ਕੌਮਾਂਤਰੀ ਪੰਜਾਬੀ ਕਾਫ਼ਲਾ ਨੇ ਕਰਵਾਇਆ ਕਹਾਣੀ ਦਰਬਾਰ
ਕਹਾਣੀ ਸਾਹਿਤ ਦਾ ਇੱਕ ਅਨਿੱਖੜਵਾਂ ਅੰਗ ਹੈ। ਇਸ ਦੇ ਮੱਦੇਨਜ਼ਰ ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ ਵੱਲੋਂ ਪਲੇਠਾ ਕਹਾਣੀ ਦਰਬਾਰ ‘ਹੱਡ ਬੀਤੀਆਂ ਜੱਗ ਬੀਤੀਆਂ’ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਵੱਖ-ਵੱਖ ਦੇਸ਼ਾਂ ਦੇ ਕਹਾਣੀਕਾਰਾਂ ਨੇ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮੰਚ ਦੇ...
ਕਹਾਣੀ ਸਾਹਿਤ ਦਾ ਇੱਕ ਅਨਿੱਖੜਵਾਂ ਅੰਗ ਹੈ। ਇਸ ਦੇ ਮੱਦੇਨਜ਼ਰ ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ ਵੱਲੋਂ ਪਲੇਠਾ ਕਹਾਣੀ ਦਰਬਾਰ ‘ਹੱਡ ਬੀਤੀਆਂ ਜੱਗ ਬੀਤੀਆਂ’ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਵੱਖ-ਵੱਖ ਦੇਸ਼ਾਂ ਦੇ ਕਹਾਣੀਕਾਰਾਂ ਨੇ ਹਿੱਸਾ ਲਿਆ।
ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮੰਚ ਦੇ ਸਰਪ੍ਰਸਤ ਬਿੰਦਰ ਕੋਲੀਆਂ ਵਾਲ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ। ਸਰਬਜੀਤ ਸਿੰਘ ਜਰਮਨੀ ਨੇ ਮੰਚ ਸੰਚਾਲਨ ਕਰਦਿਆਂ ਸਭ ਤੋਂ ਪਹਿਲਾ ਸੱਦਾ ਪੋਲੀ ਬਰਾੜ (ਅਮਰੀਕਾ) ਨੂੰ ਦਿੰਦੇ ਹੋਏ ਕਹਾਣੀ ਦਰਬਾਰ ਦੀ ਸ਼ੁਰੂਆਤ ਕੀਤੀ। ਪੋਲੀ ਬਰਾੜ ਨੇ ਕਹਾਣੀ ‘ਇਲਾਕੇ ਦਾ ਫ਼ਰਕ’ ਵਿੱਚ ਮਾਝੇ-ਮਾਲਵੇ ਦੇ ਰੀਤੀ ਰਿਵਾਜਾਂ ’ਤੇ ਆਪਣੀ ਸਾਂਝ ਪਾਈ। ਦੂਜਾ ਸੱਦਾ ਹਰਸ਼ਰਨ ਕੌਰ, ਕੈਨੇਡਾ ਨੂੰ ਦਿੱਤਾ ਗਿਆ ਤੇ ਉਸ ਨੇ ‘ਪਿਆਰ ਦੇ ਪਲ’ ਕਹਾਣੀ ਸੁਣਾ ਕੇ ਕੁਝ ਪਿਆਰ ਕਰਨ ਵਾਲੀਆਂ ਰੂਹਾਂ ਦੀ ਸਾਂਝ ਬਾਰੇ ਦੱਸਿਆ। ਬਾਅਦ ਵਿੱਚ ਗੁਰਮੀਤ ਸਿੰਘ ਮੱਲੀ, ਇਟਲੀ ਨੇ ਆਪਣੀ ਕਹਾਣੀ ‘ਅਣ-ਸੁਲਝੀ ਮੁਹੱਬਤ’ ਸੁਣਾ ਕੇ ਪਰਦੇਸੀਆਂ ਦੇ ਅਧੂਰੇ ਪਿਆਰ ’ਤੇ ਚਾਨਣਾ ਪਾਇਆ।
ਫਿਰ ਜਸਵਿੰਦਰ ਕੌਰ ਮਿੰਟੂ ਨੇ ਆਪਣੀ ਕਹਾਣੀ ‘ਰਿਸ਼ਤੇ’ ਸੁਣਾ ਕੇ ਪੁਰਾਤਨ ਸਮੇਂ ਦੇ ਪਿਆਰ ਭਰੇ ਰਿਸ਼ਤੇ ਅਤੇ ਅੱਜ ਦੇ ਰਿਸ਼ਤਿਆਂ ਵਿੱਚ ਆ ਰਹੇ ਬਦਲਾਉ ਬਾਰੇ ਬਾਖ਼ੂਬੀ ਚਾਨਣਾ ਪਾਇਆ। ਮਨਜੀਤ ਕੌਰ ਧੀਮਾਨ, ਲੁਧਿਆਣਾ ਨੇ ਆਪਣੀ ਮਿੰਨੀ ਕਹਾਣੀ ‘ਵਕਤ ਦੀ ਹੇਰਾ-ਫੇਰੀ’ ਵਿੱਚ ਪਤੀ-ਪਤਨੀ ਦੇ ਰਿਸ਼ਤੇ ਵਿੱਚ ਸਮੇਂ ਦੇ ਸੱਚ ਨੂੰ ਬਿਆਨ ਕੀਤਾ। ਸੁਲਤਾਨਪੁਰ ਲੋਧੀ ਵਸਦੇ ਸ਼ਾਇਰ ਮੁਖਤਾਰ ਸਿੰਘ ਚੰਦੀ ਨੇ ਆਪਣੀ ਕਹਾਣੀ ‘ਚੰਨ ਨੂੰ ਗਹ੍ਰਿਣ’ ਨਾਲ ਪੰਜਾਬ ਦੀਆਂ ਉਨ੍ਹਾਂ ਧੀਆਂ ਦਾ ਦਰਦ ਬਿਆਨ ਕੀਤਾ ਜਿਨ੍ਹਾਂ ਨੂੰ ਪਰਦੇਸ ਗਏ ਮਾਹੀ ਨੇ ਮੁੜ ਚਿੱਠੀ ਤੱਕ ਨਾ ਪਾਈ। ਮੋਤੀ ਸ਼ਾਇਰ ਪੰਜਾਬੀ, ਜਲੰਧਰ ਨੇ ਆਪਣੇ ਸਫ਼ਰ ਦੌਰਾਨ ਇੰਦੌਰ ਦੀਆਂ ਕੁਝ ਰੌਚਕ ਗੱਲਾਂ ਬਾਰੇ ਜਾਣੂ ਕਰਵਾਇਆ।
ਫਿਰ ਬਿੰਦਰ ਕੋਲੀਆਂ ਨੇ ਰੌਲਿਆਂ ਸਮੇਂ ਦਾ ਦਰਦ ਬਿਆਨ ਕਰਦੀ ਕਹਾਣੀ ‘ਜੰਗਾਲਿਆ ਜਿੰਦਰਾ’ ਨਾਲ ਸਭ ਨੂੰ ਭਾਵੁਕ ਕਰ ਦਿੱਤਾ। ਸਰਬਜੀਤ ਸਿੰਘ ਜਰਮਨੀ ਨੇ ‘ਮਾਂ ਬੋਲੀ ਪੰਜਾਬੀ’ ਕਹਾਣੀ ਰਾਹੀਂ ਸਭ ਨੂੰ ਪੰਜਾਬੀ ਬੋਲੀ ਸਿੱਖਣ ਦਾ ਸੰਦੇਸ਼ ਦਿੱਤਾ। ਪ੍ਰੋਗਰਾਮ ਦੇ ਆਖੀਰ ਵਿੱਚ ਅਮਨਬੀਰ ਸਿੰਘ ਧਾਮੀ ਵੱਲੋਂ ਕਹਾਣੀ ਦਰਬਾਰ ਵਿੱਚ ਸ਼ਾਮਲ ਹੋਏ ਸਾਰੇ ਕਹਾਣੀਕਾਰਾਂ ਦਾ ਧੰਨਵਾਦ ਕੀਤਾ ਗਿਆ।
ਈਮੇਲ: Tirthsingh3@yahoo.com