਬਾਈਲ ਦੀ ਘੰਟੀ ਵੱਜ ਪਈ। ਕਿਸੇ ਗਾਹਕ ਦਾ ਫੋਨ ਸੀ। ਉਸ ਨੇ ਸੁਰਜੀਤ ਨੂੰ ਆਪਣੀ ਦੁਕਾਨ ’ਤੇ ਬੁਲਾਇਆ ਸੀ ਅਤੇ ਇੱਕ ਆਰਡਰ ਦੇਣਾ ਚਾਹੁੰਦਾ ਸੀ। ਸੁਰਜੀਤ ਨੇ ਜਲਦੀ ਜਲਦੀ ਚਾਹ ਤੇ ਰੇਯਿਨ ਟੋਸਟ ਖ਼ਤਮ ਕੀਤੇ, ਆਪਣੀ ਡਾਇਰੀ ਤੇ ਬੈਗ ਸੰਭਾਲਿਆ, ਮੈਨੇਜਰ ਕੋਲ ਗਿਆ ਤੇ ਉਸ ਨੂੰ ਗਿਣ ਕੇ ਨੌਂ ਡਾਲਰ ਤੇ ਪੰਜਾਹ ਸੈਂਟ ਦੀ ਪੇਮੈਂਟ ਕੀਤੀ ਤੇ ਕੈਫ਼ੇ ਵਿੱਚੋਂ ਬਾਹਰ ਆ ਗਿਆ।

ਜਿਉਂ ਹੀ ਸੁਰਜੀਤ ਨੇ ਕਾਰ ਸਟਾਰਟ ਕੀਤੀ, ਜੈਸਿਕਾ ਦੀ ਗੱਲਬਾਤ ਉਸ ਦੇ ਦਿਮਾਗ਼ ’ਤੇ ਭਾਰੀ ਹੋਣ ਲੱਗੀ।

‘‘ਮੈਨੂੰ ਆਪਣੇ ਘਰ ਨੌਕਰਾਣੀ ਰੱਖ ਲਉ।’’

‘‘ਮੈਂ ਇੱਥੇ ਬਿਲਕੁਲ ਖ਼ੁਸ਼ ਨਹੀਂ।’’

‘‘ਮੈਨੇਜਰ ਮੇਰੇ ’ਤੇ ਬੁਰੀ ਨਜ਼ਰ ਰੱਖਦਾ ਹੈ।’’

ਸੁਰਜੀਤ ਨੇ ਜੈਸਿਕਾ ਨੂੰ ਆਪਣੇ ਦਿਮਾਗ਼ ਦੇ ਕਿਸੇ ਡੂੰਘੇ ਕੋਨੇ ਵਿੱਚ ਬਿਠਾ ਦਿੱਤਾ ਤੇ ਆਪ ਆਪਣੇ ਕੰਮ ਬਾਰੇ ਸੋਚਣ ਲੱਗਾ। ਇੱਕ ਦੁਕਾਨ ’ਤੇ ਗਿਆ, ਆਪਣਾ

ਸਾਮਾਨ ਵੇਚਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬੀ ਨਾ ਮਿਲੀ। ਦੂਜੀ ਦੁਕਾਨ ’ਤੇ ਗਿਆ। ਉੱਥੋਂ ਇੱਕ ਆਰਡਰ ਮਿਲ ਗਿਆ। ਸੁਰਜੀਤ ਖ਼ੁਸ਼ ਹੋ ਗਿਆ। ਇੱਕ ਹੋਰ

ਦੁਕਾਨ ’ਤੇ ਗਿਆ। ਗੱਲਬਾਤ ਚੰਗੀ ਹੋ ਗਈ, ਪਰ ਆਰਡਰ ਵਾਸਤੇ ਦੁਕਾਨ ਦੇ ਮਾਲਕ ਨੇ ਸੁਰਜੀਤ ਨੂੰ ਦੋ ਹਫ਼ਤਿਆਂ ਬਾਅਦ ਆਉਣ ਲਈ ਕਿਹਾ। ਸੁਰਜੀਤ ਨੂੰ ਭੁੱਖ ਲੱਗਣੀ ਸ਼ੁਰੂ ਹੋ ਗਈ। ਇਸ ਤੋਂ ਪਹਿਲਾਂ ਕਿ ਉਹ ਕੁੱਝ ਖਾਂਦਾ, ਉਹ ਉਸ ਦੁਕਾਨ ’ਤੇ ਪਹੁੰਚ ਗਿਆ ਜਿੱਥੋਂ ਉਸ ਨੂੰ ਸਵੇਰੇ ਕੈਫ਼ੇ ਵਿੱਚ ਚਾਹ ਪੀਂਦਿਆਂ ਫੋਨ ਆਇਆ ਸੀ।

ਇਸ ਦੁਕਾਨ ਤੋਂ ਉਸ ਨੂੰ ਇੱਕ ਚੰਗਾ ਆਰਡਰ ਵੀ ਮਿਲਣਾ ਸੀ। ਸੁਰਜੀਤ ਦੁਕਾਨ ਦੇ ਅੰਦਰ ਗਿਆ, ਦੁਕਾਨ ਦੇ ਮਾਲਕ ਨਾਲ ਗੱਲਬਾਤ ਕੀਤੀ, ਇੱਕ ਚੰਗਾ ਆਰਡਰ ਲਿਆ ਤੇ ਬਾਹਰ ਆ ਗਿਆ। ਸੁਰਜੀਤ ਬਹੁਤ ਖ਼ੁਸ਼ ਸੀ। ਸੁਰਜੀਤ ਖ਼ੁਸ਼ੀ ਨੂੰ ਸਮੇਟਦਾ ਹੋਇਆ ਜਲਦੀ ਹੀ ਆਪਣੇ ਮਨਪਸੰਦ ਇੰਡੀਅਨ ਰੈਸਟੋਰੈਂਟ ਵਿੱਚ ਪਹੁੰਚ ਗਿਆ। ਇਸ ਰੈਸਟੋਰੈਂਟ ਦਾ ਮਾਲਕ ਜੈ ਪਰਕਾਸ਼ ਸੁਰਜੀਤ ਦਾ ਚੰਗਾ ਵਾਕਿਫ਼ ਬਣ ਚੁੱਕਾ ਸੀ। ਸੁਰਜੀਤ ਆਪਣੇ ਮਨਪਸੰਦ ਮੇਜ਼ ਨੰਬਰ ਦਸ ’ਤੇ ਆਣ ਬੈਠਾ। ਭੁੱਖ ਪੂਰੀ ਤਰ੍ਹਾਂ ਚਮਕ ਚੁੱਕੀ ਸੀ। ਸੁਰਜੀਤ ਨੇ ਜੈ ਪਰਕਾਸ਼ ਨੂੰ ਖਾਣੇ ਦਾ ਆਰਡਰ ਕੀਤਾ ਤੇ ਬੈਗ ਵਿੱਚੋਂ ਡਾਇਰੀ ਕੱਢ ਕੇ ਕੁੱਝ ਲਿਖਣ ਲੱਗ ਪਿਆ। ਲਿਖਦਿਆਂ ਲਿਖਦਿਆਂ ਖ਼ਿਆਲ ਆਇਆ ਕਿ ਉਸ ਦੇ ਬੌਸ ਮਾਈਕਲ ਦਾ ਫੋਨ ਆਉਣਾ ਸੀ, ਪਰ ਅਜੇ ਤੱਕ ਨਹੀਂ ਆਇਆ। ਸੁਰਜੀਤ ਨੇ ਸੋਚਿਆ ਕਿ ਚਲੋ ਉਹ ਆਪ ਹੀ ਮਾਈਕਲ ਨੂੰ ਫੋਨ ਕਰ ਕੇ ਅੱਜ ਦੇ ਆਰਡਰਾਂ ਬਾਰੇ ਦੱਸ ਦੇਵੇ। ਮਾਈਕਲ ਬਹੁਤ ਖ਼ੁਸ਼ ਹੋਵੇਗਾ।

ਜਿਉਂ ਹੀ ਸੁਰਜੀਤ ਨੇ ਮੋਬਾਈਲ ਫੋਨ ਲਈ ਆਪਣੇ ਕੋਟ ਦੀ ਅੰਦਰਲੀ ਜੇਬ ਵਿੱਚ ਹੱਥ ਪਾਇਆ ਤਾਂ ਉਸ ਦੇ ਹੋਸ਼ ਉੱਡ ਗਏ। ਉਹ ਇਕਦਮ ਘਬਰਾ

ਗਿਆ। ਉਸ ਦੀ ਜੇਬ ਵਿੱਚ ਫੋਨ ਨਹੀਂ ਸੀ। ਸੁਰਜੀਤ ਅਕਸਰ ਆਪਣਾ ਮੋਬਾਈਲ ਫ਼ੋਨ ਕੋਟ ਦੀ ਇਸੇ ਅੰਦਰਲੀ ਜੇਬ ਵਿੱਚ ਰੱਖਦਾ ਸੀ। ਉਸ ਨੇ ਆਪਣੇ ਕੋਟ ਦੀਆਂ

ਸਾਰੀਆਂ ਜੇਬਾਂ ਫੋਲ ਮਾਰੀਆਂ, ਆਪਣੀ ਪੈਂਟ ਦੀਆਂ ਸਾਰੀਆਂ ਜੇਬਾਂ ਫੋਲ ਮਾਰੀਆਂ, ਆਪਣਾ ਬੈਗ ਚੰਗੀ ਤਰ੍ਹਾਂ ਫੋਲ ਮਾਰਿਆ, ਪਰ ਮੋਬਾਈਲ ਫੋਨ ਨੇ ਨਾ

ਮਿਲਣਾ ਸੀ ਤੇ ਨਾ ਹੀ ਮਿਲਿਆ। ਸੁਰਜੀਤ ਹੋਰ ਵੀ ਘਬਰਾ ਗਿਆ। ਉਸ ਦੀ ਸਾਰੀ ਭੁੱਖ ਪਤਾ ਨਹੀਂ ਕਿਹੜੇ ਖੰਭ ਲਾ ਕੇ ਕਿੱਥੇ ਉੱਡ ਪੁੱਡ ਗਈ। ਇਹ ਸਿਰਫ਼

ਮੋਬਾਈਲ ਫੋਨ ਹੀ ਨਹੀਂ ਸੀ, ਇਸ ਦੇ ਕਵਰ ਵਿੱਚ ਉਸ ਦਾ ਡਰਾਈਵਿੰਗ ਲਾਇਸੈਂਸ ਅਤੇ ਕਰੈਡਿਟ ਕਾਰਡ ਵੀ ਸਨ। ਇਸ ਤੋਂ ਇਲਾਵਾ ਉਸ ਦਾ ਮੈਡੀਕੇਅਰ ਕਾਰਡ, ਬੀਮੇ ਦਾ ਕਾਰਡ ਅਤੇ ਕੰਪਨੀ ਦਾ ਕਰੈਡਿਟ ਕਾਰਡ ਵੀ ਸਨ।

ਸੁਰਜੀਤ ਬਾਹਰ ਆਪਣੀ ਕਾਰ ਵੱਲ ਦੌੜਿਆ। ਜੈ ਪਰਕਾਸ਼ ਸੁਰਜੀਤ ਲਈ ਖਾਣਾ ਲੈ ਕੇ ਆ ਰਿਹਾ ਸੀ। ਉਸ ਨੇ ਵੇਖਿਆ ਕਿ ਸੁਰਜੀਤ ਬਹੁਤ ਪਰੇਸ਼ਾਨ ਹੈ। ਉਹ

ਸੁਰਜੀਤ ਦੇ ਪਿੱਛੇ ਕਾਰ ਤੱਕ ਗਿਆ। ਸੁਰਜੀਤ ਨੇ ਕਾਰ ਦੀਆਂ ਸਭ ਸੀਟਾਂ ਫੋਲ ਮਾਰੀਆਂ। ਸਭ ਖਾਨੇ ਫੋਲ ਮਾਰੇ। ਕਾਰ ਦੇ ਬੂਟ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ, ਪਰ ਮੋਬਾਈਲ ਫੋਨ ਨਹੀਂ ਲੱਭਾ।

ਜੈ ਪਰਕਾਸ਼ ਕਹਿਣ ਲੱਗਾ, ‘‘ਸਰ ਜੀ! ਕਈ ਵਾਰੀ ਮੋਬਾਈਲ ਫੋਨ ਕਾਰ ਦੀ ਕਿਸੇ ਸੀਟ ਦੇ ਥੱਲੇ ਚਲਾ ਜਾਂਦਾ ਹੈ। ਮੈਂ ਆਪਣੇ ਫੋਨ ਤੋਂ ਤੁਹਾਡੇ ਫੋਨ ਦਾ ਨੰਬਰ ਮਿਲਾਉਂਦਾ ਹਾਂ। ਜੇ ਕਾਰ ਦੀ ਕਿਸੇ ਸੀਟ ਥੱਲੇ ਹੋਵੇਗਾ ਤਾਂ ਉਸ ਦੀ ਘੰਟੀ ਵੱਜ ਪਵੇਗੀ।’’

ਜੈ ਪਰਕਾਸ਼ ਨੇ ਨੰਬਰ ਮਿਲਾਇਆ। ਅੱਗੋਂ ਆਵਾਜ਼ ਆਈ, ‘‘ਮੈਂ ਜੈਸਿਕਾ ਬੋਲ ਰਹੀ ਹਾਂ। ਤੁਸੀਂ ਆਪਣਾ ਮੋਬਾਈਲ ਫੋਨ ਇੱਥੇ ਛੱਡ ਗਏ ਹੋ। ਮੈਂ ਇੱਥੇ ਚਾਰ

ਵਜੇ ਤੱਕ ਹਾਂ। ਇਸ ਤੋਂ ਪਹਿਲਾਂ ਪਹਿਲਾਂ ਆ ਕੇ ਲੈ ਜਾਉ।’’

ਸੁਰਜੀਤ ਦੀ ਜਾਨ ਵਿੱਚ ਜਾਨ ਆਈ। ਜੈ ਪਰਕਾਸ਼ ਪੁੱਛਣ ਲੱਗਾ, ‘‘ਇਹ ਜੈਸਿਕਾ ਕੌਣ ਹੈ?’’

ਸੁਰਜੀਤ ਨੇ ਦੱਸਿਆ ਕਿ ਜੈਸਿਕਾ ਉਸ ਕੈਫ਼ੇ ਵਿੱਚ ਕੰਮ ਕਰਦੀ ਹੈ, ਜਿੱਥੇ ਉਹ ਸਵੇਰੇ ਚਾਹ ਪੀਣ ਗਿਆ ਸੀ। ਬਹੁਤ ਹੀ ਚੰਗੀ ਕੁੜੀ ਹੈ।’’

ਸੁਰਜੀਤ ਨੂੰ ਯਾਦ ਆਇਆ ਕਿ ਜੈਸਿਕਾ ਨੇ ਕਿਹਾ ਸੀ ਕਿ ਉਹ ਉਸ ਕੈਫ਼ੇ ਵਿੱਚ ਖ਼ੁਸ਼ ਨਹੀਂ ਹੈ। ਸੁਰਜੀਤ ਨੇ ਜੈ ਪਰਕਾਸ਼ ਨੂੰ ਪੁੱਛਿਆ ਕਿ ਕੀ ਉਹ

ਜੈਸਿਕਾ ਨੂੰ ਆਪਣੇ ਰੈਸਟੋਰੈਂਟ ਵਿੱਚ ਕੰਮ ’ਤੇ ਰੱਖ ਲਵੇਗਾ। ਅੱਗੋਂ ਜੈ ਪਰਕਾਸ਼ ਕਹਿਣ ਲੱਗਾ, ‘‘ਸਰ ਜੀ! ਤੁਹਾਡੀ ਸਿਫ਼ਾਰਸ਼ ਨੂੰ ਮੈਂ ਕਿਵੇਂ ਮੋੜ ਸਕਦਾ ਹਾਂ।’’

ਸੁਰਜੀਤ ਕਾਰ ਬੰਦ ਕਰ ਕੇ ਜੈ ਪਰਕਾਸ਼ ਦੇ ਨਾਲ ਅੰਦਰ ਰੈਸਟੋਰੈਂਟ ਵਿੱਚ ਆ ਗਿਆ। ਸੁਰਜੀਤ ਦੀ ਭੁੱਖ ਵਾਪਸ ਆ ਗਈ। ਜੈ ਪਰਕਾਸ਼ ਕਿਚਨ ਵਿੱਚ

ਗਿਆ ਅਤੇ ਸੁਰਜੀਤ ਵਾਸਤੇ ਤਾਜ਼ਾ ਖਾਣਾ ਲੈ ਕੇ ਆ ਗਿਆ।

ਸੁਰਜੀਤ ਜੈਸਿਕਾ ਕੋਲੋਂ ਆਪਣਾ ਮੋਬਾਹੀਲ ਫੋਨ ਲੈਣ ਲਈ ਸਵੇਰ ਵਾਲੇ ਕੈਫ਼ੇ ਵੱਲ ਜਾ ਰਿਹਾ ਸੀ। ਉਹ ਜੈਸਿਕਾ ਦੇ ਖ਼ਿਆਲਾਂ ਵਿੱਚ ਗੁਆਚਦਾ ਜਾ ਰਿਹਾ

ਸੀ। ‘ਕਿੰਨੀ ਚੰਗੀ ਕੁੜੀ ਹੈ। ਮੇਰਾ ਏਨਾ ਕੀਮਤੀ ਮੋਬਾਈਲ ਫੋਨ ਅਤੇ ਹੋਰ ਜ਼ਰੂਰੀ ਕਾਰਡ ਸੰਭਾਲ ਕੇ ਰੱਖੇ ਹਨ। ਜੇ ਉਹ ਨਾ ਸੰਭਾਲਦੀ ਜਾਂ ਮੈਨੂੰ ਨਾ ਦੱਸਦੀ ਤਾਂ

ਮੇਰਾ ਕਿੰਨਾ ਕੁ ਨੁਕਸਾਨ ਹੋ ਸਕਦਾ ਸੀ, ਇਸ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਕੰਪਨੀ ਮੇਰੇ ’ਤੇ ਸਖ਼ਤ ਐਕਸ਼ਨ ਲੈ ਸਕਦੀ ਸੀ। ਮੈਨੂੰ ਨੌਕਰੀ ਤੋਂ

ਵੀ ਹੱਥ ਧੋਣੇ ਪੈ ਸਕਦੇ ਸਨ। ਵਾਕਿਆ ਹੀ ਜੈਸਿਕਾ ਬਹੁਤ ਚੰਗੀ ਕੁੜੀ ਹੈ। ਉਸ ਨੂੰ ਖ਼ਾਸ ਤਰ੍ਹਾਂ ਦਾ ਤੋਹਫ਼ਾ ਦੇਣਾ ਚਾਹੀਦਾ ਹੈ।’

‘ਖ਼ਾਸ ਤਰ੍ਹਾਂ ਦਾ ਤੋਹਫ਼ਾ...ਕੀ ਮਤਲਬ?’ ਸੁਰਜੀਤ ਨੇ ਆਪਣੇ ਆਪ ਨੂੰ ਸਵਾਲ ਕੀਤਾ।

‘ਖ਼ਾਸ ਤਰ੍ਹਾਂ ਦਾ...ਮਤਲਬ..ਖ਼ਾਸ ਤਰ੍ਹਾਂ ਦਾ...!’ ਸੁਰਜੀਤ ਨੇ ਆਪਣੇ ਆਪ ਨੂੰ ਜਵਾਬ ਦਿੱਤਾ।

ਖ਼ਾਸ ਤਰ੍ਹਾਂ ਦਾ ਸੋਚਦਿਆਂ ਸੋਚਦਿਆਂ ਸੁਰਜੀਤ ਨੇ ਆਪਣੀ ਕਾਰ ਇੱਕ ਸ਼ਾਪਿੰਗ ਮਾਲ ਦੇ ਕਾਰ ਪਾਰਕ ਵਿੱਚ ਜਾ ਲਾਈ। ਸ਼ਾਪਿੰਗ ਮਾਲ ਦੇ ਅੰਦਰ ਗਿਆ।

ਇੱਕ ਖ਼ਾਸ ਤਰ੍ਹਾਂ ਦਾ ਤੋਹਫ਼ਾ ਖ਼ਰੀਦਿਆ ਤੇ ਵਾਪਸ ਕਾਰ ਵਿੱਚ ਆ ਗਿਆ।

ਕੁੱਝ ਮਿੰਟ ਬਾਅਦ ਹੀ ਉਹ ਉਸ ਕੈਫ਼ੇ ਵਿੱਚ ਪਹੁੰਚਿਆ, ਜਿੱਥੇ ਜੈਸਿਕਾ ਕੰਮ ਕਰਦੀ ਸੀ। ਸੁਰਜੀਤ ਰਿਸੈਪਸ਼ਨ ’ਤੇ ਪਹੁੰਚਿਆ। ਉੱਥੇ ਉਸ ਨੂੰ ਉਹੀ ਮੁੰਡਾ

ਮਿਲਿਆ, ਜਿਸ ਨੇ ਸਵੇਰੇ ਉਸ ਨੂੰ ਰੇਯਿਨ ਟੋਸਟ ਅਤੇ ਮੱਖਣ ਦਿੱਤਾ ਸੀ। ਮੁੰਡੇ ਨੇ ਸੁਰਜੀਤ ਨੂੰ ਪਹਿਚਾਣ ਲਿਆ। ਪੁੱਛਣ ਲੱਗਾ ਕਿ ਉਹ ਉਸ ਲਈ ਕੀ ਸੇਵਾ

ਕਰ ਸਕਦਾ ਹੈ? ਸੁਰਜੀਤ ਨੇ ਕਿਹਾ ਕਿ ਉਹ ਜੈਸਿਕਾ ਨੂੰ ਮਿਲਣ ਆਇਆ ਹੈ। ਉਸ ਮੁੰਡੇ ਨੇ ਦੱਸਿਆ ਕਿ ਜੈਸਿਕਾ ਕਿਚਨ ਵਿੱਚ ਹੈ। ਉਹ ਮੁੰਡਾ ਜੈਸਿਕਾ

ਨੂੰ ਬੁਲਾਉਣ ਕਿਚਨ ਵਿੱਚ ਚਲਾ ਗਿਆ।

ਕੁੱਝ ਕੁ ਮਿੰਟਾਂ ਬਾਅਦ ਹੀ ਜੈਸਿਕਾ ਕਿਚਨ ਵਿੱਚੋਂ ਬਾਹਰ ਆਉਂਦੀ ਨਜ਼ਰ ਆਈ। ਉਸ ਦੇ ਹੱਥ ਵਿੱਚ ਸੁਰਜੀਤ ਦਾ ਮੋਬਾਈਲ ਫੋਨ ਸਾਫ਼ ਨਜ਼ਰ ਆ ਰਿਹਾ

ਸੀ। ਉਸ ਨੇ ਫੁਰਤੀ ਨਾਲ ਮੋਬਾਈਲ ਫੋਨ ਸੁਰਜੀਤ ਨੂੰ ਫੜਾਇਆ ਤੇ ਫੁਰਤੀ ਨਾਲ ਹੀ ਵਾਪਸ ਕਿਚਨ ਵੱਲ ਚੱਲ ਪਈ।

‘‘ਜੈਸੀਕਾ...!’’ ਸੁਰਜੀਤ ਨੇ ਆਵਾਜ਼ ਦਿੱਤੀ। ਜੈਸਿਕਾ ਨੇ ਪਿੱਛੇ ਮੁੜ ਕੇ ਸੁਰਜੀਤ ਵੱਲ ਵੇਖਿਆ। ਸੁਰਜੀਤ ਨੇ ਜੈਸਿਕਾ ਨੂੰ ਇਸ਼ਾਰੇ ਨਾਲ ਆਪਣੇ ਕੋਲ

ਬੁਲਾਇਆ। ਜੈਸਿਕਾ ਸੁਰਜੀਤ ਦੇ ਕੋਲ ਆ ਕੇ ਖੜ੍ਹੀ ਹੋ ਗਈ।

‘‘ਜੈਸਿਕਾ! ਦੇਖ! ਮੈਂ ਤੇਰੇ ਲਈ ਕੀ ਲੈ ਕੇ ਆਇਆ ਹਾਂ।’’ ਸੁਰਜੀਤ ਨੇ ਹੱਥ ਵਿੱਚ ਫੜਿਆ ਖ਼ਾਸ ਤੋਹਫ਼ਾ ਜੈਸਿਕਾ ਨੂੰ ਵਿਖਾਉਂਦਿਆਂ ਕਿਹਾ। ਜੈਸਿਕਾ ਨੇ ਵੇਖਿਆ ਕਿ ਸੁਰਜੀਤ ਦੇ ਹੱਥ ਵਿੱਚ ਇੱਕ ਚਾਕਲੇਟ ਦਾ ਡੱਬਾ ਹੈ ਅਤੇ ਉਸ ਉੱਪਰ ਇੱਕ ਬਿਜ਼ਨਸ ਕਾਰਡ ਹੈ। ਸੁਰਜੀਤ ਨੇ ਇਹ ਖ਼ਾਸ ਤੋਹਫ਼ਾ ਜੈਸਿਕਾ ਨੂੰ ਫੜਾਉਂਦਿਆਂ ਕਿਹਾ,

‘‘ਤੂੰ ਮੇਰਾ ਮੋਬਾਈਲ ਸੰਭਾਲ ਕੇ ਰੱਖਿਆ ਹੈ। ਇਸ ਦੇ ਬਦਲੇ ਮੈਂ ਇਸ ਇੰਡੀਅਨ ਰੈਸਟੋਰੈਂਟ ਵਿੱਚ ਤੇਰੀ ਨੌਕਰੀ ਪੱਕੀ ਕਰ ਆਇਆ ਹਾਂ। ਕੱਲ੍ਹ ਤੋਂ ਤੂੰ ਇਸ ਨਵੀਂ

ਨੌਕਰੀ ’ਤੇ ਜਾਇਆ ਕਰੀਂ। ਇੱਥੇ ਤੈਨੂੰ ਪੈਸੇ ਵੀ ਜ਼ਿਆਦਾ ਮਿਲਣਗੇ ਅਤੇ ਕੋਈ ਤੈਨੂੰ ਬੁਰੀ ਨਜ਼ਰ ਨਾਲ ਨਹੀਂ ਵੇਖੇਗਾ।’’

ਜੈਸਿਕਾ ਚਾਕਲੇਟ ਦਾ ਡੱਬਾ ਤੇ ਬਿਜ਼ਨਸ ਕਾਰਡ ਫੜ ਕੇ ਸੁਰਜੀਤ ਵੱਲ ਵੇਖਣ ਲੱਗ ਪਈ। ਸੁਰਜੀਤ ਨੇ ਜੈਸਿਕਾ ਦਾ ਚਿਹਰਾ ਵੇਖਿਆ। ਜੈਸਿਕਾ ਦੀਆਂ

ਅੱਖਾਂ ਵਿੱਚ ਹੰਝੂ ਤਰ ਰਹੇ ਸਨ। ਉਹ ਜਜ਼ਬਾਤੀ ਹੋ ਚੁੱਕੀ ਸੀ। ਇੱਕ ਭਰਵੀਂ ਜਿਹੀ ਆਵਾਜ਼ ਵਿੱਚ ਕਹਿਣ ਲੱਗੀ, ‘‘ਮੇਰੇ ਕੰਮ ਦੀ ਕਦੇ ਕਿਸੇ ਨੇ ਕਦਰ ਨਹੀਂ

ਪਾਈ। ਤੁਸੀਂ ਪਹਿਲੇ ਇਨਸਾਨ ਹੋ ਜਿਸ ਨੇ ਮੇਰੇ ਕੰਮ ਦੀ ਕਦਰ ਪਾਈ ਹੈ। ਤੁਹਾਡਾ ਇਹ ਚਾਕਲੇਟ ਦਾ ਡੱਬਾ ਮੈਂ ਆਪਣੀ ਮਾਂ ਨੂੰ ਦੇਵਾਂਗੀ। ਹੁਣ ਉਹ ਮੈਨੂੰ ਡਾਂਟਿਆ

ਨਹੀਂ ਕਰੇਗੀ। ਤੁਹਾਡਾ ਇਹ ਕਾਰਡ ਮੈਂ ਹਮੇਸ਼ਾਂ ਆਪਣੇ ਨਾਲ ਰੱਖਾਂਗੀ। ਇਹ ਮੈਨੂੰ ਜ਼ਿੰਦਗੀ ਵਿੱਚ ਹਮੇਸ਼ਾਂ ਅੱਗੇ ਵਧਣ ਦਾ ਹੌਸਲਾ ਦਿੰਦਾ ਰਹੇਗਾ।’’ ਜੈਸਿਕਾ

ਹੋਰ ਵੀ ਜਜ਼ਬਾਤੀ ਹੋ ਗਈ।

ਕਹਿਣ ਲੱਗੀ, ‘‘ਕੀ ਮੈਂ ਤੁਹਾਨੂੰ ਜੱਫੀ ਪਾ ਸਕਦੀ ਹਾਂ?’’

‘‘ਕਿਉਂ ਨਹੀਂ?’’ ਸੁਰਜੀਤ ਨੇ ਆਪਣੀਆਂ ਬਾਹਵਾਂ ਖੋਲ੍ਹ ਦਿੱਤੀਆਂ।

ਜੈਸਿਕਾ ਨੇ ਘੁੱਟ ਕੇ ਜੱਫੀ ਪਾ ਲਈ। ਸੁਰਜੀਤ ਨੂੰ ਮਹਿਸੂਸ ਹੋਇਆ ਜਿਵੇਂ ਉਸ ਦੀ ਆਪਣੀ ਧੀ ਉਸ ਦੀਆਂ ਬਾਹਵਾਂ ਵਿੱਚ ਸਮਾ ਗਈ ਹੈ। ਸੁਰਜੀਤ ਨੇ ਜੈਸਿਕਾ

ਦੇ ਸਿਰ ’ਤੇ ਹੱਥ ਫੇਰਿਆ ਤੇ ਅਸੀਸ ਦਿੱਤੀ, ‘‘ਰੱਬ ਤੈਨੂੰ ਹਮੇਸ਼ਾਂ ਤੰਦਰੁਸਤ ਤੇ ਖ਼ੁਸ਼ ਰੱਖੇ।’’ ਜੈਸਿਕਾ ਨੇ ਜੱਫੀ ਨੂੰ ਥੋੜ੍ਹਾ ਹੋਰ ਘੁੱਟ ਲਿਆ ਤੇ ਫਿਰ ਹੌਲੀ ਜਿਹੀ

ਕਿਹਾ, ‘‘ਥੈਂਕ ਯੂ।’’

ਸੰਪਰਕ: 61403125209

Advertisement
×