DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੈ ਕੌਰ

ਕਹਾਣੀ ਘਰ ਦੇ ਕੰਮ ਧੰਦੇ ਨਿਬੇੜ ਕੇ ਮੈਂ ਵਿਹੜੇ ’ਚ ਡੱਠੇ ਤਖਤਪੋਸ਼ ’ਤੇ ਲੇਟ ਕੇ ਖਿੜੀ ਹੋਈ ਨਿੱਘੀ ਧੁੱਪ ਦਾ ਅਨੰਦ ਮਾਣ ਰਹੀ ਸੀ। ਘਰ ਦੇ ਮੂਹਰਿਓਂ ਲੰਘਦੀ ਸੜਕ ’ਤੇ ਜਾਂਦੇ ਟਰੈਕਟਰ ’ਤੇ ਉੱਚੀ ਆਵਾਜ਼ ’ਚ ਵੱਜ ਰਿਹਾ ਗੀਤ ‘ਤੇਰਾ...
  • fb
  • twitter
  • whatsapp
  • whatsapp
Advertisement

ਕਹਾਣੀ

ਘਰ ਦੇ ਕੰਮ ਧੰਦੇ ਨਿਬੇੜ ਕੇ ਮੈਂ ਵਿਹੜੇ ’ਚ ਡੱਠੇ ਤਖਤਪੋਸ਼ ’ਤੇ ਲੇਟ ਕੇ ਖਿੜੀ ਹੋਈ ਨਿੱਘੀ ਧੁੱਪ ਦਾ ਅਨੰਦ ਮਾਣ ਰਹੀ ਸੀ। ਘਰ ਦੇ ਮੂਹਰਿਓਂ ਲੰਘਦੀ ਸੜਕ ’ਤੇ ਜਾਂਦੇ ਟਰੈਕਟਰ ’ਤੇ ਉੱਚੀ ਆਵਾਜ਼ ’ਚ ਵੱਜ ਰਿਹਾ ਗੀਤ ‘ਤੇਰਾ ਵਿਕਦਾ ਜੈ ਕੁਰੇ ਪਾਣੀ, ਲੋਕਾਂ ਦਾ ਨਾ ਦੁੱਧ ਵਿੱਕਦਾ’ ਮੇਰੇ ਕੰਨੀ ਪਿਆ ਤਾਂ ਖ਼ੁਦ ਪਤਾ ਨਾ ਲੱਗਿਆ, ਕਦ ਬਚਪਨ ਦੇ ਦਿਨਾਂ ’ਚ ਪਹੁੰਚ ਗਈ।

Advertisement

ਮੇਰੀ ਸਹੇਲੀ ਜੈ ਕੌਰ ਦੀ ਜ਼ਿੰਦਗੀ ਦੇ ਵਰਕੇ ਮੇਰੀਆਂ ਅੱਖਾ ਮੂਹਰੇ ਉੱਘੜਨ ਲੱਗ ਪਏ। ਅਸੀਂ ਆਪਣੀਆਂ ਚੰਗੀਆਂ ਮਾੜੀਆਂ ਗੱਲਾਂ ਇੱਕ ਦੂਜੀ ਤੋਂ ਨਹੀਂ ਸੀ ਲੁਕੋਂਦੀਆਂ ਹੁੰਦੀਆਂ। ਜਦ ਇਕੱਠੀਆਂ ਹੁੰਦੀਆਂ, ਸਾਡੀਆਂ ਗੱਲਾਂ ਘੰਟਿਆਂ ਬੱਧੀ ਨਾ ਮੁੱਕਦੀਆਂ। ਨਾ ਮੈਂ ਆਪਣਾ ਮਨ ਉਸ ਕੋਲ ਫਰੋਲਣ ਤੋਂ ਝਿਜਕਦੀ ਤੇ ਉਹ ਵੀ ਉਦੋਂ ਤੱਕ ਚੁੱਪ ਨਾ ਹੁੰਦੀ, ਜਦ ਤੱਕ ਉਹ ਆਪਣੀ ਆਖਰੀ ਗੱਲ ਮੁਕਾ ਨਾ ਲੈਂਦੀ। ਮੇਰੇ ਤੋਂ ਅੱਠ ਮਹੀਨੇ ਵੱਡੀ ਹੋਣ ਕਰਕੇ ਮੈਂ ਉਸ ਨੂੰ ਦੀਦੀ ਕਹਿ ਕੇ ਛੇੜਦੀ ਤਾਂ ਉਹ ਵੱਡੀ ਬਣਨ ਦਾ ਗੁੱਸਾ ਕਰਦੀ। ਉਦੋਂ ਪਿੰਡਾਂ ’ਚ ਵੱਡੀ ਭੈਣ ਨੂੰ ਦੀਦੀ ਕਹਿਣ ਦਾ ਰਿਵਾਜ ਪੈਣ ਹੀ ਲੱਗਾ ਸੀ।

ਪਿੰਡ ਦੇ ਕਰਨੈਲ ਸਿੰੰਘ ਫੌਜੀ ਦੀ ਇਕਲੌਤੀ ਧੀ ਜੈ ਕੌਰ। ਉਸ ਦਾ ਜਨਮ 1971 ਵਾਲੀ ਭਾਰਤ-ਪਾਕ ਜੰਗ ਤੋਂ ਤਿੰਨ ਮਹੀਨੇ ਬਾਅਦ 3 ਮਾਰਚ ਨੂੰ ਹੋਇਆ ਸੀ। ਬਹੁਤੇ ਭਾਰਤੀ ਫੌਜੀਆਂ ਤੋਂ ਨਵਾਂ ਬੰਗਲਾ ਦੇਸ਼ ਹੋਂਦ ’ਚ ਲਿਆਉਣ ਤੇ ਪਾਕਿਸਤਾਨ ਦੇ 98 ਹਜ਼ਾਰ ਫੌਜੀਆਂ ਤੋਂ ਹਥਿਆਰ ਸੁਟਵਾਉਣ ਦੀ ਖ਼ੁਸ਼ੀ ਸਾਂਭੀ ਨਹੀਂ ਸੀ ਜਾਂਦੀ ਹੁੰਦੀ। 1965 ਵਾਲੀ ਜੰਗ ’ਚ ਬਹਾਦਰੀ ਵਿਖਾਉਣ ਬਦਲੇ ਕਰਨੈਲ ਸਿੰਘ ਸਨਮਾਨਿਆ ਗਿਆ ਸੀ। 1965 ਦੀ ਜੰਗ ਮੌਕੇ ਤਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਵੱਲੋਂ ਦਿੱਤਾ ਗਿਆ ਜੈ ਜਵਾਨ ਜੈ ਕਿਸਾਨ ਵਾਲਾ ਨਾਅਰਾ ਕਰਨੈਲ ਸਿੰਘ ਅਕਸਰ ਗੁਣ-ਗੁਣਾਉਂਦਾ ਸੀ। ਵਿਆਹ ਦੇ 11 ਸਾਲਾਂ ਬਾਅਦ ਆਪਣੇ ਘਰ ਪੈਦਾ ਹੋਣ ਵਾਲੇ ਪਹਿਲੇ ਬੱਚੇ ਦਾ ਨਾਂ ਜੈ ਸਿੰਘ ਜਾਂ ਕੌਰ ਰੱਖਣ ਬਾਰੇ ਉਸ ਨੇ ਫੌਜਣ ਨਾਲ ਸਲਾਹ ਕਰਕੇ ਮਨ ਬਣਾ ਲਿਆ ਸੀ।

ਸਾਡੇ ਘਰ ਇੱਕੋ ਗਲੀ ਵਿੱਚ ਥੋੜ੍ਹੇ ਫ਼ਰਕ ਨਾਲ ਹੋਣ ਕਰਕੇ ਮੈਂ ਤੇ ਜੈ ਕੌਰ ਗਿਰਧਾਰੀ ਲਾਲ ਦੀ ਦੁਕਾਨ ਮੂਹਰਲੇ ਵੱਡੇ ਸਾਰੇ ਥੜ੍ਹੇ ’ਤੇ ਖੇਡਣ ਜਾਂਦੀਆਂ ਸੀ ਤੇ ਉੱਥੋਂ ਹੀ ਸਾਡੇ ਸਹੇਲਪੁਣੇ ਦੀਆਂ ਗੰਢਾਂ ਪੀਡੀਆਂ ਹੋ ਗਈਆਂ। ਕੁੜੀਆਂ ਤਾਂ ਹੋਰ ਵੀ ਖੇਡਣ ਆਉਂਦੀਆਂ ਸੀ, ਪਰ ਸਾਡੀ ਦੋਹਾਂ ਦੀ ਰਾਸ ਵਾਹਵਾ ਰਲਦੀ। ਫਿੰਨੋ, ਸ਼ਿੰਦੀ, ਕਰਮੀ, ਬੀਰੋ, ਜੀਤੋ, ਪਰਸਿੰਨੀ, ਮਿੰਦੋ, ਜਗੀਰੋ ਤੇ ਹੋਰ ਕਿੰਨੀਆਂ ਕੁੜੀਆਂ ਉੱਥੇ ਆਉਂਦੀਆਂ ਸੀ, ਪਰ ਮੇਰਾ ਤੇ ਜੈ ਕੌਰ ਦਾ ਨਾਗਾ ਘੱਟ ਈ ਪੈਂਦਾ। ਸ਼ਟਾਪੂ, ਗੁੱਡੀਆਂ ਪਟੋਲੇ, ਗੀਟੇ ਹੋਰ ਖੇਡਾਂ ਖੇਡਦਿਆਂ ਸਾਨੂੰ ਦੁਪਹਿਰ ਦੀ ਰੋਟੀ ਦਾ ਚੇਤਾ ਭੁੱਲ ਜਾਂਦਾ। ਦੋਹਾਂ ’ਚੋਂ ਇੱਕ ਦੀ ਮਾਂ ਸੱਦਣ ਆਉਂਦੀ ਤਾਂ ਦੂਜੀ ਵੀ ਘੱਟੇ ਨਾਲ ਭਰੇ ਹੱਥ ਝਾੜ ਕੇ ਆਪਣੇ ਘਰ ਨੂੰ ਤੁਰ ਪੈਂਦੀ। ਕਈ ਵਾਰ ਸਾਡੀਆਂ ਖੇਡਾਂ ਅੱਧ ਵਿਚਾਲੇ ਰਹਿ ਜਾਂਦੀਆਂ। ਕੋਈ ਹੋਰ ਕੁੜੀ ਸਾਡੇ ਦੋਹਾਂ’ਚੋਂ ਕਿਸੇ ਇੱਕ ਨੂੰ ਕੁਝ ਗ਼ਲਤ ਕਹਿੰਦੀ ਤਾਂ ਉਸ ਦਾ ਟਾਕਰਾ ਅਸੀਂ ਦੋਵੇਂ ਕਰਦੀਆਂ। ਇੱਕ ਨੂੰ ਨਵੀਂ ਫ਼ਰਾਕ ਮਿਲਦੀ ਤਾਂ ਦੂਜੀ ਆਪਣੇ ਮਾਪਿਆਂ ਨੂੰ ਉਹੋ ਜਿਹੀ ਲਿਆ ਕੇ ਦੇਣ ਦੀ ਜ਼ਿੱਦ ਕਰਦੀ।

ਜੈ ਕੌਰ ਨੂੰ ਸੱਤਵਾਂ ਸਾਲ ਲੱਗਾ ਤਾਂ ਉਸ ਦੇ ਡੈਡੀ ਸਕੂਲ ਦਾਖਲ ਕਰਵਾ ਆਏ। ਅਗਲੇ ਦਿਨ ਮੈਨੂੰ ਪਤਾ ਲੱਗਾ ਤਾਂ ਉਸ ਨੂੰ ਉਲਾਂਭਾ ਦੇਣ ਉਨ੍ਹਾਂ ਦੇ ਘਰ ਗਈ।

“ਅੜੀਏ, ਹੁਣੇ ਈ ਐਨੀ ਨਿਰਮੋਹੀ ਹੋ ਗਈ ਏਂ, ਮੈਨੂੰ ਵੀ ਦੱਸ ਦਿੰਦੀ, ਮੈਂ ਵੀ ਤੇਰੇ ਨਾਲ ਦਾਖਲ ਹੋ ਜਾਂਦੀ?’’ ਮੈਂ ਆਪਣਾ ਰੋਸ ਪ੍ਰਗਟਾਇਆ।

ਜੈ ਕੌਰ ਨੇ ਬੇਵਸੀ ਦੱਸੀ, ‘‘ਮੈਂ ਡੈਡੀ ਨੂੰ ਕਿਹਾ ਸੀ, ਪਰ ਉਹ ਕਹਿੰਦੇ ਬੇਬੀ ਦੀ ਉਮਰ ਨਹੀਂ ਹੋਈ ਦਾਖਲ ਹੋਣ ਦੀ।’’

ਘਰ ਆ ਕੇ ਮੈਂ ਜੈ ਕੌਰ ਦੀ ਜਮਾਤਣ ਬਣਨ ਦਾ ਰਾਗ ਅਲਾਪੀ ਜਾਵਾਂ। ਅਗਲੇ ਦਿਨ ਮੰਮੀ ਨੇ ਮੈਨੂੰ ਤਿਆਰ ਕੀਤਾ ਤੇ ਡੈਡੀ ਸਕੂਲ ਲੈ ਗਏ। ਮਾਸਟਰ ਜੀਤ ਰਾਮ ਨੂੰ ਮੇਰੀ ਜਨਮ ਤਰੀਕ ਦੱਸੀ ਤਾਂ ਉਸ ਨੇ ਸਿਰ ਫੇਰ ਦਿੱਤਾ। ਨਾਂਹ ਸੁਣ ਕੇ ਮੇਰਾ ਰੋਣ ਨਿਕਲ ਗਿਆ। ਪਤਾ ਨਹੀਂ ਮਾਸਟਰ ਜੀਤ ਰਾਮ ਦੇ ਮਨ ’ਚ ਕੀ ਆਇਆ, ਮੇਰੇ ਸਿਰ ’ਤੇ ਹੱਥ ਫੇਰਕੇ ਕਹਿੰਦੇ,

‘‘ਕੁੜੀਏ ਰੋ ਨਾ, ਕੱਢਦੇ ਆਂ ਕੋਈ ਹੱਲ।’’ ਫਿਰ ਡੈਡੀ ਨੂੰ ਕਹਿੰਦੇ, ‘‘ਕੁੜੀ ਨੂੰ ਚਾਰ ਕੁ ਮਹੀਨੇ ਵੱਡੀ ਕਰਨਾ ਪਊ।’’

ਪਹਿਲਾਂ ਤਾਂ ਡੈਡੀ ਨੂੰ ਵੱਡੀ ਕਰਨ ਦੀ ਸਮਝ ਨਾ ਲੱਗੀ, ਫਿਰ ਆਪੇ ਈ ਕਹਿੰਦੇ,

‘‘ਕੋਈ ਨਾ ਮਾਸਟਰ ਜੀ, ਜਿਵੇਂ ਤੁਹਾਨੂੰ ਕੋਈ ਹੱਲ ਲੱਭਦਾ ਉਹੀ ਕਰੋ, ਪਰ ਨਿੱਕੀ ਨੂੰ ਦਾਖਲ ਕਰ ਲਓ।’’

ਮਾਸਟਰ ਜੀ ਕੁਰਸੀ ਤੋਂ ਉੱਠੇ ਤੇ ਲੱਕੜ ਦੀ ਅਲਮਾਰੀ ’ਚੋਂ ਖੱਦੀ ਜਿਹੀ ਜਿਲਦ ਵਾਲਾ ਮੋਟਾ ਸਾਰਾ ਰਜਿਸਟਰ ਕੱਢ ਲਿਆਏ। ਥੋੜ੍ਹੇ ਵਰਕੇ ਫਰੋਲੇ ਤੇ ਇੱਕ ਵਰਕੇ ਦੇ ਅੱਧ ਵਿਚਾਲੇ ਜਿਹੇ ਖਾਨੇ ਵਿੱਚ ਮੇਰਾ ਨਾਂ, ਡੈਡੀ ਦਾ ਨਾਂ ਤੇ ਜਨਮ ਤਰੀਕ ਲਿਖ ਕੇ ਡੈਡੀ ਦੇ ਦਸਤਖ਼ਤ ਕਰਵਾ ਕੇ ਕਹਿੰਦੇ,

‘‘ਸਰਦਾਰ ਜੀ ਕੱਲ੍ਹ ਤੋਂ ਭੇਜ ਦਿਓ ਕੁੜੀ ਨੂੰ ਬਸਤਾ ਦੇ ਕੇ। ਦੋਵਾਂ ਸਹੇਲੀਆਂ ਨੂੰ ਨਾਲ ਨਾਲ ਬਿਠਾ ਦਿਆ ਕਰਾਂਗੇ।’’ ਡੈਡੀ ਨੇ ਹੱਥ ਜੋੜ ਕੇ ਮਾਸਟਰ ਜੀ ਦਾ ਸ਼ੁਕਰਾਨਾ ਕੀਤਾ ਤੇ ਮੇਰੀ ਉਂਗਲ ਫੜਕੇ ਘਰ ਨੂੰ ਲੈ ਤੁਰੇ। ਮੈਂ ਟਾਟ ’ਤੇ ਬੈਠੀ ਜੈ ਕੌਰ ਵੱਲ ਵੇਖ ਕੇ ਹੱਥ ਹਿਲਾਇਆ। ਉਹ ਮੇਰੀ ਮੁਸਕਰਾਹਟ ਤੋਂ ਈ ਸਮਝ ਗਈ ਕਿ ਮੇਰਾ ਦਾਖਲਾ ਹੋ ਗਿਆ ਤੇ ਕੱਲ੍ਹ ਤੋਂ ’ਕੱਠੀਆਂ ਆਇਆ ਕਰਾਂਗੀਆਂ।

ਘਰ ਪਹੁੰਚ ਕੇ ਡੈਡੀ ਨੇ ਮੰਮੀ ਨੂੰ ਦਾਖਲੇ ਬਾਰੇ ਦੱਸ ਕੇ ਅਗਲੇ ਦਿਨ ਤੋਂ ਸਕੂਲ ਭੇਜਣ ਬਾਰੇ ਕਿਹਾ ਤੇ ਮੇਰੀ ਡਰੈੱਸ ਬਾਰੇ ਸਮਝਾ ਦਿੱਤਾ। ਮੈਂ ਖ਼ੁਸ਼ੀ ’ਚ ਖੀਵੀ ਹੋਈ ਜੈ ਕੌਰ ਨੂੰ ਉਡੀਕਣ ਲੱਗੀ। ਮੰਮੀ ਗੁਆਂਢੀਆਂ ਦੇ ਘਰ ਤਪਦੇ ਤੰਦੂਰ ਤੋਂ ਦੁਪਹਿਰ ਦੀਆਂ ਰੋਟੀਆਂ ਵੀ ਲਾਹ ਲਿਆਏ, ਪਰ ਮੇਰੀ ਉਡੀਕ ਤਾਂ ਜੈ ਕੌਰ ਦੇ ਸਕੂਲੋਂ ਆਉਣ ’ਤੇ ਈ ਮੁੱਕਣੀ ਸੀ। ਮੰਮੀ ਨੇ ਸਾਰਿਆਂ ਨੂੰ ਰੋਟੀ ਖਾਣ ਲਈ ਕਿਹਾ, ਪਰ ਮੈਨੂੰ ਭੁੱਖ ਕਿੱਥੇ ? ਮਸੀਂ ਕਿਤੇ ਦੋ ਵੱਜੇ। ਮੈਂ ਵਾਰ ਵਾਰ ਆਪਣੇ ਗੇਟ ’ਤੇ ਜਾ ਕੇ ਗਲੀ ’ਚ ਝਾਤੀ ਮਾਰ ਆਉਂਦੀ, ਪਰ ਜੈ ਕੁਰ ਨਾ ਦਿਸਦੀ। ਆਖਰ ਮੰਮੀ ਮੈਨੂੰ ਕੁੱਦ ਕੇ ਪਏ ਕਿ ਉਹਨੂੰ ਸਕੂਲੋਂ ਆਉਂਦਿਆਂ 15-20 ਮਿੰਟ ਲੱਗਣੇ ਆਂ, ਅਜੇ ਤਾਂ ਛੁੱਟੀ ਹੋਇਆਂ 10 ਮਿੰਟ ਨਹੀਂ ਹੋਏ। ਅੰਦਰ ਲਿਜਾ ਕੇ ਮੰਮੀ ਨੇ ਥਾਲੀ ਮੇਰੇ ਮੂਹਰੇ ਰੱਖੀ। ਮੈਂ ਬੁਰਕੀ ਤੋੜ ਕੇ ਮੂੰਹ ’ਚ ਪਾ ਲਵਾਂ ਤੇ ਗੇਟ ਦੀ ਹੇਠਲੀ ਜਾਲੀ ’ਚੋਂ ਬੀਹੀ ’ਚੋਂ ਲੰਘਦੀ ਜੈ ਕੁਰ ਨੂੰ ਤੱਕਣ ਲੱਗਦੀ। ਇੱਧਰੋਂ ਮੈਂ ਦੋਵੇਂ ਫੁਲਕੇ ਮੁਕਾ ਲਏ ਤੇ ਉੱਧਰ ਗੇਟ ਦਾ ਪੱਲਾ ਅੰਦਰ ਵੱਲ ਖੁੱਲ੍ਹਦਾ ਦਿਸਿਆ। ਅੰਦਰ ਲੰਘਦੀ ਜੈ ਕੁਰ ਵੇਖ ਕੇ ਮੈਨੂੰ ਤਾਂ ਚਾਅ ਚੜ੍ਹ ਗਿਆ। ਮੈਂ ਭੱਜ ਕੇ ਉਸ ਨੂੰ ਗੇਟ ’ਤੇ ਜਾ ਮਿਲੀ ਤੇ ਜੱਫੀ ਵਿੱਚ ਲੈ ਲਿਆ।

‘‘ਹੁਣ ’ਕੱਠੀਆਂ ਸਕੂਲ ਜਾਇਆ ਕਰਾਂਗੀਆਂ।’’ ਮੇਰੇ ਮਨ ਦੀ ਵੇਦਨਾ ਕਦੋਂ ਜ਼ਬਾਨ ’ਤੇ ਆ ਗਈ ਮੈਨੂੰ ਪਤਾ ਈ ਨਾ ਲੱਗਾ।

‘‘ਮੈਂ ਵੇਖ ਲਿਆ ਸੀ ਤੈਨੂੰ ਅੰਕਲ ਦੇ ਨਾਲ ਸਕੂਲ ਗਈ ਨੂੰ। ਅੜੀਏ ਮੇਰਾ ਜੀਅ ਕਰੇ, ਜਮਾਤ ’ਚੋਂ ਭੱਜ ਕੇ ਤੈਨੂੰ ਜੱਫੀ ਪਾ ਲਵਾਂ, ਪਰ ਔਹੁ ਲੰਬੜਾਂ ਦਾ ਮੁੰਡਾ ਨਾ ਜੀਤਾ, ਮਾਸਟਰ ਜੀ ਨੇ ਉਸ ਨੂੰ ਮੌਨੀਟਰ ਬਣਾਇਆ ਹੋਇਆ। ਟੀਰਾ ਟੀਰਾ ਝਾਕਦਾ ਸੀ ਮੇਰੇ ਵੱਲ।’’

ਮੰਮੀ ਨੇ ਜੈ ਕੁਰ ਨੂੰ ਰੋਟੀ ਖਾਣ ਲਈ ਜ਼ੋਰ ਲਾਇਆ, ਪਰ ਉਸ ਨੇ ਘਰ ਜਾ ਕੇ ਖਾਣ ਦੀ ਜ਼ਿੱਦ ਪੁਗਾਈ ਤੇ ਸ਼ਾਮ ਨੂੰ ਖੇਡਣ ਬਾਰੇ ਕਹਿ ਕੇ ਆਪਣੇ ਘਰ ਨੂੰ ਤੁਰ ਪਈ। ਅਗਲੇ ਦਿਨ ਤੋਂ ਇਕੱਠੀਆਂ ਸਕੂਲ ਜਾਣ ਲੱਗੀਆਂ। ਉਸ ਨਾਲ ਮੋਹ ਵਿੱਚ ਕੋਈ ਕਸਰ ਤਾਂ ਪਹਿਲਾਂ ਹੀ ਬਾਕੀ ਨਹੀਂ ਸੀ, ਪਰ ਜਦ ਉਹ ਆਪਣੇ ਮਾਪਿਆਂ ਵੱਲੋਂ ਦੱਸੀ ਕੋਈ ਚੰਗੀ ਗੱਲ ਮੇਰੇ ਨਾਲ ਸਾਂਝੀ ਕਰਦੀ, ਤਾਂ ਸੱਚ ਦੱਸਦੀ ਆਂ, ਮੈਨੂੰ ਉਹ ਕੋਈ ਦੇਵੀ ਲੱਗਦੀ। ਮੈਂ ਆਪਣੇ ਆਪ ਨੂੰ ਉਸ ਮੂਹਰੇ ਛੋਟੀ ਮਹਿਸੂਸ ਕਰਦੀ। ਪੇਪਰ ਆਉਂਦੇ ਤਾਂ ਮੈਂ ਉਸ ਨੂੰ ਪਹਿਲਾਂ ਈ ਕਹਿ ਦਿੰਦੀ, ਮੈਂ ਤੇਰੇ ਤੋਂ ਥੋੜ੍ਹਾ ਪਿੱਛੇ ਰਹਾਂਗੀ। ਉਸ ਤੋਂ ਥੋੜ੍ਹੇ ਘੱਟ ਨੰਬਰ ਲੈ ਕੇ ਮੈਨੂੰ ਖ਼ੁਸ਼ੀ ਹੁੰਦੀ। ਉਹ ਹਿਸਾਬ ਵਿੱਚ ਮੇਰੇ ਤੋਂ ਕਮਜ਼ੋਰ ਸੀ, ਮੈਂ ਜਾਣ ਬੁੱਝ ਕੇ ਇੱਕ ਦੋ ਸਵਾਲ ਗ਼ਲਤ ਕਰਦੀ ਤਾਂ ਕਿ ਮੇਰੇ ਨੰਬਰ ਉਸ ਤੋਂ ਵੱਧ ਨਾ ਆਉਣ। ਦਸਵੀਂ ਕਰ ਲਈ, ਪਰ ਸਾਡੇ ਵਿੱਚ ਕੋਈ ਫ਼ਰਕ ਆਉਣ ਦੀ ਥਾਂ ਮਨਾਂ ਵਿੱਚ ਸਾਂਝ ਦੀਆਂ ਗੰਢਾਂ ਹੋਰ ਪੀਢੀਆਂ ਹੁੰਦੀਆਂ ਗਈਆਂ। ਜੈ ਕੁਰ ਦਾ ਮਨ ਸੀ ਕਿ ਉਹ ਅੱਗੇ ਪੜ੍ਹੇ। ਸਕੂਲੇ ਉਹ ਅਕਸਰ ਕਾਲਜ ਦੀਆਂ ਗੱਲਾਂ ਕਰਿਆ ਕਰਦੀ ਸੀ, ਪਰ ਕੱਦ ਕਾਠ ਕੱਢ ਚੁੱਕੀ ਜੈ ਕੁਰ ਦੇ ਡੈਡੀ-ਮੰਮੀ ਉਸ ਦੇ ਹੱਥ ਪੀਲੇ ਕਰਨ ਦੀਆਂ ਵਿਉਂਤਾ ਘੜਨ ਲੱਗ ਪਏ।

ਅਸੀਂ ਰੋਜ਼ ਮਿਲਣ ਦਾ ਕੋਈ ਨਾ ਕੋਈ ਬਹਾਨਾ ਲੱਭ ਈ ਲੈਂਦੀਆਂ। ਇੱਕ ਦਿਨ ਉਹ ਕਾਫ਼ੀ ਉਦਾਸ ਸੀ। ਕਹਿੰਦੀ

‘‘ਆਹ ਚੰਗੇ ਨੰਬਰ ਲੈਣ ਨੇ ਮੇਰਾ ਕਾਲਜ ਦਾ ਸੁਪਨਾ ਈ ਚਕਨਾਚੂਰ ਕਰ ’ਤਾ। ਇੱਕ ਦਿਨ ਮੈਂ ਡੈਡੀ-ਮੰਮੀ ਨੂੰ ਗੱਲਾਂ ਕਰਦਿਆਂ ਸੁਣਿਆ ਸੀ, ਅਖੇ ਬਥੇਰੀ ਲਾਇਕ ਆ, ਅਗਲਿਆਂ ਨੌਕਰੀ ਕਰਾਉਣੀ ਹੋਈ ਤਾਂ ਆਪੇ ਅੱਗੋਂ ਪੜ੍ਹਾਈ ਕਰਵਾ ਲੈਣਗੇ। ਭਲਾ ਅਗਲੇ ਘਰ, ਜਿਹਨੂੰ ਮਾਪੇ ਕੁੜੀਆਂ ਦਾ ਆਪਣਾ ਘਰ ਕਹਿ ਕੇ ਤੋਰਦੇ ਆ, ਉੱਥੇ ਜਾ ਕੇ ਮੈਂ ਘਰ ਸੰਭਾਲੂੰ ਜਾਂ ਪੜ੍ਹਾਈ ਕਰੂੰਗੀ ?’’ ਮੈਂ ਵੇਖਿਆ, ਉਸ ਤੋਂ ਭਰੇ ਮਨ ਨਾਲ ਮਸੀਂ ਇੰਨਾ ਕੁ ਹੀ ਕਹਿ ਹੋਇਆ ਸੀ।

ਇੱਧਰ ਮੇਰੇ ਡੈਡੀ ਨੇ ਇੱਕ ਦਿਨ ਮੈਨੂੰ ਆਪੇ ਈ ਪੁੱਛ ਲਿਆ ਕਿ ਜੇ ਮੇਰਾ ਕਾਲਜ ਪੜ੍ਹਾਈ ਕਰਨ ਦਾ ਮਨ ਹੋਵੇ ਤਾਂ ਉਨ੍ਹਾਂ ਨੂੰ ਖ਼ੁਸ਼ੀ ਹੋਵੇਗੀ। ਕਈ ਦਿਨ ਮੈਂ ਇਹ ਗੱਲ ਜੈ ਕੁਰ ਨੂੰ ਇਸ ਕਰਕੇ ਨਾ ਦੱਸੀ ਕਿ ਉਸ ਦਾ ਮਨ ਖ਼ਰਾਬ ਨਾ ਹੋਵੇ। ਮੈਂ ਕਾਲਜ ਦਾਖਲ ਹੋ ਗਈ ਤੇ ਜੈ ਕੁਰ ਲਈ ਉਸ ਦੇ ਮਾਪੇ ਯੋਗ ਵਰ ਲੱਭਣ ਲੱਗੇ। ਮੈਂ ਕਈ ਵਾਰ ਹੈਰਾਨ ਹੋਣਾ ਕਿ ਉਹ ਤਾਂ ਅਜੇ ਬਾਲਗਾਂ ਵਿੱਚ ਵੀ ਨਹੀਂ ਸੀ ਗਿਣੀ ਜਾਣ ਲੱਗੀ। ਫਿਰ ਮਾਪਿਆਂ ਨੂੰ ਕਾਹਦੀ ਕਾਹਲੀ ਪੈ ਗਈ। ਪਰ ਜਦ ਕਦੇ ਅਖ਼ਬਾਰ ’ਚ ਕੋਈ ਇਹੋ ਜਿਹੀ ਖ਼ਬਰ ਪੜ੍ਹਦੀ ਕਿ ਫਲਾਣੇ ਪਿੰਡ ਦੀ ਨਾਬਾਲਗ ਕੁੜੀ ਨੂੰ ਕੋਈ ਵਰਗਲਾ ਕੇ ਲੈ ਗਿਆ ਤਾਂ ਮੈਨੂੰ ਜੈ ਕੁਰ ਦੇ ਮਾਪਿਆਂ ਦੀ ਚਿੰਤਾ ਜਾਇਜ਼ ਲੱਗਦੀ। ਮੇਰੇ ਪਲੱਸ ਟੂ ਦੇ ਪੇਪਰਾਂ ਦੀ ਡੇਟ ਸ਼ੀਟ ਆ ਗਈ ਸੀ, ਜਦ ਪਤਾ ਲੱਗਾ ਕਿ ਜੈ ਕੁਰ ਦੀ ਮੰਗਣੀ ਹੋ ਗਈ ਹੈ ਤੇ ਦੋ ਮਹੀਨੇ ਬਾਅਦ ਵਿਆਹ ਰੱਖ ਲਿਆ। ਆਪਣੇ ਵੱਲ ਵੇਖ ਕੇ ਮੈਨੂੰ ਜੈ ਕੁਰ ’ਤੇ ਬੜਾ ਤਰਸ ਆਉਂਦਾ। ਉਸ ਦੀ ਮੰਗਣੀ ਮੌਕੇ ਉਸ ਦੀ ਪਸੰਦ ਬਾਰੇ ਬਹੁਤਾ ਪੁੱਛਿਆ ਗਿੱਛਿਆ ਨਹੀਂ ਸੀ ਗਿਆ। ਮੈਂ ਹੈਰਾਨ ਹੋਣਾ ਕਿ ਜੈ ਕੁਰ ਨੇ ਇਨ੍ਹਾਂ ਗੱਲਾਂ ਦਾ ਕਦੇ ਬੁਰਾ ਨਹੀਂ ਸੀ ਮਨਾਇਆ। ਜਦ ਵੀ ਕਦੇ ਇਸ ਬਾਰੇ ਗੱਲ ਛਿੜਦੀ, ਉਸ ਦਾ ਇੱਕੋ ਜਵਾਬ ਹੁੰਦਾ, ਮਾਪੇ ਆਪਣੇ ਬੱਚਿਆਂ ਲਈ ਨਾ ਕੁਝ ਗ਼ਲਤ ਸੋਚਦੇ ਨੇ ਤੇ ਨਾ ਕਰਦੇ ਨੇ।

ਵਿਆਹ ਤੋਂ ਥੋੜ੍ਹੇ ਦਿਨ ਪਹਿਲਾਂ ਜੈ ਕੌਰ ਨੇ ਵਿਆਹ ਵਾਲੇ ਦੋ-ਤਿੰਨ ਦਿਨ ਉਸ ਦੇ ਨਾਲ ਨਾਲ ਰਹਿਣ ਲਈ ਮੇਰੇ ਤੋਂ ਹਾਂ ਕਰਵਾ ਲਈ। ਮੰਮੀ-ਡੈਡੀ ਨੂੰ ਦੱਸ ਕੇ ਮੈਂ ਉਸ ਦੇ ਕੋਲ ਰਹਿਣ ਲੱਗੀ। ਮੈਂ ਵੇਖਿਆ, ਵਿਆਹ ਦੀਆਂ ਤਿਆਰੀਆਂ ਮੌਕੇ ਵੀ ਉਸ ਦੀ ਖਾਹਿਸ਼ ਪੁੱਛਣ ਦੀ ਲੋੜ ਨਹੀਂ ਸੀ ਸਮਝੀ ਜਾਂਦੀ। ਸੁੱਖੀ ਸਾਂਦੀ ਵਿਆਹ ਨਿਰਵਿਘਨ ਸੰਪੂਰਨ ਹੋਇਆ। ਜੈ ਕੌਰ ਸਹੁਰੇ ਚਲੇ ਗਈ। ਚਾਰ ਕੁ ਦਿਨ ਬਾਅਦ ਆਈ ਤਾਂ ਬੜੀ ਖ਼ੁਸ਼ ਸੀ। ਮੈਂ ਅਜੇ ਸਵਾਲ ਕਰਨਾ ਈ ਸੀ ਕਿ ਉਹ ਆਪੇ ਬੋਲ ਪਈ।

“ਤੈਨੂੰ ਕਹਿੰਦੀ ਹੁੰਦੀ ਸੀ ਨਾ, ਮਾਪੇ ਆਪਣੀ ਔਲਾਦ ਲਈ ਜੋ ਵੀ ਕਰਦੇ ਨੇ, ਬੜਾ ਸੋਚ ਸਮਝ ਕੇ ਕਰਦੇ ਨੇ। ਉਨ੍ਹਾਂ ਦੇ ਕੰਮਾਂ ਵਿੱਚ ਅੜਿੱਕੇ ਡਾਹੁਣੇ ਸਿਆਣੇ ਬੱਚਿਆਂ ਦਾ ਕੰਮ ਨਹੀਂ ਹੁੰਦਾ। ਹਰਜੀਤ ਵਰਗੇ ਪਤੀ ਕਿਸਮਤ ਵਾਲੀਆਂ ਕੁੜੀਆਂ ਨੂੰ ਮਿਲਦੇ ਨੇ।’’ ਤੇ ਕਿੰਨੀ ਦੇਰ ਉਹ ਆਪਣੇ ਪਤੀ ਤੇ ਸਹੁਰੇ ਘਰ ਦੀਆਂ ਸਿਫ਼ਤਾਂ ਕਰਦੀ ਰਹੀ।

ਦਿਨ ਲੰਘਦੇ ਗਏ। ਕਾਲਜ ਦੀ ਅਗਲੀ ਪੜ੍ਹਾਈ ਬਾਰੇ ਮਾਪਿਆਂ ਨੇ ਮੈਨੂੰ ਕਦੇ ਨਾ ਪੁੱਛਿਆ। ਜੈ ਕੌਰ ਦੇ ਵਿਆਹ ਤੋਂ ਬਾਅਦ ਮੇਰੀ ਸੋਚ ਉੱਥੇ ਕੁ ਖੜ੍ਹ ਗਈ ਸੀ। ਉਸ ਦੀਆਂ ਸਿਫ਼ਤਾਂ ਯਾਦ ਕਰਕੇ ਮੇਰਾ ਮਨ ਵੀ ਆਪਣਾ ਘਰ ਵਸਾਉਣ ਦੇ ਸੁਪਨੇ ਬੁਣਨ ਲੱਗ ਪਿਆ। ਮਾਪੇ ਤਾਂ ਬੱਚਿਆਂ ਦੀ ਅੱਖ ਪਛਾਣ ਲੈਂਦੇ ਨੇ। ਮੇਰੇ ਘਰ ਦੀ ਭਾਲ ਸ਼ੁਰੂ ਹੋ ਗਈ। ਮੈਨੂੰ ਯਾਦ ਹੈ, ਜੈ ਕੌਰ ਆਪਣਾ 6 ਕੁ ਮਹੀਨਿਆਂ ਦਾ ਪਹਿਲਾ ਬੱਚਾ ਲੈ ਕੇ ਮੇਰੇ ਵਿਆਹ ’ਤੇ ਆਈ ਸੀ।

ਵਿਆਹ ਤੋਂ ਬਾਅਦ ਮੈਂ ਵੀ ‘ਆਪਣੇ ਘਰ’ ਰੁੱਝ ਗਈ। ਕਦੇ ਸਾਲ ਛੇ ਮਹੀਨਿਆਂ ਬਾਅਦ ਸਾਡਾ ਮੇਲ ਉਦੋਂ ਹੁੰਦਾ, ਜਦ ਸਬੱਬੀਂ ਅਸੀਂ ਦੋਵੇਂ ਪੇਕੇ ਆਈਆਂ ਹੁੰਦੀਆਂ। ਉਸ ਦੇ ਮਨ ਬਾਰੇ ਤਾਂ ਮੈਂ ਬਹੁਤਾ ਕੁਝ ਨਹੀਂ ਕਹਿ ਸਕਦੀ, ਪਰ ਉਸ ਨਾਲ ਸਾਂਝ ਦੀਆਂ ਤੰਦਾਂ ਮੇਰੇ ਮਨ ਦੀਆਂ ਤਹਿਆਂ ’ਚ ਕੱਸ ਕੇ ਬੱਝੀਆਂ ਰਹੀਆਂ। ਉਸ ਬਾਰੇ ਕਿਤੋਂ ਨਾ ਕਿਤੋਂ ਸੂਹ ਰੱਖਣ ਦੀ ਤਾਂਘ ਮੇਰੇ ਮਨ ਵਿੱਚ ਹੁਣ ਤੱਕ ਬਣੀ ਹੋਈ ਹੈ। ਰੁਝੇਵਿਆਂ ਦੇ ਬਾਵਜੂਦ ਮੈਂ ਕਿਤੋਂ ਨਾ ਕਿਤੋਂ ਜੈ ਕੌਰ ਬਾਰੇ ਪੁੱਛਦੀ ਰਹਿੰਦੀ ਆਂ। ਉਸ ਦੀ ਕਿਸੇ ਨਵੀਂ ਪ੍ਰਾਪਤੀ ਬਾਰੇ ਜਾਣ ਕੇ ਮੈਨੂੰ ਖ਼ੁਸ਼ੀ ਹੁੰਦੀ ਹੈ।

ਵਿਆਹ ਤੋਂ ਬਾਅਦ ਜੈ ਕੌਰ ਨੇ ਸਹੁਰਿਆਂ ਦੀ ਸਹਿਮਤੀ ਲੈ ਕੇ ਪੜ੍ਹਾਈ ਸ਼ੁਰੂ ਕਰ ਲਈ ਤੇ ਗ੍ਰੈਜੂਏਸ਼ਨ ਡਿਗਰੀ ਹੱਥ ’ਚ ਕਰ ਲਈ। ਪੜ੍ਹਾਈ ਦੇ ਨਾਲ ਨਾਲ ਉਸ ਨੇ ਪਿੰਡ ਦੀਆਂ ਔਰਤਾਂ ਨੂੰ ਨਾਲ ਜੋੜਿਆ ਤੇ ਸਾਂਝੀ ਥਾਂ ਦੇ ਕਮਰੇ ਵਿੱਚ ਲਾਇਬ੍ਰੇਰੀ ਖੋਲ੍ਹ ਦਿੱਤੀ। ਕੁਝ ਕਿਤਾਬਾਂ ਉਸ ਨੇ ਆਪ ਖ਼ਰੀਦੀਆਂ ਤੇ ਕੁਝ ਦਾਨ ਵਜੋਂ ਮਿਲ ਗਈਆਂ। ਵਿਹਲੇ ਸਮੇਂ ਔਰਤਾਂ ਉੱਥੇ ਜਾ ਕੇ ਅਖ਼ਬਾਰ ਪੜ੍ਹਦੀਆਂ, ਕਹਾਣੀਆਂ ਤੇ ਨਾਵਲ ਪੜ੍ਹਦੀਆਂ ਅਤੇ ਆਪਣੀਆਂ ਅਨਪੜ੍ਹ ਸਾਥਣਾਂ ਨੂੰ ਸੁਣਾਉਣ ਦੇ ਮਜ਼ੇ ਵੀ ਲੈਂਦੀਆਂ। ਹੌਲੀ ਹੌਲੀ ਔਰਤਾਂ ਵਿੱਚ ਨਿੰਦਿਆ ਚੁਗਲੀ ਦੀ ਆਦਤ ਘਟਣ ਲੱਗੀ। ਉਨ੍ਹਾਂ ਨੂੰ ਨਵੀਆਂ ਗੱਲਾਂ ਸਿੱਖਣ ਦਾ ਚਸਕਾ ਪੈਣ ਲੱਗਾ। ਉਨ੍ਹਾਂ ਨੂੰ ਸੂਬਾ ਤੇ ਕੇਂਦਰ ਸਰਕਾਰ ਵਿਚਲੇ ਫ਼ਰਕ ਦਾ ਪਤਾ ਲੱਗਣ ਲੱਗਾ। ਉਹ ਸਮਝਣ ਲੱਗੀਆਂ ਕਿ ਦਿੱਲੀ ਵਾਲੀ ਸਰਕਾਰ ਦਾ ਮੁਖੀਆ ਪ੍ਰਧਾਨ ਮੰਤਰੀ ਹੁੰਦਾ ਤੇ ਸੂਬੇ ਵਾਲੀ ਸਰਕਾਰ ਦੇ ਮੁਖੀਏ ਨੂੰ ਮੁੱਖ ਮੰਤਰੀ ਕਹਿੰਦੇ ਨੇ। ਉਨ੍ਹਾਂ ਨੂੰ ਆਪਣੇ ਹਲਕੇ ਦੇ ਵਿਧਾਇਕ ਦੀ ਪਛਾਣ ਹੋਣ ਲੱਗੀ ਜਿਸ ਨੂੰ ਉਨ੍ਹਾਂ ਨੇ ਆਪਣੇ ਪਤੀ ਦੇ ਕਹਿਣ ’ਤੇ ਵੋਟ ਪਾਈ ਸੀ। ਕਿਤਾਬਾਂ ਦੀਆਂ ਕੁਝ ਕਹਾਣੀਆਂ ਉਹ ਵਾਰ ਵਾਰ ਪੜ੍ਹਦੀਆਂ ਜਾਂ ਆਪਣੀਆਂ ਸਹੇਲੀਆਂ ਤੇ ਗੁਆਂਢਣਾਂ ਤੋਂ ਸੁਣਦੀਆਂ। ਕਹਾਣੀ ਸੁਣਦਿਆਂ ਉਹ ਕਿਸੇ ਪਾਤਰ ਦੇ ਨਾਲ ਨਾਲ ਤੁਰਦਿਆਂ ਮਹਿਸੂਸ ਕਰਨ ਲੱਗਦੀਆਂ, ਜਿਵੇਂ ਲਿਖਾਰੀ ਨੇ ਉਸ ਦੇ ਵਰਤਾਰੇ ਨੂੰ ਕਹਾਣੀ ਵਿੱਚ ਫਿੱਟ ਕਰ ਦਿੱਤਾ ਹੋਵੇ।

ਡਿਗਰੀ ਤੋਂ ਬਾਅਦ ਜੈ ਕੌਰ ਬੀਐੱਡ ਦੀ ਤਿਆਰੀ ਕਰ ਰਹੀ ਸੀ। ਸਰਕਾਰ ਵੱਲੋਂ ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ। ਪਿੰਡ ਦੀਆਂ ਔਰਤਾਂ ਨੇ ਜ਼ੋਰ ਪਾਕੇ ਉਸ ਨੂੰ ਮਨਾਇਆ ਤੇ ਸਰਬ-ਸੰਮਤੀ ਨਾਲ ਸਰਪੰਚ ਚੁਣ ਲਿਆ। ਜੈ ਕੌਰ ਪੜ੍ਹਾਈ ਦਾ ਖ਼ਿਆਲ ਤਿਆਗ ਕੇ ਪਿੰਡ ਦੀ ਬਿਹਤਰੀ ਵੱਲ ਹੋ ਤੁਰੀ। ਉਸ ਨੇ ਸਾਲਾਂ ਤੋਂ ਰੁਕੇ ਹੋਏ ਕੰਮਾਂ ਵੱਲ ਧਿਆਨ ਦਿੱਤਾ ਤੇ ਨਿਯਮਾਂ ਅਨੁਸਾਰ ਸ਼ੁਰੂ ਕਰਵਾ ਲਏ। ਵਿਕਾਸ ਦਾ ਜੋ ਵੀ ਕੰਮ ਉਹ ਸੋਚਦੀ ਤਾਂ ਉਸ ਨੂੰ ਖ਼ਰਚੇ ਪੱਖੋਂ ਤੰਗੀ ਨਾ ਆਉਂਦੀ। ਸਰਕਾਰੀ ਗਰਾਂਟ ਘੱਟ ਪੈਂਦੀ ਤਾਂ ਉਸ ਦੀ ਇੱਕੋ ਹਾਕ ਉੱਤੇ ਪਿੰਡ ’ਚੋਂ ਵਿਦੇਸ਼ ਰਹਿੰਦੇ ਲੋਕ ਵੱਡੀ ਰਕਮ ਭੇਜ ਦਿੰਦੇ। ਦੋ ਕੁ ਸਾਲਾਂ ਵਿੱਚ ਪਿੰਡ ਦੀ ਨੁਹਾਰ ਬਦਲ ਗਈ। ਵਿਕਾਸ ਪੱਖੋਂ ਪਿੰਡ ਚਰਚਾ ਵਿੱਚ ਆ ਗਿਆ। ਸਰਕਾਰੀ ਅਫ਼ਸਰਾਂ ਦੇ ਉਸ ਪਿਂਡ ਗੇੜੇ ਲੱਗਣ ਲੱਗੇ। ਜਿਹੜਾ ਵੀ ਆਉਂਦਾ, ਜੈ ਕੌਰ ਦੇ ਕੰਮ ਕਰਨ ਦੇ ਢੰਗ ਤੋਂ ਪ੍ਰਭਾਵਿਤ ਹੋਏ ਬਿਨਾਂ ਨਾ ਰਹਿੰਦਾ ਤੇ ਉਸ ਤੋਂ ਕੋਈ ਨਵੀਂ ਗੱਲ ਸਿੱਖ ਕੇ ਮੁੜਦਾ। ਘਾਟੇ ਵਿੱਚ ਰਹਿੰਦੀ ਪਿੰਡ ਦੀ ਸਹਿਕਾਰੀ ਸਭਾ ਮੁਨਾਫਾ ਕਮਾਉਣ ਲੱਗੀ। ਭੰਗ ਦੇ ਭਾੜੇ ਠੇਕੇ ’ਤੇ ਚੜ੍ਹਦੀ ਪੰਚਾਇਤੀ ਜ਼ਮੀਨ ਦਾ ਠੇਕਾ ਪੰਚਾਇਤੀ ਖ਼ਰਚਿਆਂ ਦੀ ਸੱਜੀ ਬਾਂਹ ਬਣਨ ਲੱਗ ਪਿਆ। ਨਰੇਗਾ ਸਕੀਮ ਨੇ ਪਿੰਡ ’ਚ ਰੁਜ਼ਗਾਰ ਦੇ ਮੌਕੇ ਕਈ ਗੁਣਾ ਵਧਾ ਦਿੱਤੇ। ਜੈ ਕੌਰ ਦੀ ਬੱਲੇ ਬੱਲੇ ਹੁੰਦੀ ਤਾਂ ਉਸ ਦੇ ਸਹੁਰੇ ਪਰਿਵਾਰ ਦਾ ਸਿਰ ਫ਼ਖਰ ਨਾਲ ਉੱਚਾ ਹੋ ਜਾਂਦਾ। ਜੈ ਕੌਰ ਸਮਾਜਿਕ ਜੀਵਨ ਵਿੱਚ ਵਿੱਦਿਆ ਦਾ ਮਹੱਤਵ ਸਮਝਦੀ ਸੀ। ਉਸ ਨੇ ਪਿੰਡ ਦੇ ਐਲੀਮੈਂਟਰੀ ਤੇ ਹਾਈ ਸਕੂਲ ਦੀ ਬਿਹਤਰੀ ਅਤੇ ਵਿੱਦਿਅਕ ਮਿਆਰ ਲਈ ਪਿੰਡ ਦੇ ਤਿੰਨ ਵਿਦਵਾਨ ਬਜ਼ੁਰਗਾਂ ਦੀ ਕਮੇਟੀ ਬਣਾਈ, ਜਿਨ੍ਹਾਂ ਨੂੰ ਸਕੂਲਾਂ ਦੇ ਚੰਗੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਪਿੰਡ ਦੇ ਖ਼ਾਸ ਮਾਮਲੇ ਵਿਚਾਰਨੇ ਹੁੰਦੇ ਤਾਂ ਉਹ ਇਕੱਠ ਸੱਦ ਲੈਂਦੀ। ਕਿਸੇ ਗੁੰਝਲਦਾਰ ਮਾਮਲੇ ਦੇ ਹੱਲ ਬਾਰੇ ਉਹ ਆਪਣੀ ਰਾਇ ਦੱਸਣ ਦੀ ਗੱਲ ਅਜੇ ਪੂਰੀ ਵੀ ਨਹੀਂ ਸੀ ਕਰਦੀ ਤੇ ਲੋਕਾਂ ਦੇ ਹੱਥ ਉਸ ਦੀ ਸਹਿਮਤੀ ਦੇ ਹੱਕ ਵਿੱਚ ਖੜ੍ਹੇ ਹੋਣ ਲੱਗਦੇ। ਬੇਸ਼ੱਕ ਉਸ ਨੂੰ ਆਪਣੀ ਲਿਆਕਤ ’ਤੇ ਭਰੋਸਾ ਹੋਣ ਲੱਗਿਆ, ਫਿਰ ਵੀ ਉਹ ਹਰੇਕ ਫ਼ੈਸਲੇ ਤੋਂ ਪਹਿਲਾਂ ਉਸ ਦੇ ਹਾਨੀ ਤੇ ਲਾਭ ਸੋਚਦੀ।

ਵਿਧਾਨ ਸਭਾ ਚੋਣ ਆਈ ਤਾਂ ਪਿੰਡ ਵਾਲੇ ਉਮੀਦਵਾਰਾਂ ਨੂੰ ਵਾਅਦੇ ਲਿਖਤੀ ਦੇਣ ਲਈ ਕਹਿਣ ਲੱਗੇ। ਉਮੀਦਵਾਰ ਉਸ ਪਿੰਡ ਵਿੱਚ ਚੋਣ ਜਲਸਾ ਕਰਨ ਤੋਂ ਕਤਰਾਉਣ ਲੱਗੇ। ਕੁਝ ਉਮੀਦਵਾਰਾਂ ਨੇ ਪਿੰਡ ਵਿੱਚ ਧੜੇਬੰਦੀ ਦੀਆਂ ਚਾਲਾਂ ਵੀ ਚੱਲੀਆਂ, ਪਰ ਸਫਲ ਨਾ ਹੋਏ। ਚੋਣ ਦੇ ਦਿਨ ਤੋਂ ਚਾਰ ਦਿਨ ਪਹਿਲਾਂ ਜੈ ਕੌਰ ਨੇ ਪਿੰਡ ਵਾਲਿਆਂ ਦੇ ਕਹਿਣ ’ਤੇ ਸਾਰੇ ਉਮੀਦਵਾਰਾਂ ਨੂੰ ਇੱਕ ਸਟੇਜ ’ਤੇ ਇਕੱਠੇ ਹੋਣ ਅਤੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਸੱਦਾ ਭੇਜਿਆ ਤੇ ਲੋਕਾਂ ਨੂੰ ਖੁੱਲ੍ਹ ਕੇ ਕਿਹਾ ਕਿ ਉਨ੍ਹਾਂ ਦੇ ਮਨ ਨੂੰ ਜਿਸ ਵੀ ਉਮੀਦਵਾਰ ਦੀ ਕੋਈ ਦਲੀਲ ਚੰਗੀ ਲੱਗੇ ਉਸੇ ਨੂੰ ਵੋਟ ਪਾ ਦੇਣ। ਵੋਟਾਂ ਦੀ ਗਿਣਤੀ ਹੋਈ ਤਾਂ ਉਸ ਪਿੰਡ ਦੀਆਂ 93 ਫੀਸਦ ਵੋਟਾਂ ਇੱਕ ਉਮੀਦਵਾਰ ਦੇ ਹੱਕ ਵਿੱਚ ਭੁਗਤੀਆਂ ਸੀ ਤੇ ਉਸੇ ਨੂੰ ਜੇਤੂ ਐਲਾਨਿਆ ਗਿਆ ਸੀ।

ਲੋਕਾਂ ਦੇ ਨਿੱਕੇ ਮੋਟੇ ਲੜਾਈ ਝਗੜੇ ਜੈ ਕੌਰ ਪਿੰਡ ਵਿੱਚ ਹੀ ਨਿਬੇੜ ਦਿੰਦੀ। ਉਸ ਦੀਆਂ ਦਲੀਲਾਂ ਲੋਕਾਂ ਦੇ ਮਨਾਂ ’ਤੇ ਕਾਟ ਕਰਦੀਆਂ। ਉਸ ਨੇ ਔਰਤਾਂ ਦੇ ਮਨਾਂ ਵਿੱਚ ਗਿਆਨ ਦੀ ਚਿਣਗ ਬਾਲ ਦਿੱਤੀ ਸੀ। ਹਰੇਕ ਮਹੀਨੇ ਪੰਚਾਇਤ ਦੀ ਆਮਦਨ ਤੇ ਖ਼ਰਚਿਆਂ ਦਾ ਹਿਸਾਬ ਦੱਸਿਆ ਜਾਣ ਲੱਗਾ, ਜਿਸ ਬਾਰੇ ਜਾਣਨ ਲਈ ਲੋਕ ਛੋਟੇ ਮੋਟੇ ਕੰਮ ਛੱਡ ਕੇ ਵੀ ਹਾਜ਼ਰੀ ਭਰਦੇ। ਜੈ ਕੌਰ ਦੀ ਪਿੰਡ ਦੇ ਲੋਕਾਂ ਦੀ ਸਿਹਤ ਸੰਭਾਲ ਫਿਕਰਮੰਦੀ ’ਚੋਂ ਸਰਕਾਰੀ ਡਿਸਪੈਂਸਰੀ ਨੂੰ ਅਪਗਰੇਡ ਕਰਕੇ ਮੁੱਢਲਾ ਸਿਹਤ ਕੇਂਦਰ ਹੋਂਦ ਵਿੱਚ ਆ ਗਿਆ। ਮਰੀਜ਼ਾਂ ਦਾ ਚੰਗਾ ਇਲਾਜ ਹੋਣ ਲੱਗਿਆ। ਦਾਨੀਆਂ ਨੇ ਹਸਪਤਾਲ ’ਚ ਅਕਸਰ ਲੋੜੀਂਦੀਆਂ ਦਵਾਈਆਂ ਦੇ ਢੇਰ ਲਾ ਦਿੱਤੇ। ਸਰਕਾਰੀ ਪਰਚੀ ਦੀ ਫੀਸ ਪੰਚਾਇਤੀ ਖਾਤੇ ’ਚੋਂ ਦਿੱਤੇ ਜਾਣ ਦਾ ਮਤਾ ਪਾਸ ਹੋ ਗਿਆ।

ਜੈ ਕੌਰ ਨੇ ਸਾਰਾ ਧਿਆਨ ਸਰਪੰਚੀ ਜ਼ਿੰਮੇਵਾਰੀਆਂ ’ਤੇ ਕੇਂਦਰਿਤ ਕਰਨ ਦੀ ਥਾਂ ਘਰੇਲੂ ਕੰਮਾਂ ਵੱਲ ਧਿਆਨ ਦੇਣਾ ਨਹੀਂ ਸੀ ਛੱਡਿਆ। ਕਿਸਾਨੀ ਕਰਦੇ ਜੈ ਕੌਰ ਦੇ ਸਹੁਰੇ ਕੋਲ ਦਰਮਿਆਨੇ ਜ਼ਿਮੀਂਦਾਰਾਂ ਜਿੰਨੀ ਭੋਇੰ ਸੀ। ਜੈ ਕੌਰ ਨੇ ਪਤੀ ਦੀ ਨੌਕਰੀ ਛੁਡਵਾ ਕੇ ਉਸ ਨੂੰ ਖੇਤੀ ਕਰਨ ’ਤੇ ਲਾ ਲਿਆ। ਉਨ੍ਹਾਂ ਆਪਣੀ ਭੋਇੰ ਨੂੰ ਤਿੰਨ ਹਿੱਸਿਆਂ ’ਚ ਵੰਡ ਲਿਆ। ਇੱਕ ਵਿੱਚ ਵੱਖ ਵੱਖ ਕਿਸਮਾਂ ਦੇ ਫਲਦਾਰ ਬੂਟੇ ਲਾਏ, ਦੂਜੇ ਵਿੱਚ ਸਬਜ਼ੀ ਤੇ ਤੀਜੇ ਵਿੱਚ ਔਰਗੈਨਿੱਕ ਖੇਤੀ ਸ਼ੁਰੂ ਕੀਤੀ। ਮਸੀਂ ਦੋ ਤਿੰਨ ਸਾਲ ਲੰਘੇ ਹੋਣਗੇ, ਉਸ ਦੇ ਫ਼ਲਾਂ, ਸਬਜ਼ੀਆਂ ਅਤੇ ਅਨਾਜ ਦੀ ਮੰਗ ਹੋਣ ਲੱਗੀ। ਦੂਰ ਦੂਰ ਤੋਂ ਲੋਕ ਖਰੀਦਦਾਰੀ ਲਈ ਉਸ ਦੇ ਪਿੰਡ ਆਉਣ ਲੱਗੇ। ਉਸ ਨੇ ਸੌਦੇਬਾਜ਼ੀ ਦੀ ਗੁੰਜਾਇਸ਼ ਨਹੀਂ ਸੀ ਰੱਖੀ ਹੋਈ, ਉਸ ਦੇ ਸਟੋਰ ਦੇ ਰੇਟਾਂ ਵਾਲੇ ਬੋਰਡ ਦੇ ਉੱਪਰ ਮੋਟੇ ਅੱਖਰਾਂ ਵਿੱਚ ਲਿਖਿਆ ਹੋਇਆ ਸੀ।

‘ਪਸੰਦ ਆਪਦੀ, ਰੇਟ ਸਾਡੇ ਤੇ ਕਵਾਲਿਟੀ ਮੂੰਹੋਂ ਬੋਲੂ’

ਪਿੰਡ ਦੇ ਵਿਕਾਸ ਦੀਆਂ ਗੱਲਾਂ ਅਕਸਰ ਸਰਕਾਰੇ ਦਰਬਾਰੇ ਹੁੰਦੀਆਂ ਹੋਣ ਕਰਕੇ ਜੈ ਕੌਰ ਨੂੰ ਵਿਸ਼ੇਸ਼ ਸਰਕਾਰੀ ਸਮਾਗਮਾਂ ’ਤੇ ਸੱਦਿਆ ਤੇ ਸਨਮਾਨ ਪੱਤਰ ਦਿੱਤੇ ਜਾਣ ਲੱਗੇ। ਉਸ ਦੀ ਇਮਾਨਦਾਰੀ ’ਤੇ ਕੋਈ ਸ਼ੱਕ ਨਾ ਕਰਦਾ। ਦੂਜੀ ਵਾਰ ਪੰਚਾਇਤ ਚੋਣ ਹੋਈ, ਪੂਰੇ ਪਿੰਡ ਦੇ ਵੋਟਰਾਂ ਦੇ ਦਸਤਖ਼ਤਾਂ ਵਾਲੀ ਚਿੱਠੀ ਸਰਕਾਰ ਨੂੰ ਭੇਜ ਕੇ ਮੰਗ ਕੀਤੀ ਗਈ ਕਿ ਉਹ ਸਮੁੱਚੀ ਪਹਿਲੀ ਪੰਚਾਇਤ ਨੂੰ ਦੁਬਾਰਾ ਮੌਕਾ ਦੇਣਾ ਚਾਹੁੰਦੇ ਨੇ। ਸਰਕਾਰ ਨੇ ਪਿੰਡ ਵੱਲੋਂ ਇੰਜ ਦੀਆਂ ਕਈ ਬੇਨਤੀਆਂ ਪਰਵਾਨ ਕੀਤੀਆਂ। ਅਸਲ ਵਿੱਚ ਪਿੰਡ ਦੇ ਉਹ ਲੋਕ, ਜਿਨ੍ਹਾਂ ਨੇ ਮਨਾਂ ਵਿੱਚ ਸਰਪੰਚੀ ਦੇ ਸੁਪਨੇ ਤਾਂ ਸੰਜੋਏ ਹੋਏ ਸਨ, ਉਹ ਵੀ ਸਮਝਣ ਲੱਗ ਪਏ ਸੀ ਕਿ ਜੈ ਕੌਰ ਵਰਗੀ ਇਮਾਨਦਾਰੀ ਤੇ ਸ਼ਿੱਦਤ ਉਨ੍ਹਾਂ ਤੋਂ ਪੁਗਾਈ ਨਹੀਂ ਜਾਣੀ ਤੇ ਉਸ ਤੋਂ ਘੱਟ ਨੂੰ ਪਿੰਡ ਵਾਲਿਆਂ ਨਕਾਰ ਦੇਣਾ। ਇਹੀ ਕਾਰਨ ਰਿਹਾ ਕਿ ਕੋਈ ਉਸ ਦੀ ਵਿਰੋਧਤਾ ਦੀ ਜੁੱਅਰਤ ਹੀ ਨਾ ਕਰਦਾ। ਹਰੇਕ ਵਾਰ ਜੈ ਕੌਰ ਆਪਣੀ ਥਾਂ ਆਪਣੇ ਪਤੀ ਨੂੰ ਮੂਹਰੇ ਕਰਨ ਦਾ ਯਤਨ ਕਰਦੀ, ਪਰ ਪਿੰਡ ਦੇ ਲੋਕਾਂ ਨੂੰ ਉਸ ਉੱਤੇ ਭਰੋਸਾ ਬੱਝਦਾ ਤੇ ਹਰਜੀਤ ਖ਼ੁਦ ਵੀ ਨਾਂਹ ਕਰ ਦਿੰਦਾ।

ਜੈ ਕੌਰ ਦੇ ਦੋਵੇਂ ਬੇਟੇ ਪਿੰਡ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹੇ ਸਨ। ਵੱਡੇ ਸੁਰਜੀਤ ਨੂੰ ਦਾਦੇ ਤੇ ਨਾਨੇ ਵਾਲੀ ਲੈਫਟ ਰਾਈਟ ਦਾ ਸ਼ੌਕ ਸੀ। ਗ੍ਰੈਜੂਏਸ਼ਨ ਤੋਂ ਬਾਅਦ ਉਹ ਕੁਝ ਇਮਤਿਹਾਨ ਪਾਸ ਕਰਕੇ ਫੌਜੀ ਅਫ਼ਸਰ ਬਣ ਗਿਆ। ਮੋਢੇ ’ਤੇ ਲੱਗੇ ਚਮਕੀਲੇ ਸਿਤਾਰੇ ਵੇਖ ਕੇ ਜੈ ਕੌਰ ਦਾ ਮਨ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਜੁੜ ਜਾਂਦਾ। ਛੋਟੇ ਮਨਕੀਰਤ ਨੂੰ ਪਤੰਗਾਂ ਉਡਾਉਣ ਦਾ ਸ਼ੌਕ ਸੀ। ਉੱਡਦੀਆਂ ਰੰਗ ਬਿਰੰਗੀਆਂ ਪਤੰਗਾਂ ਨੇ ਉਸ ਦੇ ਮਨ ’ਚ ਹਵਾਈ ਉਡਾਰੀਆਂ ਦੀ ਲਲਕ ਜਗਾ ਦਿੱਤੀ। ਕਾਲਜ ਦੀ ਪੜ੍ਹਾਈ ਵੇਲੇ ਹੀ ਉਹ ਇੰਜ ਦੀਆਂ ਵਿਗਿਆਨਕ ਕਿਤਾਬਾਂ ਪੜ੍ਹਨ ਲੱਗ ਪਿਆ ਸੀ। ਡਿਗਰੀ ਲੈਂਦੇ ਈ ਉਹ ਏਅਰ ਫੋਰਸ ਦਾ ਪਾਇਲਟ ਬਣਨ ਦੇ ਯਤਨ ਕਰਨ ਲੱਗਾ ਤੇ ਚੋਣ ਹੋਣ ’ਚ ਬਹੁਤੀ ਦੇਰ ਨਾ ਲੱਗੀ। ਜੈ ਕੌਰ ਸੋਚਦੀ ਕਿ ਦੋਵੇਂ ਰਿਟਾਇਰ ਹੋ ਕੇ ਖੇਤੀ ਦਾ ਕੰਮ ਸੰਭਾਲ ਲੈਣਗੇ। ਚੰਗੇ ਘਰਾਂ ਦੇ ਮੁੰਡਿਆਂ ਲਈ ਰਿਸ਼ਤੇ ਵੀ ਛੇਤੀ ਆਉਣ ਲੱਗ ਪੈਂਦੇ ਨੇ। ਜਿਹੜਾ ਵੀ ਕੋਈ ਪੁੱਛ ਦੱਸ ਕਰਦਾ, ਜੈ ਕੌਰ ਦਾ ਇੱਕ ਹੀ ਉੱਤਰ ਹੁੰਦਾ,

‘‘ਭਾਈ ਬੇਟੀ ਨੂੰ ਸਾਡੇ ਵਰਗਾ ਬਣਨਾ ਪਊ, ਇਸ ਬਾਰੇ ਉਹ ਧੁਰ ਅੰਦਰੋਂ ਹਾਂ ਕਰਦੀ ਹੋਵੇ ਤਾਂ ਆ ਜਾਇਓ, ਬੈਠ ਕੇ ਹੋਰ ਵਿਚਾਰਾਂ ਕਰ ਲਵਾਂਗੇ।’’

ਆਪਣੇ ਸਹੇਲਪੁਣੇ ਨੂੰ ਰਿਸ਼ਤੇਦਾਰੀ ’ਚ ਬਦਲਣ ਦੀ ਇੱਛਾ ਮੇਰੇ ਮਨ ਵਿੱਚ ਵੀ ਤਰਲੋਮੱਛੀ ਹੁੰਦੀ। ਇੱਕ ਦਿਨ ਅਸੀਂ ਦੋਹੇਂ ਜੀਅ ਮਨ ਪੱਕਾ ਕਰਕੇ ਸਵੇਰੇ ਹੀ ਜੈ ਕੌਰ ਦੇ ਘਰ ਜਾ ਪਹੁੰਚੇ। ਮੈਂ ਕਈ ਵਾਰ ਹੌਸਲਾ ਕੀਤਾ ਕਿ ਜੈ ਕੌਰ ਨੂੰ ਘਰ ਦੀ ਕਿਸੇ ਨੁੱਕਰੇ ਲਿਜਾ ਕੇ ਆਪਣੀ ਧੀ ਰੱਜੋ ਦੇ ਰਿਸ਼ਤੇ ਦੀ ਗੱਲ ਉਸ ਦੇ ਫੌਜੀ ਪੁੱਤਰ ਨਾਲ ਤੋਰਾਂ, ਪਰ ਉਸ ਦੇ ਘਰ ਦਾ ਪਸਾਰਾ ਵੇਖ ਕੇ ਬਣਿਆ ਹੌਸਲਾ ਢਹਿ ਜਾਂਦਾ। ਕਿਤੇ ਉਹ ਨਾਂਹ ਨਾ ਕਰ ਦੇਵੇ ਤੇ ਸਾਡਾ ਸਹੇਲਪੁਣਾ ਵੀ ਜਾਂਦਾ ਰਹੇ। ਇਹੀ ਤੌਖਲਾ ਜੀਭ ਠਾਕ ਲੈਂਦਾ। ਦੁਪਹਿਰ ਦਾ ਖਾਣਾ ਖਾਣ ਲੱਗੇ ਤਾਂ ਹਾਸਾ ਮਖੌਲ ਕਰਦਿਆਂ ਜੈ ਕੌਰ ਦੇ ਬੋਲਾਂ ਨੇ ਗੱਲ ਹੀ ਮੁਕਾ ਦਿੱਤੀ।

‘‘ਬੇਬੀ ਜਦ ਰੱਜੋ ਦਾ ਰਿਸ਼ਤਾ ਕਰਨ ਲੱਗੋਗੇ ਤਾਂ ਮੇਰੀ ਸਲਾਹ ਜ਼ਰੂਰ ਲੈ ਲੈਣੀ, ਮੈਂ ਮੁੰਡੇ ਨੂੰ ਝਾਤੀ ਮਾਰਕੇ ਦੱਸ ਦਿਆਂਗੀ ਕਿ ਉਹ ਰੱਜੇ ਦੇ ਲਾਇਕ ਵੀ ਹੈਗਾ ਜਾਂ ਨਹੀਂ?’’

‘‘ਰੱਜੋ ਤੇਰੀ ਵੀ ਧੀ ਆ, ਤੂੰ ਹੀ ਲੱਭ ਕੇ ਸਾਨੂੰ ਦੱਸ ਦੇਈਂ’’, ਤੁਰਤ-ਫੁਰਤ ਮੈਨੂੰ ਏਹੀ ਗੱਲ ਫੁਰੀ ਤੇ ਬੋਲ ਦਿੱਤੀ, ਪਰ ਬਾਅਦ ਵਿੱਚ ਪਛਤਾਵਾਂ ਕਿ ਮਨ ਦੀ ਗੱਲ ਉਸ ਨੂੰ ਕਹਿ ਕਿਉਂ ਨਾ ਹੋਈ।

‘‘ਲੈ ਫਿਰ ਜੇ ਤੂੰ ਮੇਰੇ ਸਿਰ ਜ਼ਿੰਮੇਵਾਰੀ ਪਾਈ ਆ ਤਾਂ ਮੈਂ ਤਾਂ ਸਿਰੇ ਲਾ ਕੇ ਹਟੂੰ, ਬੱਸ ਤੂੰ ਕਾਹਲੀ ਨਾ ਪਈਂ, ਸਾਲ ਦੋ ਸਾਲ ਲੱਗ ਸਕਦੇ ਆ, ਘਬਰਾਈਂ ਨਾ।’’

ਮੈਂ ਵੇਖਿਆ ਜ਼ਿੰਮੇਵਾਰੀ ਲੈਂਦਿਆਂ ਜੈ ਕੌਰ ਦੇ ਚਿਹਰੇ ਦੀ ਚਮਕ ਤੇਜ਼ ਹੋ ਗਈ ਸੀ। ਅਸੀਂ ਵਿਦਾ ਲਈ ਤੇ ਘਰ ਆ ਗਏ। ਬੇਸ਼ੱਕ ਖਾਲੀ ਹੱਥ ਮੁੜਨਾ ਮੈਨੂੰ ਚੁੱਭ ਰਿਹਾ ਸੀ, ਪਰ ਵਿੱਚ ਵਿਚਾਲੇ ਉੱਭਰਦੀਆਂ ਰੁਹਾਨੀ ਤਰੰਗਾਂ ਕਿਸੇ ਵੱਡੀ ਖ਼ੁਸ਼ੀ ਦੀ ਆਹਟ ਭਰਕੇ ਮਨ ਨੂੰ ਕੋਈ ਧਰਵਾਸ ਬੰਨ੍ਹਾ ਰਹੀਆਂ ਸਨ। ਤੇ ਉਸ ਦਿਨ ਤਖ਼ਤ ਪੋਸ਼ ’ਤੇ ਲੇਟਿਆਂ ਵੀ ਮੇਰੇ ਚੇਤਿਆਂ ਦੀ ਉਸ ਆਹਟ ’ਚੋਂ ਮੁਰਾਦ ਪੂਰੀ ਹੋਣ ਦੇ ਸੰਕੇਤ ਮਿਲਦੇ ਲੱਗਣ ਲੱਗ ਪਏ। ਮੇਰੇ ਹੱਥ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਜੁੜ ਗਏ ਤੇ ਪਤਾ ਨਹੀਂ ਕਦ ਤੱਕ ਜੁੜੇ ਰਹਿੰਦੇ, ਜੇਕਰ ਗੇਟ ਦੇ ਬਾਹਰ ਕਾਰ ਦੀ ਹੋ ਰਹੀ ਟੀਂ ਟੀਂ ਮੇਰੀ ਸੁਰਤ ਭੰਗ ਨਾ ਕਰਦੀ।

ਮੈਂ ਆਪਣੇ ਆਪ ਵਿੱਚ ਆਈ ਤੇ ਅੱਬੜਵਾਹੇ ਜਾ ਕੇ ਗੇਟ ਖੋਲ੍ਹਿਆ। ਕਾਰ ਦੇ ਰੰਗ ਤੋਂ ਪਛਾਣ ਲਿਆ ਸੀ ਕਿ ਜੈ ਕੌਰ ਹੋਰੀਂ ਨੇ। ਜੈ ਕੌਰ ਨੇ ਬਾਹਰ ਨਿਕਲਦੇ ਈ ਮੈਨੂੰ ਬਾਹਾਂ ਵਿੱਚ ਘੁੱਟ ਲਿਆ। ਸਾਡੀਆਂ ਬਚਪਨ ਦੀਆਂ ਜੱਫੀਆਂ ਦਾ ਨਿੱਘ ਤਾਜ਼ਾ ਹੋ ਗਿਆ। ਜੈ ਕੌਰ ਦੀਆਂ ਬਾਹਾਂ ਵਿੱਚ ਘੁੱਟੀ ਹੋਈ ਨੇ ਮੈਂ ਵੇਖਿਆ, ਹਰਜੀਤ ਕਿੰਨੀ ਦੇਰ ਦਾ ਹੱਥ ਜੋੜੀ ਖੜ੍ਹਾ ਸੀ। ਆਦਰ ਸਤਿਕਾਰ ਨਾਲ ਮੈਂ ਦੋਹਾਂ ਨੂੰ ਅੰਦਰ ਲੈ ਗਈ। ਮੈਂ ਤੇ ਮੇਰੇ ਪਤੀ ਨੇ ਨੋਟ ਕੀਤਾ ਕਿ ਉਨ੍ਹਾਂ ਦੋਵਾਂ ਦੀਆਂ ਗੱਲਾਂ ਵਿੱਚ ਗੁਪਤ ਇਸ਼ਾਰੇ ਸੀ, ਜਿਨ੍ਹਾਂ ਦੀ ਸਾਨੂੰ ਕੋਈ ਸਮਝ ਨਹੀਂ ਸੀ ਲੱਗ ਰਹੀ। ਸਾਡੀ ਨੌਕਰਾਣੀ ਕਾਂਤਾ ਨੇ ਖਾਣ ਪੀਣ ਦਾ ਸਮਾਨ ਮੇਜ਼ ’ਤੇ ਟਿਕਾ ਦਿੱਤਾ। ਮੇਜ਼ ਵੱਲ ਜਾਣ ਦੀ ਥਾਂ ਜੈ ਕੌਰ ਬਾਹਰ ਗਈ ਤੇ ਕਾਰ ’ਚੋਂ ਸ਼ਿੰਗਾਰਿਆ ਹੋਇਆ ਮਿਠਾਈ ਦਾ ਡੱਬਾ ਚੁੱਕ ਲਿਆਈ ਤੇ ਆਪਣੇ ਪਤੀ ਨੂੰ ਫੜਾਉਂਦਿਆਂ ਬੋਲੀ,

‘‘ਪਹਿਲਾਂ ਇਨ੍ਹਾਂ ਨੂੰ ਪੁੱਛ ਲਓ ਕਿ ਮੂੰਹ ਮਿੱਠਾ ਕਰਾਉਣ ਦੀ ਪਹਿਲ ਕਿਸ ਨੇ ਕਰਨੀ ਆ, ਅਸੀਂ ਕਿ ਇਨ੍ਹਾਂ ?’’

ਸਾਡੇ ਦੋਹਾਂ ਮੂਹਰੇ ਇੱਕ ਹੋਰ ਵੱਡੀ ਬੁਝਾਰਤ ਮੂੰਹ ਅੱਡ ਕੇ ਖੜ੍ਹ ਗਈ। ਜੈ ਕੌਰ ਸਾਡੇ ਚਿਹਰੇ ਪੜ੍ਹ ਰਹੀ ਸੀ। ਸਾਡੀ ਬੇਚੈਨੀ ਵੇਖ ਕੇ ਉਸ ਨੇ ਹੋਰ ਤੜਫ਼ਾਉਣਾ ਠੀਕ ਨਾ ਸਮਝਿਆ ਤੇ ਆਪਣੇ ਪਤੀ ਨੂੰ ਇਸ਼ਾਰਾ ਕਰਕੇ ਸਮਝਾ ਦਿੱਤਾ। ਹਰਜੀਤ ਨੇ ਡੱਬਾ ਖੋਲ੍ਹਿਆ, ਇੱਕ ਪੀਸ ਮੇਰੇ ਪਤੀ ਦੇ ਮੂੰਹ ’ਚ ਪਾ ਕੇ ਜੱਫੀ ਵਿੱਚ ਘੁੱਟ ਲਿਆ ਤੇ ਨਾਲ ਦੀ ਨਾਲ ਜੈ ਕੌਰ ਨੇ ਬਰਫ਼ੀ ਦਾ ਵੱਡਾ ਟੁਕੜਾ ਮੇਰੇ ਮੂੰਹ ਵਿੱਚ ਪਾ ਕੇ ਬਾਹਾਂ ਵਿੱਚ ਘੁੱਟ ਲਿਆ ਤੇ ਦੋਵੇਂ ਸਾਨੂੰ ਰਿਸ਼ਤੇਦਾਰੀ ਦੀਆਂ ਵਧਾਈਆਂ ਦੇਣ ਲੱਗੇ।

ਪਹਿਲਾਂ ਤਾਂ ਅਸੀਂ ਸਮਝਿਆ ਕਿ ਉਹ ਕਿਸੇ ਹੋਰ ਮੁੰਡੇ ਦਾ ਰਿਸ਼ਤਾ ਲੈ ਕੇ ਆਏ ਨੇ ਜਿਵੇਂ ਜੈ ਕੌਰ ਨੇ ਦੋ ਸਾਲ ਪਹਿਲਾਂ ਜ਼ਿੰਮੇਵਾਰੀ ਲੈਂਦਿਆਂ ਕਿਹਾ ਸੀ, ਪਰ ਹਰਜੀਤ ਨੇ ਉਹ ਘੁੰਡੀ ਵੀ ਜਲਦੀ ਹੀ ਖੋਲ੍ਹ ਦਿੱਤੀ।

‘‘ਭਾਈ ਸਾਹਿਬ, ਦੋਹਾਂ ਦਾ ਸਹੇਲਪੁਣਾ ਪੁਸ਼ਤਾਂ ਦੀ ਰਿਸ਼ਤੇਦਾਰੀ ਵਿੱਚ ਬਦਲ ਕੇ ਕਿਹੋ ਜਿਹਾ ਲੱਗ ਰਿਹਾ?’’ ਹਰਜੀਤ ਦੀ ਗੱਲ ਸੁਣਦੇ ਈ ਮੇਰੇ ਹੱਥ ਰੱਬ ਦੇ ਸ਼ੁਕਰਾਨੇ ਵਿੱਚ ਜੁੜਨੋ ਨਾ ਰਹਿ ਸਕੇ। ਮੈਂ ਮੌਕਾ ਸੰਭਾਲਣ ਲਈ ਬੱਚਿਆਂ ਨੂੰ ਪੁੱਛ ਲਿਆ, ਕਹਿਣ ਹੀ ਲੱਗੀ ਸੀ, ਪਰ ਜੈ ਕੌਰ ਨੇ ਉਹ ਸਵਾਲ ਮੇਰੇ ਚਿਹਰੇ ਤੋਂ ਪੜ੍ਹ ਲਿਆ ਸੀ। ਕਹਿੰਦੀ;

‘‘ਮੈਂ ਸੁਰਜੀਤ ਦੇ ਮਨ ’ਚੋਂ ਉਹ ਕੁਝ ਲੱਭ ਲਿਆ ਸੀ, ਜੋ ਤੂੰ ਆਪਣੀ ਰੱਜੋ ਦੀਆਂ ਅੱਖਾਂ ’ਚੋਂ ਨਹੀਂ ਸੀ ਪੜ੍ਹ ਸਕੀ। ਦੋ ਸਾਲ ਪਹਿਲਾਂ ਜਦ ਤੁਸੀਂ ਸਾਡੇ ਪਿੰਡ ਆਏ, ਪਰ ਮੈਂ ਜਾਣਬੁੱਝ ਕੇ ਤੁਹਾਨੂੰ ਉਹ ਗੱਲ ਕਰਨ ਦਾ ਮੌਕਾ ਨਾ ਦਿੱਤਾ ਤਾਂ ਕਿ ਬੱਚਿਆਂ ਦੇ ਮਨਾਂ ਵਿੱਚ ਵਿਆਹ ਤੱਕ ਉਤਸੁਕਤਾ ਉਵੇਂ ਹੀ ਬਣੀ ਰਹੇ। ਸਾਨੂੰ ਵਿਆਹ ਦੇ ਢੁੱਕਵੇਂ ਸਮੇਂ ਦਾ ਪਤਾ ਹੋਣ ਕਰਕੇ ਮੈਂ ਰੱਜੋ ਦੀ ਜ਼ਿੰਮੇਵਾਰੀ ਲੈਂਦਿਆਂ ਨਾਲ ਹੀ ਤੈਨੂੰ ਦੋ ਸਾਲ ਉਡੀਕ ਦਾ ਹਿੰਟ ਵੀ ਦੇ ਦਿੱਤਾ ਸੀ। ਸੁਰਜੀਤ ਕੱਲ੍ਹ ਹੀ ਡੇਢ ਮਹੀਨੇ ਦੀ ਛੁੱਟੀ ਲੈ ਕੇ ਆਇਆ ਹੈ। ਆਉ, ਆਪਾਂ ਅੱਜ ਤੋਂ ਵਿਆਹ ਦੀਆਂ ਤਿਆਰੀਆਂ ਅਰੰਭ ਲਈਏ।’’

ਸੰਪਰਕ:+16044427676

Advertisement
×