ਪੱਛਮੀ ਮਿਡਲੈਂਡਜ਼ ਪੁਲੀਸ ਨੇ ਓਲਡਬਰੀ ਦੇ ਇੱਕ ਪਾਰਕ ਵਿੱਚ ਦਿਨ-ਦਿਹਾੜੇ 20 ਸਾਲ ਦੀ ਸਿੱਖ ਲੜਕੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਵੈੱਬਸਾਈਟ birminghammail.co.uk ਨੇ ਇਸ ਬਾਰੇ ਖੁਲਾਸਾ ਕੀਤਾ ਸੀ।
ਰਿਪੋਰਟ ਅਨੁਸਾਰ 9 ਸਤੰਬਰ ਨੂੰ ਸਵੇਰੇ 8:30 ਵਜੇ ਦੇ ਕਰੀਬ ਵਾਪਰੀ ਘਟਨਾ ਨੂੰ ਨਸਲੀ ਘਟਨਾ ਮੰਨਿਆ ਜਾ ਰਿਹਾ ਹੈ। ਜਬਰ ਜਨਾਹ ਕਰਨ ਵਾਲਿਆਂ ਨੇ ਕਈ ਨਸਲੀ ਟਿੱਪਣੀਆਂ ਕੀਤੀਆਂ ਸਨ। ਜਬਰ ਜਨਾਹ ਕਰਨ ਵਾਲਿਆਂ ਦੀ ਪਛਾਣ ਗੋਰਿਆਂ ਵਜੋਂ ਹੋਈ ਹੈ ਤੇ ਉਨ੍ਹਾਂ ਦੀ ਗਿਣਤੀ ਦੋ ਸੀ। ਉਨ੍ਹਾਂ ਨੇ ਲੜਕੀ ਨੂੰ ‘ਆਪਣੇ ਦੇਸ਼ ਵਾਪਸ ਜਾਓ’ ਕਿਹਾ ਸੀ।
ਇਸ ਘਟਨਾ ਕਾਰਨ ਸਥਾਨਕ ਸਿੱਖ ਭਾਈਚਾਰੇ ਵਿੱਚ ਗੁੱਸਾ ਪੈਦਾ ਹੋ ਗਿਆ ਹੈ। ਇਸ ਘਟਨਾ ਨੂੰ ਲੈ ਕੇ ਸਿੱਖ ਭਾਈਚਾਰੇ ਵੱਲੋਂ ਸਮੈਦਵਿਕ ਦੇ ਗੁਰੂ ਨਾਨਕ ਗੁਰਦੁਆਰੇ ਵਿੱਚ ਮੀਟਿੰਗ ਕੀਤੀ ਗਈ।
ਸੈਂਡਵੈੱਲ ਪੁਲੀਸ ਦੇ ਚੀਫ਼ ਸੁਪਰਡੈਂਟ ਕਿਮ ਮੈਡਿਲ ਨੇ ਕਿਹਾ: “ਅਸੀਂ ਪੂਰੀ ਤਰ੍ਹਾਂ ਸਮਝਦੇ ਹਾਂ ਕਿ ਇਸ ਕਾਰਨ ਕਿੰਨਾ ਦੁੱਖ ਅਤੇ ਡਰ ਪੈਦਾ ਹੋਇਆ ਹੈ। ਅਸੀਂ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਕੰਮ ਕਰ ਰਹੇ ਹਾਂ। ਫੋਰੈਂਸਿਕ ਅਤੇ ਸੀਸੀਟੀਵੀ ਜਾਂਚਾਂ ਚੱਲ ਰਹੀਆਂ ਹਨ ਅਤੇ ਲੋਕਾਂ ਨੂੰ ਭਰੋਸਾ ਦਿਵਾਉਣ ਲਈ ਵਾਧੂ ਪੁਲੀਸ ਤਾਇਨਾਤ ਕੀਤੀ ਗਈ ਹੈ।”
ਉਸੇ ਦਿਨ ਬਾਅਦ ਵਿੱਚ ਨੇੜੇ ਦੇ ਵੈਸਟ ਬ੍ਰੋਮਵਿਚ ਦੇ ਕੇਨਰਿਕ ਪਾਰਕ ਵਿੱਚ ਦੁਪਹਿਰ 12:15 ਵਜੇ ਦੇ ਕਰੀਬ ਇੱਕ ਦੂਜੇ ਜਿਨਸੀ ਹਮਲੇ ਦੀ ਜਾਣਕਾਰੀ ਮਿਲੀ। ਉਸ ਘਟਨਾ ਦੀ ਵੀ ਜਾਂਚ ਚੱਲ ਰਹੀ ਹੈ ਹਾਲਾਂਕਿ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਕੀ ਦੋਵੇਂ ਹਮਲੇ ਆਪਸ ਵਿੱਚ ਜੁੜੇ ਹੋਏ ਹਨ।
ਪੱਛਮੀ ਮਿਡਲੈਂਡਜ਼ ਪੁਲੀਸ ਨੇ ਲੋਕਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਹੈ।