ਕੈਨੇਡਾ ’ਚ ਅੰਤਰਰਾਜੀ ਵਪਾਰ ਸਮਝੌਤਾ ਸਹੀ ਬੰਦ, ਇੱਕ ਦਸੰਬਰ ਤੋਂ ਲਾਗੂ ਹੋਵੇਗੀ ਵਪਾਰਕ ਖੁੱਲ੍ਹ
ਰੁਜ਼ਗਾਰ ਮੰਤਰੀ ਰਵੀ ਕਾਹਲੋਂ ਨੇ ਸਮਝੌਤੇ ਨੂੰ ਸਰਕਾਰੀ ਦਖ਼ਲ ਦਾ ਖਾਤਮਾ ਦੱਸਿਆ
ਕੈਨੇਡਾ ਦੇ ਸਾਰੇ ਸੂਬਿਆਂ ਵਲੋਂ ਅੰਤਰਰਾਜੀ ਵਪਾਰ ਸਮਝੌਤੇ ’ਤੇ ਸਹਿਮਤੀ ਪ੍ਰਗਟਾਉਣ ਤੋਂ ਬਾਅਦ ਵਿਕਟੋਰੀਆ ਵਿੱਚ ਹੋਈ ਮੀਟਿੰਗ ਵਿੱਚ ਸਭ ਰਾਜਾਂ ਵਲੋਂ ਇਸ ਨੂੰ ਸਹੀਬੰਦ ਕਰ ਦਿੱਤਾ ਗਿਆ। ਬ੍ਰਿਟਿਸ਼ ਕੋਲੰਬੀਆ ਦੇ ਰੁਜ਼ਗਾਰ ਅਤੇ ਆਰਥਿਕ ਵਾਧੇ ਬਾਰੇ ਮੰਤਰੀ ਰਵੀ ਕਾਹਲੋਂ ਨੇ ਦੱਸਿਆ ਕਿ ਵਪਾਰ ਸਮਝੌਤਾ ਲਾਗੂ ਹੋਣ ਨਾਲ ਅਮਰੀਕੀ ਟੈਰਿਫ ਕਾਰਨ ਉਤਪਾਦਨ ਅਤੇ ਵਪਾਰਕ ਸਰਗਰਮੀਆਂ ਵਿੱਚ ਆਈ ਮੰਦੀ ਕਾਫੀ ਹੱਦ ਤੱਕ ਘਟ ਜਾਵੇਗੀ। ਦੇਸ਼ ਦੀਆਂ ਸਮੁੱਚੀਆਂ ਵਪਾਰਕ ਜਥੇਬੰਦੀਆਂ ਨੇ ਸਮਝੌਤਾ ਸਹੀਬੰਦ ਹੋਣ ’ਤੇ ਖੁਸ਼ੀ ਪ੍ਰਗਟਾਈ ਅਤੇ ਉਮੀਦ ਜ਼ਾਹਿਰ ਕੀਤੀ ਹੈ ਕਿ ਸੂਬਾਈ ਬੰਦਸ਼ਾਂ ਅਤੇ ਕੀਮਤਾਂ ਵਿੱਚ ਵੱਡੇ ਫਰਕ ਕਾਰਨ ਜੋ 2-3 ਵਸਤਾਂ ਹਾਲੇ ਸਮਝੌਤੇ ਤੋਂ ਬਾਹਰ ਰੱਖੀਆਂ ਗਈਆਂ ਹਨ, ਉਹ ਵੀ ਜਲਦੀ ਇਸ ਵਿੱਚ ਜੁੜ ਜਾਣਗੀਆਂ।
ਰਵੀ ਕਾਹਲੋਂ ਨੇ ਕਿਹਾ ਕਿ ਹੁਣ ਅੰਤਰਰਾਜੀ ਵਪਾਰ ਵਿੱਚ ਸਰਕਾਰੀ ਦਖਲ ਖਤਮ ਹੋ ਜਾਵੇਗਾ ਤੇ ਉਤਪਾਦਕ ਦੂਜੇ ਦੇਸ਼ਾਂ ਵੱਲ ਝਾਕਣ ਦੀ ਥਾਂ ਆਪਣੇ ਦੇਸ਼ ਦੇ ਹੋਰ ਖੇਤਰਾਂ ਦੀਆਂ ਲੋੜਾਂ ਵੱਲ ਧਿਆਨ ਕੇਂਦਰਤ ਕਰਕੇ ਪੂਰਤੀ ਕਰ ਸਕਣਗੇ। ਮੰਤਰੀ ਨੇ ਭਰੋਸਾ ਪ੍ਰਗਟ ਕੀਤਾ ਕਿ ਇਸ ਫੈਸਲੇ ਨੂੰ ਹੁਣ ਤੱਕ ਸਰਕਾਰੀ ਦਖਲ ਤੋਂ ਛੋਟ ਪਾਉਣ ਵਾਲੇ ਫੈਸਲਿਆਂ ’ਚੋਂ ਸਭ ਤੋਂ ਅਹਿਮ ਮੰਨਿਆ ਜਾਵੇਗਾ।
ਵੱਖ ਵੱਖ ਸੂਬਿਆਂ ਵਿੱਚ ਕੁਝ ਸਥਾਨਕ ਬੰਦਸ਼ਾਂ ਕਾਰਨ ਹਾਲ ਦੀ ਘੜੀ ਖੁਰਾਕੀ ਵਸਤਾਂ, ਸ਼ਰਾਬ, ਤੰਬਾਕੂ, ਵਨਸਪਤੀ ਬੂਟੇ ਅਤੇ ਪਸ਼ੂਆਂ ਨੂੰ ਸਮਝੌਤੇ ਤੋਂ ਬਾਹਰ ਰੱਖਿਆ ਗਿਆ ਹੈ। ਰਵੀ ਕਾਹਲੋਂ ਨੇ ਕਿਹਾ ਕਿ ਹੌਲੀ ਹੌਲੀ ਇਹ ਬੰਦਸ਼ਾਂ ਵੀ ਖਤਮ ਕਰ ਦਿੱਤੀਆਂ ਜਾਣਗੀਆਂ ਤੇ ਹਰੇਕ ਉਤਪਾਦ ਦੀ ਵਿਕਰੀ ਅਤੇ ਮੰਗ ਲਈ ਸਾਰਾ ਦੇਸ਼ ਇੱਕ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਤੱਕ ਇੱਕ ਸੂਬੇ ਵਿੱਚ ਬਣੀ ਵਸਤੂ ਨੂੰ ਹੋਰ ਸੂਬਿਆਂ ਵਿੱਚ ਭੇਜਣ ਜਾਂ ਵੇਚਣ ਲਈ ਦਰਪੇਸ਼ ਸੌ ਤਰ੍ਹਾਂ ਦੀਆਂ ਸਰਕਾਰੀ ਮਨਜ਼ੂਰੀਆਂ ਦਾ ਝੰਜਟ ਨਹੀਂ ਰਹੇਗਾ।
ਮੰਤਰੀ ਨੇ ਕਿਹਾ ਕਿ ਸਾਰੀਆਂ ਸੂਬਾਈ ਸਰਕਾਰਾਂ ਬਾਹਰ ਰਹਿ ਗਈਆਂ ਵਸਤੂਆਂ ਨੂੰ ਇਸ ਸਮਝੌਤੇ ਅਧੀਨ ਲਿਆਉਣ ਦੀ ਕਾਰਵਾਈ ਵਿੱਚ ਤੇਜ਼ੀ ਲਿਆਉਣਗੀਆਂ। ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਨੇ ਇਕ ਬਿਆਨ ਵਿਚ ਇਸ ਫੈਸਲੇ ’ਤੇ ਤਸੱਲੀ ਅਤੇ ਖੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਕਿ ਇਸ ਨਾਲ ਦੇਸ਼ ਦੀ ਸਨਅਤ ਨੂੰ ਵੱਡਾ ਹੁਲਾਰਾ ਮਿਲੇਗਾ।

