DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਰਵਾਸੀਆਂ ’ਤੇ ਪਾਬੰਦੀਆਂ ਤੇ ਕੈਨੇਡਾ ਦੇ ਵਿਗੜਦੇ ਹਾਲਾਤ

ਪ੍ਰਿੰਸੀਪਲ ਵਿਜੈ ਕੁਮਾਰ ਇਹ ਗੱਲ ਜੱਗ ਜਾਹਿਰ ਹੋ ਚੁੱਕੀ ਹੈ ਕਿ ਕੈਨੇਡਾ ਦੇ ਆਰਥਿਕ ਹਾਲਾਤ ਦਿਨ ਪ੍ਰਤੀ ਦਿਨ ਵਿਗੜਦੇ ਜਾ ਰਹੇ ਹਨ। ਜੇਕਰ ਇਹ ਵੀ ਕਹਿ ਲਿਆ ਜਾਵੇ ਕਿ ਕੈਨੇਡਾ ਦੇ ਕੇਵਲ ਆਰਥਿਕ ਹਾਲਾਤ ਹੀ ਨਹੀਂ ਸਗੋਂ ਰਾਜਨੀਤਿਕ ਅਤੇ ਸਮਾਜਿਕ...
  • fb
  • twitter
  • whatsapp
  • whatsapp
Advertisement

ਪ੍ਰਿੰਸੀਪਲ ਵਿਜੈ ਕੁਮਾਰ

ਇਹ ਗੱਲ ਜੱਗ ਜਾਹਿਰ ਹੋ ਚੁੱਕੀ ਹੈ ਕਿ ਕੈਨੇਡਾ ਦੇ ਆਰਥਿਕ ਹਾਲਾਤ ਦਿਨ ਪ੍ਰਤੀ ਦਿਨ ਵਿਗੜਦੇ ਜਾ ਰਹੇ ਹਨ। ਜੇਕਰ ਇਹ ਵੀ ਕਹਿ ਲਿਆ ਜਾਵੇ ਕਿ ਕੈਨੇਡਾ ਦੇ ਕੇਵਲ ਆਰਥਿਕ ਹਾਲਾਤ ਹੀ ਨਹੀਂ ਸਗੋਂ ਰਾਜਨੀਤਿਕ ਅਤੇ ਸਮਾਜਿਕ ਹਾਲਾਤ ਵੀ ਮੰਦਹਾਲੀ ਵੱਲ ਨੂੰ ਵਧ ਰਹੇ ਹਨ, ਸ਼ਾਂਤੀ ਵਿਵਸਥਾ ਭੰਗ ਹੁੰਦੀ ਜਾ ਰਹੀ ਹੈ ਅਤੇ ਨੈਤਿਕ ਕਦਰਾਂ ਕੀਮਤਾਂ ਵੀ ਪੇਤਲੀਆਂ ਪੈਦੀਆਂ ਜਾ ਰਹੀਆਂ ਹਨ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਕੈਨੇਡਾ ਦੀ ਇਸ ਮੰਦਹਾਲੀ ਦੇ ਕਾਰਨ ਉਸ ਦੇ ਅੰਤਰਰਾਸ਼ਟਰੀ ਵੱਕਾਰ ਨੂੰ ਧੱਕਾ ਲੱਗਿਆ ਹੈ।

Advertisement

ਕੈਨੇਡਾ ਦੇ ਦਿਨ ਪ੍ਰਤੀ ਦਿਨ ਵਿਗੜ ਰਹੇ ਹਾਲਾਤ ਕਾਰਨ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਪਰਵਾਸੀਆਂ ਦਾ ਇਸ ਮੁਲਕ ਵਿੱਚ ਆਉਣ ਦਾ ਰੁਝਾਨ ਵੀ ਘਟਦਾ ਜਾ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕੈਨੇਡਾ ਨੂੰ ਆਪਣੇ ਮੁਲਕ ਵਿੱਚ ਮਿਲਾ ਕੇ 51ਵਾਂ ਰਾਜ ਬਣਾਉਣ ਦਾ ਬਿਆਨ ਇਸ ਮੁਲਕ ਦੇ ਪਤਨ ਵੱਲ ਨੂੰ ਵਧਣ ਦੀ ਨਿਸ਼ਾਨਦੇਹੀ ਕਰਦਾ ਹੈ। ਕੈਨੇਡਾ ਨੇ ਆਪਣੇ ਆਰਥਿਕ ਹਾਲਾਤ ਨੂੰ ਸੁਧਾਰਨ ਲਈ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਪਰਵਾਸੀਆਂ ਦੀ ਗਿਣਤੀ ਨੂੰ ਘਟਾਉਣ ਲਈ ਪਾਬੰਦੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਦੂਜੇ ਦੇਸ਼ਾਂ ਦੇ ਜਿਹੜੇ ਪਰਵਾਸੀ ਮੁੰਡੇ-ਕੁੜੀਆਂ ਪੜ੍ਹਾਈ ਕਰਨ ਦੇ ਬਹਾਨੇ ਕੈਨੇਡਾ ਵਿੱਚ ਰੁਜ਼ਗਾਰ ਲੱਭਣ ਅਤੇ ਪੱਕੇ ਤੌਰ ’ਤੇ ਵਸਣ ਲਈ ਆਏ ਹੋਏ ਹਨ, ਉਨ੍ਹਾਂ ਉੱਤੇ ਵਰਕ ਪਰਮਿਟ, ਐੱਲਐੱਮਆਈ, ਪੜ੍ਹਾਈ, ਨੌਕਰੀਆਂ ਅਤੇ ਪੱਕੀ ਨਾਗਰਿਕਤਾ ਨੂੰ ਲੈ ਕੇ ਕਾਨੂੰਨਾਂ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਸੋਧਾਂ ਕਰਕੇ ਉਨ੍ਹਾਂ ਨੂੰ ਮੁਲਕ ਨੂੰ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਹੁਣ ਸਵਾਲ ਇਹ ਹੈ ਕਿ ਇਸ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਕੇ ਕੀ ਕੈਨੇਡਾ ਦੇ ਹਾਲਾਤ ਸੁਧਰ ਜਾਣਗੇ? ਇਸ ਸਵਾਲ ਦਾ ਦੋ ਟੁੱਕ ਜਵਾਬ ਇਹ ਹੈ ਕਿ ਦੂਜੇ ਦੇਸ਼ਾਂ ਤੋਂ ਕੈਨੇਡਾ ਵਿੱਚ ਆਉਣ ਵਾਲੇ ਪਰਵਾਸੀਆਂ ਦੀ ਆਮਦ ਉੱਤੇ ਪਾਬੰਦੀਆਂ ਲਗਾਉਣ ਅਤੇ ਇਸ ਮੁਲਕ ਵਿੱਚ ਵਸਣ ਆਏ ਲੋਕਾਂ ਨੂੰ ਇਸ ਨੂੰ ਛੱਡਣ ਲਈ ਮਜਬੂਰ ਕਰਨ ਨਾਲ ਇਸ ਦੇ ਹਾਲਾਤ ਸੁਧਰਨ ਦੀ ਬਜਾਏ ਹੋਰ ਵੀ ਜ਼ਿਆਦਾ ਵਿਗੜ ਜਾਣਗੇ। ਜੇਕਰ ਬਿਮਾਰੀ ਦੇ ਮੁਤਾਬਿਕ ਉਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਸਮਝੋ ਕਿ ਮਰੀਜ਼ ਦੀ ਬਿਮਾਰੀ ਠੀਕ ਹੋਣ ਦੀ ਬਜਾਏ ਹੋਰ ਵਿਗੜੇਗੀ। ਕੈਨੇਡਾ ਦਾ ਅਰਥਚਾਰਾ ਵਿਦੇਸ਼ਾਂ ਤੋਂ ਆਉਣ ਵਾਲੇ ਪਰਵਾਸੀ ਲੋਕਾਂ ਦੀ ਆਮਦ ਤੋਂ ਹੋਣ ਵਾਲੀ ਕਮਾਈ ਉੱਤੇ ਕਾਫ਼ੀ ਹੱਦ ਤੱਕ ਨਿਰਭਰ ਕਰਦਾ ਹੈ। ਜੇਕਰ ਪਰਵਾਸੀਆਂ ਉੱਤੇ ਪਾਬੰਦੀ ਲਗਾ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਇਹ ਮੁਲਕ ਛੱਡਣ ਲਈ ਮਜਬੂਰ ਕੀਤਾ ਜਾਵੇਗਾ ਤਾਂ ਹਾਲਾਤ ਸੁਧਰਨ ਦੀ ਬਜਾਏ ਹੋਰ ਵਿਗੜਨ ਦੀ ਸੰਭਾਵਨਾ ਜ਼ਿਆਦਾ ਹੈ।

ਕੈਨੇਡਾ ਦੇ ਹਾਲਾਤ ਨੂੰ ਸੁਧਾਰਨ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਦੀ ਗੱਲ ਕਰਨ ਤੋਂ ਪਹਿਲਾਂ ਉਨ੍ਹਾਂ ਕਾਰਨਾਂ ਉੱਤੇ ਵਿਚਾਰ ਕਰਨਾ ਜ਼ਰੂਰੀ ਹੈ ਜਿਨ੍ਹਾਂ ਕਾਰਨ ਇਸ ਮੁਲਕ ਦੇ ਹਾਲਾਤ ਵਿਗੜੇ ਹਨ। ਸਭ ਤੋਂ ਪਹਿਲਾਂ ਤਾਂ ਇੱਥੋਂ ਦੀ ਸਰਕਾਰ ਵੱਲੋਂ ਆਪਣੇ ਅਰਥਚਾਰੇ ’ਚ ਵਾਧਾ ਕਰਨ ਲਈ ਦੂਜੇ ਦੇਸ਼ਾਂ ਤੋਂ ਪਰਵਾਸੀ ਮੁੰਡੇ-ਕੁੜੀਆਂ ਅਤੇ ਹੋਰ ਵਰਗ ਦੇ ਲੋਕਾਂ ਨੂੰ ਬੁਲਾ ਤਾਂ ਲਿਆ ਗਿਆ, ਪਰ ਉਨ੍ਹਾਂ ਲਈ ਰੁਜ਼ਗਾਰ, ਮਕਾਨਾਂ ਅਤੇ ਹੋਰ ਲੋੜੀਂਦੀਆਂ ਜ਼ਰੂਰਤਾਂ ਦਾ ਪ੍ਰਬੰਧ ਕਰਨ ਲਈ ਕੋਈ ਯੋਜਨਾ ਬਣਾਈ ਹੀ ਨਹੀਂ ਗਈ। ਇੱਥੋਂ ਦੇ ਸਿਆਸਤਦਾਨਾਂ ਨੂੰ ਇਸ ਮੁਲਕ ਦੀ ਖੁਸ਼ਹਾਲੀ ਨਾਲੋਂ ਆਪਣੀ ਕੁਰਸੀ ਜ਼ਿਆਦਾ ਪਿਆਰੀ ਹੈ। ਸੱਤਾ ਦੇ ਮੋਹ ਵਿੱਚ ਇੱਥੋਂ ਦੀਆਂ ਸਰਕਾਰਾਂ ਸ਼ਤਰੰਜ ਦੇ ਖੇਡ ਵਾਂਗ ਆਪਣੀਆਂ ਚਾਲਾਂ ਚੱਲ ਰਹੀਆਂ ਹਨ।

ਧਰਮਾਂ ਅਤੇ ਨਸਲਾਂ ਦੇ ਆਧਾਰ ’ਤੇ ਦੇਸ਼ ਵਿੱਚ ਅਤਿਵਾਦ ਫੈਲਾਉਣਾ, ਦੇਸ਼ ’ਚ ਫਿਰਕਾਪ੍ਰਸਤੀ ਨੂੰ ਹੱਲਾਸ਼ੇਰੀ ਦੇਣੀ, ਵੋਟਾਂ ਲਈ ਦੇਸ਼ ਵਿੱਚ ਵਸਦੇ ਪਰਵਾਸੀਆਂ ਨੂੰ ਜ਼ਰੂਰਤ ਤੋਂ ਜ਼ਿਆਦਾ ਸਹੂਲਤਾਂ ਦੇ ਕੇ ਸਰਕਾਰੀ ਖ਼ਜ਼ਾਨੇ ਉੱਤੇ ਆਰਥਿਕ ਬੋਝ ਵਧਾਉਣਾ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਕਈ ਦੇਸ਼ਾਂ ਨਾਲ ਆਪਣੇ ਸਬੰਧ ਵਿਗਾੜਨੇ, ਇਸ ਦੇਸ਼ ਦੀਆਂ ਸਰਕਾਰਾਂ ਦੀਆਂ ਸਿਆਸੀ ਚਾਲਾਂ ਦਾ ਹੀ ਹਿੱਸਾ ਹਨ। ਪੁਲੀਸ ਦੀ ਘਾਟ, ਕਾਨੂੰਨਾਂ ਦੇ ਕਮਜ਼ੋਰ ਹੋਣ, ਸਰਕਾਰਾਂ ਦੀ ਜਾਣਬੁੱਝ ਕੇ ਕੀਤੀ ਜਾ ਰਹੀ ਅਣਵੇਖੀ ਕਾਰਨ ਇੱਥੇ ਲੁੱਟਾਂ-ਖੋਹਾਂ, ਮਾਰ-ਮਰਾਈ, ਧੋਖਾਧੜੀ, ਬੇਈਮਾਨੀ, ਫਿਰੌਤੀਆਂ, ਚੋਰੀਆਂ-ਡਕੈਤੀਆਂ ਅਤੇ ਗੁੰਡਾਗਰਦੀ ਕਾਰਨ ਸਹਿਮ, ਦਹਿਸ਼ਤ ਤੇ ਅਸੁਰੱਖਿਆ ਦਾ ਮਾਹੌਲ ਪੈਦਾ ਹੋਣ ਕਾਰਨ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਪਰਵਾਸੀ ਲੋਕਾਂ ਦੀ ਗਿਣਤੀ ਘਟਣ ਲੱਗ ਪਈ। ਸਿੱਟੇ ਵਜੋਂ ਪਰਵਾਸੀਆਂ ਨੇ ਇਸ ਮੁਲਕ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਅਤੇ ਇੱਥੋਂ ਦੀ ਪੱਕੀ ਨਾਗਰਿਕਤਾ ਨਾ ਲੈਣ ਦਾ ਮਨ ਬਣਾਉਣਾ ਸ਼ੁਰੂ ਕਰ ਦਿੱਤਾ। ਇਸ ਨਾਲ ਇੱਥੋਂ ਦੇ ਅਰਥਚਾਰੇ ਨੂੰ ਢਾਹ ਲੱਗਣੀ ਸ਼ੁਰੂ ਹੋ ਗਈ। ਸਹਿਮ, ਦਹਿਸ਼ਤ ਅਤੇ ਅਸੁਰੱਖਿਆ ਦਾ ਮਾਹੌਲ ਹੋਣ ਕਾਰਨ ਇੱਥੋਂ ਦੇ ਵਪਾਰੀਆਂ, ਕਾਰੋਬਾਰੀਆਂ ਅਤੇ ਕਾਰਖਾਨੇਦਾਰਾਂ ਨੇ ਇਸ ਨੂੰ ਛੱਡ ਕੇ ਹੋਰ ਮੁਲਕਾਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਇੱਥੇ ਰੁਜ਼ਗਾਰ ਦੇ ਮੌਕੇ ਵਧਣ ਦੀ ਥਾਂ ਘਟਣੇ ਸ਼ੁਰੂ ਹੋ ਗਏ। ਤੇਲ ਵਰਗੇ ਕੁਦਰਤੀ ਸੋਮਿਆਂ ਦਾ ਦੂਜੇ ਮੁਲਕਾਂ ਨਾਲ ਵਪਾਰ ਘਟਣ ਨਾਲ ਕੈਨੇਡਾ ਦੇ ਰੁਜ਼ਗਾਰ ਦੇ ਮੌਕਿਆਂ ਅਤੇ ਅਰਥਚਾਰੇ ਨੂੰ ਕਾਫ਼ੀ ਢਾਹ ਲੱਗੀ।

ਇੱਥੋਂ ਦੇ ਲੋਕਾਂ ਨੇ ਕਾਰਖਾਨਿਆਂ ਵਿੱਚ ਪੈਸਾ ਲਗਾਉਣ ਦੀ ਬਜਾਏ ਰੀਅਲ ਅਸਟੇਟ ਵਿੱਚ ਜ਼ਿਆਦਾ ਪੈਸਾ ਲਗਾਉਣ ਕਾਰਨ ਰੁਜ਼ਗਾਰ ਦੇ ਮੌਕਿਆਂ ਵਿੱਚ ਕਮੀ ਆਉਣ ਲੱਗੀ, ਸਿੱਟੇ ਵਜੋਂ ਬੇਰੁਜ਼ਗਾਰੀ ਵਿੱਚ ਵਾਧਾ ਹੋਇਆ ਹੈ। ਟੈਕਸਾਂ ਦੀ ਚੋਰੀ, ਬੀਮੇ ਦੀ ਯੋਜਨਾ ਦੀ ਦੁਰਵਰਤੋਂ, ਕਾਰਖਾਨੇਦਾਰਾਂ, ਵਪਾਰੀਆਂ, ਰੀਅਲ ਅਸਟੇਟ ਅਤੇ ਹੋਰ ਕਾਰੋਬਾਰੀਆਂ ਵੱਲੋਂ ਹੇਰਾਫੇਰੀਆਂ ਕਰਨ ਦੇ ਕਾਰਨ ਇੱਥੋਂ ਦੇ ਅਰਥਚਾਰੇ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ। ਮਹਿੰਗਾਈ ਅਤੇ ਟੈਕਸਾਂ ਦੇ ਬੋਝ ਨਾਲ ਆਮ ਲੋਕਾਂ ਦਾ ਜੀਵਨ ਬਸਰ ਕਰਨਾ ਔਖਾ ਹੋ ਗਿਆ ਹੈ। ਜੇਕਰ ਇੱਥੋਂ ਦੇ ਹਾਲਾਤ ਨੂੰ ਸੁਧਾਰਨਾ ਹੈ ਤਾਂ ਸਰਕਾਰਾਂ ਨੂੰ ਪਰਵਾਸੀਆਂ ਦੀ ਆਮਦ ’ਤੇ ਪਾਬੰਦੀ ਲਾਉਣ ਦੀ ਬਜਾਏ ਆਪਣੀ ਕਾਰਜਸ਼ੈਲੀ ਨੂੰ ਬਦਲਣਾ ਪਵੇਗਾ। ਇੱਥੋਂ ਦੇ ਅਰਥਚਾਰੇ ਨੂੰ ਸੁਧਾਰਨ ਲਈ ਟੈਕਸਾਂ ਦੀ ਚੋਰੀ ਅਤੇ ਬੀਮਾ ਯੋਜਨਾ ਦੀ ਦੁਰਵਰਤੋਂ ਰੋਕਣੀ ਪਵੇਗੀ। ਪੁਲੀਸ ਦੀ ਵੱਧ ਤੋਂ ਵੱਧ ਭਰਤੀ ਕਰਕੇ ਅਤੇ ਕਾਨੂੰਨਾਂ ਨੂੰ ਸਖ਼ਤ ਬਣਾ ਕੇ ਦੇਸ਼ ਦੇ ਮਾਹੌਲ ਨੂੰ ਸਹਿਮ, ਦਹਿਸ਼ਤ ਅਤੇ ਅਸੁਰੱਖਿਆ ਤੋਂ ਮੁਕਤ ਕਰਨਾ ਪਵੇਗਾ। ਸਰਕਾਰਾਂ ਨੂੰ ਆਪਣੇ ਸਿਆਸੀ ਹਿੱਤਾਂ ਨਾਲੋਂ ਦੇਸ਼ ਹਿੱਤਾਂ ਬਾਰੇ ਸੋਚਣਾ ਪਵੇਗਾ। ਦੇਸ਼ ਦੀਆਂ ਆਰਥਿਕ ਨੀਤੀਆਂ ਦੇ ਸੁਧਾਰ ਵੱਲ ਧਿਆਨ ਦਿੰਦੇ ਹੋਏ ਲੋਕਾਂ ਨੂੰ ਰੀਅਲ ਅਸਟੇਟ ਦੀ ਬਜਾਏ ਕਾਰਖਾਨਿਆਂ ਵਿੱਚ ਪੈਸਾ ਲਗਾਉਣ ਲਈ ਤਿਆਰ ਕਰਨਾ ਅਤੇ ਆਪਣੇ ਦੇਸ਼ ਦੇ ਕਾਰੋਬਾਰੀਆਂ ਅਤੇ ਕਾਰਖਾਨੇਦਾਰਾਂ ਨੂੰ ਦੂਜੇ ਦੇਸ਼ਾਂ ਵਿੱਚ ਜਾਣ ਤੋਂ ਰੋਕਣਾ ਪਵੇਗਾ।

ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਹੋਣਗੇ ਤਾਂਕਿ ਮੁਲਕ ਦੀ ਬੇਰੁਜ਼ਗਾਰੀ ਨੂੰ ਠੱਲ੍ਹ ਪਾਈ ਜਾ ਸਕੇ। ਮੁਲਕ ਦੇ ਉਨ੍ਹਾਂ ਹਿੱਸਿਆਂ ’ਚ ਲੋਕਾਂ ਨੂੰ ਵਸਾਉਣਾ ਪਵੇਗਾ, ਜਿਨ੍ਹਾਂ ਵਿੱਚ ਕੁਦਰਤੀ ਕਾਰਨਾਂ ਕਰਕੇ ਆਬਾਦੀ ਘੱਟ ਹੈ। ਅਤਿਵਾਦ ਨੂੰ ਰੋਕਣਾ ਪਵੇਗਾ। ਦੂਜੇ ਦੇਸ਼ਾਂ ਨਾਲ ਆਪਣੇ ਸਬੰਧ ਸੁਧਾਰਨੇ ਹੋਣਗੇ। ਲੁੱਟਾਂ-ਖੋਹਾਂ, ਚੋਰੀਆਂ, ਮਾਰ-ਮਰਾਈ ਕਰਨ ਵਾਲਿਆਂ, ਫਿਰੌਤੀਆਂ ਮੰਗਣ ਵਾਲਿਆਂ, ਜੇਬ੍ਹ ਕਤਰਿਆਂ ਅਤੇ ਦੇਸ਼ ਦਾ ਮਾਹੌਲ ਖ਼ਰਾਬ ਕਰਨ ਵਾਲੇ ਪਰਵਾਸੀਆਂ ਨੂੰ ਇਸ ਮੁਲਕ ਵਿੱਚੋਂ ਕੱਢਣਾ ਪਵੇਗਾ। ਨਸ਼ਿਆਂ ਦੀ ਸਮੱਗਲਿੰਗ ਨੂੰ ਰੋਕਣਾ ਪਵੇਗਾ। ਤਦ ਇੱਥੋਂ ਦੇ ਹਾਲਾਤ ਸੁਧਰਨ ਦੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ।

Advertisement
×