ਤੇਰੇ ਬਾਰੇ ਮੈਂ ਤੇਰੇ ਤੋਂ ਵੀ ਬਿਹਤਰ ਜਾਣਦਾ ਹਾਂ...
ਪੰਜਾਬੀ ਮਾਂ ਬੋਲੀ ਦੀਆਂ ਵਿਰਾਸਤੀ ਬਾਤਾਂ ਪਾਉਣ ਵਾਲੇ ਸਾਹਿਤਕਾਰ ਬਿੰਦਰ ਕੋਲੀਆਂ ਵਾਲ ਵੱਲੋਂ ਪੰਜਾਬੀ ਮਾਂ ਬੋਲੀ ਦੇ ਹੋਰ ਪ੍ਰਸਾਰ ਲਈ ‘ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ’ ਨਾਮ ਦੇ ਇੱਕ ਅਦਾਰੇ ਦੀ ਸ਼ੁਰੂਆਤ ਕੀਤੀ ਗਈ ਹੈ। ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ ਦਾ ਪਹਿਲਾ ਕਵੀ ਦਰਬਾਰ 13 ਜੁਲਾਈ ਨੂੰ ਕਰਵਾਇਆ ਗਿਆ ਸੀ ਜਿਸ ਵਿੱਚ ਦੁਨੀਆ ਭਰ ਦੇ ਵੱਖ ਵੱਖ ਦੇਸ਼ਾਂ ਤੋਂ 19 ਕਵੀ ਅਤੇ ਕਵਿੱਤਰੀਆਂ ਨੇ ਮਾਂ ਬੋਲੀ ਨੂੰ ਸਮਰਪਿਤ ਕਵਿਤਾਵਾਂ ਤੇ ਗੀਤ ਗਾਏ।
ਪਲੇਠੇ ਕਵੀ ਦਰਬਾਰ ਦੇ ਆਰੰਭ ਵਿੱਚ ਬਿੰਦਰ ਕੋਲੀਆਂ ਵਾਲ ਨੇ ਹਾਜ਼ਰੀ ਭਰ ਰਹੇ ਸਾਰੇ ਕਵੀ-ਕਵਿੱਤਰੀਆਂ ਨੂੰ ਜੀ ਆਇਆਂ ਆਖਦਿਆਂ ਬੇਨਤੀ ਕੀਤੀ ਤੇ ਕਿਹਾ, ‘‘ਹੱਦਾਂ ਸਰਹੱਦਾਂ ਨੂੰ ਤੋੜਦਿਆਂ ਮਿਟਣ ਲੱਗਾ ਏ ਫਾਸਲਾ, ਇਸੇ ਤਰ੍ਹਾਂ ਸਲਾਮਤ ਰੱਖੀਂ ਮਾਲਕਾ ਸਾਡਾ ਕੌਮਾਂਤਰੀ ਪੰਜਾਬੀ ਕਾਫ਼ਲਾ, ਸਾਡਾ ਕੌਮਾਂਤਰੀ ਪੰਜਾਬੀ ਕਾਫ਼ਲਾ...।’’ ਮੰਚ ਸੰਚਾਲਨ ਕਰਦਿਆਂ ਸਾਹਿਤਕਾਰ ਸਰਦਾਰ ਮੁਖਤਾਰ ਸਿੰਘ ਚੰਦੀ ਨੇ ਆਪਣੀ ਦਮਦਾਰ ਸ਼ਾਇਰੀ ਨਾਲ ਸਭ ਦਾ ਮਨ ਮੋਹ ਲਿਆ। ਇਸ ਪਲੇਠੇ ਕਵੀ ਦਰਬਾਰ ਵਿੱਚ ਸਭ ਤੋਂ ਪਹਿਲਾ ਸੱਦਾ ਕਵੀ ਗੁਰਚਰਨ ਸਿੰਘ ਜੋਗੀ ਨੂੰ ਦਿੱਤਾ ਗਿਆ ਜਿਸ ਨੇ ਆਪਣੀ ਗ਼ਜ਼ਲ ਦੇ ਸ਼ੇਅਰ;
ਤੇਰੇ ਮੁਸਕਾਨ ਵਿਚਲੇ ਦਰਦ ਨੂੰ ਪਹਿਚਾਣਦਾ ਹਾਂ
ਤੇਰੇ ਬਾਰੇ ਮੈਂ ਤੇਰੇ ਤੋਂ ਵੀ ਬਿਹਤਰ ਜਾਣਦਾ ਹਾਂ...
ਨਾਲ ਕਮਾਲ ਦੀ ਪੇਸ਼ਕਾਰੀ ਦਿੱਤੀ। ਦੂਜਾ ਸੱਦਾ ਕੈਨੇਡਾ ਵਾਸੀ ਸ਼ਾਇਰਾ ਹਰਸ਼ਰਨ ਕੌਰ ਨੂੰ ਦਿੱਤਾ ਗਿਆ ਜਿਸ ਨੇ ਆਪਣੀ ਖੁੱਲ੍ਹੀ ਕਵਿਤਾ ਨਾਲ ਸਭ ਦਾ ਮਨ ਮੋਹ ਲਿਆ। ਤੀਸਰਾ ਸੱਦਾ ਇਟਲੀ ਵਸਦੇ ਗੀਤਕਾਰ ਗੁਰਮੀਤ ਸਿੰਘ ਮੱਲ੍ਹੀ ਨੂੰ ਦਿੱਤਾ ਗਿਆ ਜਿਸ ਨੇ ਬਹੁਤ ਹੀ ਖੂਬਸੂਰਤ ਗੀਤ, ‘‘ਮੈਂ ਕਿੰਝ ਕਹਾਂ ਮੇਰੇ ਬਾਪੂ ਨੇ, ਮੇਰੇ ਲਈ ਕੁਝ ਵੀ ਕੀਤਾ ਨਹੀਂ’’ ਸੁਰੀਲੀ ਤੇ ਭਾਵੁਕ ਆਵਾਜ਼ ਵਿੱਚ ਗਾ ਕੇ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਸਾਨੂੰ ਕਦੇ ਵੀ ਆਪਣੇ ਬਾਪੂ ਦੀ ਕੀਤੀ ਮਿਹਨਤ ਨੂੰ ਭੁੱਲਣਾ ਨਹੀਂ ਚਾਹੀਦਾ। ਫਿਰ ਅੰਜੂ ਅਮਨਦੀਪ ਗਰੋਵਰ ਨੇ ‘‘ਫਿਰ ਰੁੱਸੇ ਨੂੰ ਮਨਾਉਂਦੀਆਂ ਪਿਆਰ ਦੀਆਂ ਗੱਲਾਂ’’ ਗੀਤ ਗਾ ਕੇ ਸਭ ਦਾ ਧਿਆਨ ਖਿੱਚ ਲਿਆ। ਉਸ ਉਪਰੰਤ ਪਟਿਆਲਾ ਨਿਵਾਸੀ ਗਾਇਕ ਮੰਗਤ ਖਾਨ ਨੇ ਆਪਣੇ ਗੀਤ ਵਿੱਚ ਸਾਉਣ ਮਹੀਨੇ ਦਾ ਵੱਖਰਾ ਰੰਗ ਪੇਸ਼ ਕੀਤਾ।
ਅਮਰੀਕਾ ਵਾਸੀ ਕਵਿੱਤਰੀ ਪੋਲੀ ਬਰਾੜ ਨੇ ਵਾਤਾਵਰਨ ਨੂੰ ਸਮਰਪਿਤ ਕਵਿਤਾ “ਕੁਦਰਤ ਦੇ ਰੰਗ ਨਿਆਰੇ’’ ਗਾ ਕੇ ਸਭ ਦਾ ਧਿਆਨ ਵਾਤਾਵਰਨ ਬਚਾਓ ਵੱਲ ਖਿੱਚਿਆ। ਪੰਜਾਬ ਤੋਂ ਸ਼ਾਇਰ ਮੋਹਨ ਸਿੰਘ ਮੋਤੀ ਨੇ ਜੀਵਨ ਵਿੱਚ ਰੁੱਖਾਂ ਦੀ ਮਹੱਤਤਾ ਬਿਆਨ ਕਰਦਿਆਂ ਤੇ ਸਭ ਨੂੰ ਰੁੱਖ ਲਾਉਣ ਦਾ ਸੁਨੇਹਾ ਦਿੰਦਿਆਂ ਬਹੁਤ ਪਿਆਰੀ ਕਵਿਤਾ “ਤੂੰ ਇੱਕ ਰੁੱਖ ਲਾਵੀਂ ਲਿਖ ਕੇ ਮੇਰਾ ਨਾਂ’’ ਗਾ ਕੇ ਸਭ ਦਾ ਦਿਲ ਜਿੱਤ ਲਿਆ। ਉਸ ਤੋਂ ਅਗਲੇ ਸੱਦੇ ’ਤੇ ਪੰਜਾਬ ਤੋਂ ਕਵਿੱਤਰੀ ਅੰਮ੍ਰਿਤਪਾਲ ਕੌਰ ਕਲੇਰ ਨੇ ਆਪਣੇ ਗੀਤ ‘‘ਅਸੀਂ ਕੰਮੀਆਂ ਦੇ ਪੁੱਤ’’ ਗਾ ਕੇ ਮਿਹਨਤੀ ਅਤੇ ਮਜ਼ਦੂਰ ਲੋਕਾਂ ਦਾ ਦਰਦ ਭਲੀ ਭਾਂਤ ਬਿਆਨ ਕੀਤਾ।
ਉਸ ਤੋਂ ਅਗਲਾ ਸੱਦਾ ਨਿੱਕੀ ਬਰੇਸ ’ਚ ਵੱਡੀਆਂ ਮੱਲਾਂ ਮਾਰਨ ਵਾਲੇ ਅਮਨਬੀਰ ਸਿੰਘ ਧਾਮੀ, ਸਾਊਥ ਕੋਰੀਆ ਨੂੰ ਦਿੱਤਾ ਗਿਆ ਜਿਸ ਨੇ ‘‘ਨਾ ਰੁਕੇ ਨਾ ਰੁਕਣੇ ਕਾਫ਼ਲੇ ਜੋ ਤੁਰ ਪਏ ਇੱਕ ਵਾਰ ਨੇ’’ ਗਾ ਕੇ ਸਾਰੀ ਮਹਿਫ਼ਲ ਵਿੱਚ ਆਪਣੀ ਬੱਲੇ ਬੱਲੇ ਕਰਵਾਈ। ਉਸ ਤੋਂ ਅਗਲੇ ਸੱਦੇ ’ਤੇ ਇਟਲੀ ਵਸਦੇ ਕਲਾਕਾਰ ਤੇ ਗੀਤਕਾਰ ਰਾਣਾ ਅਠੌਲਾ ਨੇ ਦੋਹਾਂ ਲਿੱਪੀਆਂ ਦੀ ਗੱਲ ਕਰਦਿਆਂ ‘ਜਿਹਦੇ ਕੋਲ ਦੋ ਲਿੱਪੀਆਂ ਦੇ ਦੋ ਰੂਪ ਨੇ ਸਾਡੀ ਹੈ ਮਾਂ ਬੋਲੀ ਓਹ ਪੰਜਾਬੀ ਜੱਗ ਤੇ’ ਬਹੁਤ ਸੁਰੀਲੀ ਆਵਾਜ਼ ਵਿੱਚ ਗਾਇਆ। ਇਟਲੀ ਨਿਵਾਸੀ ਜਸਵਿੰਦਰ ਕੌਰ ਮਿੰਟੂ ਨੇ ‘‘ਮਾਂ ਬੋਲੀ ਦੇ ਵਾਰਸੋਂ ਮੇਰੀ ਸੁਣ ਲਓ ਪੁਕਾਰ’’ ਗਾ ਕੇ ਹਾਜ਼ਰੀ ਭਰੀ।
ਡਾ. ਸੁਰਜੀਤ ਕੌਰ ਭੋਗਪੁਰ ਨੇ ਵਾਤਾਵਰਨ ਨੂੰ ਸਮਰਪਿਤ ਕਵਿਤਾ ਗਾਈ। ਗੀਤਕਾਰ ਤੇ ਕਲਾਕਾਰ ਮਹਿੰਦਰ ਸਿੰਘ ਝੱਮਟ ਨੇ ਆਪਣਾ ਗੀਤ ਤਰੰਨੁਮ ਵਿੱਚ ਗਾਇਆ। ਗੀਤ ਦੇ ਬੋਲ ਸਨ ‘‘ਨੀਂ ਤੇਰੇ ਇਸ਼ਕ ਹੁਸਨ ਦੇ ਚਰਚੇ ਚਾਰ ਚੁਫੇਰੇ।’’ ਮੰੁਬਈ ਤੋਂ ਕਵਿਸ਼ਰ ਸਰਦਾਰ ਪਰਵਿੰਦਰ ਸਿੰਘ ਹੇਅਰ ਨੇ ਮਾਲਕ ਅੱਗੇ ਅਰਦਾਸ ਕੀਤੀ;
ਅਰਜ਼ ਗੁਜ਼ਾਰਾਂ ਮੈਂ ਦੁਆਰ ਤੇਰੇ ਦਾਤਿਆ
ਸੁਖੀ ਵਸੇ ਸਾਰਾ ਸੰਸਾਰ ਮੇਰੇ ਦਾਤਿਆ।
ਸੁਖਵਿੰਦਰ ਸਿੰਘ ਨੇ ‘‘ਦੁਸ਼ਮਣ ਨੂੰ ਅਸੀਂ ਯਾਰ ਬਣਾ ਕੇ ਬੈਠੇ ਹਾਂ, ਚੋਰਾਂ ਨੂੰ ਚੌਕੀਦਾਰ ਬਣਾ ਕੇ ਬੈਠੇ ਹਾਂ” ਲੋਕ ਤੱਥ ਗੀਤ ਗਾ ਕੇ ਸਭ ਦਾ ਮਨ ਮੋਹ ਲਿਆ। ਕਵੀ ਦਰਬਾਰ ਦੇ ਆਖਰੀ ਪੜਾਅ ਵੱਲ ਵਧਦੇ ਹੋਏ ਪੰਜਾਬੀ ਕੌਮਾਂਤਰੀ ਕਾਫ਼ਲਾ ਦੇ ਪ੍ਰਧਾਨ ਬਿੰਦਰ ਕੋਲੀਆਂ ਵਾਲ ਨੇ ਬਹੁਤ ਭਾਵੁਕ ਅਤੇ ਮਾਂ ਨੂੰ ਸਮਰਪਿਤ ਗੀਤ ‘‘ਮਾਏਂ ਨੀਂ ਸੁਣ ਮੇਰੀਏ ਮਾਏਂ, ਮੇਰੇ ਦਰਦ ਲੰਬੇਰੇ’’ ਨਾਲ ਸਭ ਦਾ ਮਨ ਮੋਹਿਆ ਤੇ ਸਭ ਨੂੰ ਭਾਵੁਕ ਕਰ ਦਿੱਤਾ। ਪ੍ਰੋਗਰਾਮ ਦੇ ਅਖੀਰ ਵਿੱਚ ਮੰਚ ਸੰਚਾਲਨ ਦੇ ਨਾਲ ਨਾਲ ਕਵੀ ਰੂਪ ਵਿੱਚ ਆਪਣੀ ਹਾਜ਼ਰੀ ਲਗਾਉਂਦਿਆਂ ਆਪਣੇ ਸੁਫ਼ੀਆਨਾ ਅੰਦਾਜ਼ ਵਿੱਚ ਮੁਖਤਾਰ ਸਿੰਘ ਚੰਦੀ ਨੇ ‘‘ਜਗਾ ਲੈ ਗਿਆਨ ਦਾ ਦੀਵਾ ਹਨੇਰਾ ਦੂਰ ਕਰਨਾ ਜੇ’’ ਗਾ ਕੇ ਕਵੀ ਦਰਬਾਰ ਨੂੰ ਸਿਖਰ ’ਤੇ ਪਹੁੰਚਾ ਦਿੱਤਾ।