ਭਾਰਤੀ ਮੂਲ ਦੇ ਵਿਅਕਤੀ ਨੂੰ ਸਟੇਜ ਤੋਂ ਜਬਰੀ ਉਤਾਰਿਆ, ਭੀੜ ਨੂੰ ਉਕਸਾਉਣ ਦੇ ਇਲਜ਼ਾਮ
ਭਾਰਤੀ ਮੂਲ ਦੇ ਵਿਅਕਤੀ ਨੂੰ ਆਸਟਰੇਲੀਆ ਵਿੱਚ ਇੱਕ ਸਤੰਬਰ ਨੂੰ ਇੱਕ ਇਮੀਗ੍ਰੇਸ਼ਨ ਵਿਰੋਧੀ ਰੈਲੀ ’ਚ ਥੋੜ੍ਹੇ ਸਮੇਂ ਲਈ ਬੋਲਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਬਾਅਦ ਵਿੱਚ ਉਸ ਨੂੰ ਜ਼ਬਰਦਸਤੀ ਸਟੇਜ ਤੋਂ ਹਟਾ ਦਿੱਤਾ ਗਿਆ ਕਿਉਂਕਿ ਉਸ ਦੀ ਟਿੱਪਣੀ ਨਾਲ ਭੀੜ ਭੜਕ ਉੱਠੀ ਸੀ।
ਇਸ ਭਾਰਤੀ ਮੂਲ ਦੇ ਵਿਅਕਤੀ ਨੇ ਪੀਲੀ ਟੀ-ਸ਼ਰਟ ਪਾਈ ਹੋਈ ਸੀ ਜਿਸ ਉੱਤੇ ‘ਆਸਟਰੇਲੀਆ’ ਲਿਖਿਆ ਹੋਇਆ ਸੀ। ਪ੍ਰਬੰਧਕਾਂ ਨੇ ਉਸ ਬਾਰੇ ਕਿਹਾ , “ਉਹ ਇੱਕ ਵਿਦੇਸ਼ੀ ਵਰਗਾ ਲੱਗਦਾ ਹੈ। ਉਸ ਨੇ ਕਿਹਾ ਕਿ ਉਹ ਬੋਲਣਾ ਚਾਹੁੰਦਾ ਹੈ। ਮਾਈਕਰੋਫ਼ੋਨ ਲੈ ਕੇ ਉਸ ਨੇ ਬੋਲਣਾ ਸ਼ੁਰੂ ਕੀਤਾ।’’
ਉਸ ਨੇ ਕਿਹਾ, “ ਹਾਂ, ਮੈਂ ਇੱਕ BROWN MAN ਹਾਂ। ਹਾਂ ਮੈਂ ਭਾਰਤ ਤੋਂ ਇੱਕ ਪਰਵਾਸੀ ਹਾਂ ਪਰ ਮੈਂ ਇੱਥੇ ਸਹੀ ਕਾਰਨ ਕਰਕੇ ਆਇਆ ਹਾਂ। ਅੱਜ ਜੋ ਮੈਂ ਦੇਖ ਰਿਹਾ ਹਾਂ ਇਹ ਇਮੀਗ੍ਰੇਸ਼ਨ ਨਹੀਂ ਹੈ। ਇਹ ਇੱਕ Open-door policy ਹੈ। ਉਹ ਸਾਡੇ ਸੱਭਿਆਚਾਰ ਵਿੱਚ ਨਹੀਂ ਰਲ ਰਹੇ ਹਨ ਉਹ ਇਸ ਨੂੰ ਤੋੜ-ਮਰੋੜ ਰਹੇ ਹਨ।”
ਇਸ ਤੋਂ ਪਹਿਲਾਂ ਕਿ ਉਹ ਅੱਗੇ ਵਧਦਾ ਉਸ ਨੂੰ ਇੱਕ ਪਾਸੇ ਧੱਕ ਦਿੱਤਾ ਗਿਆ ਅਤੇ ਮਾਈਕਰੋਫ਼ੋਨ ਉਸ ਤੋਂ ਲੈ ਲਿਆ ਗਿਆ। ਰੁਕਾਵਟ ਦੇ ਬਾਵਜੂਦ ਉਹ ਇਹ ਕਹਿਣ ਵਿੱਚ ਕਾਮਯਾਬ ਹੋ ਗਿਆ ਕਿ ਇਮੀਗ੍ਰੇਸ਼ਨ ਲੈਣਾ ਨਹੀਂ ਸਗੋਂ ਦੇਣਾ ਹੈ। ਮੰਗ ਕਰਨਾ ਨਹੀਂ ਸਗੋਂ ਸਤਿਕਾਰ ਕਰਨਾ ਹੈ।
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਲਗਾਤਾਰ ਵਾਇਰਲ ਹੋ ਰਹੀ ਹੈ
ਇਹ ਰੈਲੀ ਦੇਸ਼ ਭਰ ਵਿੱਚ ‘ਮਾਰਚ ਫਾਰ ਆਸਟਰੇਲੀਆ’ ਵਿਰੋਧ ਪ੍ਰਦਰਸ਼ਨਾਂ ਦਾ ਹਿੱਸਾ ਸੀ ਜਿੱਥੇ ਪ੍ਰਦਰਸ਼ਨਕਾਰੀਆਂ ਨੇ ਇਮੀਗ੍ਰੇਸ਼ਨ ਨੀਤੀਆਂ ਦਾ ਵਿਰੋਧ ਕੀਤਾ। ਪ੍ਰਬੰਧਕਾਂ ਨੇ 2020 ਤੋਂ ਭਾਰਤ ਤੋਂ ਪਰਵਾਸ ਵਿੱਚ ਤੇਜ਼ੀ ਹੋ ਰਹੇ ਵਾਧੇ ਨੂੰ ਉਜਾਗਰ ਕੀਤਾ।
ਆਸਟਰੇਲੀਆ ਦੇ ਗ੍ਰਹਿ ਮੰਤਰੀ ਟੋਨੀ ਬਰਕ ਨੇ ਇਨ੍ਹਾਂ ਘਟਨਾਵਾਂ ਦੀ ਨਿੰਦਾ ਕਰਦੇ ਹੋਏ ਕਿਹਾ, “ ਸਾਡੇ ਦੇਸ਼ ਵਿੱਚ ਉਨ੍ਹਾਂ ਲੋਕਾਂ ਲਈ ਕੋਈ ਥਾਂ ਨਹੀਂ ਹੈ ਜੋ ਸਾਡੀ ਸਮਾਜਿਕ ਏਕਤਾ ਨੂੰ ਵੰਡਣ ਅਤੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਸੀਂ ਇਨ੍ਹਾਂ ਰੈਲੀਆਂ ਦੇ ਵਿਰੁੱਧ ਆਧੁਨਿਕ ਆਸਟਰੇਲੀਆ ਦੇ ਨਾਲ ਖੜ੍ਹੇ ਹਾਂ।”
ਇਹ ਵਿਰੋਧ ਪ੍ਰਦਰਸ਼ਨ ਪ੍ਰਵਾਸ ਨੀਤੀ ’ਤੇ ਸਿਆਸੀ ਬਹਿਸ ਦੇ ਵਿਚਕਾਰ ਹੋਏ ਹਨ। ਲਿਬਰਲ ਸੈਨੇਟਰ ਜੈਕਿੰਟਾ ਨੈਂਪੀਜਿਨਪਾ (Jacinta Nampijinpa) ਪ੍ਰਾਈਸ ਨੂੰ ਹਾਲ ਹੀ ਵਿੱਚ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਉਨ੍ਹਾਂ ਨੇ ਸੁਝਾਅ ਦਿੱਤਾ ਸੀ ਕਿ ਸਰਕਾਰ ਭਾਰਤੀਆਂ ਵਰਗੇ ‘ਲੇਬਰ-ਝੁਕਾਅ ਵਾਲੇ’ ਪਰਵਾਸੀ ਭਾਈਚਾਰਿਆਂ ਦਾ ਪੱਖ ਪੂਰ ਰਹੀ ਹੈ।
ਹਾਲਾਂਕਿ ਆਲੋਚਨਾ ਤੋਂ ਬਾਅਦ ਉਨ੍ਹਾਂ ਕਿਹਾ ,“ਆਸਟਰੇਲੀਆ ਆਏ ਭਾਰਤੀ ਪ੍ਰਵਾਸੀਆਂ ਦਾ ਏਕੀਕਰਨ, ਸਾਡੀਆਂ ਕਦਰਾਂ-ਕੀਮਤਾਂ ਨੂੰ ਅਪਣਾਉਣ, ਕਈ ਖੇਤਰਾਂ ਵਿੱਚ ਸਖ਼ਤ ਮਿਹਨਤ ਕਰਨ ਅਤੇ ਪਿਆਰੇ ਅਤੇ ਵਫ਼ਾਦਾਰ ਆਸਟਰੇਲੀਅਨ ਨਾਗਰਿਕ ਬਣਨ ਦਾ ਇੱਕ ਮਜ਼ਬੂਤ ਰਿਕਾਰਡ ਹੈ। ਮੈਂ ਭਾਰਤੀ ਅਤੇ ਸਿੱਖ ਭਾਈਚਾਰਿਆਂ ਦੇ ਅੰਦਰ ਆਪਣੀਆਂ ਦੋਸਤੀਆਂ ਦੀ ਬਹੁਤ ਕਦਰ ਕਰਦੀ ਹਾਂ।”