ਭਾਰਤੀ ਕੌਂਸੁਲੇਟ ਟੋਰਾਂਟੋ ਵੱਲੋਂ ਭਾਰਤੀ ਮੂਲ ਦੇ ਪੈਨਸ਼ਨਰਾਂ ਨੂੰ ਲਾਈਫ਼ ਸਰਟੀਫਿਕੇਟ ਜਾਰੀ
ਪਹਿਲਾ ਕੈਂਪ ਮੈਨੀਟੋਬਾ ਦੇ ਵਿਨੀਪੈਗ ਸ਼ਹਿਰ ਦੇ ਸਾਊਥ ਸਿੱਖ ਸੈਂਟਰ ਵਿਚ ਲਾਇਆ; 700 ਪੈਨਸ਼ਨਰਾਂ ਨੇ ਲਿਆ ਕੈਂਪ ਦਾ ਲਾਭ; ਕੈਂਪਾਂ ਦਾ ਸਿਲਸਿਲਾ 30 ਨਵੰਬਰ ਤੱਕ ਜਾਰੀ ਰਹੇਗਾ
ਪ੍ਰਵਾਸੀ ਭਾਰਤੀ ਪੈਨਸ਼ਨਰਾਂ ਨੂੰ ਆਪਣੀ ਪੈਨਸ਼ਨ ਜਾਰੀ ਰੱਖੇ ਜਾਣ ਲਈ ਜਿਉਂਦੇ ਜਾਗਦੇ ਹੋਣ ਦੇ ਸਬੂਤ ਵਜੋਂ ਹਰ ਸਾਲ ਨਵੰਬਰ ਮਹੀਨੇ ਵਿਚ ਲਾਈਫ਼ ਸਰਟੀਫਿਕੇਟ ਬਣਵਾ ਕੇ ਭੇਜਣੇ ਪੈਂਦੇ ਹਨ। ਇਨ੍ਹਾਂ ਸਰਟੀਫਿਕੇਟ ਵਾਸਤੇ ਹਾਈ ਕਮਿਸ਼ਨ ਆਫ਼ ਇੰਡੀਆ ਅਤੇ ਭਾਰਤੀ ਕੌਂਸੁਲੇਟ ਟੋਰਾਂਟੋ ਵੱਲੋਂ ਭਾਰਤੀ ਮੂਲ ਦੇ ਪੈਨਸ਼ਨਰਾਂ ਨੂੰ ਲਾਈਫ਼ ਸਰਟੀਫਿਕੇਟ ਜਾਰੀ ਕਰਨ ਹਿਤ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿਚ ਕੈਂਪ ਲਾਉਣ ਦਾ ਐਲਾਨ ਕੀਤਾ ਗਿਆ। ਕੌਂਸੁਲੇਟ ਵੱਲੋਂ ਜਾਰੀ ਸੂਚੀ ਮੁਤਾਬਕ ਕੈਂਪਾਂ ਦਾ ਸਿਲਸਿਲਾ 1 ਨਵੰਬਰ ਤੋਂ 30 ਨਵੰਬਰ ਤੱਕ ਜਾਰੀ ਰਹੇਗਾ।
ਪਹਿਲਾ ਕੈਂਪ ਮੈਨੀਟੋਬਾ ਦੇ ਵਿਨੀਪੈਗ ਸ਼ਹਿਰ ਦੇ ਸਾਊਥ ਸਿੱਖ ਸੈਂਟਰ ਵਿਚ 1 ਤੇ 2 ਨਵੰਬਰ ਨੂੰ ਹਿੰਦੂ ਟੈਂਪਲ ਵਿਚ ਲਾਇਆ ਗਿਆ ਜਿਸ ਦੌਰਾਨ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ ਢਾਈ ਵਜੇ ਤੱਕ ਪੈਨਸ਼ਨਰਾਂ ਨੂੰ ਲਾਈਫ਼ ਸਰਟੀਫਿਕੇਟ ਜਾਰੀ ਕੀਤੇ ਜਾਣੇ ਸਨ ਪਰ ਪੈਨਸ਼ਨਰਾਂ ਦੀ ਵੱਧ ਆਮਦ ਕਾਰਨ ਇਹ ਕੈਂਪ ਤਕਰੀਬਨ ਸ਼ਾਮੀਂ ਪੰਜ ਵਜੇ ਖ਼ਤਮ ਹੋਏ।
ਇਸ ਕੈਂਪ ਦਾ ਤਕਰੀਬਨ 700 ਦੇ ਕਰੀਬ ਪੈਨਸ਼ਨਰਾਂ ਨੇ ਲਾਭ ਲਿਆ। ਕੌਂਸੁਲੇਟ ਵੱਲੋਂ ਲਾਈਫ਼ ਸਰਟੀਫਿਕੇਟ ਹਾਸਲ ਕਰਨ ਦੇ ਇੱਛੁਕ ਭਾਰਤੀਆਂ ਨੂੰ ਖ਼ੁਦ ਹਾਜ਼ਰ ਹੋਣ ਦੀ ਅਪੀਲ ਕੀਤੀ ਗਈ ਸੀ ਪਰ ਜਿਹੜੇ ਬਿਨੈਕਾਰ ਮੈਡੀਕਲ ਕਾਰਨਾਂ ਕਰ ਕੇ ਕੈਂਪ ਵਿਚ ਪੁੱਜਣ ਦੇ ਸਮਰੱਥ ਨਹੀਂ ਸਨ ਉਨ੍ਹਾਂ ਨਾਲ ਵੀਡੀਓ ਕਾਲ ਰਾਹੀਂ ਗੱਲ ਕਰਨ ਬਾਅਦ ਲਾਈਫ਼ ਸਰਟੀਫਿਕੇਟ ਜਾਰੀ ਕੀਤੇ ਗਏ। ਇਸ ਸਰਟੀਫਿਕੇਟ ਦਾ ਕੋਈ ਖਰਚਾ ਜਾਂ ਫ਼ੀਸ ਬਿਨੈਕਾਰਾਂ ਤੋਂ ਨਹੀਂ ਲਈ ਜਾਵੇਗੀ।
ਭਾਰਤੀ ਕੌਂਸੁਲੇਟ ਜਨਰਲ ਦੇ ਸਟਾਫ਼ ਮੈਂਬਰ ਵੱਲੋਂ ਸਵੇਰੇ 10 ਵਜੇ ਦੇ ਕਰੀਬ ਸਰਟੀਫਿਕੇਟ ਜਾਰੀ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਟੋਕਨ ਨੰਬਰਾਂ ਅਨੁਸਾਰ ਵਾਰੀ ਸਿਰ ਪੈਨਸ਼ਨਰਾਂ ਨੂੰ ਬੁਲਾ ਕੇ ਸਟਾਫ਼ ਵੱਲੋਂ ਉਨ੍ਹਾਂ ਦੇ ਫਾਰਮ ਅਤੇ ਪਾਸਪੋਰਟ ਦੀ ਤਸਦੀਕ ਮਗਰੋਂ ਉਨ੍ਹਾਂ ਨੂੰ ਸਰਟੀਫਿਕੇਟ ਜਾਰੀ ਕੀਤੇ ਗਏ। ਲਾਈਫ਼ ਸਰਟੀਫਿਕੇਟ ਤੋਂ ਇਲਾਵਾ ਪਾਸਪੋਰਟ, ਵੀਜ਼ਾ ਅਤੇ ਓ ਸੀ ਆਈ ਕਾਰਡ ਬਾਰੇ ਵੀ ਸ਼ਿਕਾਇਤਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਵਿੱਚੋਂ ਕਾਫ਼ੀ ਸ਼ਿਕਾਇਤਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ। ਉਨ੍ਹਾਂ ਸਾਰੇ ਰਿਟਾਇਰਡ ਵਿਅਕਤੀਆਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ।
ਕੌਂਸੁਲੇਟ ਜਨਰਲ ਆਫ਼ ਇੰਡੀਆ ਟੋਰਾਂਟੋ ਦੀ ਟੀਮ ਦੇ ਮੈਂਬਰ ਕੁਲਜੀਤ ਸਿੰਘ ਅਰੋੜਾ ਅਤੇ ਅਰੁਣ ਕੁਮਾਰ ਨੇ ਸਾਊਥ ਸਿੱਖ ਸੈਂਟਰ ਅਤੇ ਹਿੰਦੂ ਟੈਂਪਲ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕੈਂਪ ਵਿਚ ਆਉਣ ਵਾਲੇ ਹਰੇਕ ਵਿਅਕਤੀ ਅਤੇ ਗੁਰਦੁਆਰਾ ਸਾਊਥ ਸੈਂਟਰ ਦੇ ਪ੍ਰਧਾਨ ਰਜਿੰਦਰ ਸਿੰਘ ਗਰੇਵਾਲ, ਕਿਰਨਪਾਲ ਚੀਮਾ, ਸ਼ਿਵ ਚਰਨ ਸੰਧੂ, ਅੰਮ੍ਰਿਤਪਾਲ ਚੀਮਾ ਅਤੇ ਹੋਰ ਵਲੰਟੀਅਰਾਂ ਦਾ ਧੰਨਵਾਦ ਕੀਤਾ। ਪ੍ਰਬੰਧਕਾਂ ਵੱਲੋਂ ਪੈਨਸ਼ਨਰਾਂ ਅਤੇ ਉਨ੍ਹਾਂ ਦੇ ਨਾਲ ਆਏ ਸਹਿਯੋਗੀਆਂ ਲਈ ਚਾਹ ਪਾਣੀ, ਪਕੌੜੇ ਅਤੇ ਲੰਗਰ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ। ਕੈਂਪ ਦੇ ਕੋਆਰਡੀਨੇਟਰ ਕਿਰਨਪਾਲ ਚੀਮਾ ਵੱਲੋਂ ਕੌਂਸੁਲੇਟ ਜਨਰਲ ਆਫ਼ ਇੰਡੀਆ ਟੋਰਾਂਟੋ ਅਤੇ ਉਨ੍ਹਾਂ ਦੀ ਟੀਮ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ।

