ਖਾਣੀਆਂ ਤਾਂ ਬੰਦਿਆਂ ਤੂੰ ਦੋ ਰੋਟੀਆਂ...
ਦਫ਼ਤਰ ਦੀ ਕੁਰਸੀ ’ਤੇ ਬੈਠੇ ਨੂੰ ਕਾਫ਼ੀ ਸਮਾਂ ਹੋ ਗਿਆ ਸੀ। ਉਬਾਸੀ ’ਤੇ ਉਬਾਸੀ ਆਉਣੀ ਸ਼ੁਰੂ ਹੋ ਗਈ। ਉੱਧਰੋਂ ਇੱਕ ਕੁਲਹਿਣੀ ਜਿਹੀ ਮੱਖੀ ਸਾਡੀ ਕੋਈ ਪੇਸ਼ ਨਾ ਜਾਣ ਦੇਵੇ। ਸਾਡੀ ਖੜ੍ਹੀ ਮੁੱਛ ਦੇ ਰੋਹਬ ਦਾਬ ਦੇ ਬਾਵਜੂਦ ਉਹ ਨਿਡਰ ਹੋ...
ਦਫ਼ਤਰ ਦੀ ਕੁਰਸੀ ’ਤੇ ਬੈਠੇ ਨੂੰ ਕਾਫ਼ੀ ਸਮਾਂ ਹੋ ਗਿਆ ਸੀ। ਉਬਾਸੀ ’ਤੇ ਉਬਾਸੀ ਆਉਣੀ ਸ਼ੁਰੂ ਹੋ ਗਈ। ਉੱਧਰੋਂ ਇੱਕ ਕੁਲਹਿਣੀ ਜਿਹੀ ਮੱਖੀ ਸਾਡੀ ਕੋਈ ਪੇਸ਼ ਨਾ ਜਾਣ ਦੇਵੇ। ਸਾਡੀ ਖੜ੍ਹੀ ਮੁੱਛ ਦੇ ਰੋਹਬ ਦਾਬ ਦੇ ਬਾਵਜੂਦ ਉਹ ਨਿਡਰ ਹੋ ਕੇ ਕਦੇ ਨੱਕ ਤੇ ਕਦੇ ਗੱਲ੍ਹ ’ਤੇ ਬਹਿ ਕੇ ਪਿਆਰ ਮੁਹੱਬਤ ਦੀ ਭਿਣ ਭਿਣ ਦੀ ਹੇਕ ਵਿੱਚ ਗੀਤ ਸੁਣਾਈ ਜਾਵੇ।
ਸਾਨੂੰ ਬੜੀ ਖਿੱਝ ਚੜ੍ਹੀ ਜਾਵੇ ਕਿ ਇੱਕ ਪਾਸੇ ਇਸ ਬਦਤਮੀਜ਼ ਮੱਖੀ ਨੇ ਸਤਾਅ ਮਾਰਿਆ ਤੇ ਦੂਜੇ ਪਾਸੇ ਦੀਵਾਲੀ ਸਿਰ ’ਤੇ ਆਉਣ ਦੇ ਬਾਵਜੂਦ ਅਜੇ ਤੱਕ ਸੋਨੇ ਦੇ ਆਂਡੇ ਦੇਣ ਵਾਲੀ ਕੋਈ ਵੀ ਮੁਰਗੀ ਕਾਬੂ ਨਹੀਂ ਆ ਰਹੀ ਤੇ ਨਾ ਹੀ ਨੇੜੇ ਤੇੜੇ ਵੀ ਕੋਈ ਕੁੜ ਕੁੜ ਸੁਣਾਈ ਦੇ ਰਹੀ ਐ। ਪਤਾ ਨਹੀਂ ਐਤਕੀ ਕਿਹੜਾ ਸੱਪ ਸੁੰਘ ਗਿਆ?
ਇਹੀ ਸੋਚ ਸੋਚ ਕੇ ਸਾਡੀ ਸੁਰਤੀ ਨੇ ਲੰਘੇ ਮੌਜ ਬਹਾਰਾਂ ਦੇ ਵੇਲਿਆਂ ਨੂੰ ਜਾ ਜੱਫਾ ਮਾਰਿਆ। ਸਾਡੀ ਕਾਟੋ ਦੀਆਂ ਨਿੱਤ ਫੁੱਲਾਂ ’ਤੇ ਖੇਡਣ ਦੀਆਂ ਮਿੱਠੀਆਂ ਮਿੱਠੀਆਂ ਯਾਦਾਂ ਚੇਤਿਆਂ ਦੀ ਚੰਗੇਰ ’ਚੋਂ ਫੁੱਟਣ ਲੱਗ ਪਈਆਂ। ਦੀਵਾਲੀਆਂ ਵਰਗੇ ਦਿਨਾਂ ਦੇ ਸੁਨਹਿਰੀ ਦਿਨਾਂ ਵਿੱਚ ਤਾਂ ਤਿਉਹਾਰਾਂ ਤੋਂ ਦਸ ਪੰਦਰਾਂ ਦਿਨ ਪਹਿਲਾਂ ਈ ਸਾਡੀ ਕੁਰਸੀ ਦੀ ਤਾਕਤ ਦੀ ਆਰਤੀ ਉਤਾਰਨ ਲਈ ਝੁੰਡਾਂ ਦੇ ਝੁੰਡ ਆਣ ਸਾਡੇ ਆਲੇ ਦੁਆਲੇ ਮੰਡਰਾਉਣ ਲੱਗ ਪੈਂਦੇ ਸਨ। ਕੋਈ ਹਰਜਾਨਾ, ਕੋਈ ਨਜ਼ਰਾਨਾ, ਕੋਈ ਸ਼ੁਕਰਾਨਾ ਦੇਣ ਤੇ ਕੋਈ ਵਧਾਈ ਵਜੋਂ ਮਿੱਠਾ ਮੂੰਹ ਕਰਵਾਉਣ ਲਈ ਹੀ ਆਣ ਹਾਜ਼ਰੀ ਭਰ ਜਾਂਦਾ ਤਾਂ ਕਿ ਉਨ੍ਹਾਂ ਉੱਪਰ ਸਾਡੇ ਤਾਕਤੀ ਝੁਰਲੂ ਦੀ ‘ਕਿਰਪਾ’ ਬਣੀ ਰਹੇ। ਉਹ ਬੇਖੌਫ਼ ਹੋ ਕੇ ਪੁੱਠੇ ਸਿੱਧੇ ਕੰਮਾਂ ਨੂੰ ਪੂਰਾ ਗੇੜਾ ਦਿੰਦੇ ਰਹਿਣ ਤੇ ਉਨ੍ਹਾਂ ਨੂੰ ਪੁੱਛਣ ਗਿੱਛਣ ਦਾ ਕੋਈ ਹੀਆ ਵੀ ਨਾ ਕਰ ਸਕੇ।
ਅਸੀਂ ਵੀ ਬਗੈਰ ਕਿਸੇ ਕੰਜੂਸੀ ਦੇ ਆਪਣੀ ‘ਕਿਰਪਾ’ ਦੇ ਗੱਫਿਆਂ ਦੇ ਭਰ ਭਰ ਬੁੱਕ ਵੀ ਵੰਡਣ ਵਿੱਚ ਕੋਈ ਕਸਰ ਨਾ ਰਹਿਣ ਦਿੰਦੇ। ਕੁਰਸੀ ਸਮੇਤ ਪੂਰਾ ਦਫ਼ਤਰ ਹੀ ‘ਕਿਰਪਾ’ ਕਰਨ ਦੀ ਇਹ ਸੇਵਾ ਨਿਭਾਉਣ ਵਿੱਚ ਲਾ ਦਿੰਦੇ। ਇਸ ਛਤਰ ਛਾਇਆ ਹੇਠ ਬੇਫ਼ਿਕਰ ਮੁਰਗੀਆਂ ਇੱਧਰ ਉੱਧਰ ਜਿੱਥੇ ਵੀ ਜੀਅ ਕਰਦਾ ਠੂੰਗੇ ਮਾਰ ਮਾਰ ਕੇ ਸੁੱਜ ਭੜੋਲਾ (ਮੋਟੀਆਂ) ਹੋਈ ਜਾਂਦੀਆਂ। ਸੋ ਇਨ੍ਹਾਂ ’ਤੇ ਜਿੰਨਾ ਮਾਸ ਚੜ੍ਹਦਾ ਯਾਨੀ ਦੋ ਨੰਬਰ ਦੀ ਕਮਾਈ ਜਿੰਨੀ ਵੱਧ ਹੁੰਦੀ, ਓਨੀ ਹੀ ਸਾਡੀ ਚੁੰਝ ਵੱਧ ਹਰੀ ਹੁੰਦੀ ਰਹਿੰਦੀ। ਇਸੇ ਕਮਾਊ ਫਾਰਮੂਲੇ ਨੂੰ ਵਰਤੋਂ ਵਿੱਚ ਲਿਆਉਣ ਲਈ ਅਸੀਂ ਮੁਰਗੀਆਂ ਦੀ ਹਿਫ਼ਾਜ਼ਤ ਕਰਨ ਦੇ ਇਸ ਅਖੌਤੀ ਫਰਜ਼ ਨੂੰ ਪੂਰਾ ਕਰਨ ਲਈ ਕਿਸੇ ਵੀ ਕਾਨੂੰਨ ਦੀ ਕੋਈ ਪਰਵਾਹ ਹੀ ਨਹੀਂ ਮੰਨਦੇ ਸਾਂ।
ਸਗੋਂ ਚੰਮ ਦੀਆਂ ਚਲਾ ਚਲਾ ਕਈ ਹਮਾਤੜਾਂ ਦੇ ਨੱਕਾਂ ਵਿੱਚ ਹੀ ਦਮ ਕਰਕੇ ਉਨ੍ਹਾਂ ਦੇ ਹੱਕ ਹਕੂਕਾਂ ਨੂੰ ਸੂਲੀ ਚਾੜ੍ਹੀ ਰੱਖਦੇ ਤੇ ਉਨ੍ਹਾਂ ਦੇ ਗਲ਼ ਵਿੱਚ ਅੰਗੂਠਾ ਦੇ ਕੇ ਹੀ ਸਾਹ ਲੈਂਦੇ। ਅਸਲ ਫ਼ਰਜ਼ਾਂ ਨੂੰ ਪਿੱਠ ਵਿਖਾਉਂਦਿਆਂ ਮੁਰਗੀਆਂ ਦੀ ਪੂਰੀ ਪੁਸਤ ਪਨਾਹੀ ਕਰਨ ਵਿੱਚ ਰੁੱਝੇ ਰਹਿੰਦੇ। ਚਹੇਤਿਆਂ ਦੀ ਚਮੜੀ ਬਚਾਉਣ ਲਈ ਤਰ੍ਹਾਂ ਤਰ੍ਹਾਂ ਦੇ ਪਾਪੜ ਵੀ ਵੇਲਣ ਤੋਂ ਪਿੱਛੇ ਨਾ ਹਟਦੇ। ਕਾਨੂੰਨ ਦੇ ਰਾਖਿਆਂ ਵੱਲੋਂ ਅਚਨਚੇਤ ਪੈਣ ਵਾਲੇ ਛਾਪਿਆਂ ਦੀਆਂ ਸੂਹਾਂ ਨੂੰ ਪਹਿਲਾਂ ਹੀ ਆਪਣੇ ਚਹੇਤਿਆਂ ਤੱਕ ਪਹੁੰਚਾਉਣ ਨੂੰ ਆਪਣਾ ਨੈਤਿਕ ਫਰਜ਼ ਸਮਝਦਿਆਂ ਹਮੇਸ਼ਾਂ ਖ਼ਬਰਦਾਰ ਕਰਨ ਦਾ ਪੁੰਨ ਖੱਟਿਆ, ‘ਓ ਭਲੇਮਾਣਸੋ ! ਸਾਂਭ ਲਵੋ ਆਪਣਾ ਮਾਲ ਸਾਰਾ ਤੇ ਆਪ ਵੀ ਕੁਝ ਦਿਨਾਂ ਲਈ ਵਿੱਥਾਂ ਖੂੰਜਿਆਂ ਵਿੱਚ ਛੂ ਮੰਤਰ ਹੋ ਜਾਓ। ਸ਼ੇਰ ਪੈਣ ਵਾਲਾ ਜੇ ਸ਼ੇਰ।’ ਪਰ ਕੋਈ ਖਾਸ ਫ਼ਿਕਰ-ਫੁਕਰ ਕਰਨ ਦੀ ਲੋੜ ਨਹੀਂ ਆ, ਸ਼ੇਰ ਵੱਲੋਂ ਵਿੱਢੀ ਇਸ ਮੁਹਿੰਮ ਦੀ ਫੂਕ ਵੀ ਛੇਤੀ ਹੀ ਨਿਕਲ ਜਾਣੀ ਆ ਤੇ ਜਿਸ ਪਿੱਛੋਂ ਆਪਣੀਆਂ ਫਿਰ ਤੋਂ ਪੌਂ ਬਾਰਾਂ ਹੋਣੀਆਂ ਸ਼ੁਰੂ ਹੋ ਜਾਣੀਆਂ ਨੇ।
ਸਾਡੇ ਪਾਲਤੂ ‘ਬਾਘੜ ਬਿੱਲੇ’ ਇਨ੍ਹਾਂ ਮੁਰਗੀਆਂ ’ਤੇ ਪੂਰੀ ਨਿਗ੍ਹਾ ਰੱਖਦੇ ਨੇ। ਜੇਕਰ ਕੋਈ ਚਤਰ ਚਲਾਕ ਮੁਰਗੀ ਸਾਡੀ ਦਾਹੜ ਥੱਲੇ ਆਉਣ ਤੋਂ ਬਚਣ ਦਾ ਯਤਨ ਵੀ ਕਰਦੀ ਤਾਂ ਸਾਡੇ ਬਾਘੜ ਬਿੱਲੇ ਉਸ ਦੀ ਪੂਰੀ ਚੱਕਰੀ ਘੁੰਮਾਉਂਦੇ ਹੋਏ ਉਸ ਨੂੰ ਐਸੇ ਗਧੀ ਗੇੜੇ ਪਾ ਦਿੰਦੇ ਕਿ ਉਹਨੂੰ ਨਾਨੀ ਕੀ? ਪੂਰਾ ਨਾਨਕਾ ਪਰਿਵਾਰ ਵੀ ਚੇਤੇ ਆ ਜਾਂਦਾ ਤੇ ਫਿਰ ਉਹੀ ਹਾਰ ਹੰਭ ਕੇ ਸਭ ਚਤਰ ਚਲਾਕੀਆਂ ਨੂੰ ਭੁੱਲ ਭੁਲਾ ਕੇ ਡੰਡਾਉਤ ਕਰਦੀ ਹੋਈ ਸਾਡੀ ਸ਼ਰਨ ਵਿੱਚ ਆ ਹਾਜ਼ਰ ਹੁੰਦੀ।
ਸੋ ਸਾਡੇ ਇਸ ਕਮਾਊ ਧੰਦੇ ਵਿੱਚ ‘ਬਾਘੜ ਬਿੱਲਿਆਂ’ ਦਾ ਵੀ ਪੂਰਾ ਯੋਗਦਾਨ ਰਿਹਾ। ਇਸ ਯੋਗਦਾਨ ਬਦਲੇ ਅਸੀਂ ਵੀ ਉਨ੍ਹਾਂ ਦੇ ਬਣਦੇ ਮਿਹਨਤਾਨੇ (ਕਮਿਸ਼ਨ) ਦਾ ਕਦੇ ਹੱਕ ਨਹੀਂ ਸੀ ਮਾਰਿਆ। ਉਹ ਜਿੰਨੀ ਵੱਡੀ ਮੁਰਗੀ ਲਿਆਉਂਦੇ ਓਨੀ ਹੀ ਵੱਡੀ ਮਾਸ ਦੀ ਬੋਟੀ ਉਨ੍ਹਾਂ ਦੇ ਹਵਾਲੇ ਕਰ ਦਿੰਦੇ। ਸੌਦਾ ਇੱਕੋ ਜਿਹਾ ਰੱਖਣ ਵਿੱਚ ਬੜਾ ਈ ਫਾਇਦਾ ਹੁੰਦੈ ਬਈ! ਉੱਧਰ ‘ਬਾਘੜ ਬਿੱਲਿਆਂ’ ਦਾ ਵੀ ਇਹ ਗੋਰਖ ਧੰਦਾ ਸੋਹਣਾ ਚਲੀ ਜਾਂਦਾ ਤੇ ਏਧਰ ਸਾਡਾ ਵੀ। ਜਦ ਬੋਰੀਆਂ/ਤਿਜੋਰੀਆਂ, ਬੈਂਕ ਦੇ ਲਾਕਰ ਸ਼ਾਕਰ ਤੇ ਜ਼ਮੀਨ ਦੋਜ਼ ਖ਼ਜ਼ਾਨੇ ਵੀ ਨੱਕੋ ਨੱਕ ਭਰੀ ਜਾਣ ਦਾ ਰਾਹ ਪੱਧਰਾ ਹੋਈ ਜਾਂਦਾ ਐ ਤਾਂ ਕਾਰੂ ਬਾਦਸ਼ਾਹ ਵਾਲੀ ਪੂਰੀ ਫੀਲਿੰਗ ਆਉਂਦੀ ਆ।
ਇਸੇ ਮਨਮੋਹਣੇ ਅਹਿਸਾਸ ਵਿੱਚ ਡੁਬਕੀਆਂ ਲਾ ਲਾ ਕੇ ਅਜੇ ਮੌਜ ਮਸਤੀ ਹੀ ਕਰਨ ਵਿੱਚ ਮਗਨ ਸਾਂ ਕਿ ਸਾਡਾ ਹੀ ਇੱਕ ‘ਬਾਘੜ ਬਿੱਲਾ’ ਨੋਟਾਂ ਦਾ ਥੱਬਾ ਲੈ ਕੇ ਆਣ ਹਾਜ਼ਰ ਹੋਇਆ। ਨੋਟਾਂ ਦੇ ਥੱਬੇ ਨੂੰ ਵੇਖ ਕੇ ਸਾਡੀਆਂ ਤਾਂ ਵਾਛਾਂ ਹੀ ਖਿੜ ਗਈਆਂ। ਨਾ ਅੱਗਾ ਵੇਖਿਆ ਤੇ ਨਾ ਪਿੱਛਾ ਜਾ ਨੋਟਾਂ ਨੂੰ ਹੱਥ ਪਾਇਆ। ਅਜੇ ਨੋਟਾਂ ਦਾ ਇੱਕ ਰੁੱਗ ਹੀ ਭਰਿਆ ਸੀ ਕਿ ਸ਼ੇਰ ਨੇ ਆ ਢਾਹਿਆ। ਦਰਅਸਲ, ਸਾਡੇ ਇਸ ਬਾਘੜ ਬਿੱਲੇ ਨੂੰ ਅੱਗੇ ਲਾ ਕੇ ਸ਼ੇਰ ਸਾਨੂੰ ਦਬੋਚਣ ਵਿੱਚ ਕਾਮਯਾਬ ਹੋ ਗਿਆ। ਸ਼ੇਰ ਦੀ ਇਸ ਸਫਲ ਮੁਹਿੰਮ ਨੇ ਤਾਂ ਹੁਣ ਸਾਡੇ ਅਜਿਹੇ ਬਹੁਤ ਸਾਰਿਆਂ ਦੀ ਨੀਂਦ ਹਰਾਮ ਕਰ ਕੇ ਰੱਖ ਦਿੱਤੀ ਆ।
ਸਿਆਣਿਆਂ ਦਾ ਕਿਹਾ,‘ਸੌ ਦਿਨ ਚੋਰ ਦਾ ਇੱਕ ਦਿਨ ਸਾਧ ਦਾ।’ ਸੱਚ ਹੋ ਨਿਕਲਿਆ ਤੇ ਹੁਣ ਅੱਖਾਂ ਅੱਗੇ ਉੱਡਦੇ ਭੰਬੂ ਤਾਰਿਆਂ ਵਿੱਚੋਂ ਸਾਨੂੰ ਇਹੀ ਦਿਸਣ ਵੀ ਤੇ ਮਹਿਸੂਸ ਹੋਣ ਲੱਗ ਪਿਆ, ‘ਖਰੀਆਂ ਕਮਾ ਲੈ ਜਾਂ ਕਮਾ ਲੈ ਖੋਟੀਆਂ, ਖਾਣੀਆ ਤਾਂ ਬੰਦਿਆਂ ਤੂੰ ਦੋ ਰੋਟੀਆਂ।’ ਦੋ ਨੰਬਰ ਦੀ ਕਮਾਈ ਦੀ ਅੰਨ੍ਹੀ ਲਾਲਸਾ ਸਭ ਬਣੀ ਬਣਾਈ ਇੱਜ਼ਤ ਨੂੰ ਰੋਲ ਕੇ ਰੱਖਣ ਦੇ ਸਮਰੱਥ ਹੈ, ਜਿਸ ਦੀ ਪੀੜ ਬੜੀ ਦਰਦਨਾਕ ਜੇ... ਬੜੀ ਦਰਦਨਾਕ...ਹਾਇ ! ਨਹੀਂ ਜੇ ਸਹੀ ਜਾਂਦੀ ਇਹ ਪੀੜ ਵੇ ਲੋਕੋ!
ਸੰਪਰਕ: 98764-74858

